ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਗਿਆਈ ਦੇ ਦੀਵੇ ਜਗਾਓ

08:43 AM Nov 11, 2023 IST

ਗੁਰਚਰਨ ਨੂਰਪੁਰ

‘ਦੀਵਾਲੀ’ ਸ਼ਬਦ ਦਾ ਅਰਥ ਦੀਵਿਆਂ ਦੀ ਮਾਲਾ ਤੋਂ ਹੈ। ਦੀਵੇ ਚਾਨਣ ਦਾ ਪ੍ਰਤੀਕ ਹਨ। ਸਦੀਆਂ ਤੋਂ ਦੀਵਿਆਂ ਦੀ ਲੋਅ ਹਨੇਰੀਆਂ ਰਾਤਾਂ ਵਿੱਚ ਮਨੁੱਖਤਾ ਦਾ ਰਾਹ ਰੁੁਸ਼ਨਾਉਣ ਦੀ ਪ੍ਰਤੀਕ ਰਹੀ ਹੈ। ਪੁਰਾਣੇ ਸਮੇਂ ਦੌਰਾਨ ਕਾਲੀਆਂ ਹਨੇਰੀਆਂ ਰਾਤਾਂ ਦੇ ਭਟਕੇ ਰਾਹੀ ਦੂਰ ਬਲਦੇ ਦੀਵੇ ਨੂੰ ਵੇਖ ਕੇ ਆਸ ਦੀ ਕਿਰਨ ਲੈ ਕੇ ਉਹਦੇ ਵੱਲ ਰੁਖ਼ ਕਰ ਲੈਂਦੇ ਸਨ। ਸਮਝਿਆ ਜਾਂਦਾ ਸੀ ਕਿ ਜਿੱਥੇ ਦੀਵਾ ਬਲ ਰਿਹਾ ਹੈ ਉੱਥੇ ਸ਼ਾਇਦ ਜ਼ਰੂਰ ਕੋਈ ਓਟ ਆਸਰਾ ਮਿਲ ਜਾਵੇਗਾ। ਦੀਵੇ ਹਮੇਸ਼ਾਂ ਸਾਡੇ ਰਾਹ ਦਸੇਰੇ ਰਹੇ ਹਨ। ਦੀਵੇ ਦੀ ਰੌਸ਼ਨੀ ਹਨੇਰਿਆਂ ਖਿਲਾਫ਼ ਬਲਣ ਦੇ ਸੰਕਲਪ ਦੀ ਪ੍ਰਤੀਕ ਹੈ। ਸਾਡੀਆਂ ਲੋਕ ਕਹਾਣੀਆਂ, ਇਤਿਹਾਸ, ਮਿਥਿਹਾਸ ਵਿੱਚ ਦੀਵਿਆਂ ਦਾ ਜ਼ਿਕਰ ਬੜੇ ਸਨਮਾਨਜਨਕ ਢੰਗ ਨਾਲ ਹੁੰਦਾ ਆਇਆ ਹੈ। ਰੌਸ਼ਨੀ ਬਿਖੇਰਨਾ ਦੀਵੇ ਦਾ ਧਰਮ ਹੈ। ਕਲਮਕਾਰ, ਸਾਹਤਿਕਾਰ ਦੀਵਿਆਂ ਅਤੇ ਸ਼ਮਾਦਾਨਾਂ ਦਾ ਜ਼ਿਕਰ ਆਪਣੀਆਂ ਰਚਨਾਵਾਂ ਵਿੱਚ ਬੜੇ ਆਦਰ ਨਾਲ ਕਰਦੇ ਆਏ ਹਨ। ਸਮਾਜ ਅੰਦਰ ਪਸਰੇ ਅਗਿਆਨਤਾ ਅਤੇ ਅੰਧਵਿਸ਼ਵਾਸ ਦੇ ਹਨੇਰ ਖਿਲਾਫ਼ ਸਾਹਤਿਕਾਰਾਂ ਦੀਆਂ ਰਚਨਾਵਾਂ ਲੋਕ ਮਨਾਂ ਵਿੱਚ ਚਾਨਣ ਕਰਦੀਆਂ ਹਨ। ਸਮਾਜ ਵਿੱਚ ਅਗਿਆਨਤਾ ਦਾ ਅੰਧਕਾਰ ਵੀ ਭਾਵੇਂ ਹਰ ਯੁੱਗ ਵਿੱਚ ਰਿਹਾ ਹੈ, ਪਰ ਚਾਨਣ ਵੰਡਣ ਵਾਲੇ ਵੀ ਹਰ ਯੁੱਗ ਵਿੱਚ ਪੈਦਾ ਹੁੰਦੇ ਆਏ ਹਨ। ਇਤਿਹਾਸ ਗਵਾਹ ਹੈ ਕਿ ਜਦੋਂ ਕਤਿੇ ਦੁਨੀਆ ਵਿੱਚ ਹਨੇਰਗਰਦੀ ਦਾ ਗਲਬਾ ਪਿਆ ਤਾਂ ਚਾਨਣ ਦੇ ਪ੍ਰਤੀਕ ਕੁਝ ਕੁ ਮੁੱਠੀ ਭਰ ਲੋਕਾਂ ਨੇ ਹਨੇਰੇ ਖਿਲਾਫ਼ ਆਵਾਜ਼ ਉਠਾਈ ਤੇ ਫਿਰ ਉਨ੍ਹਾਂ ਦੇ ਮਗਰ ਲੋਕਾਂ ਦੇ ਵੱਡੇ ਕਾਫਲੇ ਬਣੇ।
