For the best experience, open
https://m.punjabitribuneonline.com
on your mobile browser.
Advertisement

ਤਰਲ ਰੁੱਖ

06:02 AM May 22, 2024 IST
ਤਰਲ ਰੁੱਖ
Advertisement

ਡਾ. ਡੀ.ਪੀ. ਸਿੰਘ
ਦਿੱਲੀ ਮਹਾਨਗਰ ਵਿੱਚ ਆਮ ਜੀਵਨ ਮੁਸ਼ਕਲਾਂ ਭਰਪੂਰ ਬਣ ਚੁੱਕਾ ਸੀ। ਧੂੰਏਂ ਨਾਲ ਭਰੇ ਆਸਮਾਨ ਵਾਲਾ ਇਹ ਸ਼ਹਿਰ ਕੰਕਰੀਟ ਦੀਆਂ ਉੱਚੀਆ ਉੱਚੀਆਂ ਇਮਾਰਤਾਂ ਦਾ ਜਮਘਟ ਸੀ। ਕਦੇ ਸਮਾਂ ਸੀ ਜਦ ਇਹ ਸ਼ਹਿਰ ਹਰੇ ਭਰੇ ਬਾਗ਼-ਬਗੀਚਿਆਂ ਦੀ ਖ਼ੂਬਸੂਰਤੀ ਨਾਲ ਸਰਸ਼ਾਰ ਸੀ। ਪਰ ਹੁਣ ਰੁੱਖਾਂ ਤੇ ਹਰਿਆਵਲ ਦੀ ਅਣਹੋਂਦ ਨੇ ਤਾਂ ਸ਼ਹਿਰ ਦਾ ਰੰਗ ਰੂਪ ਹੀ ਬਦਲ ਦਿੱਤਾ ਸੀ। ਸਭ ਪਾਸੇ ਕੰਕਰੀਟ ਦਾ ਸਲੇਟੀ ਰੰਗ ਤੇ ਪੀਲੇ-ਭੂਰੇ ਧੂੰਏ ਰੰਗਾ ਆਸਮਾਨ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਚੁੱਕਾ ਸੀ।
ਜਿਵੇਂ ਹੀ ਸੂਰਜ ਦੀਆਂ ਕਿਰਨਾਂ ਅੰਬਰ ਵਿੱਚ ਫੈਲੀ ਪ੍ਰਦੂਸ਼ਣ ਦੀ ਮੋਟੀ ਮੈਲੀ ਚਾਦਰ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਰੋਜ਼ਮਰ੍ਹਾ ਦੇ ਕੰਮਾਂ ਵਿੱਚ ਡੁੱਬੇ ਸ਼ਹਿਰ ਵਾਸੀਆਂ ਲਈ ਕੁਦਰਤ ਦੀ ਹੋਂਦ ਪ੍ਰਾਚੀਨ ਕਾਲ ਦੀ ਯਾਦ ਬਣ ਚੁੱਕੀ ਸੀ। ਇਸ ਸ਼ਹਿਰ ਦੇ ਬੱਚਿਆਂ ਨੇ ਆਪਣੇ ਜੀਵਨ ਕਾਲ ਦੌਰਾਨ ਕਦੇ ਵੀ ਕੋਈ ਅਸਲੀ ਰੁੱਖ ਨਹੀਂ ਸੀ ਦੇਖਿਆ। ਕੁਦਰਤ ਬਾਰੇ ਉਨ੍ਹਾਂ ਦਾ ਅਨੁਭਵ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੌਜੂਦ ਰੁੱਖਾਂ ਦੇ ਫਿੱਕੇ ਚਿੱਤਰਾਂ ਦਾ ਹੀ ਸੀ ਪਰ ਕਈ ਬਜ਼ੁਰਗ ਅਜੇ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਸਨ ਜਦੋਂ ਸੜਕਾਂ ਕਿਨਾਰੇ ਲੱਗੇ ਉੱਚੇ ਲੰਮੇ ਅਮਲਤਾਸ, ਗੁਲਮੋਹਰ ਤੇ ਬਰਗਦ ਦੇ ਰੁੱਖ ਅਤੇ ਫੁੱਲਾਂ ਲੱਦੇ ਮੌਲਸਰੀ ਤੇ ਚੰਪਾ ਦੇ ਬੂਟੇ ਚੌਗਿਰਦੇ ਨੂੰ ਖ਼ੂਬਸੂਰਤੀ ਅਤੇ ਮਹਿਕ ਨਾਲ ਭਰ ਦਿੰਦੇ ਸਨ।
ਹਰੇ ਭਰੇ ਵਾਤਾਵਰਨ ਦੀ ਘਾਟ ਨੇ ਸ਼ਹਿਰ ਵਾਸੀਆਂ ਦੀ ਸਿਹਤ ’ਤੇ ਡੂੰਘਾ ਅਸਰ ਪਾਇਆ ਸੀ। ਉਨ੍ਹਾਂ ਵਿੱਚੋਂ ਬਹੁਤੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਸਨ। ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਇੰਨੀ ਵਧੇਰੇ ਸੀ ਕਿ ਲੋਕਾਂ ਨੂੰ ਸਾਹ ਲੈਣ ਲਈ ਮਾਸਕ ਦੀ ਵਰਤੋਂ ਕਰਨੀ ਪੈ ਰਹੀ ਸੀ। ਹਸਪਤਾਲ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨਾਲ ਭਰੇ ਪਏੇ ਸਨ ਅਤੇ ਬੱਚੇ ਘਾਹ ਦੇ ਮੈਦਾਨਾਂ ਦੀ ਥਾਂ ਕੰਕਰੀਟ ਦੀਆਂ ਉੱਚੀਆਂ ਕੰਧਾਂ ਨਾਲ ਘਿਰੇ ਸੀਮਿੰਟ ਦੇ ਬਣੇ ਮੈਦਾਨਾਂ ਵਿੱਚ ਖੇਡਦੇ ਸਨ।
***
ਇਸ ਕੰਕਰੀਟ ਦੇ ਜੰਗਲ ਵਿੱਚ ਮਾਇਆ ਨਾਮ ਦੀ ਇੱਕ ਮੁਟਿਆਰ ਵੱਖਰੀ ਦੁਨੀਆ ਦਾ ਸੁਪਨਾ ਦੇਖ ਰਹੀ ਸੀ। ਕੁਦਰਤ ਦੀ ਖ਼ੂਬਸੂਰਤੀ ਬਾਰੇ ਉਸ ਨੇ ਆਪਣੇ ਦਾਦਾ-ਦਾਦੀ ਤੋਂ ਕਹਾਣੀਆਂ ਸੁਣੀਆਂ ਸਨ ਅਤੇ ਉਨ੍ਹਾਂ ਕਹਾਣੀਆਂ ਨੇ ਉਸ ਦੇ ਦਿਲ ਵਿੱਚ ਆਸ ਦਾ ਇੱਕ ਬੀਜ ਬੀਜ ਦਿੱਤਾ ਸੀ। ਬੇਸ਼ੱਕ ਉਹ ਸ਼ਹਿਰ ਵਿਖੇ ਇੱਕ ਇਮਾਰਤਸ਼ਾਜ ਵਜੋਂ ਕੰਮ ਕਰ ਰਹੀ ਸੀ ਪਰ ਉਸ ਦੀ ਮੂਲ ਰੁਚੀ ਦਿੱਲੀ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਤਰੀਕਾ ਲੱਭਣ ਦੀ ਸੀ।
