ਸਾਹਿਤਕਾਰਾਂ ਵੱਲੋਂ ਡਾ. ਸੁਰਜੀਤ ਪਾਤਰ ਦੀ ਪੰਜਾਬੀ ਗ਼ਜ਼ਲ ਨੂੰ ਦੇਣ ’ਤੇ ਚਰਚਾ
ਹਰਦਮ ਮਾਨ
ਹੇਵਰਡ (ਕੈਲੀਫੋਰਨੀਆ):
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਇੱਥੇ 24ਵੀਂ ਸਾਲਾਨਾ ਪੰਜਾਬੀ ਸਾਹਿਤਕ ਕਾਨਫਰੰਸ ਕਰਵਾਈ ਗਈ। ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਇਸ ਦੋ ਰੋਜ਼ਾ ਕਾਨਫਰੰਸ ਵਿੱਚ ਭਾਰਤ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਦੇ ਪਹਿਲੇ ਦਿਨ ਸਵਾਗਤੀ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਕੁਲਵਿੰਦਰ ਨੇ ਅਕੈਡਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਕਤੂਬਰ 2002 ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀ ਸਥਾਪਨਾ ਕਰਨ ਸਮੇਂ ਡਾ. ਸੁਰਜੀਤ ਪਾਤਰ ਸਾਡੇ ਨਾਲ ਮੌਜੂਦ ਸਨ ਅਤੇ ਅਕੈਡਮੀ ਦਾ ਪਹਿਲਾ ਸਮਾਗਮ ਵੀ ਉਨ੍ਹਾਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਉਸ ਤੋਂ ਬਾਅਦ ਵੀ ਉਹ ਅਕੈਡਮੀ ਦੀਆਂ ਕਾਨਫਰੰਸਾਂ ਵਿੱਚ ਸ਼ਾਮਲ ਹੁੰਦੇ ਰਹੇ। ਉਸ ਨੇ ਕਿਹਾ ਕਿ ਡਾ. ਪਾਤਰ ਨੇ ਪੰਜਾਬੀ ਸ਼ਾਇਰੀ ਅਤੇ ਖ਼ਾਸ ਤੌਰ ’ਤੇ ਪੰਜਾਬੀ ਗ਼ਜ਼ਲ ਨੂੰ ਜੋ ਅਮੀਰੀ ਪ੍ਰਦਾਨ ਕੀਤੀ ਹੈ, ਉਸ ਸਦਕਾ ਅੱਜ ਪੰਜਾਬੀ ਗ਼ਜ਼ਲ ਉਰਦੂ ਗ਼ਜ਼ਲ ਦੇ ਬਰਾਬਰ ਆ ਖੜ੍ਹੀ ਹੈ। ਵਾਰਸ ਸ਼ਾਹ ਤੋਂ ਬਾਅਦ ਡਾ. ਪਾਤਰ ਅਜਿਹੇ ਸ਼ਾਇਰ ਸਨ ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੇ ਦਿਲਾਂ ਵਿੱਚ ਵਸਾਇਆ।
