ਚੰਗਰ ਦੀ ਤਕਦੀਰ ਬਦਲੇਗੀ ਲਿਫਟ ਸਿੰਜਾਈ: ਬੈਂਸ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 29 ਨਵੰਬਰ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨਜ਼ਦੀਕੀ ਪਿੰਡ ਸਮਲਾਹ ਵਿੱਚ 86.21 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਜਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਚੰਗਰ ਇਲਾਕੇ ਵਿੱਚ ਸਿੰਜਾਈ ਲਈ ਪਾਣੀ ਪਹੁੰਚਾਉਣ ਦੀ ਲਿਫਟ ਸਿੰਜਾਈ ਯੋਜਨਾ ਵਾਸਤੇ 23 ਵਿਭਾਗਾਂ ਦੀ ਪ੍ਰਵਾਨਗੀ ਉਪਰੰਤ ਅੱਜ ਕੰਮ ਦੀ ਸ਼ਰੂਆਤ ਕੀਤੀ ਗਈ ਹੈ। ਸ੍ਰੀ ਬੈਂਸ ਨੇ ਦੱਸਿਆ ਕਿ 10 ਪੰਪ ਸੈੱਟ ਲਗਾ ਕੇ 3300 ਏਕੜ ਰਕਬੇ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਗਪਗ 7 ਦਹਾਕਿਆਂ ਤੋਂ ਇੱਥੋਂ ਦੇ ਦਰਜਨਾਂ ਪਿੰਡਾਂ ਦੇ ਲੋਕ ਪਾਣੀ ਵਰਗੀ ਬੁਨਿਆਦੀ ਸਹੂਲਤ ਨਾ ਮਿਲਣ ਕਾਰਨ ਸੰਤਾਪ ਹੰਢਾ ਰਹੇ ਹਨ। ਚੰਗਰ ਦੇ ਪਿੰਡਾਂ ਤੋਂ ਪਸ਼ੂਆਂ ਨੂੰ ਸਤਲੁਜ ਨੇੜੇ ਹੇਠਲੇ ਖੇਤਰਾਂ ਵਿੱਚ ਲਿਜਾਣਾ ਪੈਂਦਾ ਹੈ। ਇਸ ਮੌਕੇ ਏਡੀਸੀ ਚੰਦਰ ਯੋਤੀ, ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਚੇਅਰਮੈਨ ਕਮਿੱਕਰ ਸਿੰਘ ਡਾਢੀ ਚੇਅਰਮੈਨ, ਸੂਬੇਦਾਰ ਰਾਜਪਾਲ ਮੋਹੀਵਾਲ, ਮੀਡੀਆ ਸਲਾਹਕਾਰ ਦੀਪਕ ਸੋਨੀ, ਇਸ਼ਾਨ ਚੌਧਰੀ ਬੀਡੀਪੀਓ ਆਦਿ ਮੌਜੂਦ ਸਨ।