ਦਫ਼ਤਰਾਂ ਵਿੱਚ ਲੱਗੀਆਂ ਨਾਮਜ਼ਦਗੀ ਭਰਨ ਵਾਲਿਆਂ ਦੀਆਂ ਲਾਈਨਾਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਅਕਤੂਬਰ
ਗ੍ਰਾਮ ਪੰਚਾਇਤ ਚੋਣਾਂ ਲਈ ਸਰਪੰਚ ਅਤੇ ਪੰਚ ਦੇ ਅਹੁਦਿਆਂ ਵਾਸਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਅੱਜ ਵੱਖ-ਵੱਖ ਦਫ਼ਤਰਾਂ ਵਿਚ ਲੋਕਾਂ ਦੀਆਂ ਭੀੜ ਜੁਟੀ ਰਹੀ ਕਿਉਂਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਦਿਨ ਸੀ। 2 ਅਤੇ 3 ਅਕਤੂਬਰ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਅੱਜ ਆਖ਼ਰੀ ਦਿਨ ਬਚਿਆ ਸੀ ਜਿਸ ਕਾਰਨ ਅੱਜ ਲੋਕਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਹਰ ਕੋਈ ਸਮੇਂ ਸਿਰ ਆਪਣੇ ਕਾਗਜ਼ ਦਾਖਲ ਕਰਾਉਣ ਲਈ ਇੱਕ-ਦੂਜੇ ਤੋਂ ਉਤਾਵਲਾ ਸੀ।
ਉਧਰ ਬੀ.ਡੀ.ਪੀ.ਓ ਦਫ਼ਤਰ ਵਿਚ ਵੀ ਅੱਜ ਆਖ਼ਰੀ ਦਿਨ ਚੁੱਲ੍ਹਾ ਟੈਕਸ ਭਰਨ ਅਤੇ ਐਨ.ਓ.ਸੀ. ਸਰਟੀਫਿਕੇਟ ਲੈਣ ਲਈ ਲੋਕਾਂ ਦੀ ਭੀੜ ਉਮੜੀ ਹੋਈ ਸੀ। ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਉਹਨ੍ਹਾਂ ਦੇ ਸਮਰਥਕਾਂ ’ਚ ਇਹ ਡਰ ਸੀ ਕਿ ਕਿਤੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦਾ ਸਮਾਂ ਲੰਘ ਨਾ ਜਾਵੇ ਅਤੇ ਉਹ ਕਾਗਜ਼ ਦਾਖਲ ਕਰਨ ਤੋਂ ਵਾਂਝੇ ਰਹਿ ਜਾਣ। ਬਲਾਕ ਸੰਗਰੂਰ ਦੇ ਸਾਰੇ ਪਿੰਡਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ 6 ਵੱਖ-ਵੱਖ ਕਲੱਸਟਰਾਂ ਵਿਚ ਵੰਡਿਆ ਗਿਆ ਸੀ ਕਿਉਂਕਿ ਇੱਕ ਦਫ਼ਤਰ ਵਿਚ ਵੱਡੀ ਤਾਦਾਦ ’ਚ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣੇ ਸੰਭਵ ਨਹੀਂ ਸਨ। ਸਥਾਨਕ ਕਾਰਜਕਾਰੀ ਅਫ਼ਸਰ ਸੀਵਰੇਜ਼ ਬੋਰਡ ਮੰਡਲ ਸੰਗਰੂਰ ਦੇ ਦਫ਼ਤਰ ਵਿਚ ਸਵੇਰ ਤੋਂ ਹੀ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਗਈਆਂ ਸਨ ਜਦੋਂ ਕਿ ਉਹਨ੍ਹਾਂ ਦੇ ਸਮਰਥਕ ਵੀ ਵੱਡੀ ਤਾਦਾਦ ’ਚ ਉਮੀਦਵਾਰਾਂ ਦੇ ਨਾਲ ਪੁੱਜੇ ਹੋਏ ਸਨ। ਭੀੜ ਏਨੀ ਜ਼ਿਆਦਾ ਸੀ ਕਿ ਦਫ਼ਤਰ ਵਿਚ ਪੁਲੀਸ ਮੁਲਾਜ਼ਮਾਂ ਨੂੰ ਡਿਊਟੀ ’ਤੇ ਤਾਇਨਾਤ ਕਰਨਾ ਪਿਆ। ਸੀਵਰੇਜ਼ ਬੋਰਡ ਦੇ ਦਫ਼ਤਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਪੁਰਸ਼ ਅਤੇ ਔਰਤਾਂ ਵੱਖੋ ਵੱਖ ਕਤਾਰਾਂ ਵਿਚ ਖੜ੍ਹੇ ਸਨ। ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦਾ ਸਮਾਂ 27 ਸਤੰਬਰ ਤੋਂ 4 ਅਕਤੂਬਰ ਤੱਕ ਦਾ ਸੀ ਪਰੰਤੂ ਇਹਨ੍ਹਾਂ 8 ਦਿਨਾਂ ਵਿਚੋਂ 4 ਦਿਨ ਸਰਕਾਰੀ ਛੁੱਟੀਆਂ ਰਹੀਆਂ ਜਿਸ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਸਿਰਫ਼ 4 ਦਿਨ ਹੀ ਸਨ। 28 ਤੇ 29 ਸਤੰਬਰ ਦੀ ਛੁੱਟੀ ਰਹੀ ਜਦੋਂ ਕਿ 2 ਅਤੇ 3 ਅਕਤੂਬਰ ਦੀ ਛੁੱਟੀ ਰਹੀ। ਉਂਝ ਚੁੱਲ੍ਹਾ ਟੈਕਸ ਭਰਨ ਅਤੇ ਐਨ.ਓ.ਸੀ. ਸਰਟੀਫਿਕੇਟ ਬਣਵਾਉਣ ਲਈ ਬੀਡੀਪੀਓ ਦਫ਼ਤਰ 27 ਸਤੰਬਰ ਤੋਂ 4 ਅਕਤੂਬਰ ਤੱਕ ਪੂਰੇ ਦਿਨ ਖੁੱਲ੍ਹਾ ਰਿਹਾ ਅਤੇ ਬੀਡੀਪੀਓ ਸਮੇਤ ਪੂਰਾ ਦਫ਼ਤਰੀ ਸਟਾਫ਼ ਮੌਜੂਦ ਰਿਹਾ। ਭਾਵੇਂ ਕਿ ਬੀਡੀਪੀਓ ਦਫਤਰ ਵਿਚ ਨੋਟਿਸ ਬੋਰਡ ’ਤੇ ਲਗਾ ਦਿੱਤਾ ਗਿਆ ਸੀ ਕਿ ਨਾਮਜ਼ਦਗੀ ਪੱਤਰਾਂ ਨਾਲ ਕਿਹੜੇ ਕਿਹੜੇ ਦਸਤਾਵੇਜ਼ ਲਗਾਉਣੇ ਹਨ ਪਰਇਸਦੇ ਬਾਵਜੂਦ ਲੋਕ ਸਪੱਸ਼ਟ ਰੂਪ ਵਿਚ ਜਾਣਕਾਰੀ ਤੋਂ ਵਾਂਝੇ ਰਹੇ ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪਿਆ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਅਨੁਸਾਰ 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਤੇ 7 ਅਕਤੂਬਰ ਬਾਅਦ ਦੁਪਹਿਰ 3 ਵਜ਼ੇ ਤੱਕ ਪੱਤਰ ਵਾਪਸ ਲਏ ਜਾ ਸਕਦੇ ਹਨ।
ਜ਼ਿਲ੍ਹਾ ਸੰਗਰੂਰ ’ਚ 1 ਅਕਤੂਬਰ ਤੱਕ ਸਰਪੰਚਾਂ ਲਈ ਕੁੱਲ 575 ਅਤੇ ਪੰਚਾਂ ਲਈ 1279 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਪਰੰਤੂ ਖ਼ਬਰ ਲਿਖੇ ਜਾਣ ਸਮੇਂ ਰਾਤ 7.30 ਵਜ਼ੇ ਤੱਕ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਾਮਜ਼ਦਗੀਆਂ ਦਾ ਕੁੱਲ ਅੰਕੜਾ ਪ੍ਰਾਪਤ ਨਹੀਂ ਹੋ ਸਕਿਆ
ਆਬਜ਼ਰਵਰ ਨੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾ ਖਾਤਰ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਗਏ ਚੋਣ ਆਬਜ਼ਰਵਰ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਪਟਿਆਲਾ ਪੁੱਜ ਗਏ ਹਨ। ਉਨ੍ਹਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਣਾਉਣ ਲਈ ਹਦਾਇਤਾਂ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਚੋਣ ਪ੍ਰਕ੍ਰਿਆ ਤੇ ਲੋਕਤੰਤਰ ’ਚ ਵਿਸ਼ਵਾਸ਼ ਬਹਾਲ ਰੱਖਣ ਲਈ ਰਿਟਰਨਿੰਗ ਅਧਿਕਾਰੀ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਯਕੀਨੀ ਬਣਾਉਣ।