ਮਾਇਆ ਨੇ ਖੜ੍ਹਵੇਂ (vertical) ਬਗੀਚਿਆਂ ਦੀ ਕਲਪਨਾ ਕਰਕੇ ਆਪਣੇ ਇਮਾਰਤਸਾਜ਼ੀ ਹੁਨਰ ਦੀ ਵਰਤੋਂ ਕਰਦੇ ਹੋਏ ਇਮਾਰਤਾਂ ਦੀਆਂ ਕੰਧਾਂ ਦੇ ਬਾਹਰਲੇ ਪਾਸਿਆਂ ’ਤੇ ਵੇਲਾਂ ਲਗਾ ਸਕਣ ਵਾਲੇ ਡਿਜ਼ਾਈਨ ਤਿਆਰ ਕੀਤੇ। ਉਸ ਨੇ ਹਵਾ ਨੂੰ ਸ਼ੁੱਧ ਕਰਨ ਵਾਲੀਆਂ ਅਜਿਹੀਆ ਵੇਲਾਂ ਤੇ ਪੌਦਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜੋ ਦੀਵਾਰਾਂ ਦੇ ਨਾਲ ਚਿਪਕ ਕੇ ਸ਼ਹਿਰ ਦੇ ਪ੍ਰਦੂਸ਼ਿਤ ਵਾਤਾਵਰਨ ਵਿੱਚ ਵੱਧ-ਫੁੱਲ ਸਕਣ। ਉਸ ਦਾ ਯਕੀਨ ਸੀ ਕਿ ਕੰਕਰੀਟ ਦੇ ਜੰਗਲ ਵਿੱਚ ਹਰੇ ਨਖ਼ਲਿਸਤਾਨ ਦੀ ਹੋਂਦ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਲੋਕਾਂ ਨੂੰ ਸੁੱਖ ਭਰੀ ਜ਼ਿੰਦਗੀ ਜਿਊਣ ਵਿੱਚ ਮਦਦ ਕਰ ਸਕਦੀ ਹੈ।
ਮਾਇਆ ਦੀਆਂ ਕੋਸ਼ਿਸ਼ਾਂ ਦੀ ਖ਼ਬਰ ਹੌਲੀ ਹੌਲੀ ਫੈਲਣ ਲੱਗ ਪਈ ਸੀ। ਤਦ ਹੀ ਉਸ ਨੂੰ ਆਪਣੇ ਵਰਗੀ ਸੋਚ ਵਾਲੇ ਕਈ ਹੋਰ ਵਿਅਕਤੀ ਵੀ ਮਿਲ ਗਏ ਜੋ ਉਸ ਦੇ ਮਕਸਦ ਦੀ ਪੂਰਤੀ ਲਈ ਸਹਿਯੋਗ ਦੇਣ ਵਾਸਤੇ ਤਤਪਰ ਸਨ। ਉਨ੍ਹਾਂ ਸਭ ਨੇ ਮਿਲ ਕੇ ‘ਹਰਿਆਵਲ ਦਸਤਾ’ ਨਾਮੀ ਸੰਸਥਾ ਦਾ ਗਠਨ ਕੀਤਾ। ਇਹ ਇੱਕ ਅਜਿਹੀ ਟੋਲੀ ਸੀ ਜੋ ਦਿੱਲੀ ਵਿਖੇ ਕੁਦਰਤ ਦੀ ਵਾਪਸੀ ਲਈ ਦ੍ਰਿੜ ਸੀ। ਉਨ੍ਹਾਂ ਨੇ ਇਮਾਰਤਾਂ ਦੀਆਂ ਛੱਤਾਂ ’ਤੇ ਛੋਟੇ ਬਗੀਚਿਆਂ ਦੀ ਸਥਾਪਨਾ ਕਰਵਾਉਣੀ ਸ਼ੁਰੂ ਕੀਤੀ ਤਾਂ ਜੋ ਇਨ੍ਹਾਂ ਬਗੀਚਿਆਂ ਵਿਚਲੇ ਪੌਦੇ ਹਵਾ ਨੂੰ ਸਾਫ਼ ਕਰ ਕੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਭਰੇ ਮਾਹੌਲ ਤੋਂ ਨਿਜਾਤ ਦੁਆ ਸਕਣ।
ਜਿਵੇਂ-ਜਿਵੇਂ ਸ਼ਹਿਰ ਵਿੱਚ ਹਰੀਆਂ ਭਰੀਆਂ ਥਾਵਾਂ ਦੀ ਗਿਣਤੀ ਵਧਣ ਲੱਗੀ, ਅਜਿਹੀਆਂ ਥਾਵਾਂ ਦੀ ਨੇੜਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਗਿਆ ਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਣ ਲਈ ਰਾਹਤ ਦੀ ਕਿਰਨ ਨਜ਼ਰ ਆਉਣ ਲੱਗੀ। ਉਹ ਬੱਚਿਆਂ ਜਿਨ੍ਹਾਂ ਨੇ ਪਹਿਲਾਂ ਕਦੇ ਰੁੱਖ ਨਹੀਂ ਸਨ ਦੇਖੇ, ਉਹ ਹਰੇ ਭਰੇ ਪੱਤਿਆਂ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਪੌਦਿਆਂ ਨੂੰ ਦੇਖ ਕੇ ਹੈਰਾਨ ਹੋ ਗਏ ਸਨ। ਬਾਲਗਾਂ ਨੂੰ ਹਰਿਆਵਲ ਦੀ ਹੋਂਦ ਵਿੱਚ ਸ਼ਾਂਤੀ ਤੇ ਸੁੰਦਰਤਾ ਮਹਿਸੂਸ ਹੋਈ ਪਰ ਅਜੇ ਇਹ ਸਭ ਕੁਝ ਵਧੇਰੇ ਅਸਰਦਾਰ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਛੱਤਾਂ ’ਤੇ ਲੱਗੇ ਬਗੀਚੇ ਜ਼ਮੀਨੀ ਪੱਧਰ ’ਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਅਸਫਲ ਰਹੇ ਸਨ। ਆਪਣੇ ਮੌਜੂਦਾ ਯਤਨਾਂ ਦੇ ਨਤੀਜਿਆਂ ਤੋਂ ਅਸੰਤੁਸ਼ਟ ‘ਹਰਿਆਵਲ ਦਸਤੇ’ ਨੇ ਮਸਲੇ ਦੇ ਹੱਲ ਲਈ ਹੋਰ ਢੰਗ ਭਾਲਣ ਦੀ ਖੋਜ ਜਾਰੀ ਰੱਖੀ।

Advertisement