ਡਾ. ਪਾਤਰ ਦੇ ਨਿੱਘੇ ਦੋਸਤ ਡਾ. ਸਰਬਜੀਤ ਸਿੰਘ ਹੁੰਦਲ ਨੇ ਕਿਹਾ ਕਿ ਡਾ. ਪਾਤਰ ਕੋਲ ਕਵਿਤਾ ਲਿਖਣ ਦਾ ਵੱਡਾ ਹੁਨਰ ਅਤੇ ਵੱਡੀ ਸੋਚ ਸੀ। ਉਹ ਮਹਾਨ ਕਵੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਸੀ। ਉਸ ਨੇ ਪਾਤਰ ਦੇ ਕੁਝ ਸ਼ਿਅਰਾਂ ਨਾਲ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਪੰਜਾਬੀ ਕਵਿਤਾ, ਸੱਭਿਆਚਾਰ, ਪੰਜਾਬ ਦੀ ਉੱਚਤਾ, ਸੁੱਚਤਾ, ਰਿਸ਼ਤਿਆਂ ਤੇ ਸਾਹਿਤਕ ਅਮੀਰੀ ਨੂੰ ਸੁਰਜੀਤ ਪਾਤਰ ਨੇ ਬਹੁਤ ਉੱਚੇ ਮੁਕਾਮ ’ਤੇ ਪਹੁੰਚਾਇਆ ਹੈ। ਜੋ ਹਰਮਨ ਪਿਆਰਤਾ ਉਨ੍ਹਾਂ ਦੇ ਹਿੱਸੇ ਆਈ, ਉਹ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ। ਡਾ. ਲਖਵਿੰਦਰ ਸਿੰਘ ਜੌਹਲ ਨੇ ਪਾਤਰ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ।
ਡਾ. ਵਰਿਆਮ ਸਿੰਘ ਸੰਧੂ ਨੇ ਪਾਤਰ ਨਾਲ ਆਪਣੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਉਸ ਨੇ ਪਾਤਰ ਦੀ ਕਵਿਤਾ ਅਤੇ ਗ਼ਜ਼ਲ ਵਿੱਚ ਮਹਾਨਤਾ ਦੇ ਨਾਲ ਨਾਲ ਉਨ੍ਹਾਂ ਦੇ ਹਲੀਮੀ ਭਰੇ ਸੁਭਾਅ ਦੀਆਂ ਕਈ ਉਦਾਹਰਨਾਂ ਦਿੱਤੀਆਂ। ਡਾ. ਦਲਵੀਰ ਸਿੰਘ ਪੰਨੂ, ਸੁਰਿੰਦਰ ਸਿੰਘ ਸੁੰਨੜ, ਗੁਰਦੀਪ ਸਿੰਘ ਸੇਖੋਂ ਅਤੇ ਜਸਵਿੰਦਰ ਨੇ ਵੀ ਮਰਹੂਮ ਸ਼ਾਇਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਸ਼ਾਇਰੀ ਬਾਰੇ ਵਿਚਾਰ ਪੇਸ਼ ਕਰਦਿਆਂ ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਪੰਜਾਬੀ ਸ਼ਾਇਰੀ ਨੂੰ ਮਾਣਮੱਤੇ ਮੁਕਾਮ ’ਤੇ ਲਿਜਾਣ ਵਾਲੇ ਸੁਰਜੀਤ ਪਾਤਰ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਦੇ ਰਹਿਣਗੇ। ਕਾਨਫਰੰਸ ਦੇ ਪਹਿਲੇ ਦਿਨ ਦੇ ਆਖਰੀ ਪੜਾਅ ’ਤੇ ਸੰਗੀਤਕ ਮਹਿਫਿਲ ਸਜਾਈ ਗਈ ਜਿਸ ਵਿੱਚ ਸੁਖਦੇਵ, ਜੇ. ਐੱਸ ਚੰਦਨ, ਪਰਵਿੰਦਰ ਗੁਰੀ, ਸੁਰਿੰਦਰਪਾਲ ਸਿੰਘ, ਮੀਨੂੰ ਸਿੰਘ, ਲਖਵਿੰਦਰ ਕੌਰ ਲੱਕੀ ਅਤੇ ਬੀਨਾ ਸਾਗਰ ਨੇ ਡਾ. ਪਾਤਰ ਦੀ ਸ਼ਾਇਰੀ ਨੂੰ ਆਪਣੇ ਸੁਰੀਲੇ ਸੁਰਾਂ ਨਾਲ ਪੇਸ਼ ਕਰ ਕੀਤਾ। ਸਟੇਜ ਦਾ ਸੰਚਾਲਨ ਜਗਜੀਤ ਨੌਸ਼ਹਿਰਵੀ ਵੱਲੋਂ ਕੀਤਾ ਗਿਆ।
