ਦਰਦ ਦੀ ਇਬਾਰਤ
ਕਮਲੇਸ਼ ਉੱਪਲ
ਯੂਨੀਵਰਸਿਟੀ ਵਿਚ ਪੜ੍ਹਾਉਂਦਿਆਂ ਇਕ ਵਾਰੀ ਖ਼ਾਕਸਾਰ ਨੂੰ ਗੁਆਂਢੀ ਵਿਭਾਗ ਨੇ ਖੇਡਾਂ ਬਾਰੇ ਕੁਝ ਬੋਲਣ ਲਈ ਸੱਦ ਲਿਆ। ਮੈਂ ਤਾਂ ਖੇਡਾਂ ਵਿਚ ਕਦੇ ਹਿੱਸਾ ਨਹੀਂ ਸੀ ਲਿਆ ਤੇ ਨਾ ਹੀ ਅਖ਼ਬਾਰ ਪੜ੍ਹਦਿਆਂ ਕਦੇ ਖੇਡਾਂ ਵਾਲਾ ਪੰਨਾ ਹੀ ਨੀਝ ਲਾ ਕੇ ਪੜ੍ਹਿਆ ਹੈ, ਮੈਂ ਉਦੋਂ ਮੈਗਜ਼ੀਨਾਂ ਵਿਚ ਛਪਦੀ ਕਵਿਤਾ ਅਤੇ ਸ਼ਾਇਰੀ ਸੁਣਾ ਕੇ ਹੀ ਬੁੱਤਾ ਸਾਰਿਆ ਸੀ। ਖੇਡਾਂ ਵਿਚ ਮੇਰੀ ਰੁਚੀ ਕਦੇ ਬਣ ਹੀ ਨਾ ਸਕੀ; ਭਾਵ ਇਹ ਕਿ ਖੇਡਾਂ ਦੇ ਵਿਸ਼ੇ ਨਾਲ ਸਦਾ ਦੂਰ ਦਾ ਰਿਸ਼ਤਾ ਰਖਣ ਵਾਲੀ ਮੈਂ ਪਿਛਲੇ ਕਈ ਮਹੀਨਿਆਂ ਤੋਂ ਖੇਡ ਕੇ ਦੇਸ਼ ਲਈ ਤਗ਼ਮੇ ਜਿੱਤ ਕੇ ਲਿਆਉਣ ਵਾਲੀਆਂ ਪਹਿਲਵਾਨਾਂ ਦੇ ਦੁਖ ਉਤੇ ਝੂਰਦੀ ਤੇ ਧੁਖਦੀ ਰਹੀ ਹਾਂ। ਉਹਨਾਂ ਬਾਰੇ ਛਪਿਆ ਇਕ ਇਕ ਅੱਖਰ ਪੜ੍ਹਦੀ ਹਾਂ। ਪਿਛਲੇ ਕੁਝ ਹਫ਼ਤਿਆਂ ਤੋਂ ਮੇਰਾ ਸੰਵੇਦਨਸ਼ੀਲ ਮਨ ਕਈ ਵਾਰ ਖ਼ੂਨ ਦੇ ਹੰਝੂ ਰੋਣ ਲਈ ਮਜਬੂਰ ਹੋਇਆ ਹੈ। ਨਿਆਂ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇ ਚਿਹਰਿਆਂ ‘ਤੇ ਸਮੇਂ ਦੀ ਸਰਕਾਰ ਨੇ ਦੁਖਾਂ ਦੀ ਜੋ ਇਬਾਰਤ ਲਿਖੀ ਹੈ, ਉਸ ਨੂੰ ਦੇਖ ਕੇ ਆਪਣੇ ਕਲਬੂਤ ਅੰਦਰ ਦਿਲ ਰੱਖਣ ਵਾਲੀ ਕੋਈ ਵੀ ਮਨੁੱਖੀ ਅੱਖ ਨਮ ਹੋਣੋਂ ਨਹੀਂ ਰਹਿ ਸਕਦੀ। ਵੋਟਾਂ ਲਈ ਭੁੱਖੀ ਇਸ ਮੁਲਕ ਦੀ ਸਿਆਸਤ ਨੇ ਆਮ ਲੋਕਾਂ ਨੂੰ ਧਾਰਮਿਕ ਅਨੁਸ਼ਠਾਨ, ਮੂਰਤੀਪੂਜਾ, ਮੰਦਰ ਰਾਜਨੀਤੀ, ਤੀਰਥ ਯਾਤਰਾਵਾਂ ਦੇ ਚੱਕਰ ਵਿਚ ਪਾਇਆ ਹੋਇਆ ਹੈ। ਸਾਡੇ ਫਿਲਮੀ ਸਿਤਾਰੇ ਵੀ ਮਸਾਲਿਆਂ ਦੇ ਚਟਖਾਰੇ ਲਵਾਉਣ ਅਤੇ ਸੁਆਦ ਪਰੋਸਣ ਤਕ ਮਹਿਦੂਦ ਰਹਿ ਕੇ ਮਸਤੀ ਦੇ ਆਲਮ ਵਿਚ ਮਸਰੂਰ ਰਹਿਣਾ ਤੇ ਰੱਖਣਾ ਚਾਹੁੰਦੇ ਹਨ।