***
ਦਿੱਲੀ ਵਿੱਚ ਜ਼ਮੀਨੀ ਪੱਧਰ ’ਤੇ ਸਾਫ਼ ਹਵਾ ਦੀ ਘਾਟ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਸੀ। ਸੁਭਾਗ ਵੱਸ ਸਰਬੀਆ ਦੇ ਪ੍ਰਸਿੱਧ ਵਿਗਿਆਨੀ ਡਾ. ਇਵਾਨ ਪੈਟਰੋਵਿਕ ਦੀ ਦੁਰਲੱਭ ਖੋਜ ਤੋਂ ਉਮੀਦ ਦੀ ਇੱਕ ਕਿਰਨ ਦਿਖਾਈ ਦਿੱਤੀ। ਡਾ. ਇਵਾਨ ਇੱਕ ਖ਼ਾਸ ਖੋਜ ਪ੍ਰਾਜੈਕਟ ਸਬੰਧੀ ਕੰਮ ਕਰਨ ਲਈ ਇਸ ਸ਼ਹਿਰ ਆਇਆ ਸੀ। ਇੱਥੋਂ ਦੇ ਹਾਲਾਤ ਦੇਖ ਕੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਖੋਜ ਇਸ ਸ਼ਹਿਰ ਤੇ ਇਸ ਦੇ ਵਾਸੀਆਂ ਦਾ ਜੀਵਨ ਬਦਲਣ ਦੇ ਸਮਰੱਥ ਹੈ। ਡਾ. ਇਵਾਨ ਇੱਕ ਵਿਲੱਖਣ ਖੋਜੀ ਸੀ ਜਿਸ ਨੇ ਵਾਤਾਵਰਨ ਦੇ ਮਸਲਿਆਂ ਬਾਰੇ ਨਵੇਂ ਹੱਲ ਲੱਭਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ। ਉਸ ਨੇ ਸੂਖਮ ਐਲਗੀ ਦੁਆਰਾ ਪ੍ਰਦੂਸ਼ਣਕਾਰੀ ਕਣਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਛੱਡਣ ਦੀ ਕਿਰਿਆ ਦੀ ਜਾਂਚ ਵਿੱਚ ਲਗਭਗ ਦੋ ਦਹਾਕੇ ਬਿਤਾਏ ਸਨ। ਆਪਣੇ ਖੋਜ ਕਾਰਜਾਂ ਦੀ ਬਦੌਲਤ ਉਸ ਨੇ ਇੱਕ ਅਜਿਹੀ ਕੁਦਰਤੀ ਕਿਰਿਆ ਦਾ ਪਤਾ ਲਗਾ ਲਿਆ ਸੀ ਜੋ ਦਿੱਲੀ ਦੀ ਕਿਸਮਤ ਹਮੇਸ਼ਾ ਲਈ ਬਦਲਣ ਦੇ ਸਮਰੱਥ ਸੀ।
ਇੱਕ ਦਿਨ ਜਦੋਂ ਡਾ. ਇਵਾਨ ਸ਼ਹਿਰ ਦੀ ਪਥਰੀਲੀ ਸੜਕ ’ਤੇ ਪੈਦਲ ਜਾ ਰਿਹਾ ਸੀ ਤਾਂ ਉਸ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਅਤੇ ਪ੍ਰਦੂਸ਼ਣ ਦੇ ਗੰਭੀਰ ਨਤੀਜਿਆਂ ਨੂੰ ਨੇੜਿਓ ਦੇਖਿਆ। ਉਸੇ ਸਮੇਂ ਉਸ ਨੂੰ ਇੱਕ ਫੁਰਨਾ ਫੁਰਿਆ। ਇਸ ਫੁਰਨੇ ਨਾਲ ਉਸ ਦੇ ਮਨ ਵਿੱਚ ਇੱਕ ਤਰਲ ਰੁੱਖ ਦਾ ਰੂਪ ਪ੍ਰਗਟ ਹੋ ਗਿਆ। ਉਸ ਨੇ ਇੱਕ ਅਜਿਹੇ ਸਿਸਟਮ ਦੀ ਕਲਪਨਾ ਕੀਤੀ ਜਿਸ ਵਿੱਚ ਵਿਸ਼ੇਸ਼ ਢੰਗ ਨਾਲ ਤਿਆਰ ਕੀਤੀ ਸੂਖਮ ਐਲਗੀ ਨੂੰ ਪਾਣੀ ਨਾਲ ਭਰੇ ਕੱਚ ਦੇ ਬਕਸੇ ਵਿੱਚ ਇੰਝ ਰੱਖਿਆ ਜਾਵੇ ਤਾਂ ਕਿ ਉਹ ਐਲਗੀ ਚੌਗਿਰਦੇ ਦੀ ਪ੍ਰਦੂਸ਼ਿਤ ਹਵਾ ਨੂੰ ਸਹਿਜੇ ਹੀ ਸੌਖ ਸਕੇ ਅਤੇ ਹਵਾ ਵਿਚਲੇ ਪ੍ਰਦੂਸ਼ਣਕਾਰੀ ਕਣਾਂ, ਪਾਣੀ ਤੇ ਰੌਸ਼ਨੀ ਦੀ ਆਪਸੀ ਕਿਰਿਆ ਤੋਂ ਪੈਦਾ ਹੋਈ ਆਕਸੀਜਨ ਨੂੰ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਛੱਡ ਸਕੇ। ਇਹ ਬਿਲਕੁਲ ਅਜਿਹੀ ਪ੍ਰਣਾਲੀ ਸੀ ਜਿਵੇਂ ਰੁੱਖ ਗੰਦੀ ਹਵਾ (ਕਾਰਬਨ ਡਾਇਆਕਸਾਈਡ ਗੈਸ) ਨੂੰ ਸੋਖ ਕੇ ਸਾਫ਼ ਹਵਾ (ਆਕਸੀਜਨ) ਪੈਦਾ ਕਰਦੇ ਸਨ।
ਡਾ. ਇਵਾਨ ਦੁਆਰਾ ਤਰਲ ਰੁੱਖ ਦੀ ਕਲਪਨਾ ਇਸ ਕੰਕਰੀਟ ਦੇ ਜੰਗਲ ਵਿੱਚ ਉਮੀਦ ਦੀ ਕਿਰਨ ਵਜੋਂ ਪ੍ਰਗਟ ਹੋਈ। ਉਹ ਸੋਚ ਰਿਹਾ ਸੀ, ‘ਇਹ ਰੁੱਖ ਕੱਚ ਦੀਆਂ ਸ਼ਾਨਦਾਰ ਬਣਤਰਾਂ ਵਾਲੇ ਮੱਛੀ ਪਾਲਣ ਵਾਲੇ ਟੈਂਕਾਂ ਵਾਂਗ ਸ਼ਹਿਰ ਦੀਆਂ ਗਲੀਆਂ, ਖੇਡ ਮੈਦਾਨਾਂ ਅਤੇ ਬੱਸ ਸਟੈਂਡਾਂ ਵਿਖੇ ਮੌਜੂਦ ਬੈਂਚਾਂ ਦੀ ਪਿਛਲੀ ਢੋਅ ਦਾ ਕੰਮ ਕਰਦੇ ਹੋਏ ਸ਼ਹਿਰ ਦੇ ਗੰਧਲੇਪਣ ਨੂੰ ਦੂਰ ਕਰਨ ਦਾ ਕੰਮ ਸਹਿਜੇ ਹੀ ਕਰ ਸਕਣਗੇ। ਇਨ੍ਹਾਂ ਕੱਚ ਦੇ ਬਕਸਿਆਂ ਵਿੱਚ ਪਾਣੀ ਦੀ ਹੋਂਦ ਵਿੱਚ ਐਲਗੀ ਦੀ ਪ੍ਰਕਾਸ਼ ਸੰਸਲੇਸ਼ਣ ਕਰਨ ਦੀ ਕੁਦਰਤੀ ਯੋਗਤਾ ਹਵਾ ਦੇ ਪ੍ਰਦੂਸ਼ਣ ਨੂੰ ਚੂਸਦੇ ਹੋਏ ਚੌਗਿਰਦੇ ਵਿੱਚ ਸ਼ੁੱਧ ਆਕਸੀਜਨ ਛੱਡ ਸਕੇਗੀ।’ ਇਹ ਕਲਪਨਾ ਸੱਚ ਹੀ ਨਿਰਾਲੀ ਸੀ।