ਕਾਨਫਰੰਸ ਦੇ ਦੂਜੇ ਦਿਨ ਦਾ ਆਗਾਜ਼ ਅਕੈਡਮੀ ਦੀ ਮੈਂਬਰ ਲਾਜ ਨੀਲਮ ਸੈਣੀ ਵੱਲੋਂ ਅਕੈਡਮੀ ਦੀਆਂ ਪਿਛਲੇ ਇੱਕ ਸਾਲ ਦੌਰਾਨ ਹੋਈਆਂ ਸਰਗਰਮੀਆਂ ਦੀ ਰਿਪੋਰਟ ਪੜ੍ਹਨ ਨਾਲ ਹੋਇਆ। ਉਪਰੰਤ ਅਮਰੀਕੀ ਪੰਜਾਬੀ ਕਵਿਤਾ ਅਤੇ ਅਮਰੀਕੀ ਪੰਜਾਬੀ ਕਹਾਣੀ ਬਾਰੇ ਵਿਸ਼ੇਸ਼ ਵਿਚਾਰ ਚਰਚਾ ਹੋਈ ਅਤੇ ਕਵੀ ਦਰਬਾਰ ਹੋਇਆ। ਅਮਰੀਕੀ ਪੰਜਾਬੀ ਕਵਿਤਾ ਦੇ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹੁੰਚੇ ਵਿਦਵਾਨ ਡਾ. ਮੋਹਨ ਤਿਆਗੀ ਨੇ ਅਮਰੀਕਾ ਵਿੱਚ ਪੰਜਾਬੀ ਸ਼ਾਇਰਾਂ ਵੱਲੋਂ ਲਿਖੀ ਜਾ ਰਹੀ ਕਵਿਤਾ ਬਾਰੇ ਵਿਸਥਾਰ ਵਿੱਚ ਪਰਚਾ ਪੜ੍ਹਿਆ। ਅਮਰੀਕਾ ਦੇ ਪੰਜਾਬੀ ਕਵੀਆਂ ਅਤੇ ਉਨ੍ਹਾਂ ਵੱਲੋਂ ਰਚੀ ਜਾ ਰਹੀ ਕਵਿਤਾ ਦੇ ਸੰਦਰਭ ਵਿੱਚ ਉਸ ਨੇ ਆਪਣੇ ਖੋਜ ਪੱਤਰ ਰਾਹੀਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਲਖਵਿੰਦਰ ਜੌਹਲ, ਡਾ. ਰਾਜੇਸ਼ ਸ਼ਰਮਾ, ਸ਼ਾਇਰ ਜਸਵਿੰਦਰ, ਡਾ. ਸਰਬਜੀਤ ਹੁੰਦਲ, ਸੁਰਜੀਤ ਕੌਰ ਟੋਰਾਂਟੋ, ਸੁਰਿੰਦਰ ਸੁੰਨੜ ਅਤੇ ਦਿਲ ਨਿੱਝਰ ਸ਼ਾਮਲ ਹੋਏ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾ. ਰਾਜੇਸ਼ ਸ਼ਰਮਾ ਨੇ ਪੰਜਾਬੀ ਅਕਾਦਮਿਕ ਆਲੋਚਨਾ ਬਾਰੇ ਚਰਚਾ ਕੀਤੀ। ਉਸ ਨੇ ਕਿਹਾ ਕਿ ਅਸਲ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਅਕਾਦਮਿਕ ਆਲੋਚਨਾ ਬਾਂਝ ਹੋ ਗਈ ਹੈ। ਅਸੀਂ ਸਾਹਿਤ ਨੂੰ ਇੱਕ ਦਸਤਾਵੇਜ਼ ਦੇ ਤੌਰ ’ਤੇ ਪੜ੍ਹਦੇ ਹਾਂ, ਅਸੀਂ ਕਿਸੇ ਸਾਹਿਤਕ ਕਿਰਤ ਨੂੰ ਯਾਦਗਾਰੀ ਅਮਰ ਕਿਰਤ ਦੇ ਤੌਰ ’ਤੇ ਨਹੀਂ ਵਾਚਦੇ। ਦੂਜਾ ਸੈਸ਼ਨ ਅਮਰੀਕਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਸੀ ਜਿਸ ਵਿੱਚ ਕਹਾਣੀਕਾਰਾਂ ਨੇ ਆਪਣੇ ਬਾਰੇ, ਆਪਣੀ ਕਹਾਣੀ ਕਲਾ ਬਾਰੇ ਖ਼ੁਦ ਵਿਚਾਰ ਪੇਸ਼ ਕੀਤੇ। ਇਨ੍ਹਾਂ ਕਹਾਣੀਕਾਰਾਂ ਵਿੱਚ ਲਾਜ ਨੀਲਮ ਸੈਣੀ, ਹਰਪ੍ਰੀਤ ਕੌਰ ਧੂਤ, ਸੁਰਜੀਤ ਕੌਰ ਟੋਰਾਂਟੋ, ਰਾਜਵੰਤ ਰਾਜ, ਅਮਰਜੀਤ ਪੰਨੂੰ, ਡਾ. ਗੁਰਪ੍ਰੀਤ ਧੁੱਗਾ ਅਤੇ ਹਰਜਿੰਦਰ ਸਿੰਘ ਪੰਧੇਰ ਨੇ ਆਪਣੀਆਂ ਕਹਾਣੀਆਂ ਅਤੇ ਲਿਖਣ ਕਲਾ ਬਾਰੇ ਸੰਖੇਪ ਵਿਚਾਰ ਪੇਸ਼ ਕੀਤੇ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਸਲ ਵਿੱਚ ਕਹਾਣੀ ਛੋਟੀ, ਵੱਡੀ ਹੋਣਾ ਕੋਈ ਮਾਅਨੇ ਨਹੀਂ ਰੱਖਦਾ, ਪਰ ਲੋੜ ਇਸ ਗੱਲ ਦੀ ਹੈ ਕਿ ਕਹਾਣੀ ਮੁਕੰਮਲ ਹੋਣੀ ਚਾਹੀਦੀ ਹੈ।
ਕਾਨਫਰੰਸ ਦੇ ਆਖਰੀ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਮਾਸਟਰ ਕਰਤਾਰ ਸਿੰਘ ਰੋਡੇ, ਅਮਰਜੀਤ ਜੌਹਲ, ਪ੍ਰਿੰ. ਹਜੂਰਾ ਸਿੰਘ, ਅਮਰ ਸੂਫੀ, ਜਯੋਤੀ ਸਿੰਘ, ਸੁੱਖੀ ਧਾਲੀਵਾਲ, ਸੁਰਜੀਤ ਕੌਰ ਸੈਕਰਾਮੈਂਟੋ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਹਰਪ੍ਰੀਤ ਕੌਰ ਧੂਤ, ਸੁਰਜੀਤ ਸਖੀ, ਡਾ. ਲਖਵਿੰਦਰ ਜੌਹਲ, ਸਤੀਸ਼ ਗੁਲਾਟੀ, ਡਾ. ਸੁਹਿੰਦਰਬੀਰ, ਰਾਜਵੰਤ ਕੌਰ ਸੰਧੂ, ਜਸਵਿੰਦਰ, ਰਾਜਵੰਤ ਰਾਜ, ਅਵਤਾਰ ਗੋਂਦਾਰਾ, ਅਰਤਿੰਦਰ ਸੰਧੂ, ਅੰਜੂ ਮੀਰਾ, ਪ੍ਰਿਤਪਾਲ ਕੌਰ ਉਦਾਸੀ, ਡਾ. ਗੁਰਪ੍ਰੀਤ ਧੁੱਗਾ, ਸੁਖਪਾਲ ਸਿੰਘ ਕੋਟ ਬਖਤੂ, ਚਰਨਜੀਤ ਸਿੰਘ ਪੰਨੂੰ, ਕ੍ਰਿਸ਼ਨ ਭਨੋਟ, ਡਾ. ਬਿਕਰਮ ਸੋਹੀ, ਜਸਵੰਤ ਸ਼ਾਦ, ਦਲਵੀਰ ਕੌਰ ਯੂ.ਕੇ. ਡਾ. ਸੁਖਪਾਲ ਸੰਘੇੜਾ, ਲਖਵਿੰਦਰ ਕੌਰ ਲੱਕੀ, ਕੁਲਵਿੰਦਰ ਖਹਿਰਾ, ਸੁਰਜੀਤ ਕੌਰ ਟੋਰਾਂਟੋ, ਮੋਹਨ ਤਿਆਗੀ, ਇੰਦਰਜੀਤ ਗਰੇਵਾਲ, ਕਮਲ ਬੰਗਾ, ਗੁਰਦੀਪ, ਨੰਨੂ ਸਹੋਤਾ, ਹਰਜੀਤ ਹਠੂਰ, ਜਸਵੰਤ ਸ਼ੀਂਹਮਾਰ, ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ, ਅਮਰਜੀਤ ਕੌਰ ਪੰਨੂ, ਐਸ਼ ਕੁਮ ਐਸ਼ ਅਤੇ ਗਗਨਦੀਪ ਮਾਹਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਅਕੈਡਮੀ ਦੇ ਕਾਰਜਕਾਰੀ ਮੈਂਬਰਾਂ ਲਾਜ ਨੀਲਮ ਸੈਣੀ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਚਰਨਜੀਤ ਸਿੰਘ ਪੰਨੂੰ, ਪਵਿੱਤਰ ਕੌਰ ਮਾਟੀ, ਹਰਪ੍ਰੀਤ ਕੌਰ ਧੂਤ, ਜਸਵਿੰਦਰ, ਕੁਲਵਿੰਦਰ ਤੋਂ ਇਲਾਵਾ ਸਿੱਧੂ ਦਮਦਮੀ, ਅਰਤਿੰਦਰ ਸੰਧੂ, ਅਤੇ ਮੁਕੇਸ਼ ਸ਼ਰਮਾ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਦੌਰਾਨ ਸਰੀ (ਕਨੈਡਾ) ਤੋਂ ਆਏ ਰੰਗਕਰਮੀ ਅਤੇ ਫਿਲਮ ਨਿਰਮਾਤਾ ਗੁਰਦੀਪ ਭੁੱਲਰ ਵੱਲੋਂ ਬਣਾਈ ਲਘੂ ਫਿਲਮ ‘ਘੰਟੀ’ ਦਿਖਾਈ ਗਈ। ਇਹ ਫਿਲਮ ਕਈ ਫਿਲਮ ਮੇਲਿਆਂ ਵਿੱਚ ਪਹਿਲਾ ਐਵਾਰਡ ਹਾਸਲ ਕਰ ਚੁੱਕੀ ਹੈ। ਅਵਤਾਰ ਰੈਕਰਡਜ਼ ਗਰੁੱਪ ਵੱਲੋਂ ਲੋਪੋਕੇ ਬ੍ਰਦਰਜ਼ ਦਾ ਗਾਇਆ ਗੀਤ ‘ਇਤਿਹਾਸ’ ਵੀ ਇਸ ਮੌਕੇ ਰਿਲੀਜ਼ ਕੀਤਾ ਗਿਆ। ਐਸ਼ ਕੁਮ ਐਸ਼ ਵੱਲੋਂ ਤਿਆਰ ਵਿਪਸਾਅ ਦੀ ਵੈੱਬਸਾਈਟ ਦਾ ਉਦਘਾਟਨ ਡਾ. ਵਰਿਆਮ ਸਿੰਘ ਸੰਧੂ ਨੇ ਕੀਤਾ। ਕੈਨੇਡਾ ਤੋਂ ਆਏ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਲਾਈ ਚਿੱਤਰ ਪ੍ਰਦਰਸ਼ਨੀ ਅਤੇ ਮੁਕੇਸ਼ ਸ਼ਰਮਾ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ। ਅੰਤ ਵਿੱਚ ਅਕੈਡਮੀ ਦੀ ਸਮੁੱਚੀ ਟੀਮ ਵੱਲੋਂ ਕਾਨਫਰੰਸ ਦੇ ਸਹਿਯੋਗੀਆਂ, ਵਿਦਵਾਨਾਂ, ਮਹਿਮਾਨਾਂ ਅਤੇ ਕਵੀਆਂ ਦਾ ਸਨਮਾਨ ਕੀਤਾ ਗਿਆ। ਅਕੈਡਮੀ ਦੇ ਪ੍ਰਧਾਨ ਕੁਲਵਿੰਦਰ ਨੇ ਕਾਨਫਰੰਸ ਨੂੰ ਸਫਲਤਾ ਤੀਕ ਪਹੁੰਚਾਉਣ ਲਈ ਆਪਣੀ ਸਮੁੱਚੀ ਟੀਮ ਅਤੇ ਹੋਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ।
ਸੰਪਰਕ: 1 604 308 6663