ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ
ਸ਼ਿਮਲਾ, 12 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਅਤੇ ਹੋਰ ਉੱਚੇ ਖੇਤਰਾਂ ਵਿੱਚ ਹਲਕੀ ਬਰਫ਼ਬਾਰੀ ਹੋਈ ਜਦਕਿ ਵਾਦੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।
ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਵਿੱਚ 6 ਸੈਂਟੀਮੀਟਰ ਬਰਫ਼ਬਾਰੀ ਪਈ। ਉਸ ਤੋਂ ਬਾਅਦ ਕੋਠੀ, ਖਦਰਾਲਾ, ਕੀਲੌਂਗ, ਸ਼ਿਲਾਰੂ ਵਿੱਚ ਪੰਜ-ਪੰਜ ਸੈਂਟੀਮੀਟਰ, ਜੋਤ ਵਿੱਚ 4 ਸੈਂਟੀਮੀਟਰ, ਕਲਪਾ ’ਚ 0.8 ਸੈਂਟੀਮੀਟਰ ਅਤੇ ਕੁਕੁਮਸੇਰੀ ਵਿੱਚ 0.5 ਸੈਂਟੀਮੀਟਰ ਬਰਫ਼ਬਾਰੀ ਹੋਈ। ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ਵਿੱਚ ਪੈਂਦੇ ਮਨਾਲੀ ਅਤੇ ਚੰਬਾ ਜ਼ਿਲ੍ਹੇ ਵਿੱਚ ਭਰਮੌਰ ਦੇ ਉੱਚੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ।
ਸੂਬੇ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਸਾਰਾਹ ਵਿੱਚ 18.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਸ ਤੋਂ ਬਾਅਦ ਰੋਹੜੂ ਵਿੱਚ 15 ਮਿਲੀਮੀਟਰ, ਮਨਾਲੀ ’ਚ 5 ਮਿਲੀਮੀਟਰ, ਪਾਊਂਟਾ ਸਾਹਿਬ ਵਿੱਚ 4.8 ਮਿਲੀਮੀਟਰ, ਕਸੌਲੀ ’ਚ 4.5 ਮਿਲੀਮੀਟਰ, ਧੌਲਾ ਕੂਆਂ ਵਿੱਚ ਚਾਰ ਮਿਲੀਮੀਟਰ, ਨਾਹਨ ’ਚ 3.8 ਮਿਲੀਮੀਟਰ ਅਤੇ ਸਿਓਬਾਗ ਤੇ ਭੁਨਤਰ ਵਿੱਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੁੰਦਰਨਗਰ ਵਿੱਚ ਦਰਮਿਆਨੀ ਧੁੰਦ ਦੇਖੀ ਗਈ ਅਤੇ ਮੰਡੀ ਤੇ ਕਲਪਾ ਵਿੱਚ ਘੱਟ ਧੁੰਦ ਦੇਖੀ ਗਈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਛੋਟੀਆਂ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਵਿਚਲੀਆਂ ਖਾਲੀ ਥਾਵਾਂ ’ਤੇ ਬੁੱਧਵਾਰ ਤੱਕ ਸੰਘਣੀ ਧੁੰਦ ਪਵੇਗੀ। ਲਾਹੌਲ ਤੇ ਸਪਿਤੀ ਜ਼ਿਲ੍ਹੇ ਵਿੱਚ ਪੈਂਦਾ ਤਾਬੋ ਰਾਤ ਸਮੇਂ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