ਹਰਿਆਣਾ ਦੇ ਠੇਕਿਆਂ ’ਤੇ ਵਿਕ ਰਹੀ ਹੈ ਪੰਜਾਬ ਦੀ ਸ਼ਰਾਬ
ਅਸ਼ਵਨੀ ਗਰਗ
ਸਮਾਣਾ, 14 ਨਵੰਬਰ
ਇੱਥੇ ਨਾਲ ਲਗਦੇ ਹਰਿਆਣਾ ਦੇ ਅਜੀਮਗੜ੍ਹ ਵਿਖੇ ਸ਼ਰਾਬ ਠੇਕੇਦਾਰਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਖੁੱਲ੍ਹੇਆਮ ਪੰਜਾਬ ਦੀ ਸ਼ਰਾਬ ਵੇਚੀ ਜਾ ਰਹੀ ਹੈ। ਇਸ ਨਾਲ ਜਿੱਥੇ ਹਰਿਆਣਾ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ ਚੋਰੀ ਦਾ ਚੂਨਾ ਲਾਇਆ ਜਾ ਰਿਹਾ ਹੈ, ਉੱਥੇ ਹੀ ਆਬਕਾਰੀ ਨੀਤੀ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਹਰਿਆਣਾ ਦੇ ਅਜੀਮਗੜ੍ਹ ਦੇ ਸ਼ਰਾਬ ਠੇਕਿਆਂ ’ਤੇ ਠੇਕੇਦਾਰ ਵੱਲੋਂ ਜਿਹੜੀ ਅੰਗਰੇਜ਼ੀ ਸ਼ਰਾਬ ਵੇਚੀ ਜਾ ਰਹੀ ਹੈ ਉਹ ਪੰਜਾਬ ਦੀ ਵੇਚੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਸ਼ਰਾਬ ਹਰਿਆਣਾ ਨਾਲੋਂ ਸਸਤੀ ਹੈ।
ਅਜਿਹੇ ਵਿੱਚ ਹਰਿਆਣਾ ਦੇ ਠੇਕੇਦਾਰ ਸੂਬੇ ਦੀ ਸ਼ਰਾਬ ਦਾ ਕੋਟਾ ਹਰਿਆਣਾ ਦੇ ਹੀ ਕੁੱਝ ਵੱਡੇ ਸ਼ਹਿਰਾਂ ਦੇ ਠੇਕੇਦਾਰਾਂ ਨੂੰ ਵੇਚ ਕੇ ਆਪ ਪੰਜਾਬ ਦੀ ਸ਼ਰਾਬ ਵੇਚ ਕੇ ਆਬਕਾਰੀ ਨੀਤੀ ਦੀ ਉਲੰਘਣਾ ਕਰ ਰਹੇ ਹਨ। ਇਸ ਨਾਲ ਹਰਿਆਣਾ ਸਰਕਾਰ ਦੀ ਕਰੋੜਾਂ ਰੁਪਏ ਦੀ ਟੈਕਸ ਚੋਰੀ ਹੋ ਰਹੀ ਹੈ। ਹਰਿਆਣਾ ਦੇ ਇੱਕ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਪੰਜਾਬ ਦੀ ਇਹ ਸ਼ਰਾਬ ਅਜੀਮਗੜ੍ਹ ਵਿਖੇ ਹੀ ਨਹੀਂ ਕਈ ਹੋਰ ਖੇਤਰਾਂ ਵਿੱਚ ਵੀ ਖੁੱਲ੍ਹੇਆਮ ਵਿਕ ਰਹੀ ਹੈ। ਹਰਿਆਣਾ ਦੇ ਸ਼ਰਾਬ ਠੇਕੇਦਾਰ ਗੁਰਮੁੱਖ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਾਡੇ ਠੇਕਿਆਂ ’ਤੇ ਪੰਜਾਬ ਦੀ ਸ਼ਰਾਬ ਵਿਕ ਰਹੀ ਹੈ। ਇੰਨਾ ਕਹਿੰਦਿਆਂ ਹੀ ਉਸ ਨੇ ਆਪਣਾ ਫੋਨ ਕੱਟ ਦਿੱਤਾ। ਇਸ ਸਬੰਧੀ ਹਰਿਆਣਾ ਦੇ ਡੀਈਟੀਸੀ ਵਿਪਨ ਬੈਨੀਪਾਲ ਨੇ ਕਿਹਾ ਕਿ ਹਰਿਆਣਾ ਦੇ ਸ਼ਰਾਬ ਠੇਕੇ ’ਤੇ ਪੰਜਾਬ ਦੀ ਸ਼ਰਾਬ ਨਹੀਂ ਵੇਚੀ ਜਾ ਸਕਦੀ ਜੇ ਅਜਿਹਾ ਹੋ ਰਿਹਾ ਹੈ ਤਾਂ ਉਹ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕਰਨਗੇ। ਇਸ ਬਾਰੇ ਜਦੋਂ ਐੱਸਪੀ ਕੈਥਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗਲਤ ਹੈ ਜੇ ਅਜਿਹਾ ਹੋ ਰਿਹਾ ਤਾਂ ਉਹ ਤੁਰੰਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਨੂੰ ਨਾਲ ਲੈ ਕੇ ਕਾਰਵਾਈ ਕਰਨਗੇ। ਇਸ ਬਾਰੇ ਜਦੋਂ ਪੰਜਾਬ ਆਬਕਾਰੀ ਅਤੇ ਕਰ ਵਿਭਾਗ ਦੇ ਕਮਿਸ਼ਨਰ ਵਰੁਣ ਰੂਜ਼ਮ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਬਾਰੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ, ਪਰ ਉਹ ਛੇਤੀ ਹੀ ਇਸ ਸਬੰਧੀ ਜਾਂਚ ਕਰਨਗੇ ਤੇ ਜੇ ਅਜਿਹਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।