For the best experience, open
https://m.punjabitribuneonline.com
on your mobile browser.
Advertisement

ਚਾਨਣ ਮੁਨਾਰੇ

06:13 AM Feb 28, 2024 IST
ਚਾਨਣ ਮੁਨਾਰੇ
Advertisement

ਵਿਕਾਸ ਕਪਿਲਾ

Advertisement

ਗੱਲ 2010 ਦੀ ਹੈ। ਪ੍ਰਾਈਵੇਟ ਨੌਕਰੀ ਦੇ ਧੱਕੇ-ਧੋੜਿਆਂ ਤੋਂ ਅੱਕ ਗਿਆ ਸਾਂ। ਫਿਰ ਆਸ ਜਿਹੀ ਜਗੀ ਜਦੋਂ ਸਰਕਾਰ ਨੇ ਨੌਕਰੀਆਂ ਕੱਢੀਆਂ। ਸਭ ਵਾਂਗ ਮੈਂ ਵੀ ਨੌਕਰੀ ਲਈ ਅਰਜ਼ੀ ਭਰ ਦਿੱਤੀ। ਬੱਸ ਰੱਬ ਨੇ ਜਿਵੇਂ ਨੇੜੇ ਹੋ ਕੇ ਸੁਣੀ ਤੇ ਪੇਪਰ ਪਾਸ ਕਰ ਕੇ ਮੈਰਿਟ ਵਿੱਚ ਨਾਂ ਆ ਗਿਆ। ਫਿਰ ਪਹੁੰਚ ਗਏ ਚੰਡੀਗੜ੍ਹ, ਸਟੇਸ਼ਨ ਲੈਣ। ਪਹਿਲਾਂ ਜਲੰਧਰ ਜਿ਼ਲ੍ਹਾ ਮਿਲਿਆ ਤੇ ਅੱਗੇ ਉਨ੍ਹਾਂ ਭੋਗਪੁਰ ਭੇਜ ਦਿੱਤਾ। ਸਾਰਾ ਕੁਝ ਸੁਫ਼ਨੇ ਵਾਂਗ ਜਾਪ ਰਿਹਾ ਸੀ।
ਭੋਗਪੁਰ ਤਿੰਨ ਕੁ ਸਾਲ ਬਿਤਾਏ, ਫਿਰ ਪਹਿਲੇ ਮੌਕੇ ਹੀ ਬਦਲੀ ਕਰਵਾ ਕੇ ਲੁਧਿਆਣੇ ਵਾਪਸੀ ਕਰ ਲਈ। ਪਿਛਲੇ ਦਿਨੀਂ ਫੋਨ ਦੀ ਘੰਟੀ ਵੱਜੀ ਤੇ ਕਿਸੇ ਪੁਰਾਣੀ ਕਹਾਣੀ ਨੇ ਜਿਵੇਂ ਸੋਚ ’ਤੇ ਦਸਤਕ ਦਿੱਤੀ। ਉਸ ਸ਼ਖ਼ਸ ਨਾਲ ਹਾਲ-ਚਾਲ ਪੁੱਛਣ ਤੋਂ ਸ਼ੁਰੂ ਹੋਈ ਗੱਲ ਕਦੋਂ ਲੰਮੀਆਂ ਕਹਾਣੀਆਂ ਦੇ ਲੈਣ-ਦੇਣ ਵਿੱਚ ਬਦਲ ਗਈ, ਪਤਾ ਹੀ ਨਹੀਂ ਲੱਗਿਆ। ਜਦ ਫੋਨ ਬੰਦ ਕੀਤਾ ਤਾਂ ਦਿਮਾਗ ਉਸ ਪੁਰਾਣੀ ਕਹਾਣੀ ਬਾਰੇ ਫਿਰ ਤੋਂ ਸੋਚਣ ਲੱਗਾ। ਇਹ ਕਹਾਣੀ ਸਰਬਜੀਤ ਦੀ ਸੀ ਜੋ ਭੋਗਪੁਰ ਦੇ ਉਸੇ ਦਫ਼ਤਰ ਵਿੱਚ ਬਤੌਰ ਸੇਵਾਦਾਰ ਕੰਮ ਕਰਦਾ ਸੀ।
