ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ ਵੱਲੋਂ ਸਾਹਿਤਕ ਸਮਾਗਮ
ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ ਵੱਲੋਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪ ਲਾਲ ਰੂਪ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਵਿੱਚ ਸਭਾ ਦੇ ਸਰਪ੍ਰਸਤ ਕਾਮਰੇਡ ਗੁਰਨਾਮ ਸਿੰਘ ਨਿੱਜਰ ਦਾ 96ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੇ ਪਹਿਲੇ ਅੱਧ ਵਿੱਚ ਸਾਰੇ ਹਾਜ਼ਰ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਸਵਿੰਦਰ ਸਿੰਘ ਵਿਰਦੀ ਨੇ ਕਾਮਰੇਡ ਨਿੱਜਰ ਨੂੰ ਇਲਾਕੇ ਲਈ ਪ੍ਰੇਰਨਾ ਸਰੋਤ ਦੱਸਦਿਆਂ ਉਨ੍ਹਾਂ ਵੱਲੋਂ ਬਤੌਰ ਅਧਿਆਪਕ, ਜਥੇਬੰਦਕ ਆਗੂ ਅਤੇ ਇੱਕ ਸਰਗਰਮ ਸਮਾਜਿਕ ਕਾਰਕੁਨ ਵਜੋਂ ਸਮਾਜ ਹਿੱਤਕਾਰੀ ਕਾਰਜਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਸਾਹਿਤਕਾਰ ਹਰਮੀਤ ਸਿੰਘ ਅਟਵਾਲ ਨੇ ਕਾਮਰੇਡ ਨਿੱਜਰ ਦੇ ਪੁਰਖਿਆਂ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ।
ਪ੍ਰੋ. ਹਰਦੀਪ ਰਾਜਾਰਾਮ ਨੇ ਨਿੱਜਰ ਦੇ ਵਡੇਰੀ ਉਮਰ ਵਿੱਚ ਸਰਗਰਮ ਰਹਿਣ ਨੂੰ ਸਮਾਜ ਲਈ ਚੰਗਾ ਸੁਨੇਹਾ ਦੱਸਿਆ। ਕਾਮਰੇਡ ਨਿੱਜਰ ਨੇ ਆਪਣੇ ਭਾਸ਼ਣ ਵਿੱਚ ਆਪਣੀ ਸਿਹਤ ਦਾ ਰਾਜ ਸਾਦਾ ਭੋਜਨ, ਲੰਮੀ ਸੈਰ, ਉਸਾਰੂ ਸੋਚ ਤੇ ਨਿਰੰਤਰ ਦੋਸਤਾਂ ਦੀ ਸੰਗਤ ਵਿੱਚ ਰਹਿਣਾ ਦੱਸਿਆ।
ਸਮਾਗਮ ਦੇ ਦੂਜੇ ਅੱਧ ਦਾ ਆਗਾਜ਼ ਮਾਸਟਰ ਬਲਦੇਵ ਚੰਦ ਦੀ ਪਹਿਲੀ ਲਿਖੀ ਕਵਿਤਾ ਨਾਲ ਹੋਇਆ। ਸੋਢੀ ਸੱਤੋਵਾਲੀ ਨੇ ‘ਭੁਲੱਕੜ ਜਨਾਨੀ’ ਹਾਸਰਸ ਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਹਾਸੇ ਦਾ ਚੰਗਾ ਅਭਿਆਸ ਕਰਵਾਇਆ। ਇਸੇ ਤਰ੍ਹਾਂ ਲਾਲੀ ਕਰਤਾਰਪੁਰੀ ਨੇ ‘ਨਿੱਕੀਆਂ ਨਿੱਕੀਆਂ ਗੱਲਾਂ ਨੂੰ ਫੜ ਲੈਂਦਾ ਏ’ ਗੀਤ ਤਰੰਨਮ ਵਿੱਚ ਗਾ ਕੇ ਚੰਗਾ ਰੰਗ ਬੰਨ੍ਹਿਆ। ਦਲਜੀਤ ਮਹਿਮੀ ਤੇ ਸੁਖਦੇਵ ਸਿੰਘ ਗੰਢਵਾਂ ਦੇ ਤਰੰਨਮ ਵਿੱਚ ਗਾਏ ਗੀਤ ਵੀ ਸਰੋਤਿਆਂ ਨੂੰ ਕੀਲਣ ਵਿੱਚ ਸਫ਼ਲ ਰਹੇ। ਇਸ ਦੌਰਾਨ ਜਸਪਾਲ ਜੀਰਵੀ, ਮਦਨ ਬੋਲੀਨਾ, ਮਨੋਜ ਫਗਵਾੜਵੀ, ਸਰਵਨ ਭਾਰਦਵਾਜ, ਦਰਸ਼ਨ ਸਿੰਘ ਦਰਸ਼ੀ ਤੇ ਸੁਦੇਸ਼ ਕੁਮਾਰੀ ਦੀਆਂ ਕਵਿਤਾਵਾਂ ਸਮਕਾਲੀ ਹਾਲਾਤ ਦੀ ਵਧੀਆ ਤਰਜ਼ਮਾਨੀ ਕਰ ਗਈਆਂ।