ਸੱਚ ਨਾਲ ਖੜ੍ਹ ਕੇ ਸੰਘਰਸ਼ ਕਰਨ ਵਾਲਿਆਂ ਲਈ ਕਿਸੇ ਕੋਲ ਸਮਾਂ ਨਹੀਂ। ਆਪਣੀ ਅੱਸੀਆਂ ਨੂੰ ਢੁੱਕਦੀ, ਸਮੇਂ ਨੂੰ ਸਮਝ-ਪਰਖ ਕੇ ਪਰਪੱਕ ਹੋਈ ਜ਼ਿੰਦਗੀ ਵਿਚ ਮੈਂ ਅਜਿਹਾ ਨਿਘਰਿਆ ਹੋਇਆ ਸਮਾਜਿਕ ਢਾਂਚਾ ਨਹੀਂ ਸੀ ਦੇਖਿਆ ਜੋ ਹੁਣ ਦੇਖ ਰਹੀ ਹਾਂ। ਬਾਬੇ ਨਾਨਕ ਦੇ ਸਮੇਂ ਤਾਂ ‘ਪਾਪ ਕੀ ਜੰਞ’ ਲੈ ਕੇ ਆਉਣ ਵਾਲੇ ਕਾਬਲੋਂ (ਕਾਬਲਹੁ) ਧਾਏ ਸਨ ਪਰ ਮੌਜੂਦਾ ਹਾਕਮ ਪਾਰਟੀ ਤਾਂ ਸਾਰੀ ਦੀ ਸਾਰੀ ਹੀ ‘ਪਾਪ ਕੀ ਜੰਞ’ ਹੈ ਜੋ ਜੋਰੀ (ਜ਼ਬਰਦਸਤੀ) ਪੀੜਤਾਂ ਤੋਂ ਰਾਜ਼ੀਨਾਮਿਆਂ ਦਾ ਦਾਨ ਮੰਗ ਰਹੀ ਹੈ।
ਮੇਰੇ ਜ਼ਿਹਨ ਵਿਚ ਅੱਜ ਕੱਲ੍ਹ ਰੋਹ, ਨਿਰਾਸ਼ਾ, ਬਗਾਵਤ ਤੇ ਹਤਾਸ਼ਾ ਜਿਹੀਆਂ ਭਾਵਨਾਵਾਂ ਦੀ ਘੜਮੱਸ ਰਹਿਣ ਲੱਗੀ ਹੈ। ਕਈ ਦਹਾਕੇ ਪਹਿਲਾਂ ਪੜ੍ਹ ਕੇ ਵਿਸਾਰੀਆਂ ਹੋਈਆਂ ਹਿੰਦੀ ਦੇ ਮਹਾਨ ਕਵੀ ਜੈਸ਼ੰਕਰ ਪ੍ਰਸਾਦ ਦੇ ਮਹਾਂਕਾਵਿ ‘ਕਾਮਾਯਨੀ’ ਦੀਆਂ ਤੁਕਾਂ ਬਦੋਬਦੀ ਮੇਰੇ ਮਨ ‘ਤੇ ਸਵਾਰ ਹੋ ਜਾਂਦੀਆਂ ਹਨ:
ਯਿਹ ਆਜ ਸਮਝ ਤੋ ਪਾਈ ਹੂੰ ਮੈਂ ਦੁਰਬਲਤਾ ਮੇਂ ਨਾਰੀ ਹੂੰ
ਅਵਯਵ (ਅੰਗਾਂ) ਕੀ ਸੁੰਦਰ ਕੋਮਲਤਾ ਲੇਕਰ ਮੈਂ ਸਬ ਸੇ ਹਾਰੀ ਹੂੰ
… ਘਨਸ਼ਿਆਮ ਖੰਡ ਸੀ ਆਖੋਂ ਮੇਂ ਕਿਉਂ ਸਹਿਸਾ ਜਲ ਭਰ ਆਤਾ ਹੈ
ਮੈ ਜਭੀ ਤੋਲਨੇ ਕਾ ਕਰਤੀ ਉਪਚਾਰ ਸਵਯੰ ਤੁਲ ਜਾਤੀ ਹੂੰ,
ਭੁਜਲਤਾ ਫੰਸਾ ਕਰ ਨਰ-ਤਰੂ ਸੇ ਝੂਲੇ ਸੀ ਝੋਂਕੇ ਖਾਤੀ ਹੂੰ,
… ਕਿਆ ਕਹਤੀ ਹੋ ਠਹਰੋ ਨਾਰੀ! ਸੰਕਲਪ ਅਸ਼ਰੂ ਜਲ ਸੇ ਅਪਨੇ
ਤੁਮ ਦਾਨ ਕਰ ਚੁਕੀਂ ਪਹਲੇ ਹੀ, ਜੀਵਨ ਕੇ ਸੋਨੇ ਸੇ ਸਪਨੇ
