ਸੰਗਰੂਰ ਅਨਾਜ ਮੰਡੀ ’ਚ ਲਿਫਟਿੰਗ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਅਕਤੂਬਰ
ਜ਼ਿਲ੍ਹਾ ਹੈਡਕੁਆਰਟਰ ਦੀ ਅਨਾਜ ਮੰਡੀ ’ਚ ਅੱਜ ਲਿਫਟਿੰਗ ਸ਼ੁਰੂ ਹੋ ਗਈ ਹੈ। ਪਿਛਲੇ ਕਰੀਬ 5/6 ਦਿਨਾਂ ਤੋਂ ਅਨਾਜ ਮੰਡੀ ਵਿੱਚ ਲਗਾਤਾਰ ਝੋਨੇ ਦੀ ਆਮਦ ਅਤੇ ਖਰੀਦ ਜਾਰੀ ਸੀ ਪਰੰਤੂ ਲਿਫਟਿੰਗ ਸ਼ੁਰੂ ਨਹੀਂ ਹੋਈ ਸੀ। ਇਸ ਸਮੱਸਿਆ ਦੀ ਖ਼ਬਰ ਨੂੰ ਅੱਜ ਪੰਜਾਬੀ ਟ੍ਰਿਬਿਊਨ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸਦਾ ਅਸਰ ਹੋਇਆ ਕਿ ਅੱਜ ਹੀ ਲਿਫਟਿੰਗ ਸ਼ੁਰੂ ਹੋ ਗਈ ਹੈ।
ਲਿਫਟਿੰਗ ਸ਼ੁਰੂ ਹੋਣ ’ਤੇ ਆੜ੍ਹਤੀਆਂ ਵਲੋਂ ਅੱਜ ਖੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਅੱਜ ਦੇ ਦਿਨ ਨੂੰ ਭਾਗਾਂ ਵਾਲਾ ਦਿਨ ਦੱਸਿਆ। ਲਿਫਟਿੰਗ ਸ਼ੁਰੂ ਕਰਾਉਣ ਮੌਕੇ ਆੜ੍ਹਤੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਕਿਹਾ ਕਿ ਪਿਛਲੇ ਕਰੀਬ 5/6 ਦਿਨਾਂ ਤੋਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਹੋ ਰਹੀ ਸੀ ਪਰੰਤੂ ਲਿਫਟਿੰਗ ਦਾ ਕੰਮ ਬਿਲਕੁਲ ਬੰਦ ਸੀ। ਐਸੋਸੀਏਸ਼ਨ ਦੇ ਯਤਨਾਂ ਸਦਕਾ ਅੱਜ ਲਿਫਟਿੰਗ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਅਨਾਜ਼ ਮੰਡੀ ਛੋਟੀ ਹੈ ਅਤੇ ਜਗ੍ਹਾ ਦੀ ਬਹੁਤ ਵੱਡੀ ਘਾਟ ਹੈ। ਫੜ੍ਹ ਵੀ ਹਾਲੇ ਤੱਕ ਮਨਜ਼ੂਰ ਨਹੀਂ ਹੋਏ। ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਆੜਤੀਆਂ ਦੇ ਸ਼ੈਲਰਾਂ ਨੂੰ ਸਬ ਯਾਰਡ ਬਣਾਇਆ ਜਾਵੇ ਜਿਸ ਸਬੰਧੀ 18 ਸ਼ੈਲਰਾਂ ਬਾਰੇ ਲਿਖ ਕੇ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ ਆਦਿ ਵਲੋਂ ਖਰੀਦ ਕੀਤੇ ਝੋਨੇ ਦੀ ਹੀ ਲਿਫਟਿੰਗ ਨਹੀਂ ਹੋ ਰਹੀ ਹੈ ਜੋ ਕਿ ਅੱਜ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਹੀ ਲਿਫਟਿੰਗ ਸ਼ੁਰੂ ਕਰਵਾਈ ਹੈ। ਖਰੀਦ ਏਜੰਸੀਆਂ ਦੇ ਇੰਸਪੈਕਟਰ ਅਨਾਜ ਮੰਡੀ ’ਚੋ ਚੁੱਕੇ ਮਾਲ ਨੂੰ ਕਿੱਥੇ ਲਗਵਾਉਣਗੇ। ਇਹ ਉਨ੍ਹਾਂ ਦੀ ਸਿਰਦਰਦੀ ਹੈ, ਸਾਡਾ ਕੰਮ ਨਹੀਂ ਹੈ।