ਪਿਛਲੇ ਤੀਹ ਕੁ ਸਾਲਾਂ ਦੇ ਅਰਸੇ ਤੋਂ ਸਾਡਾ ਆਲਾ ਦੁਆਲਾ ਬੜੀ ਤੇਜ਼ੀ ਨਾਲ ਬਦਲਿਆ ਹੈ। ਦੁਨੀਆ ਦੇ ਇਤਿਹਾਸ ਵਿੱਚ ਇੰਨੇ ਥੋੜ੍ਹੇ ਅਰਸੇ ਵਿੱਚ ਇੰਨੀ ਵੱਡੀ ਤਬਦੀਲੀ ਪਹਿਲਾਂ ਕਦੇ ਨਹੀਂ ਵਾਪਰੀ। ਤੇਜ਼ੀ ਨਾਲ ਬਦਲੀਆਂ ਪ੍ਰਸਥਤਿੀਆਂ ਨੇ ਜਿੱਥੇ ਸਮਾਜ ਦੇ ਹਰ ਪੱਖ ਨੂੰ ਪ੍ਰਭਾਵਤਿ ਕੀਤਾ ਹੈ, ਉੱਥੇ ਸਾਡਾ ਰਹਿਣ ਸਹਿਣ, ਰੀਤੀ ਰਿਵਾਜ, ਤਿਉਹਾਰਾਂ ਨੂੰ ਮਨਾਉਣ ਅਤੇ ਹੋਰ ਖੁਸ਼ੀਆਂ ਸਾਂਝੀਆਂ ਕਰਨ ਦੇ ਤੌਰ ਤਰੀਕਿਆਂ ਵਿੱਚ ਵੱਡੇ ਬਦਲਾਅ ਆਏ ਹਨ। ਮਸ਼ੀਨੀਕਰਨ ਅਤੇ ਟੈਕਨਾਲੋਜੀ ਦੇ ਵਿਕਾਸ ਦਾ ਮਨੁੱਖੀ ਸੱਭਿਅਤਾ ਲਈ ਸਭ ਤੋਂ ਨਕਾਰਤਮਕ ਪੱਖ ਇਹ ਹੈ ਕਿ ਇਸ ਨੇ ਮਨੁੱਖੀ ਸਾਝਾਂ ਨੂੰ ਤਾਰੋ ਤਾਰ ਕਰਕੇ ਰੱਖ ਦਿੱਤਾ ਹੈ। ਸਾਡੇ ਹਰ ਤਰ੍ਹਾਂ ਦੇ ਰਸਮਾਂ ਰਿਵਾਜਾਂ ਅਤੇ ਤਿਉਹਾਰਾਂ ’ਤੇ ਬਾਜ਼ਾਰ ਭਾਰੂ ਹੋ ਗਿਆ ਹੈ। ਵਪਾਰੀ ਦਿਮਾਗ਼ਾਂ ਨੇ ਸਾਡੇ ਸਾਹਵੇਂ ਅਜਿਹੀਆਂ ਵਸਤਾਂ ਦੇ ਅੰਬਾਰ ਲਾ ਦਿੱਤੇ ਹਨ ਜਿਨ੍ਹਾਂ ਦੀ ਫੋਕੀ ਚਮਕ ਦਮਕ ਵਿੱਚ ਅਸੀਂ ਆਪਣੀਆਂ ਕਈ ਚੰਗੀਆਂ ਪਰੰਪਰਾਵਾਂ ਨੂੰ ਵੀ ਤਿਲਾਂਜਲੀ ਦੇ ਰਹੇ ਹਾਂ। ਇਹ ਸਾਰਾ ਵਰਤਾਰਾ ਇੰਨੀ ਤੇਜ਼ੀ ਨਾਲ ਵਾਪਰਨਾ ਸ਼ੁਰੂ ਹੋ ਗਿਆ ਹੈ ਕਿ ਸਾਨੂੰ ਸੁਚੇਤ ਹੋਣ ਦਾ ਵੀ ਮੌਕਾ ਨਹੀਂ ਮਿਲ ਰਿਹਾ। ਅਸੀਂ ਜਿਵੇਂ ਵਸਤਾਂ ਦੇ ਬਾਜ਼ਾਰ ਵਿੱਚ ਗਵਾਚ ਜਿਹੇ ਗਏ ਹਾਂ, ਸੰਮੋਹਤਿ ਹੋ ਗਏ ਹਾਂ।