ਡਾ. ਇਵਾਨ ‘ਹਰਿਆਵਲ ਦਸਤਾ’ ਦੇ ਕੰਮਾਂ ਤੋਂ ਜਾਣੂ ਸੀ ਕਿ ਕਿਵੇਂ ਇਸ ਦਸਤੇ ਦੇ ਮੈਂਬਰ ਦਿੱਲੀ ਵਿਖੇ ਹਰਿਆਵਲ ਦੀ ਵਾਪਸੀ ਲਈ ਅਣਥੱਕ ਮਿਹਨਤ ਕਰ ਰਹੇ ਸਨ। ਉਸ ਨੇ ਆਪਣਾ ਵਿਚਾਰ ਉਨ੍ਹਾਂ ਨਾਲ ਸਾਂਝਾ ਕੀਤਾ। ਨਵੇਂ ਵਿਚਾਰਾਂ ਬਾਰੇ ਹਮੇਸ਼ਾ ਉਤਸ਼ਾਹਿਤ ਰਹਿਣ ਵਾਲੀ ਮਾਇਆ ਹਰਿਆਵਲ ਦਸਤੇ ਦੇ ਮੋਢੀਆਂ ਵਿੱਚੋਂ ਇੱਕ ਸੀ ਜੋ ਡਾ. ਇਵਾਨ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਨੇ ਡਾ. ਇਵਾਨ ਦੇ ਨਿਰਾਲੇ ਸੰਕਲਪ ਨੂੰ ਸਾਕਾਰ ਕਰਨ ਲਈ ਹਰਿਆਵਲ ਦਸਤੇ ਦੇ ਮੈਂਬਰਾਂ ਨੂੰ ਮਨਾ ਲਿਆ।
ਡਾ. ਇਵਾਨ ਅਤੇ ਉਸ ਦੀ ਟੀਮ ਨੇ ਪ੍ਰਦੂਸ਼ਣਕਾਰੀ ਪਦਾਰਥਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਪੈਦਾ ਕਰਨ ਲਈ ਬਹੁਤ ਕੁਸ਼ਲ ਸੂਖ਼ਮ ਐਲਗੀ ਦੀਆਂ ਵੰਨਗੀਆਂ ਨੂੰ ਧਿਆਨ ਨਾਲ ਚੁਣਿਆ। ਹੌਲੀ ਹੌਲੀ ਕੱਚ ਦੇ ਢਾਂਚਿਆਂ ਵਾਲੇ ਤਰਲ ਰੁੱਖ ਸਾਰੇ ਸ਼ਹਿਰ ਵਿੱਚ ਦਿਖਾਈ ਦੇਣ ਲੱਗੇ। ਇਹ ਤਰਲ ਰੁੱਖ ਹਵਾ ਦੀ ਗੁਣਵੱਤਾ ਦੀ ਜਾਂਚ ਲਈ ਸੈਂਸਰਾਂ ਨਾਲ ਲੈਸ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸ਼ਹਿਰ ਦੀਆਂ ਲੋੜਾਂ ਲਈ ਸਹੀ ਰੋਲ ਅਦਾ ਕਰ ਰਹੇ ਹਨ।
ਜਿਵੇਂ ਜਿਵੇਂ ਤਰਲ ਰੁੱਖਾਂ ਦੀ ਗਿਣਤੀ ਵਧਦੀ ਗਈ, ਦਿੱਲੀ ਦੇ ਵਾਯੂਮੰਡਲ ਵਿੱਚ ਉਨ੍ਹਾਂ ਦਾ ਪ੍ਰਭਾਵ ਨਜ਼ਰ ਆਉਣ ਲੱਗਾ। ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੱਦ ਤੱਕ ਘੱਟ ਗਿਆ ਅਤੇ ਹਵਾ ਸਾਫ਼-ਸੁਥਰੀ ਹੋ ਗਈ। ਪਹਿਲੋਂ ਪ੍ਰਚੱਲਿਤ ਹਵਾ-ਸਫ਼ਾਈ ਯੰਤਰਾਂ ਦੀ ਲਗਾਤਾਰ ਗੂੰਜ ਅਤੇ ਮਾਸਕ ਪਹਿਨੇ ਲੋਕਾਂ ਦੀ ਸੰਖਿਆ ਹੁਣ ਕਾਫ਼ੀ ਘੱਟ ਹੋ ਗਈ ਸੀ। ਹੁਣ ਬੱਚੇ ਗਲੀਆਂ ਵਿੱਚ ਬੇਫ਼ਿਕਰੀ ਨਾਲ ਨੱਠ ਭੱਜ ਸਕਦੇ ਸਨ। ਬਜ਼ੁਰਗਾਂ ਦੀ ਸਿਹਤ ਵਿੱਚ ਸੁਧਾਰ ਨਜ਼ਰ ਆਉਣ ਲੱਗ ਪਿਆ ਸੀ।
ਸ਼ਹਿਰ ਵਿੱਚ ਹਰੇ ਰੰਗ ਦੇ ਭਿੰਨ ਭਿੰਨ ਰੂਪਾਂ ਵਾਲੇ ਕੱਚ ਦੇ ਖੂਬਸੂਰਤ ਢਾਂਚਿਆਂ ਵਾਲੇ ਤਰਲ ਰੁੱਖ ਸੜਕਾਂ ਕਿਨਾਰੇ ਸਾਫ਼ ਹਵਾ ਦੇ ਰੱਖਿਅਕਾਂ ਵਾਂਗ ਖੜ੍ਹੇ ਨਜ਼ਰ ਆ ਰਹੇ ਸਨ। ਹਰੇਕ ਤਰਲ ਰੁੱਖ ਦੇ ਹੇਠਲੇ ਪਾਸੇ ਨਾਲ ਇੱਕ ਬੈਂਚ ਜੁੜਿਆ ਹੋਇਆ ਸੀ ਜੋ ਲੋਕਾਂ ਨੂੰ ਬੈਠਣ, ਆਰਾਮ ਕਰਨ ਅਤੇ ਕੁਦਰਤ ਨਾਲ ਜੁੜਨ ਦਾ ਸੱਦਾ ਦਿੰਦਾ ਸੀ। ਇਹ ਬੈਂਚ ਆਪਸੀ ਮੁਲਾਕਾਤ ਦੀ ਠਾਹਰ ਬਣ ਗਏ, ਜਿੱਥੇ ਅਣਜਾਣ ਲੋਕ ਵੀ ਆਪਸੀ ਮੁਲਾਕਾਤਾਂ ਨਾਲ ਦੋਸਤ ਬਣ ਗਏ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਜੀਵਿਤ ਅਜੂਬਿਆਂ ਦੀ ਹੋਂਦ ਨਾਲ ਖ਼ੁਸ਼ੀ ਤੇ ਰਾਹਤ ਮਹਿਸੂਸ ਹੋਈ।
ਜਿਵੇਂ ਹੀ ਰੁੱਤਾਂ ਬਦਲਦੀਆਂ ਗਈਆਂ, ਤਰਲ ਰੁੱਖ ਵੀ ਰੰਗ ਬਦਲਦੇ ਗਏ, ਪਤਝੜ ਵਿੱਚ ਲਾਲ, ਸੰਤਰੀ ਅਤੇ ਪੀਲੇ ਰੰਗ ਦੇ ਚਮਕਦਾਰ ਰੰਗਾਂ ਵਿੱਚ ਨਜ਼ਰ ਆਉਂਦੇ ਅਤੇ ਬਸੰਤ ਰੁੱਤ ਵਿੱਚ ਨਾਜ਼ੁਕ ਫੁੱਲਾਂ ਦੇ ਰੰਗਾਂ ਨਾਲ ਚਮਚਮਾ ਉੱਠਦੇ। ਨੀਰਸ ਸਲੇਟੀ ਰੰਗ ਵਾਲਾ ਦਿੱਲੀ ਸ਼ਹਿਰ ਹੁਣ ਤਾਂ ਸਾਰਾ ਸਾਲ ਹੀ ਰੰਗਾਂ ਦੀ ਬਹਾਰ ਨਾਲ ਸਰਸ਼ਾਰ ਨਜ਼ਰ ਆਉਂਦਾ ਸੀ।
***
ਦਿੱਲੀ ਵਿਖੇ ਵਾਪਰ ਰਹੀ ਅਜੀਬ ਤਬਦੀਲੀ ਵਿੱਚ ਅਚਾਨਕ ਇੱਕ ਮੁਸ਼ਕਲ ਪੈਦਾ ਹੋ ਗਈ। ਜਿਸ ਨਾਲ ਤਰਲ ਰੁੱਖਾਂ ਅਤੇ ਸ਼ਹਿਰ ਵਾਸੀਆਂ ਦੇ ਆਪਸੀ ਭਾਈਚਾਰੇ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ। ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ ਦੇ ਇੱਕ ਗੁੱਟ ਜੋ ‘ਨਗਰ ਨਿਰਮਾਣ ਨਿਗਮ’ ਦੇ ਨਾਮ ਨਾਲ ਮਸ਼ਹੂਰ ਸੀ, ਨੇ ਤਰਲ ਰੁੱਖਾਂ ਨੂੰ ਉਨ੍ਹਾਂ ਦੇ ਕਾਰੋਬਾਰੀ ਲਾਭਾਂ ਲਈ ਖ਼ਤਰੇ ਵਜੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਨ੍ਹਾਂ ਕਾਰੋਬਾਰੀਆਂ ਦੇ ਸਿਹਤ ਭਲਾਈ ਸੇਵਾਵਾਂ ਅਤੇ ਉਸਾਰੀ ਉਦਯੋਗ ਦੇ ਖੇਤਰਾਂ ਵਿੱਚ ਵਿਸ਼ੇਸ਼ ਹਿੱਤ ਸਨ। ਉਨ੍ਹਾਂ ਨੂੰ ਚਿੰਤਾ ਸੀ ਕਿ ਮਾਇਆ, ਡਾ. ਇਵਾਨ ਅਤੇ ਹਰਿਆਵਲ ਦਸਤੇ ਦੁਆਰਾ ਕੀਤੇ ਜਾ ਰਹੇ ਯਤਨਾਂ ਕਾਰਨ ਸ਼ਹਿਰ ਵਿਖੇ ਹਰਿਆਵਲ ਦੀ ਵਾਪਸੀ ਸਿਹਤ ਭਲਾਈ ਖੇਤਰ ਦੇ ਮੁਨਾਫ਼ੇ ਅਤੇ ਨਵੇਂ ਨਿਰਮਾਣ ਪ੍ਰਾਜੈਕਟਾਂ ਵਿੱਚ ਰੁਕਾਵਟ ਪਾਵੇਗੀ। ਉਨ੍ਹਾਂ ਦੀ ਸੋਚ ਸੀ ਕਿ ਸ਼ਹਿਰਵਾਸੀਆਂ ਵਿੱਚ ਹਰਿਆਲੀ ਵਾਪਸੀ ਦਾ ਜਨੂੰਨ ਕਾਰੋਬਾਰੀ ਲਾਭਾਂ ਦੀ ਮਾਤਰਾ ਨੂੰ ਘੱਟ ਕਰ ਦੇਵੇਗਾ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਮਿਊਂਸਿਪਲ ਕੌਂਸਲ ਦੇ ਮੈਂਬਰਾਂ ’ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ। ਨਿਗਮ ਨੇ ਮਿਊਂਸਿਪਲ ਕੌਂਸਲ ਦੇ ਮੈਂਬਰਾਂ ਨੂੰ ਸ਼ਹਿਰ ਵਿਖੇ ਹੋਰ ਇਮਾਰਤਾਂ ਬਣਾਉਣ ਦਾ ਰਾਹ ਮੋਕਲਾ ਕਰਨ ਲਈ ਸਥਾਪਿਤ ਕੀਤੇ ਗਏ ਤਰਲ ਰੁੱਖਾਂ ਨੂੰ ਹਟਾਉਣ ਦਾ ਪ੍ਰਸਤਾਵ ਪਾਸ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਉਨ੍ਹਾਂ ਦੀਆਂ ਦਲੀਲਾਂ ਮਨ-ਲੁਭਾਉਣੀਆਂ ਸਨ ਅਤੇ ਉਨ੍ਹਾਂ ਕੋਲ ਆਪਣੇ ਆਸ਼ੇ ਦੀ ਪ੍ਰਾਪਤੀ ਲਈ ਉਚਿਤ ਸਾਧਨ ਵੀ ਸਨ।
ਜਿਵੇਂ ਹੀ ਇਸ ਮੁੱਦੇ ਦੀ ਖ਼ਬਰ ਫੈਲੀ ਸ਼ਹਿਰ ਵਿੱਚ ਦੋ ਧੜੇ ਬਣ ਗਏ। ਕੁਝ ਲੋਕਾਂ ਦਾ ਮੰਨਣਾ ਸੀ ਕਿ ਤਰਲ ਰੁੱਖ ਸਿਹਤਮੰਦ ਅਤੇ ਵਧੇਰੇ ਉੱਜਲ ਭਵਿੱਖ ਦਾ ਆਧਾਰ ਹਨ, ਜਦੋਂ ਕਿ ਦੂਜੇ ਧੜੇ ਦੇ ਲੋਕ ਤਰਲ ਰੁੱਖਾਂ ਨੂੰ ਆਰਥਿਕ ਵਿਕਾਸ ਦੇ ਰਾਹ ਵਿੱਚ ਰੁਕਾਵਟ ਮੰਨ ਰਹੇ ਸਨ। ਗਰਮਾ-ਗਰਮ ਬਹਿਸਾਂ ਨੇ ਸ਼ਹਿਰ ਦੇ ਨਿਊਜ਼ ਅਦਾਰਿਆਂ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਭਰ ਦਿੱਤਾ। ਫਲਸਰੂਪ ਸ਼ਹਿਰ ਵਾਸੀਆਂ ਵਿੱਚ ਬਹੁਤ ਤਣਾਅ ਭਰੀ ਸਥਿਤੀ ਬਣ ਗਈ ਸੀ।
ਜਿਵੇਂ ਹੀ ਤਰਲ ਰੁੱਖਾਂ ਨੂੰ ਬਚਾਉਣ ਲਈ ਸੰਘਰਸ਼ ਤੇਜ਼ ਹੁੰਦਾ ਗਿਆ, ਦਿੱਲੀ ਵਿੱਚ ਧੜੇਬੰਦੀ ਹੋਰ ਸਪੱਸ਼ਟ ਹੁੰਦੀ ਗਈ। ਨਗਰ ਨਿਰਮਾਣ ਨਿਗਮ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ। ਖੁੱਲ੍ਹੇ ਦਿਲ ਨਾਲ ਪੈਸਾ ਖਰਚਦੇ ਹੋਏ, ਉਨ੍ਹਾਂ ਨੇ ਤਰਲ ਰੁੱਖਾਂ ਦੇ ਵਿਰੋਧ ਵਿੱਚ ਇੱਕ ਅਜਿਹੀ ਮੁਹਿੰਮ ਚਲਾਈ ਜਿਸ ਨਾਲ ਉਨ੍ਹਾਂ ਸ਼ਹਿਰ ਦੇ ਸੰਚਾਰ ਮਾਧਿਅਮਾਂ ਨੂੰ ਅਜਿਹੇ ਇਸ਼ਤਿਹਾਰਾਂ ਅਤੇ ਲੇਖਾਂ ਨਾਲ ਭਰ ਦਿੱਤਾ, ਜਿਨ੍ਹਾਂ ਵਿੱਚ ਤਰਲ ਰੁੱਖਾਂ ਨੂੰ ਇੱਕ ਮਹਿੰਗੀ ਫਜ਼ੂਲਖ਼ਰਚੀ ਦੱਸਿਆ ਗਿਆ। ਉਨ੍ਹਾਂ ਦੀ ਦਲੀਲ ਸੀ ਕਿ ਸ਼ਹਿਰ ਦੇ ਵਿੱਤੀ ਸਰੋਤਾਂ ਨੂੰ ਇਨ੍ਹਾਂ ਵਾਤਾਵਰਨ-ਅਨੁਕੂਲ ਪ੍ਰਾਜੈਕਟਾਂ ’ਤੇ ਲਗਾਉਣ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਇਆ ਹੈ। ਹੁਣ ਤਾਂ ਪੂਰੇ ਸ਼ਹਿਰ ਵਿੱਚ ਤਰਲ ਰੁੱਖਾਂ ਵਿਰੋਧੀ ਜਾਣਕਾਰੀ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਲੋਕਾਂ ਵਿੱਚ ਇਸ ਮਸਲੇ ਬਾਰੇ ਧੜੇਬੰਦੀ ਸਪੱਸ਼ਟ ਨਜ਼ਰ ਆਉਣ ਲੱਗ ਪਈ ਸੀ।
ਦਿੱਲੀ ਦੀਆਂ ਸੜਕਾਂ ’ਤੇ ਟਕਰਾਅ ਵਾਲੇ ਹਾਲਾਤ ਬਣ ਚੁੱਕੇ ਸਨ। ਵਿਰੋਧ ਪ੍ਰਦਰਸ਼ਨ ਅਤੇ ਜਵਾਬੀ ਕਾਰਵਾਈਆਂ ਆਮ ਹੋ ਗਈਆਂ। ਸ਼ਹਿਰ ਵਾਸੀਆਂ ਨੇ ਪੂਰੇ ਜੋਸ਼ ਨਾਲ ਆਪੋ-ਆਪਣੀਆਂ ਧਿਰਾਂ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ। ਮਿਊਂਸਿਪਲ ਕੌਂਸਲ ਦੀਆਂ ਮੀਟਿੰਗਾਂ ਤਲਖ਼ੀ ਭਰਪੂਰ ਰੌਲਾ-ਰੱਪਾ, ਦੂਸ਼ਣਬਾਜ਼ੀ ਵਾਲੀਆਂ ਬਹਿਸਾਂ ਵਿੱਚ ਬਦਲ ਗਈਆਂ।
ਹਰਿਆਵਲ ਦਸਤਾ, ਮਾਇਆ ਦੀ ਅਗਵਾਈ ਤੇ ਡਾ. ਇਵਾਨ ਪੈਟਰੋਵਿਕ ਦੇ ਸਮਰਥਨ ਨਾਲ ਤਰਲ ਰੁੱਖਾਂ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਿਹਾ। ਉਨ੍ਹਾਂ ਨੇ ਹਵਾ ਦੀ ਗੁਣਵੱਤਾ ’ਤੇ ਤਰਲ ਰੁੱਖਾਂ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਜਾਣਨ ਲਈ ਆਪਣੇ ਵਿਗਿਆਨਕ ਕਾਰਜ ਜਾਰੀ ਰੱਖੇ ਅਤੇ ਸ਼ਹਿਰ ਵਾਸੀਆਂ ਦੇ ਸਿਹਤ ਸੰਭਾਲ ਖ਼ਰਚਿਆਂ ਵਿੱਚ ਕਮੀ ਬਾਰੇ ਸਬੂਤ ਇਕੱਠੇ ਕੀਤੇ। ਇਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਦਾ ਦਾਅਵਾ ਸੀ ਕਿ ਤਰਲ ਰੁੱਖਾਂ ਤੋਂ ਲੰਬੇ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਲਾਭਾਂ ਦੀ ਮਾਤਰਾ ਕਿਸੇ ਵੀ ਛੋਟੇ ਅਰਸੇ ਦੀਆਂ ਅਸੁਵਿਧਾਵਾਂ ਨਾਲੋਂ ਬਹੁਤ ਵਧੇਰੇ ਹੋਣ ਦਾ ਯਕੀਨ ਹੈ।
ਦੋਵੇਂ ਧਿਰਾਂ ਦੇ ਆਪਸੀ ਟਕਰਾਅ ਨੇ ਸ਼ਹਿਰ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਅਨੇਕ ਦੋਸਤ ਅਤੇ ਪਰਿਵਾਰ ਵਿਰੋਧੀ ਪੱਖਾਂ ਦੇ ਹੱਕ ਵਿੱਚ ਭੁਗਤਣ ਕਾਰਨ ਆਪਸੀ ਰਿਸ਼ਤੇ ਤਣਾਅਪੂਰਨ ਹੋ ਗਏ। ਅਜਿਹੇ ਹਾਲਾਤ ਵਿੱਚ ਤਰਲ ਰੁੱਖਾਂ ਦਾ ਸਮਰਥਨ ਕਰਨ ਵਾਲੇ ਕਾਰੋਬਾਰਾਂ ਨੂੰ ਧਮਕੀਆਂ ਦਾ ਅਤੇ ਨਗਰ ਨਿਰਮਾਣ ਨਿਗਮ ਨਾਲ ਜੁੜੇ ਲੋਕਾਂ ਨੂੰ ਬਾਈਕਾਟ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਸਾਫ਼-ਸੁਥਰੇ ਵਾਤਾਵਰਨ ਵਾਲੀ ਦਿੱਲੀ ਨਾਲ ਸਬੰਧਤ ਆਪਣੇ ਨਜ਼ਰੀਏ ਦਾ ਬਚਾਅ ਕਰਨਾ ਸੀ, ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਲੋਕਾਂ ਨੂੰ ਤਰਲ ਰੁੱਖਾਂ ਦੇ ਠੋਸ ਲਾਭ ਦਿਖਾਉਣ ਲਈ ਰੈਲੀਆਂ ਅਤੇ ਜਨਤਕ ਪ੍ਰਦਰਸ਼ਨ ਕੀਤੇ। ਉਨ੍ਹਾਂ ਨੇ ਵਿਗਿਆਨਕ ਅੰਕੜੇ ਪੇਸ਼ ਕੀਤੇ ਜੋ ਹਵਾ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ’ਤੇ ਸਕਾਰਾਤਮਕ ਪ੍ਰਭਾਵ ਨੂੰ ਸਾਬਤ ਕਰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਦਿੱਲੀ ਦੀ ਅਸਲ ਦੌਲਤ ਇਸ ਦੇ ਲੋਕਾਂ ਦੀ ਭਲਾਈ ਵਿੱਚ ਹੈ, ਨਾ ਕਿ ਸਿਰਫ਼ ਆਰਥਿਕ ਖੁਸ਼ਹਾਲੀ ਵਿੱਚ।
