For the best experience, open
https://m.punjabitribuneonline.com
on your mobile browser.
Advertisement

ਚਾਨਣ ਰਿਸ਼ਮਾਂ

08:47 AM Feb 17, 2024 IST
ਚਾਨਣ ਰਿਸ਼ਮਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰਬਿੰਦਰ ਸਿੰਘ ਮਾਣਕ

Advertisement

ਬੱਚੀਆਂ ਦੀ ਭਰੂਣ ਹੱਤਿਆ ਕਾਰਨ ਪੰਜਾਬ ਨੂੰ ਬਹੁਤ ਬਦਨਾਮੀ ਸਹਿਣ ਕਰਨੀ ਪਈ ਹੈ। ਅਜੇ ਵੀ ਕਦੇ ਕਦੇ ਕੋਈ ਮਾਦਾ ਭਰੂਣ ਜਾਂ ਨਵਜਨਮੀ ਬੱਚੀ ਕਿਸੇ ਕੂੜੇ ਦੇ ਢੇਰ ਵਿੱਚ ਰੁਲਦੀ ਮਿਲ ਹੀ ਜਾਂਦੀ ਹੈ। ਇਹ ਦਰਸਾਉਂਦਾ ਹੈ ਕਿ ਅਜੇ ਵੀ ਸਾਡੀ ਮਾਨਸਿਕਤਾ ਧੀਆਂ ਪ੍ਰਤੀ ਬਹੁਤੀ ਬਦਲੀ ਨਹੀਂ। ਬੱਚੀਆਂ ਪ੍ਰਤੀ ਪ੍ਰਕਾਸ਼ਿਤ ਹੁੰਦੀਆਂ ਅਜਿਹੀਆਂ ਦੁਖਦਾਈ ਖ਼ਬਰਾਂ ਮਨਾਂ ਨੂੰ ਵਲੂੰਧਰ ਸੁੱਟਦੀਆਂ ਹਨ ਪਰ ਕਦੇ ਕਦੇ ਅਜਿਹੀਆਂ ਆਸ਼ਾਵਾਦੀ ਤੇ ਚਾਨਣ ਵੰਡਦੀਆਂ ਖ਼ਬਰਾਂ ਵੀ ਆਉਂਦੀਆਂ ਹਨ ਕਿ ਹਰੇਕ ਦਾ ਮਨ ਖ਼ੁਸ਼ ਹੋ ਜਾਂਦਾ ਹੈ।
ਇਹੋ ਜਿਹੀ ਹੀ ਇੱਕ ਖ਼ੁਸ਼ ਖ਼ਬਰ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਬਲਾਕ ਦੇ ਪਿੰਡ ਖਰਲ ਕਲਾਂ ਤੋਂ ਸਾਹਮਣੇ ਆਈ ਹੈ। ਪਿੰਡ ਦੇ ਮੋਹਤਬਰਾਂ ਤੇ ਵਿਦੇਸ਼ਾਂ ਵਿੱਚ ਵਸੇ ਇਸ ਪਿੰਡ ਦੇ ਜਾਇਆਂ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਉਂਜ ਤਾਂ ਪਿੰਡ ਲਈ ਬਹੁਤ ਕੁਝ ਕੀਤਾ ਹੈ ਪਰ ਉਨ੍ਹਾਂ ਦੀ ਇਹ ਪਿਰਤ ਨਿਵੇਕਲੀ ਹੈ। ਡਾਲਰ ਤਾਂ ਹੋਰ ਲੋਕਾਂ ਕੋਲ ਵੀ ਬਹੁਤ ਹੋਣਗੇ ਪਰ ਮਾਨਵਤਾ ਦੀ ਨਿਸਵਾਰਥ ਸੇਵਾ ਲਈ ਸੱਚੀ-ਸੁੱਚੀ ਭਾਵਨਾ ਤੇ ਦਿਲ ਦੀ ਅਮੀਰੀ ਵਿਰਲਿਆਂ ਦੇ ਹੀ ਹਿੱਸੇ ਆਈ ਹੈ। ਇਨ੍ਹਾਂ ਮਿੱਟੀ ਦੇ ਜਾਇਆਂ ਨੇ ਆਪਣੇ ਪਿੰਡ ਦੀ ਮਿੱਟੀ ਦਾ ਕਰਜ਼ ਉਤਾਰਨ ਲਈ ਕੁਝ ਸਾਲ ਪਹਿਲਾਂ ਪਿੰਡ ਦੀਆਂ ਨਵਜੰਮੀਆਂ ਧੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ 5100 ਰੁਪਏ ਦਾ ਸ਼ਗਨ ਦੇਣ ਦੀ ਪਿਰਤ ਪਾਈ।
ਜਦੋਂ ਵੀ ਪਿੰਡ ਵਿੱਚ ਕਿਸੇ ਘਰ ਬੱਚੀ ਦਾ ਜਨਮ ਹੁੰਦਾ ਹੈ ਤਾਂ ਪਿੰਡ ਦੀ ਪੰਚਾਇਤ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਬੱਚੀ ਦੇ ਪਰਿਵਾਰ ਨੂੰ ਸ਼ਗਨ ਦੀ ਰਕਮ ਸੌਂਪ ਦਿੰਦੀ ਹੈ। ਪਰਿਵਾਰ ਨੂੰ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਇਹ ਰਾਸ਼ੀ ਕੁਝ ਸਾਲਾਂ ਲਈ ਫਿਕਸਡ ਡਿਪਾਜ਼ਿਟ ਕਰਾ ਦਿੱਤੀ ਜਾਵੇ ਤਾਂ ਕਿ ਇਹ ਅੱਗੇ ਜਾ ਕੇ ਬੱਚੀ ਦੀ ਪੜ੍ਹਾਈ ਲਈ ਖ਼ਰਚ ਕੀਤੀ ਜਾ ਸਕੇ। ਉਨ੍ਹਾਂ ਦਾ ਅਜਿਹਾ ਕਰਨ ਦਾ ਮਕਸਦ ਲੋਕਾਂ ਦੇ ਦਿਲਾਂ ਵਿੱਚ ਧੀਆਂ ਲਈ ਸਤਿਕਾਰ ਤੇ ਪਿਆਰ ਪੈਦਾ ਕਰਨਾ ਹੈ ਤਾਂ ਕਿ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇੇ ਇਸ ਤੋਂ ਬਿਨਾਂ ਇਨ੍ਹਾਂ ਸਮਾਜ ਸੇਵਕਾਂ ਨੇ ਇੱਕ ਹੋਰ ਸਾਰਥਿਕ ਉਪਰਾਲਾ ਕਰਕੇ ਪਿੰਡ ਦੀਆਂ ਧੀਆਂ ਪ੍ਰਤੀ ਆਪਣੇ ਪਿਆਰ ਤੇ ਅਪਣੱਤ ਦਾ ਪ੍ਰਗਟਾਵਾ ਕਰਕੇ ਸਭ ਦਾ ਮਨ ਜਿੱਤ ਲਿਆ ਹੈ।
ਜਦੋਂ ਵੀ ਪਿੰਡ ਦੀ ਕਿਸੇ ਧੀ ਦਾ ਵਿਆਹ ਹੁੰਦਾ ਹੈ ਤਾਂ ਸਮੁੱਚੀ ਪੰਚਾਇਤ ਵਿਆਹ ਵਾਲੇ ਘਰ ਜਾ ਕੇ ਵਿਆਂਦੜ ਧੀ ਨੂੰ 11,000 ਰੁਪਏ ਦਾ ਸ਼ਗਨ ਪਾ ਕੇ ਆਉਂਦੀ ਹੈ। ਧੀਆਂ ਪ੍ਰਤੀ ਇਹ ਦੋਵੇਂ ਨਿਵੇਕਲੇ ਕਾਰਜ 2021 ਤੋਂ ਨਿਰੰਤਰ ਚੱਲ ਰਹੇ ਹਨ। ਇਹ ਅਗਾਂਹਵਧੂ ਸੋਚ ਹੈ ਕਿ ਪਿੰਡ ਦੀ ਹਰ ਧੀ ਨੂੰ ਬਿਨਾਂ ਕਿਸੇ ਵਿਤਕਰੇ ਦੇ ਵਿਆਹ ਸਮੇਂ ਇਹ ਸ਼ਗਨ-ਰੂਪੀ ਆਸ਼ੀਰਵਾਦ ਦੇ ਕੇ ਨਿਵਾਜਿਆ ਜਾਂਦਾ ਹੈ। ਕਦੇ ਵਕਤ ਸੀ ਸਾਡੇ ਸੱਭਿਆਚਾਰ ਵਿੱਚ ਪਿੰਡ ਦੀਆਂ ਸਭ ਧੀਆਂ ਨੂੰ ਸਾਰਾ ਪਿੰਡ ਹੀ ਆਪਣੀਆਂ ਧੀਆਂ ਸਮਝ ਕੇ ਉਨ੍ਹਾਂ ਦਾ ਸਿਰ ਪਲੋਸਦਾ ਸੀ। ਜਦੋਂ ਪਿੰਡ ਵਿੱਚ ਕਿਸੇ ਧੀ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੂੰ ਇਹੀ ਲਗਦਾ ਸੀ ਕਿ ਸਾਡੀ ਆਪਣੀ ਧੀ ਦਾ ਵਿਆਹ ਹੈ। ਇਸ ਪਿੰਡ ਨੇ ਫਿਰ ਤੋਂ ਧੀਆਂ ਨੂੰ ਪਿਆਰ ਦੇਣ ਦੀ ਰੀਤ ਚਲਾ ਕੇ ਆਪਣੇ ਸੱਭਿਆਚਾਰ ਨੂੰ ਮੁੜ ਜੀਵਤ ਕਰ ਦਿੱਤਾ ਹੈ। ਪੈਸੇ ਨਾਲੋਂ ਵੀ ਵੱਡੀ ਗੱਲ ਧੀਆਂ ਪ੍ਰਤੀ ਉਸ ਸੱਚੀ-ਸੁੱਚੀ ਸੋਚ ਦੀ ਹੈ ਜਿਹੜੀ ਬਦਲ ਰਹੇ ਸਮਿਆਂ ਵਿੱਚ ਹੌਲੀ ਹੌਲੀ ਘਟਦੀ ਜਾ ਰਹੀ ਹੈ। ਇਹੋ ਜਿਹੀਆਂ ਚਾਨਣ ਰਿਸ਼ਮਾਂ ਧੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਮੋੜਾ ਦੇਣ ਤੇ ਪ੍ਰੇਰਨਾ ਦਾ ਸਬੱਬ ਬਣ ਸਕਦੀਆਂ ਹਨ। ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਖਰਲ ਕਲਾਂ ਤੋਂ ਸੇਧ ਲੈ ਕੇ ਇਸ ਦੀ ਰੀਸ ਕਰਨੀ ਚਾਹੀਦੀ ਹੈ।
ਸੰਪਰਕ: 98153-56086

Advertisement
Author Image

joginder kumar

View all posts

Advertisement
Advertisement
×