ਨਾਰੀ ਤੁਮ ਕੇਵਲ ਸ਼੍ਰਧਾ ਹੋ ਵਿਸ਼ਵਾਸ ਰਜਤ ਨਗ ਪਗ ਤਲ ਮੇਂ
ਪੀਯੂਸ਼ ਸ੍ਰੋਤ ਸੀ ਬਹਾ ਕਰੋ ਜੀਵਨ ਕੇ ਸੁੰਦਰ ਸਮਤਲ ਮੇਂ…
ਲਗਭਗ ਨੌਂ ਦਹਾਕੇ ਪਹਿਲਾਂ ਰਚੀਆਂ ਇਹਨਾਂ ਸਤਰਾਂ ਵਿਚਲੀ ‘ਸ਼੍ਰਧਾ’ ਨੂੰ ਹੁਣ ਉਸ ਨਾਲ ਸਮਾਜ ਵਲੋਂ ਬੇਪਰਵਾਹ ਹੋ ਕੇ ਰੰਗਰਲੀਆਂ ਮਨਾਉਣ ਵਾਲਾ ਬੇਦਰਦ ਮਰਦ ਸਾਥੀ, ਮਾਰ ਮੁਕਾ ਕੇ, ਟੋਟੇ ਕਰ ਕੇ ਸਬੂਤ ਤਕ ਵਹਿਸ਼ਿਆਨਾ ਢੰਗ ਨਾਲ ਮਿਟਾ ਦਿੰਦਾ ਹੈ। ਨਬਜ਼ ਦੇਖਣ ਦੇ ਬਹਾਨੇ ਪਰਾਇਆ, ਪਿਓ ਦੀ ਉਮਰ ਦਾ ਮਰਦ, ਉਸ ਦਾ ਪ੍ਰਬੰਧਕ ਤੇ ਪ੍ਰਸ਼ਾਸਕ, ਉਸ ਦੇ ਸਰੀਰ ਦੀਆਂ ਗੋਲਾਈਆਂ ਦੀ ਛੋਹ ਮਾਨਣ ਦੀ ਹਿਮਾਕਤ ਕਰਦਾ ਹੈ। ਕੀ ਇਹ ਉਹੀ ‘ਵਿਸ਼ਵਾਸ ਰਜਤ’ ਧਰਾਤਲ ਹੈ ਜਿਸ ਦਾ ਜ਼ਿਕਰ ਪ੍ਰਸਾਦ ਦੀ ‘ਕਾਮਾਯਨੀ’ ਵਿਚ ਹੋ ਰਿਹਾ ਹੈ? ਜੇ ਇਹ ਉਹ ‘ਸੁੰਦਰ ਸਮਤਲ’ ਨਹੀਂ ਤਾਂ ਨਾਰੀ ‘ਪੀਯੂਸ਼ ਸ੍ਰੋਤ’ (ਅੰਮ੍ਰਿਤ ਦਾ ਸੋਮਾ) ਕਿਵੇਂ ਹੋ ਜਾਵੇ। ਉਹ ਤਾਂ ਹੁਣ ਇਸ ਕੂੜ ਅਤੇ ਅਤਿਆਚਾਰੀ ਧਰਾਤਲ ਨੂੰ ਠੋਕਰ ਮਾਰ ਕੇ ਅੱਗ ਦੀ ਲਾਟ ਹੀ ਬਣ ਕੇ ਦਿਖਾਵੇਗੀ।
ਕੁੜੀਆਂ ਦਾ ਇਹ ਤੌਖ਼ਲਾ ਵੀ ਸੱਚਾ ਹੈ ਕਿ ਜ਼ੁਲਮ ਦੀ ਇਸ ਬਸਤੀ ਵਿਚ ਉਹਨਾਂ ਨੂੰ ਇਨਸਾਫ਼ ਮਿਲੇਗਾ ਵੀ ਕਿ ਨਹੀਂ! ਕਿਉਂਕਿ ਇਨਸਾਫ਼ ਦਿਵਾਉਣ ਲਈ ਪਹੁੰਚੇ ਵਿਚੋਲੇ ਵੀ ਅਗਾਂਹ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ … ਕੋ’ ਦਾ ਨਾਅਰਾ ਦੇਣ ਵਾਲੇ ਹਨ। ਰੱਬ ਇਹਨਾਂ ਸੰਘਰਸ਼ਸ਼ੀਲ ਕੁੜੀਆਂ ਨੂੰ ਤੌਫ਼ੀਕ ਬਖ਼ਸ਼ੇ, ਇਹ ਸਾਡੀ ਦਿਲੀ ਦੁਆ ਹੈ।
ਪ੍ਰੋਫੈਸਰ (ਰਿਟਾ.), ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98149-02564