ਉਮਰ ਵਿੱਚ ਮੇਰੇ ਨਾਲੋਂ ਦੋ ਕੁ ਸਾਲ ਵੱਡਾ ਹੀ ਹੋਵੇਗਾ ਪਰ ਦਰਮਿਆਨੀ ਕੱਦ-ਕਾਠੀ ਤੇ ਦੁਬਲੇ ਸਰੀਰ ਦਾ ਮਾਲਕ ਹੋਣ ਕਰ ਕੇ ਮੈਨੂੰ ਮੈਥੋਂ ਸਦਾ ਛੋਟਾ ਹੀ ਜਾਪਿਆ। ਬਹੁਤ ਤਮੀਜ਼ਦਾਰ ਤੇ ਨਿੱਘਾ, ਸਿੱਧਾ ਦਿਲ ਵਿੱਚ ਉੱਤਰ ਜਾਣ ਵਾਲੀ ਸ਼ਖ਼ਸੀਅਤ ਦਾ ਮਾਲਕ। ਉਹ ਹੌਸਲੇ ਦੀ ਜਿਊਂਦੀ ਜਾਗਦੀ ਮਿਸਾਲ ਸੀ। ਦਿਲ ਦਾ ਪਾਕ-ਸਾਫ ਤੇ ਸਭ ਨੂੰ ਦਿਲ ਦੀਆਂ ਅੱਖਾਂ ਨਾਲ ਦੇਖਣ ਵਾਲਾ। ਦਿਲ ਦੀਆਂ ਅੱਖਾਂ ਤਾਂ, ਕਿਉਂਕਿ ਰੱਬ ਨੇ ਉਸ ਨੂੰ ਅੱਖਾਂ ਦੀ ਰੋਸ਼ਨੀ ਤੋਂ ਵਾਂਝਾ ਰੱਖਿਆ ਸੀ। ਪਹਿਲੇ ਦਿਨ ਤਾਂ ਇਹ ਸਭ ਦੇਖ ਕੇ ਹਰ ਸ਼ਖ਼ਸ ਵਾਂਗ ਮੈਨੂੰ ਵੀ ਉਸ ’ਤੇ ਤਰਸ ਆਇਆ ਪਰ ਜਿਉਂ ਜਿਉਂ ਉਸ ਨੂੰ ਜਾਨਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਅਸੀਂ ਅਨਜਾਣਪੁਣੇ ਵਿੱਚ ਕਿੰਨਾ ਗਲਤ ਸੋਚਦੇੇ ਹਾਂ!
ਉਹ ਇਸ ਦਫ਼ਤਰ ਵਿੱਚ ਹਰ ਕੰਮ ਦਾ ਮਾਹਿਰ ਸੀ। ਉਹ ਸਾਡੇ ਲਈ ਚਾਹ ਬਣਾ ਦਿੰਦਾ, ਦਫ਼ਤਰ ਵਿੱਚ ਕੰਮ ਕਰਾਉਣ ਆਏ ਲੋਕਾਂ ਨੂੰ ਸਾਰੀ ਜਾਣਕਾਰੀ ਦਿੰਦਾ, ਬਾਜ਼ਾਰ ਜਾ ਕੇ ਫੋਟੋ ਕਾਪੀਆਂ ਵੀ ਕਰਵਾ ਲਿਆਉਂਦਾ ਤੇ ਹੋਰ ਵੀ ਕਈ ਕੰਮ ਉਹ ਸੁਖਾਲੇ ਹੀ ਕਰ ਲੈਂਦਾ। ਉਹ ਭੋਗਪੁਰ ਦੇ ਲਾਗਲੇ ਹੀ ਪਿੰਡ ਦਾ ਸੀ ਜਿੱਥੇ ਦੀ ਬਸ ਵੀ ਆਪ ਹੀ ਫੜ ਲੈਂਦਾ ਤੇ ਰਸਤੇ ਵੀ ਜਿਵੇਂ ਉਹ ਆਪਣੇ ਪੈਰਾਂ ਦੀਆਂ ਅੱਖਾਂ ਨਾਲ ਹੀ ਦੇਖਦਾ ਸੀ। ਹਰ ਕਿਸੇੇ ਦੀ ਆਵਾਜ਼ ਤੋਂ ਉਸ ਨੂੰ ਪਛਾਣ ਲੈਂਦਾ; ਕਈ ਵਾਰ ਤਾਂ ਪੈਰਾਂ ਦੀ ਖੜਾਕ ਤੋਂ ਵੀ। ਸਾਡੇ ਲਈ ਇਹ ਸਭ ਦੇਖਣਾ ਅਚੰਭਾ ਪੈਦਾ ਕਰਦਾ। ਉਸ ਨਾਲ ਰਹਿੰਦੇ ਕਦੇ ਅਜਿਹਾ ਲੱਗਿਆ ਹੀ ਨਹੀਂ ਕਿ ਉਸ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਵੀ ਸੀ।
