Seven die in Jharkhand: ਝਾਰਖੰਡ: ਛੱਪੜ ’ਚ ਡੁੱਬਣ ਨਾਲ ਪੰਜ ਦੀ ਮੌਤ
ਬੋਕਾਰੋ, 20 ਮਈ
ਝਾਰਖੰਡ ਦੇ ਬੋਕਾਰੋ ਦੇ ਛੱਪੜਾਂ ਵਿਚ ਡੁੱਬਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਜਦਕਿ ਅਸਮਾਨੀ ਬਿਜਲੀ ਡਿੱਗਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ ਹੈ।
ਪੁਲੀਸ ਨੇ ਦੱਸਿਆ ਕਿ ਬੋਕਾਰੋ ਜ਼ਿਲ੍ਹੇ ਦੇ ਦੋ ਖੇਤਰਾਂ ’ਚ ਪੰਜ ਲੋਕ ਡੁੱਬ ਗਏ ਜਦਕਿ ਦੋ ਹੋਰਾਂ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।
ਸਥਾਨਕ ਪੁਲੀਸ ਸਟੇਸ਼ਨ ਦੇ ਇੰਚਾਰਜ ਕੌਸ਼ਲੇਂਦਰ ਕੁਮਾਰ ਨੇ ਦੱਸਿਆ ਕਿ ਚੰਦਨਕਿਆਰੀ ਖੇਤਰ ਦੇ ਗਮਹਰੀਆ ਪਿੰਡ ’ਚ ਛੱਪੜ ਵਿਚ ਨਹਾਉਂਦੇ ਸਮੇਂ ਇਕ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਸਣੇ ਪਰਿਵਾਰ ਦੇ ਚਾਰ ਮੈਂਬਰ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਸ਼ਾਂਤੀ ਦੇਵੀ (35), ਸਾਕਸ਼ੀ (15), ਦੇਵਨੀ (9) ਅਤੇ ਜਯੋਤਸਨਾ ਦੇਵੀ (50) ਵਜੋਂ ਹੋਈ ਹੈ। ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੂਜੀ ਘਟਨਾ ਬਰਮਾਸੀਆ ਪਿੰਡ ਵਿੱਚ ਵਾਪਰੀ, ਜਿੱਥੇ ਇੱਕ ਲੜਕਾ ਪਿੰਡ ਦੇ ਛੱਪੜ ਵਿੱਚ ਡੁੱਬ ਗਿਆ। ਬੇਰਮੋ ਉਪਮੰਡਲ ਦੇ ਪੁਲੀਸ ਅਧਿਕਾਰੀ ਬੀਐਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਮਹੂਤੰਦ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਿਮਰਬੇਦਾ ਵਿੱਚ ਬਿਜਲੀ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡ ’ਚ ਇਕ ਜਗ੍ਹਾ ’ਤੇ ਬੈਠੇ ਸਨ ਜਦੋਂ ਤੇਜ਼ ਹਨੇਰੀ ਨਾਲ ਮੀਂਹ ਸ਼ੁਰੂ ਹੋ ਗਿਆ।
ਦੋਵੇਂ ਬਿਜਲੀ ਡਿੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਰਾਮਗੜ੍ਹ ਦੇ ਸਦਰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਪੁਹੂਰਾਮ ਮਾਂਝੀ (40) ਅਤੇ ਜੀਤਨ ਮਾਂਝੀ (55) ਵਜੋਂ ਹੋਈ ਹੈ। ਪੀਟੀਆਈ