ਦਿੱਲੀ ਵਿਖੇ ਤਰਲ ਰੁੱਖਾਂ ਦੇ ਇਸ ਸੰਘਰਸ਼ ਦੌਰਾਨ ਅਚਾਨਕ ਉਮੀਦ ਦੀ ਇੱਕ ਕਿਰਨ ਉਸ ਸਮੇਂ ਨਜ਼ਰ ਆਈ ਜਦ ਸ਼ਹਿਰ ਦੇ ਕੁਝ ਸੁਲਝੇ ਹੋਏ ਪਤਵੰਤਿਆਂ ਨੇ ਸ਼ਹਿਰ ਦੀ ਧੜੇਬੰਦੀ ਦੇ ਖਾਤਮੇ ਲਈ ਤੇ ਦੋਵੇਂ ਧੜਿਆਂ ਵਿਚਕਾਰ ਸਮਝੌਤੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਸ਼ਾਂਤੀਪੂਰਨ ਹੱਲ ਲੱਭਣ ਲਈ ਕੁਝ ਸੁਝਾਅ ਪੇਸ਼ ਕੀਤੇ। ਉਨ੍ਹਾਂ ਨੇ ਦੋਵਾਂ ਧਿਰਾਂ ਨਾਲ ਸਬੰਧਤ ਲੋਕਾਂ ਨੂੰ ਇੱਕ ਸਾਂਝੀ ਬੈਠਕ ਰਾਹੀਂ ਆਪਸੀ ਗੱਲਬਾਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਕਮਿਊਨਿਟੀ ਮੀਟਿੰਗ ਦੌਰਾਨ ਲੋਕਾਂ ਨੂੰ ਆਪਣੀਆਂ ਚਿੰਤਾਵਾਂ, ਡਰ ਅਤੇ ਉਮੀਦਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਹਰੇਕ ਸਮੂਹ ਦੇ ਦ੍ਰਿਸ਼ਟੀਕੋਣ ਦੀ ਸਹੀ ਸਮਝ ਆ ਸਕੇ।
ਇਸ ਮੀਟਿੰਗ ਦੌਰਾਨ ਮਾਇਆ ਅਤੇ ਡਾ. ਇਵਾਨ ਪੈਟਰੋਵਿਕ ਨੇ ਸਿਹਤਮੰਦ ਅਤੇ ਵਧੇਰੇ ਉੱਜਲੇ ਭਵਿੱਖ ਵਾਲੀ ਦਿੱਲੀ ਦੇ ਸਾਂਝੇ ਟੀਚੇ ’ਤੇ ਜ਼ੋਰ ਦਿੰਦੇ ਹੋਏ, ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਨੂੰ ਸਹਿਜ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਤਰਲ ਰੁੱਖਾਂ ਦੇ ਲਾਭਾਂ ਅਤੇ ਆਰਥਿਕ ਚਿੰਤਾਵਾਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਸ਼ਹਿਰ ਦੇ ਕੁਦਰਤੀ ਵਾਤਾਵਰਨ ਦੀ ਸੁਰੱਖਿਆ ਦੀ ਲੋੜ ਨਾਲ ਸਬੰਧਤ ਵਿਗਿਆਨਕ ਸਬੂਤ ਪੇਸ਼ ਕੀਤੇ।
ਹੌਲੀ-ਹੌਲੀ ਮਾਹੌਲ ਬਦਲਣਾ ਸ਼ੁਰੂ ਹੋ ਗਿਆ। ਆਪਸੀ ਟਕਰਾਅ ਵਾਲੀਆਂ ਦੋਵੇਂ ਧਿਰਾਂ ਨੇ ਮਹਿਸੂਸ ਕੀਤਾ ਕਿ ਉਹ ਸਾਰੇ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਹਨ ਅਤੇ ਇਸ ਦੇ ਵਧੀਆ ਭਵਿੱਖ ਦੀ ਇੱਛਾ ਰੱਖਦੇ ਹਨ। ਆਪਸੀ ਗੱਲਬਾਤ ਨਾਲ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸ਼ਹਿਰ ਅਤੇ ਇਸ ਦੇ ਵਾਸੀਆਂ ਦੇ ਭਲੇ ਲਈ ਮੌਜੂਦਾ ਮਸਲੇ ਦਾ ਸਾਂਝਾ ਹੱਲ ਲੱਭਣਾ ਜ਼ਰੂਰੀ ਹੈ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਲਈ ਜਨਤਕ ਸਮਰਥਨ ਦੀ ਤਾਕਤ ਅਤੇ ਸਥਾਈ ਹੱਲ ਦੀ ਆਰਥਿਕ ਸੰਭਾਵਨਾ ਨੂੰ ਸਵੀਕਾਰ ਕਰਦੇ ਹੋਏ, ਆਪਣਾ ਨਜ਼ਰੀਆ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਅਜਿਹੇ ਸਮਝੌਤੇ ਲਈ ਹਾਮੀ ਭਰ ਦਿੱਤੀ ਜਿਸ ਵਿੱਚ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਸ਼ਹਿਰ ਦੇ ਆਰਥਿਕ ਵਿਕਾਸ ਤੇ ਨਿਰਮਾਣ ਕਾਰਜਾਂ ਦੇ ਨਾਲ ਨਾਲ ਹਰੇ ਭਰੇ ਵਾਤਾਵਰਨ ਦੀ ਸਥਾਪਤੀ ਤੇ ਨਿਰੰਤਰਤਾ ਕਾਇਮ ਰੱਖਣ ਲਈ ਸੰਤੁਲਿਤ ਕਾਰਵਾਈਆਂ ਨੂੰ ਤਰਜੀਹ ਦੇਣ ਦਾ ਨਿਸ਼ਚਾ ਵੀ ਸ਼ਾਮਲ ਸੀ।