ਪੜ੍ਹਨ-ਲਿਖਣ ਵਿੱਚ ਦਿਲਚਸਪੀ ਰੱਖਣ ਵਾਲਾ, ਗਾਣੇ ਗਾਉਣ ਦਾ ਸ਼ੌਕੀਨ ਪਰ ਗਾਉਂਦਾ ਆਪਣੇ ਲਿਖੇ ਗਾਣੇ ਹੀ ਸੀ। ਥੋੜ੍ਹੀ ਬਹੁਤ ਸ਼ਾਇਰੀ ਵੀ ਕਰ ਲੈਂਦਾ ਸੀ। ਪਹਿਲੀ ਵਾਰ ਉਸ ਨੂੰ ਹੀ ਦੇਖਿਆ, ਮੋਬਾਇਲ ਵਿੱਚ ਕਿਸੇ ਸਾਫਟਵੇਅਰ ਰਾਹੀਂ ਇੰਟਰਨੈੱਟ ’ਤੇ ਖਬਰਾਂ ਸੁਣਦੇ ਨੂੰ। ਅੱਜ ਕੱਲ੍ਹ ਤਾਂ ਸਿਰੀ, ਅਲੈਕਸਾ ਵਰਗੀਆਂ ਤੋਂ ਜੋ ਮਰਜ਼ੀ ਪੁੱਛੀ ਜਾਓ। ਆਪਣੇ ਹੱਕਾਂ ਬਾਰੇ ਵੀ ਉਹ ਪੂਰਾ ਜਾਗਰੂਕ ਸੀ। ਜਿ਼ਲ੍ਹਾ ਦਫ਼ਤਰ ਦੀ ਹਰ ਛੋਟੀ ਵੱਡੀ ਗੱਲ ਉਸ ਕੋਲ ਸਾਡੇ ਨਾਲੋਂ ਵੀ ਪਹਿਲਾਂ ਪਹੁੰਚਦੀ। ਸੁਭਾਅ ਤੋਂ ਮਿਲਾਪੜਾ ਹੋਣ ਕਰ ਕੇ ਹਰ ਕਿਸੇ ਦੇ ਮਨ ਵਿੱਚ ਆਪਣੀ ਜਗ੍ਹਾ ਆਸਾਨੀ ਨਾਲ ਬਣਾ ਲੈਂਦਾ ਸੀ।
ਇੱਕ ਦਿਨ ਗੱਲਾਂ ਗੱਲਾਂ ਵਿੱਚ ਉਹਨੇ ਦੱਸਿਆ ਕਿ ਉਸ ਦੀ ਮਹਿਕਮੇ ਵਿੱਚ ਭਰਤੀ ਬਤੌਰ ਕੇਨਰ (ਕੁਰਸੀਆਂ ਬੁਨਣ ਵਾਲਾ) ਹੋਈ ਸੀ ਪਰ ਅਫਸਰਾਂ ਨੇ ਉਸ ਨੂੰ ਉਸ ਦੇ ਪਿੰਡ ਦੇ ਨੇੜੇ ਦੇ ਸਟੇਸ਼ਨ ’ਤੇ ਤਾਇਨਾਤ ਕਰਵਾ ਦਿੱਤਾ ਸੀ ਤਾਂ ਜੋ ਉਹਨੂੰ ਜਿ਼ਆਦਾ ਖੇਚਲ ਨਾ ਕਰਨੀ ਪਵੇ। ਨੌਕਰੀ ਤੋਂ ਪਹਿਲਾਂ ਉਹ ਦਿੱਲੀ ਇਲੈਕਟ੍ਰੀਸ਼ਨ ਦਾ ਕੋਰਸ ਵੀ ਕਰ ਚੁੱਕਾ ਸੀ। ਫਿਰ ਉਹਨੇ ਆਪਣੀ ਯੂਨੀਅਨ ਨਾਲ ਰਲ ਕੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਲਈ ਲੰਮੀ ਜੱਦੋ-ਜਹਿਦ ਕੀਤੀ। ਜੱਦੋ-ਜਹਿਦ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਲਈ ਇੱਕ ਫ਼ੀਸਦ ਰਾਖਵਾਕਰਨ ਪੱਕਾ ਹੋਇਆ ਤੇ ਫਿਰ ਉਸ ਨੂੰ ਨੌਕਰੀ ਮਿਲੀ। ਇਹ ਸਭ ਦੱਸਦਿਆਂ ਉਹਦੇ ਚਿਹਰੇ ’ਤੇ ਜਿੱਤ ਦੇ ਭਾਵ ਦੇਖਣ ਵਾਲੇ ਹੁੰਦੇ। ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਵੀ ਵਧੀਆ ਦੇਖ-ਰੇਖ ਕਰ ਰਿਹਾ ਸੀ। ਉਸ ਦੇ ਬੱਚੇ ਸ਼ਹਿਰ ਦੇ ਵਧੀਆ ਸਕੂਲ ਵਿੱਚ ਪੜ੍ਹੇ ਤੇ ਤਰੱਕੀ ਕਰ ਗਏ। ਪਿੰਡ ਦੇ ਜੱਦੀ ਘਰ ਨੂੰ ਵੀ ਉਸ ਨੇ ਪੱਕਾ ਤੇ ਆਧੁਨਿਕ ਬਣਾ ਲਿਆ ਸੀ।
ਭੋਗਪੁਰ ਤੋਂ ਵਾਪਸੀ ਤੋਂ ਬਾਅਦ ਪਹਿਲਾਂ ਪਹਿਲਾਂ ਕਈ ਵਾਰ ਫੋਨ ’ਤੇ ਉਸ ਨਾਲ ਗੱਲ ਹੋ ਜਾਣੀ; ਫਿਰ ਰੁਝੇਵਿਆਂ ਕਾਰਨ ਉਹ ਵੀ ਘਟ ਗਈ, ਫਿਰ ਮਿਲਣ ਦਾ ਕੋਈ ਸਬਬ ਨਹੀਂ ਬਣਿਆ। ਹੁਣ ਬਹੁਤ ਦੇਰ ਬਾਅਦ ਗੱਲ ਹੋਈ ਤਾਂ ਪਤਾ ਲੱਗਿਆ ਕਿ ਉਹ ਜਿ਼ਲ੍ਹਾ ਦਫ਼ਤਰ ਵਿੱਚ ਕਲਰਕ ਲੱਗ ਗਿਆ ਹੈ। ਧੀ ਦਾ ਵਿਆਹ ਕਰ ਦਿੱਤਾ ਹੈ ਅਤੇ ਪੁੱਤਰ ਕੈਨੇਡਾ ਪੜ੍ਹਾਈ ਲਈ ਭੇਜ ਦਿੱਤਾ ਹੈ। ਇਹ ਸਭ ਜਾਣ ਕੇ ਮਨ ਨੂੰ ਖੁਸ਼ੀ ਤੇ ਤਸੱਲੀ ਹੋਈ। ਦੁਨੀਆ ਦੇ ਉਹ ਲੋਕ ਸ਼ਖ਼ਸੀਅਤ ਪੱਖੋਂ ਉਸ ਅੱਗੇ ਬੌਨੇ ਜਾਪਣ ਲੱਗੇ ਜੋ ਸਭ ਕੁਝ ਹੋਣ ਦੇ ਬਾਵਜੂਦ ਰੱਬ ਤੇ ਸਮਾਜ ਨੂੰ ਕੋਸਦੇ ਰਹਿੰਦੇ ਨੇ। ਸਰਬਜੀਤ ਵਰਗੇ ਲੋਕ ਸਾਡੇ ਸਮਾਜ ਦੇ ਉਹ ਚਾਨਣ ਮੁਨਾਰੇ ਹਨ ਜੋ ਹਰ ਉਸ ਸ਼ਖ਼ਸ ਲਈ ਮਿਸਾਲ ਹਨ ਜਿਹੜੇ ਛੋਟੀਆਂ ਛੋਟੀਆਂ ਤਕਲੀਫਾਂ ਤੋਂ ਹਾਰ ਮੰਨ ਲੈਂਦੇ ਹਨ। ਜਿ਼ੰਦਗੀ ਜਿਊਣ ਦਾ ਅਸਲ ਵਲ ਤਾਂ ਅਜਿਹੇ ਲੋਕ ਹੀ ਜਾਣਦੇ ਨੇ ਜੋ ਮੁਸੀਬਤਾਂ ਅੱਗੇ ਚੱਟਾਨ ਬਣ ਕੇ ਖੜ੍ਹੇ ਰਹਿੰਦੇ ਅਤੇ ਆਪਣਾ ਰਸਤਾ ਆਪ ਬਣਾਉਂਦੇ ਨੇ।
ਸੰਪਰਕ: 98155-19519

Advertisement
Author Image

joginder kumar

View all posts

Advertisement
Advertisement
×