ਪੈਦਲ ਯਾਤਰਾ ਦੌਰਾਨ ਕੇਜਰੀਵਾਲ ’ਤੇ ਤਰਲ ਪਦਾਰਥ ਸੁੱਟਿਆ
ਨਵੀਂ ਦਿੱਲੀ, 30 ਨਵੰਬਰ
ਦੱਖਣੀ ਦਿੱਲੀ ਦੇ ਮਾਲਵੀਆ ਨਗਰ ’ਚ ਅੱਜ ਕਿਸੇ ਵਿਅਕਤੀ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੈਦਲ ਯਾਤਰਾ ਦੌਰਾਨ ਉਨ੍ਹਾਂ ’ਤੇ ਤਰਲ ਪਦਾਰਥ ਸੁੱਟ ਦਿੱਤਾ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਨੇ ਕੇਂਦਰ ’ਤੇ ਸਵਾਲ ਚੁੱਕਦਿਆਂ ਕਿਹਾ, ‘ਜੇ ਕੌਮੀ ਰਾਜਧਾਨੀ ’ਚ ਸਾਬਕਾ ਮੁੱਖ ਮੰਤਰੀ ਸੁਰੱਖਿਅਤ ਨਹੀਂ ਹਨ ਤਾਂ ਆਮ ਆਦਮੀ ਕਿੱਥੇ ਜਾਵੇਗਾ?’ ਜਾਣਕਾਰੀ ਅਨੁਸਾਰ ਕੇਜਰੀਵਾਲ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਲਵੀਆ ਨਗਰ ਦੇ ਸਾਵਿਤਰੀ ਨਗਰ ’ਚ ਰੈਲੀ ਕਰਨ ਪਹੁੰਚੇ ਸਨ। ਉਹ ਇੱਕ ਘੇਰੇ ਦੇ ਪਿੱਛੇ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲ ਰਹੇ ਸਨ। ਇਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਤਰਲ ਪਦਾਰਥ ਸੁੱਟ ਦਿੱਤਾ, ਜਿਸ ਮਗਰੋਂ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਮੁਲਜ਼ਮ ਨੂੰ ਕਾਬੂ ਕਰ ਲਿਆ। ਬਾਅਦ ’ਚ ਕੇਜਰੀਵਾਲ ਅਤੇ ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਕਰਮੀਆਂ ਨੂੰ ਮੂੰਹ ਪੂੰਝਦੇ ਦੇਖਿਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਇਸੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਥਾਣੇ ਲਿਜਾਇਆ ਗਿਆ ਹੈ।
‘ਆਪ’ ਨੇ ਕਿਹਾ, ‘ਭਾਜਪਾ ਦੇ ਸ਼ਾਸਨ ਵਿੱਚ ਦਿੱਲੀ ’ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।’ -ਪੀਟੀਆਈ