ਅਸੀਂ ਦੀਵਾਲੀ ਨੂੰ ਦੀਪਾਂਵਾਲੀ ਜਾਂ ਦੀਵਿਆਂ ਦਾ ਤਿਉਹਾਰ ਆਖਦੇ ਹਾਂ, ਪਰ ਇਸ ਦਿਨ ਨਾਲ ਕਈ ਅਜਿਹੀਆਂ ਭੈੜੀਆਂ ਰਸਮਾਂ ਵੀ ਜੋੜ ਲਈਆਂ ਜਿਨ੍ਹਾਂ ਨਾਲ ਅਸੀਂ ਹਵਾ, ਪਾਣੀ ਤੇ ਮਿੱਟੀ ਦੇ ਨੁਕਸਾਨ ਦੇ ਨਾਲ ਪੈਸੇ ਦੀ ਵੱਡੀ ਪੱਧਰ ’ਤੇ ਬਰਬਾਦੀ ਕਰਨ ਲੱਗ ਪਏ ਹਾਂ। ਦੀਵਾਲੀ, ਵਿਆਹਾਂ, ਗੁਰਪੂਰਬਾਂ, ਪ੍ਰਭਾਤ ਫੇਰੀਆਂ, ਜਗਰਾਤਿਆਂ ਅਤੇ ਹੋਰ ਤਿਉਹਾਰਾਂ ’ਤੇ ਫੋਕੀ ਵਿਖਾਵੇਬਾਜ਼ੀ ਦੇ ਨਾਲ ਆਤਿਸ਼ਬਾਜ਼ੀ ਚਲਾ ਕੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਹਵਾ ਨੂੰ ਪਲੀਤ ਕਰਨਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਨੂੰ ਜੇਕਰ ਪਿਛੋਕੜ ਪੱਖ ਤੋਂ ਵੇਖੀਏ ਤਾਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਸ੍ਰੀ ਰਾਮ ਜੀ ਅਯੁੱਧਿਆ ਤੋਂ ਵਾਪਸ ਪਰਤੇ ਸਨ ਤਾਂ ਉਦੋਂ ਦੀਪਮਾਲਾ ਜ਼ਰੂਰ ਹੋਈ ਹੋਵੇਗੀ, ਪਰ ਕਿਸੇ ਨੇ ਪਟਾਕੇ ਨਹੀਂ ਚਲਾਏ ਸਨ ਨਾ ਹੀ ਉਸ ਸਮੇਂ ਬਾਰੂਦ, ਪੌਟਾਸ਼ ਦਾ ਕਿਸੇ ਨੂੰ ਪਤਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ’ਚੋਂ ਬਾਈਧਾਰ ਦੇ ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਤਿਸਰ ਪਹੁੰਚੇ ਤਾਂ ਉਸ ਸਮੇਂ ਵੀ ਦੀਵੇ ਜਗਾ ਕੇ ਦੀਪ ਮਾਲਾ ਕੀਤੀ ਗਈ, ਅਤਿਸ਼ਬਾਜੀ ਨਹੀਂ ਸੀ ਚਲਾਈ ਗਈ। ਸਾਡੀ ਧਰਤੀ ਮਾਤਾ ਜੋ ਲਗਾਤਾਰ ਵਧ ਰਹੇ ਤਾਪਮਾਨ ਨਾਲ ਗਰਮ ਹੋ ਰਹੀ ਹੈ, ਝੁਲਸ ਰਹੀ ਹੈ, ਸਾਡੇ ਤੋਂ ਇਹ ਮੰਗ ਕਰਦੀ ਹੈ ਕਿ ਅਸੀਂ ਇਸ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਘੱਟ ਕਰੀਏ। ਉਹ ਤਿਉਹਾਰ ਮੇਲੇ ਜਾਂ ਮੁਸਾਵੇ ਜੋ ਸਾਡੇ ਲਈ ਜਸ਼ਨ ਮਨਾਉਣ ਦਾ ਜ਼ਰੀਆ ਬਣਦੇ ਹਨ। ਰੁਝੇਵਿਆਂ ਅਕੇਵਿਆਂ ਅਤੇ ਥਕੇਵਿਆਂ ਭਰੀ ਰੁਟੀਨ ਤੋਂ ਹਟ ਕੇ ਕੁਝ ਸਮਾਂ ਦੂਜਿਆਂ ਨਾਲ ਖੁਸ਼ੀ ਸਾਂਝੀ ਕਰਕੇ ਸਾਡੇ ਜੀਵਨ ਨੂੰ ਖੇੜਾ ਬਖ਼ਸ਼ਦੇ ਹਨ। ਇਨ੍ਹਾਂ ਜਸ਼ਨਾਂ ਨੂੰ ਮਨਾਉਂਦਿਆਂ ਜੇਕਰ ਹਵਾ, ਮਿੱਟੀ ਅਤੇ ਪਾਣੀ ਦੀ ਬਰਬਾਦੀ ਹੋਵੇ ਤਾਂ ਇਹ ਕਿੱਥੋਂ ਦੀ ਸਿਆਣਪ ਹੈ? ਦੀਵਾਲੀ ਦੇ ਦਿਨ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਜਾਂਦਾ ਹੈ ਕਿ ਹਵਾ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸੇ ਹਵਾ ਪਾਣੀ ਨੂੰ ਅਸੀਂ ਦੀਵਾਲੀ ਦੇ ਨੇੜਲੇ ਦਿਨਾਂ ਵਿੱਚ ਕੁਝ ਤਾਂ ਝੋਨੇ ਦੀ ਪਰਾਲੀ ਸਾੜ ਕੇ ਪਲੀਤ ਕਰ ਦਿੰਦੇ ਹਾਂ, ਬਾਕੀ ਦੀਵਾਲੀ ਵਾਲੇ ਦਿਨ ਕਰੋੜਾਂ ਰੁਪਏ ਦੇ ਪਟਾਕੇ ਚਲਾ ਕੇ ਹਜ਼ਾਰਾਂ ਟਨ ਜ਼ਹਿਰੀਲੀਆਂ ਗੈਸਾਂ ਹਵਾ ਵਿੱਚ ਛੱਡ ਕੇ ਸਾਡੇ ਮਹਾਨ ਗੁਰੂ ਦੀ ਸਿੱਖਿਆ ਨੂੰ ਵਿਸਾਰ ਦਿੰਦੇ ਹਾਂ। ਸਿਰਫ਼ ਦੀਵਾਲੀ ’ਤੇ ਹੀ ਨਹੀਂ ਸਗੋਂ ਗੁਰਪੂਰਬਾਂ, ਵਿਆਹਾਂ ਅਤੇ ਹੋਰ ਸਮਾਗਮਾਂ ’ਤੇ ਵੀ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਦੇ ਹਾਂ। ਸਾਡਾ ਵਾਤਾਵਰਨ ਦਿਨੋਂ ਦਿਨ ਗੰਦਾ ਹੋਈ ਜਾ ਰਿਹਾ ਹੈ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਰਸਮ ਨੂੰ ਤਿਆਗ ਦੇਈਏ। ਦੀਵਾਲੀ ਪਟਾਕਿਆਂ ਦਾ ਨਹੀਂ ਬਲਕਿ ਦੀਵਿਆਂ ਦਾ ਤਿਉਹਾਰ ਹੈ। ਰੌਸ਼ਨੀਆਂ ਦਾ ਤਿਉਹਾਰ ਹੈ। ਜਿੱਥੇ ਦੀਵਾਲੀ ਦੀ ਆਮਦ ’ਤੇ ਅਸੀਂ ਆਪਣੇ ਘਰਾਂ ਨੂੰ ਸੁਆਰਦੇ ਹਾਂ, ਸਫੈਦੀਆਂ ਕਰਾਉਂਦੇ ਹਾਂ, ਉੱਥੇ ਇਸ ਦਿਨ ਰਾਤ ਸਮੇਂ ਹਵਾ ਮਿੱਟੀ ਨੂੰ ਬੁਰੀ ਤਰ੍ਹਾਂ ਦੂਸ਼ਤਿ ਕਰਨਾ ਕਿੱਥੋਂ ਦੀ ਸਿਆਣਪ ਹੈ? ਸਾਡੇ ਘਰ ਵੀ ਤਾਂ ਹੀ ਸਾਫ਼ ਰਹਿ ਸਕਦੇ ਹਨ ਜੇਕਰ ਬਾਹਰ ਸਾਡਾ ਆਲਾ ਦੁਆਲਾ (ਵਾਤਾਵਰਨ) ਵੀ ਸਾਫ਼ ਹੋਵੇਗਾ। ਜਿੱਥੇ ਦੀਵਿਆਂ ਦਾ ਜਗਣਾ ਸਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਉੱਥੇ ਪਟਾਕੇ ਚਲਾਉਣ ਨਾਲ ਵੱਡੀ ਪੱਧਰ ’ਤੇ ਆਵਾਜ਼ ਪ੍ਰਦੂਸ਼ਣ ਹੁੰਦਾ ਹੈ ਅਤੇ ਆਲਾ ਦੁਆਲਾ ਵੀ ਇਸ ਤੋਂ ਬੜੀ ਬੁਰੀ ਤਰ੍ਹਾਂ ਪ੍ਰਭਾਵਤਿ ਹੁੰਦਾ ਹੈ। ਮਾਨਸਿਕ ਰੋਗੀਆਂ ਅਤੇ ਸਾਹ ਦਮੇਂ, ਟੀ ਬੀ ਦੇ ਮਰੀਜ਼ਾਂ ਲਈ ਅਤਿਸ਼ਬਾਜ਼ੀ ਦਾ ਧੂੰਆਂ ਬੜੀ ਖਤਰਨਾਕ ਸਥਤਿੀ ਪੈਦਾ ਕਰ ਦਿੰਦਾ ਹੈ। ਧਾਰਮਿਕ ਅਸਥਾਨਾਂ ’ਤੇ ਵੀ ਹੁਣ ਵੱਡੀ ਪੱਧਰ ’ਤੇ ਵਿਸ਼ੇਸ਼ ਅਤਿਸ਼ਬਾਜ਼ੀ ਚਲਾਈ ਜਾਂਦੀ ਹੈ ਜਿਸ ਨੂੰ ਅਕਸਰ ਪ੍ਰਦੂਸ਼ਣ ਰਹਤਿ ਅਤਿਸ਼ਬਾਜ਼ੀ ਦੱਸਿਆ ਜਾਂਦਾ ਹੈ, ਪਰ ਵਿਗਿਆਨਕ ਨਿਯਮ ਇਹ ਹੈ ਜੇ ਕਿਸੇ ਵੀ ਚੀਜ਼ ਨੂੰ ਚਲਾਉਣ, ਉਡਾਉਣ ਅਤੇ ਧਮਾਕਾ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਹੈ ਅਤੇ ਸ਼ਕਤੀ ਪੈਦਾ ਕਰਨ ਲਈ ਬਾਲਣ ਦੀ ਜ਼ਰੂਰਤ ਪੈਂਦੀ ਹੈ। ਧਾਰਮਿਕ ਅਸਥਾਨਾਂ ’ਤੇ ਆਤਿਸ਼ਬਾਜ਼ੀ ਚਲਾਉਣੀ ਬੰਦ ਕਰਨ ਦੇ ਨਾਲ ਨਾਲ ਸਾਡੇ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਸੁਚੇਤ ਕਰਨ।
