ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਵਾਂਗ ਭਾਜਪਾ ਨੇ ਵੀ ਦੇਸ਼ ਲੁੱਟਿਆ: ਮਾਇਆਵਤੀ

06:42 AM May 25, 2024 IST
ਨਵਾਂ ਸ਼ਹਿਰ ਵਿੱਚ ਰੈਲੀ ਦੌਰਾਨ ਪਾਰਟੀ ਵਰਕਰਾਂ ਦਾ ਸਵਾਗਤ ਕਬੂਲਦੇ ਹੋਏ ਬਸਪਾ ਮੁਖੀ ਕੁਮਾਰੀ ਮਾਇਆਵਤੀ। -ਫੋਟੋ: ਸਰਬਜੀਤ ਸਿੰਘ

* ਭਾਜਪਾ ’ਤੇ ਆਮ ਲੋਕਾਂ ਦੇ ਹੱਕ ਮਾਰਨ ਅਤੇ ਸਰਮਾਏਦਾਰਾਂ ਨੂੰ ਰਿਆਇਤਾਂ ਦੇਣ ਦਾ ਦੋਸ਼

Advertisement

ਸੁਰਜੀਤ ਮਜਾਰੀ
ਨਵਾਂ ਸ਼ਹਿਰ, 24 ਮਈ
ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਅੱਜ ਕਿਹਾ ਕਿ ਕਾਂਗਰਸ ਆਪਣੀਆਂ ਗ਼ਲਤ ਨੀਤੀਆਂ ਕਾਰਨ ਕੇਂਦਰ ਤੋਂ ਬਾਅਦ ਸੂਬਿਆਂ ’ਚੋਂ ਵੀ ਬਾਹਰ ਹੋ ਰਹੀ ਹੈ। ਕਾਂਗਰਸ ਦੇ ਰਾਹ ਤੁਰੀ ਭਾਜਪਾ ਨੂੰ ਵੀ ਲੋਕ ਇਸ ਵਾਰ ਸੱਤਾਹੀਣ ਕਰ ਦੇਣਗੇ। ਉਹ ਅੱਜ ਨਵਾਂ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਹਮੇਸ਼ਾ ਫ਼ਿਰਕੂ ਤਾਕਤਾਂ ਅਤੇ ਜਾਤੀਵਾਦ ਨੂੰ ਸ਼ਹਿ ਦਿੱਤੀ। ਇਨ੍ਹਾਂ ਪਾਰਟੀਆਂ ਦੇ ਰਾਜ ’ਚ ਅਨਿਆਂ ਵਧਿਆ ਹੈ। ਆਮ ਲੋਕਾਂ ਦੇ ਹੱਕ ਮਾਰੇ ਗਏ ਅਤੇ ਸਰਮਾਏਦਾਰੀ ਨੂੰ ਰਿਆਇਤਾਂ ਦਿੱਤੀਆਂ ਗਈਆਂ ਹਨ। ਕੇਂਦਰ ਦੀਆਂ ਹਾਕਮ ਜਮਾਤਾਂ ਦੇ ਸਤਾਏ ਕਮਜ਼ੋਰ ਅਤੇ ਪੱਛੜੇੇ ਵਰਗ ਹਾਸ਼ੀਏ ’ਤੇ ਚਲੇ ਗਏ ਹਨ ਅਤੇ ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਚਾਰ ਵਾਰ ਆਈ ਬਸਪਾ ਸਰਕਾਰ ਨੇ ਪਛੜੇ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਕਿਸਾਨ ਵਰਗ ਨੂੰ ਖੇਤੀ ਲਈ ਲੋੜੀਂਦੇ ਉਪਕਰਨ ਮੁਹੱਈਆ ਕਰਾਉਣ ਸਮੇਤ ਫ਼ਸਲਾਂ ਦੀ ਸਹੀ ਕੀਮਤ ਅਦਾ ਕਰਨ ’ਚ ਉਸਾਰੂ ਭੂਮਿਕਾ ਨਿਭਾਈ ਹੈ। ਮਾਇਆਵਤੀ ਨੇ ਕਿਹਾ ਕਿ ਅਜੇ ਤੱਕ ਰਾਖਵਾਂਕਰਨ ਪੂਰਾ ਨਾ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਦੇਸ਼ ਨੂੰ ਪ੍ਰਾਈਵੇਟ ਸੈਕਟਰ ਨੂੰ ਵੇਚਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਉਣ ਲਈ ਬਸਪਾ ਦੇ ਉਮੀਦਵਾਰਾਂ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੂਜੀਆਂ ਧਿਰਾਂ ਕਹਿਣੀ ਤੇ ਕਰਨੀ ਦੀਆਂ ਅਲੱਗ-ਅਲੱਗ ਨੀਤੀਆਂ ਰੱਖਦੀਆਂ ਹਨ ਜਿਸ ਕਾਰਨ ਉਨ੍ਹਾਂ ਵੱਲੋਂ ‘ਚੋਣ ਮਨੋਰਥ ਪੱਤਰ’ ਅਤੇ ਗਾਰੰਟੀਆਂ ਦੇ ਕੇ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਦੂਜੇ ਪਾਸੇ ਬਸਪਾ ਕਿਸੇ ਤਰ੍ਹਾਂ ਦੇ ਲਾਰਿਆਂ ਤੇ ਨਾਅਰਿਆਂ ’ਚ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰਨ ’ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜੇ ਵੋਟਿੰਗ ਮਸ਼ੀਨਾਂ ’ਚ ਕਿਸੇ ਤਰ੍ਹਾਂ ਦੀ ਗੜਬੜ ਨਾ ਹੋਈ ਤਾਂ ਇਸ ਵਾਰ ਸੱਤਾ ਤਬਦੀਲੀ ਯਕੀਨੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਚੋਣਾਂ ਤੇ ਪਾਰਟੀ ਸੰਗਠਨਾਂ ਲਈ ਪੈਸੇ ਇਕੱਠੇ ਕਰਨ ਦਾ ਸੱਚ ਸਾਹਮਣੇ ਆ ਗਿਆ ਹੈ ਜਦਕਿ ਬਸਪਾ ਨੇ ਉਨ੍ਹਾਂ ਵਾਂਗ ਕੋਈ ਪੈਸਾ ਨਹੀਂ ਲਿਆ। ਜ਼ਿਕਰਯੋਗ ਹੈ ਕਿ ਗਰਮੀ ਦੇ ਬਾਵਜੂਦ ਪੰਡਾਲ ਸਵੇਰ ਤੋਂ ਦੁਪਹਿਰ ਤੱਕ ਭਰਿਆ ਰਿਹਾ। ਇਸ ਮੌਕੇ ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ, ਵਿਧਾਇਕ ਨੱਛਤਰ ਪਾਲ, ਚੰਡੀਗੜ੍ਹ ਤੋਂ ਉਮੀਦਵਾਰ ਡਾ. ਰੀਤੂ ਸਿੰਘ, ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਸਪਾ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਪਾਰਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਸਾਬਕਾ ਵਿਧਾਇਕ ਹਰਗੋਪਾਲ ਸਿੰਘ ਤੇ ਹੋਰ ਹਾਜ਼ਰ ਸਨ।

Advertisement
Advertisement
Advertisement