ਲੋਕ ਮੰਚ ਪੰਜਾਬ ਵੱਲੋਂ ਸਾਹਿਤਕ ਪੁਰਸਕਾਰਾਂ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਸਤੰਬਰ
ਲੋਕ ਮੰਚ ਪੰਜਾਬ ਨੇ ਸਾਲ 2024 ਲਈ ਦਿੱਤੇ ਜਾਣ ਵਾਲੇ ਸਾਹਿਤਕ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਸਾਲ 2024 ਦਾ ‘ਸੁਰਜੀਤ ਪਾਤਰ ਕਾਵਿ ਲੋਕ ਪੁਰਸਕਾਰ’ ਪੰਜਾਬੀ ਕਵੀ ਵਿਜੇ ਵਿਵੇਕ ਨੂੰ, ਉਨ੍ਹਾਂ ਦੀ ਕਾਵਿ ਪੁਸਤਕ ‘ਛਿਣਭੰਗਰ ਵੀ ਕਾਲਾਤੀਤ ਵੀ’ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਹੋਵੇਗਾ। ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਤੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਦੱਸਿਆ ਕਿ ਸਾਲ 2024 ਦਾ ‘ਆਪਣੀ ਆਵਾਜ਼ ਪੁਰਸਕਾਰ’ ਡਾਕਟਰ ਬਲਦੇਵ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੇ ਸਫ਼ਰਨਾਮੇ ‘ਕੰਜ-ਕੁਆਰੀ ਧਰਤੀ’ ਅਤੇ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ ‘ਖ਼ੁਸ਼ਬੋ ਦਾ ਕੁਨਬਾ’ ਨੂੰ ਸਾਂਝੇ ਤੌਰ ਤੇ ਦਿੱਤਾ ਜਾਵੇਗਾ। ਇਕ ਲੱਖ ਰੁਪਏ ਦੇ ਇਸ ਪੁਰਸਕਾਰ ਦੀ ਰਾਸ਼ੀ ਦੋਵਾਂ ਲੇਖਕਾਂ ਨੂੰ ਵੰਡ ਕੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦਿੱਤੀ ਜਾਵੇਗੀ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ। ਇਸੇ ਤਰ੍ਹਾਂ ‘ਲੋਕ ਮੰਚ ਪੰਜਾਬ ਵਿਸ਼ੇਸ਼ ਪੁਰਸਕਾਰ’ ਇਸ ਵਾਰ ਉੱਘੇ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ ਦੀ ਸਮੁੱਚੀ ਸਾਹਿਤ-ਘਾਲਣਾ ਨੂੰ ਸਮਰਪਿਤ ਹੋਵੇਗਾ। ਇਸ ਪੁਰਸਕਾਰ ਵਿੱਚ 50 ਹਜ਼ਾਰ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਮੀਟਿੰਗ ਮਗਰੋਂ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਅਤੇ ਡਾਕਟਰ ਉਮਿੰਦਰ ਸਿੰਘ ਜੌਹਲ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਦਾ ਫੈਸਲਾ ਵਿਆਪਕ ਪੱਧਰ ਉੱਤੇ ਕੀਤੇ ਗਏ ਗੁਪਤ ਸਰਵੇਖਣ ਰਾਹੀਂ ਅਤੇ ਮਾਹਿਰਾਂ ਵੱਲੋਂ ਕੀਤੇ ਗਏ ਮੁਲਾਂਕਣ ਉਪਰੰਤ ਕੀਤਾ ਗਿਆ ਹੈ। ਇਹ ਪੁਰਸਕਾਰ ਜਲਦੀ ਹੀ ਇਕ ਸਮਾਗਮ ਕਰਕੇ ਭੇਟ ਕੀਤੇ ਜਾਣਗੇ।