ਦੀਵਿਆਂ ਦੀ ਥਾਂ ਪਹਿਲਾਂ ਮੋਮਬੱਤੀਆਂ ਅਤੇ ਅੱਜ ਬਜਿਲੀ ਨਾਲ ਚੱਲਣ ਵਾਲੀਆਂ ਲੜੀਆਂ ਨੇ ਲੈ ਲਈ ਹੈ। ਬਜਿਲੀ ਦੀ ਲੜੀ ਨੂੰ ਬਨੇਰੇ ’ਤੇ ਲਟਕਾਓ, ਬਟਨ ਨੱਪੋ ਤੇ ਰੌਸ਼ਨੀ ਸ਼ੁਰੂ। ਪਰ ਦੀਵਿਆਂ ਦੇ ਮਾਮਲੇ ਵਿੱਚ ਏਦਾਂ ਨਹੀਂ ਸੀ ਹੁੰਦਾ। ਦੀਵਾਲੀ ਦੇ ਕੁਝ ਦਿਨ ਪਹਿਲਾਂ ਪਿੰਡਾਂ ਵਿੱਚ ਖੋਤਿਆਂ, ਖੱਚਰਾਂ ਰੇਹੜੀਆਂ ’ਤੇ ਦੀਵੇ ਵੇਚਣ ਵਾਲੇ ਆਉਂਦੇ ਸਨ। ਮੈਨੂੰ ਯਾਦ ਹੈ ਮੇਰੀ ਮਾਂ ਦਾਣਿਆਂ ਦੇ ਵੱਟੇ ਦੀਵੇ ਲੈ ਲੈਂਦੀ ਅਤੇ ਨਵੇਂ ਖਰੀਦੇ ਕੋਰੇ ਦੀਵੇ ਜ਼ਿਆਦਾ ਤੇਲ ਨਾ ਪੀਣ ਇਸ ਲਈ ਕੁਝ ਸਮਾਂ ਉਨ੍ਹਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ ਜਾਂਦਾ ਸੀ। ਦੀਵਾਲੀ ਵਾਲੇ ਦਿਨ ਸਵੇਰੇ ਹੀ ਅਸੀਂ ਸਾਰੇ ਭੈਣ ਭਰਾ ਲੱਗ ਕੇ ਰੂੰ ਦੀਆਂ ਵੱਟੀਆਂ ਵੱਟਦੇ। ਰਾਤ ਨੂੰ ਘਰ ਵਿੱਚ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਬਨੇਰਿਆਂ ’ਤੇ ਕੀਤੀ ਦੀਪ ਮਾਲਾ ਨਾਲ ਬੜਾ ਦਿਲਕਸ਼ ਦ੍ਰਿਸ਼ ਸਿਰਜਿਆ ਜਾਂਦਾ। ਖੇਤਾਂ ਵਿੱਚ ਖੂਹਾਂ ਅਤੇ ਖੂਹਾਂ ਤੋਂ ਮਗਰੋਂ ਟਿਊਬਵੈੱਲਾਂ ’ਤੇ ਵੀ ਇੱਕ ਇੱਕ ਦੀਵਾ ਜਗਾਇਆ ਜਾਂਦਾ। ਇਸ ਦਿਨ ਲੋਕ ਆਪਣੇ ਵੱਡੇ ਵਡੇਰਿਆਂ ਨੂੰ ਵੀ ਯਾਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ’ਤੇ ਵੀ ਦੀਵੇ ਜਗਾ ਕੇ ਰੱਖਦੇ ਹਨ। ਜਿਹੜੀਆਂ ਹੋਰ ਥਾਵਾਂ ਨਾਲ ਸਾਡਾ ਸਬੰਧ ਜੁੜਦਾ ਹੈ, ਦੀਵਾਲੀ ਵਾਲੇ ਦਿਨ ਉੱਥੇ ਵੀ ਇੱਕ ਇੱਕ ਦੀਵਾ ਜਗਾ ਕੇ ਧਰਿਆ ਜਾਂਦਾ। ਦੀਵਾਲੀ ਵਾਲੇ ਦਿਨ ਦੁਕਾਨਾਂ, ਵੱਡਿਆਂ ਵਡੇਰਿਆਂ ਦੀਆਂ ਯਾਦਗਾਰਾਂ, ਰੂੜੀਆਂ, ਖੇਤਾਂ ਆਦਿ ਵਿੱਚ ਦੀਵਾ ਜਗਾ ਕੇ ਰੱਖਣ ਨੂੰ ਪਵਿੱਤਰ ਸਮਝਿਆ ਜਾਂਦਾ।
ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਦੇ ਕਿਲ੍ਹੇ ’ਚੋ ਰਿਹਾਅ ਹੋ ਕੇ ਆਉਣ ਦੇ ਇਤਿਹਾਸਕ ਤੱਥ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਹਨੇਰਾ ਕਦੇ ਬਾਹਲਾ ਚਿਰ ਆਪਣਾ ਗਲਬਾ ਕਾਇਮ ਨਹੀਂ ਰੱਖ ਸਕਦਾ, ਇੱਕ ਨਾ ਇੱਕ ਦਿਨ ਚਾਨਣ ਦਾ ਪ੍ਰਵੇਸ਼ ਜ਼ਰੂਰ ਹੁੰਦਾ ਹੈ। ਅੱਜ ਵੀ ਸਾਡੇ ਸਮਾਜ ਵਿੱਚ ਅਗਿਆਨਤਾ ਦੇ ਹਨੇਰ ਦਾ ਗਲਬਾ ਹੈ। ਦੀਵਾਲੀ ਦੇ ਦਿਨ ਪਟਾਕਿਆਂ ’ਤੇ ਖਰਚੇ ਜਾਣ ਵਾਲੇ ਬਜਟ ਨੂੰ ਘੱਟ ਕਰਕੇ ਬੱਚਿਆਂ ਨੂੰ ਚੰਗੀਆਂ ਸਾਹਤਿਕ ਕਤਿਾਬਾਂ ਲੈ ਕੇ ਦਿਓ। ਜੇ ਹੋ ਸਕੇ ਤਾਂ ਇਸ ਦਿਨ ਆਪਣੇ ਘਰ ਇੱਕ ਨਿੱਕੀ ਜਿਹੀ ਲਾਇਬ੍ਰੇਰੀ ਬਣਾਉਣ ਦੀ ਸ਼ੁਰੂਆਤ ਕਰੋ। ਕੋਈ ਚੰਗਾ ਅਖ਼ਬਾਰ ਆਪਣੇ ਘਰ ਲਗਵਾਓ। ਘਰ ਨੂੰ ਸਾਰਾ ਸਾਲ ਮਹਿਕਾਉਣ ਲਈ ਕੁਝ ਗਮਲੇ, ਕੁਝ ਬੂਟੇ ਲਿਆ ਕੇ ਘਰ ਵਿੱਚ ਲਾਓ। ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਚੰਗੀਆਂ ਕਤਿਾਬਾਂ ਤੋਹਫੇ ਵਜੋਂ ਦਿਓ। ਪਟਾਕਿਆਂ ’ਤੇ ਫਜ਼ੂਲ ਖਰਚ ਵਾਲੇ ਪੈਸਿਆਂ ’ਚੋਂ ਕੁਝ ਖਰਚ ਕੇ ਚੰਗੇ ਅਖ਼ਬਾਰ, ਮੈਗਜ਼ੀਨ ਆਪਣੇ ਘਰ ਲਈ ਲਗਵਾਓ। ਅਜਿਹਾ ਕਰਕੇ ਅਸੀਂ ਦੀਵਾਲੀ ਦੀ ਮਹੱਤਤਾ ਨੂੰ ਸਹੀ ਅਰਥਾਂ ਵਿੱਚ ਸਮਝ ਰਹੇ ਹੋਵਾਂਗੇ। ਅੱਜ ਵੀ ਸਮਾਜ ਨੂੰ ਵੱਡੀ ਪੱਧਰ ’ਤੇ ਨੂਰੋ ਨੂਰ ਕਰਨ ਲਈ ਗਿਆਨ ਵਿਗਿਆਨ ਦੇ ਦੀਪ ਬਾਲਣ ਦੀ ਲੋੜ ਹੈ। ਜਿੱਥੇ ਅੱਜ ਸਾਨੂੰ ਦੀਵਾਲੀ ਦੇ ਪਵਿੱਤਰ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਉੱਥੇ ਸਾਨੂੰ ਅਗਿਆਨਤਾ ਖਿਲਾਫ਼ ਲਟ ਲਟ ਬਲਣ ਦਾ ਪ੍ਰਣ ਕਰਨ ਦੀ ਬੜੀ ਵੱਡੀ ਲੋੜ ਹੈ। ਆਓ, ਇਸ ਵੱਲ ਯਤਨਸ਼ੀਲ ਹੋਈਏ।
ਸੰਪਰਕ: 98550-51099
Advertisement

Advertisement
Advertisement