ਹੁਸ਼ਿਆਰਪੁਰ ਜ਼ਿਲ੍ਹੇ ’ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋਈ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 28 ਮਾਰਚ
ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਸਾਲ 2024-25 ਲਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਅੱਜ ਸਵਰਨ ਫ਼ਾਰਮ ਵਿੱਚ ਡਰਾਅ ਪ੍ਰਕਿਰਿਆ ਰਾਹੀਂ ਕੀਤੀ ਗਈ। ਡਿਪਟੀ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਦਰਬੀਰ ਰਾਜ ਦੀ ਦੇਖਰੇਖ ਹੇਠ ਹੋਈ ਡਰਾਅ ਪ੍ਰਕਿਰਿਆ ਵਿਚ ਏ.ਡੀ.ਸੀ ਰਾਹੁਲ ਚਾਬਾ ਬਤੌਰ ਆਬਜ਼ਰਵਰ ਹਾਜ਼ਰ ਹੋਏ।
ਦਰਬੀਰ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 14 ਗਰੁੱਪ ਗਠਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ-1 ਗਰੁੱਪ ਵਿਚ ਹੁਸ਼ਿਆਰਪੁਰ ਸਿਟੀ-1, ਹੁਸ਼ਿਆਰਪੁਰ ਸਿਟੀ-2, ਹੁਸ਼ਿਆਰਪੁਰ ਸਿਟੀ-3 ਤੇ ਹੁਸ਼ਿਆਰਪੁਰ ਸਿਟੀ-4, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਸ਼ਾਮਲ ਹਨ, ਜਦੋਂ ਕਿ ਜ਼ਿਲ੍ਹਾ ਹੁਸ਼ਿਆਰਪੁਰ-2 ਗਰੁੱਪ ਵਿੱਚ ਹਰਿਆਣਾ, ਗੜ੍ਹਦੀਵਾਲਾ, ਟਾਂਡਾ, ਦਸੂਹਾ, ਮੁਕੇਰੀਆਂ, ਹਾਜੀਪੁਰ ਤੇ ਤਲਵਾੜਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ ਸ਼ਰਾਬ ਦੀ ਵਿਕਰੀ ਤੋਂ 525.84 ਕਰੋੜ ਰੁਪਏ ਦਾ ਰੈਵਨਿਊ ਹਾਸਿਲ ਹੋਵੇਗਾ ਜੋ ਪਿਛਲੇ ਸਾਲ ਨਾਲੋਂ 30 ਕਰੋੜ ਰੁਪਏ ਵੱਧ ਹੈ। ਜ਼ਿਲ੍ਹੇ ਵਿੱਚ ਆਬਕਾਰੀ ਨੀਤੀ ਦੇ ਮੁਤਾਬਕ ਸਾਲ 2024-25 ਲਈ 5097588 ਲਿਟਰ ਦੇਸੀ ਸ਼ਰਾਬ ਦਾ ਕੋਟਾ ਨਿਸਚਿਤ ਕੀਤਾ ਗਿਆ ਹੈ ਜਦੋਂਕਿ ਅੰਗਰੇਜ਼ੀ ਸ਼ਰਾਬ ਤੇ ਬੀਅਰ ਦਾ ਕੋਟਾ ਓਪਨ ਰਹੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਭੰਗ ਦੀ ਵਿਕਰੀ ਨਾਲ 6 ਲੱਖ ਰੁਪਏ ਦਾ ਵਾਧੂ ਰੈਵਨਿਊ ਹਾਸਿਲ ਹੋਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਐਕਸਾਈਜ਼ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ ਨਵਜੋਤ ਸ਼ਰਮਾ, ਈ.ਟੀ.ਓ ਸੁਖਵਿੰਦਰ ਸਿੰਘ ਅਤੇ ਨਵਜੋਤ ਭਾਰਤੀ, ਸਟੇਟ ਟੈਕਸ ਅਫ਼ਸਰ ਜਗਤਾਰ ਸਿੰਘ, ਇੰਸਪੈਕਟਰ ਬਲਦੇਵ ਕ੍ਰਿਸ਼ਨ ਆਦਿ ਮੌਜੂਦ ਸਨ।