ਮਿਊਂਸਿਪਲ ਕੌਂਸਲ ਦੇ ਮੈਂਬਰ ਜੋ ਕਿ ਸੰਘਰਸ਼ ਦੁਆਰਾ ਦੋ ਧੜਿਆਂ ਵਿੱਚ ਵੰਡੇ ਗਏ ਸਨ, ਨੇ ਇਸ ਸਮਝੌਤਾ ਆਧਾਰਿਤ ਵਿਆਪਕ ਯੋਜਨਾ ਦਾ ਖਰੜਾ ਤਿਆਰ ਕਰ ਲਿਆ ਜੋ ਇੱਕ ਵਿਕਾਸਸ਼ੀਲ ਤੇ ਖੁਸ਼ਹਾਲ ਵਾਤਾਵਰਨ ਵਾਲੀ ਦਿੱਲੀ ਦੀ ਚਿਰ-ਸਥਾਈ ਕਾਇਮੀ ਦਾ ਆਧਾਰ ਬਣਨ ਦੇ ਸਮਰੱਥ ਸੀ। ਇਸ ਯੋਜਨਾ ਅਨੁਸਾਰ ਵਿਕਾਸ ਤੇ ਨਿਰਮਾਣ ਕਾਰਜਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਖ਼ਤ ਨਿਯਮ ਬਣਾਏ ਗਏ ਸਨ। ਇਸ ਯੋਜਨਾ ਵਿੱਚ ਸਾਫ਼ ਹਵਾ ਅਤੇ ਹਰੇ ਭਰੇ ਭਵਿੱਖ ਲਈ ਸ਼ਹਿਰ ਦੀ ਵਚਨਬੱਧਤਾ ਦੇ ਚਿੰਨ੍ਹ ਵਜੋਂ ਤਰਲ ਰੁੱਖਾਂ ਦੇ ਨਿਰੰਤਰ ਵਾਧੇ ਨੂੰ ਵੀ ਯਕੀਨੀ ਬਣਾਇਆ ਗਿਆ ਸੀ।
ਇਸ ਸਮਝੌਤੇ ਨਾਲ ਸ਼ਹਿਰਵਾਸੀਆਂ ਦਾ ਸੰਘਰਸ਼ ਸ਼ਾਂਤੀਪੂਰਵਕ ਖ਼ਤਮ ਹੋ ਗਿਆ। ਧੜੇਬੰਦੀ ਅਤੇ ਬਹਿਸ-ਮੁਬਾਹਸਿਆਂ ਤੋਂ ਅੱਕੇ-ਥੱਕੇ ਹੋਏ ਦਿੱਲੀ ਵਾਸੀਆਂ ਨੇ ਆਪਸੀ ਸਬੰਧਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਵਾਰ ਫਿਰ ਸੰਗਠਿਤ ਭਾਈਚਾਰੇ ਵਜੋਂ ਰਲ਼-ਮਿਲ਼ ਕੇ ਰਹਿਣ ਲੱਗੇ। ਤਰਲ ਰੁੱਖ ਜੋ ਕਿ ਇਸ ਸਾਰੀ ਜੱਦੋਜਹਿਦ ਦਾ ਕੇਂਦਰ ਸਨ, ਹੁਣ ਸ਼ਹਿਰ ਦੀਆਂ ਗਲੀਆਂ, ਪਾਰਕਾਂ ਅਤੇ ਛੱਤਾਂ ’ਤੇ ਵਧ ਫੁੱਲ ਰਹੇ ਸਨ। ਹੁਣ ਤਾਂ ਉਹ ਮੁਸੀਬਤ ਦੇ ਸਮੇਂ ਸੰਵਾਦ, ਸਮਝੌਤਾ ਅਤੇ ਏਕਤਾ ਦੀ ਸ਼ਕਤੀ ਦਾ ਚਿੰਨ੍ਹ ਬਣ ਚੁੱਕੇ ਸਨ। ਡਾ. ਇਵਾਨ ਪੈਟਰੋਵਿਕ, ਮਾਇਆ ਅਤੇ ਹਰਿਆਵਲ ਦਸਤੇ ਦੀ ਅਣਥੱਕ ਮਿਹਨਤ ਰੰਗ ਲਿਆਈ ਸੀ ਤੇ ਉਹ ਸ਼ਹਿਰ ਵਾਸੀਆਂ ਵਿੱਚ ਹਰਮਨ ਪਿਆਰੇ ਬਣ ਗਏ। ਉਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਨਾ ਸਿਰਫ਼ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾ ਦਿੱਤਾ ਬਲਕਿ ਮਨੁੱਖਤਾ ਅਤੇ ਕੁਦਰਤ ਦੇ ਵਿਚਕਾਰ ਸਬੰਧ ਨੂੰ ਵੀ ਮੁੜ-ਸੁਰਜੀਤ ਕਰ ਦਿੱਤਾ ਸੀ।
ਕਈ ਸਾਲ ਬੀਤ ਗਏ। ਦਿੱਲੀ ਹੁਣ ਇੱਕ ਅਜਿਹੇ ਸ਼ਹਿਰ ਵਿੱਚ ਬਦਲ ਗਿਆ ਸੀ ਜਿੱਥੇ ਕੁਦਰਤ ਅਤੇ ਕੰਕਰੀਟ ਦਾ ਸੁਮੇਲ ਮੌਜੂਦ ਸੀ। ਹਵਾ ਸਾਫ਼ ਹੋ ਗਈ ਸੀ ਅਤੇ ਇਸ ਦੇ ਨਿਵਾਸੀਆਂ ਦੀ ਸਿਹਤ ਵਿੱਚ ਸੁਧਾਰ ਹੋਇਆ ਸੀ। ਕਿਸੇ ਸਮੇਂ ਨਜ਼ਰ ਆਉਂਦੇ ਸਲੇਟੀ ਜਾਂ ਪੀਲੇ- ਭੂਰੇ ਧੂੰਏ ਵਾਲੇ ਚੌਗਿਰਦੇ ਦੀ ਥਾਂ ਹੁਣ ਸਭ ਪਾਸੇ ਛੱਤਾਂ ਉੱਪਰ ਮੌਜੂਦ ਹਰੇ-ਭਰੇ ਬਗੀਚਿਆਂ, ਉੱਚੀਆ ਇਮਾਰਤਾਂ ਤੋਂ ਹੇਠਾਂ ਵੱਲ ਲਟਕ ਰਹੀਆਂ ਰੰਗ-ਬਿਰੰਗੇ ਫੁੱਲਾਂ ਨਾਲ ਲੱਦੀਆਂ ਵੇਲਾਂ ਤੇ ਮੌਸਮਾਂ ਵਾਂਗ ਰੰਗ ਬਦਲਦੇ ਤਰਲ-ਰੁੱਖਾਂ ਦਾ ਖੂਬਸੂਰਤ ਨਜ਼ਾਰਾ ਮੌਜੂਦ ਸੀ। ਸ਼ਹਿਰ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਮਾਇਆ ਦਾ ਸੁਪਨਾ ਇੱਕ ਹਕੀਕਤ ਬਣ ਚੁੱਕਾ ਸੀ ਅਤੇ ਦਿੱਲੀ ਦੇ ਲੋਕ ਉਸ ਦੇ ਦ੍ਰਿੜ ਇਰਾਦੇ ਅਤੇ ਦ੍ਰਿਸ਼ਟੀਕੋਣ ਲਈ ਧੰਨਵਾਦੀ ਸਨ। ਉਹ ਜਾਣ ਚੁੱਕੇ ਸਨ ਕਿ ਕੰਕਰੀਟ ਦੇ ਜੰਗਲ ਵਿੱਚ ਵੀ ਕੁਦਰਤ ਦੇ ਪ੍ਰਫੁੱਲਤ ਹੋਣ ਦਾ ਰਸਤਾ ਸੰਭਵ ਹੈ।
ਈਮੇਲ: drdpsn@hotmail.com

Advertisement
Author Image

Advertisement
Advertisement
×