ਪ੍ਰਿੰਸੀਪਲ ਗੁਲਸ਼ਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਨਵੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਗੋਬਿੰਦ ਐਨਕਲੇਵ ਅਤੇ ਲੋਨੀ ਰੋਡ ਸ਼ਾਹਦਰਾ ਦੇ ਪ੍ਰਿੰਸੀਪਲ ਭੁਪਿੰਦਰਜੀਤ ਸਿੰਘ ਗੁਲਸ਼ਨ ਨੂੰ ਪੰਜਾਬ ਦੀ ਸੰਸਥਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਦਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਸਵਾਗਤ ਕੀਤਾ। ਆਡੀਟੋਰੀਅਮ ਵਿੱਚ ਅਕਾਦਮਿਕ ਖੇਤਰ ਨਾਲ ਜੁੜੀਆਂ ਹੋਈਆਂ ਸ਼ਖ਼ਸੀਅਤਾਂ ਨੂੰ ‘ਫੈਡਰੇਸ਼ਨ ਆਫ ਸਕੂਲ’ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੀ ਹੋਈ ਵੀਡੀਓ ਵਿਖਾਈ ਗਈ। ਉਪਰੰਤ ਗੁਲਾਬ ਚੰਦ ਕਟਾਰੀਆ ਅਤੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਿੰਸੀਪਲ ਭੁਪਿੰਦਰਜੀਤ ਸਿੰਘ ਗੁਲਸ਼ਨ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ 2024’ ਭੇਟ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਕਿਹਾ ਮੌਜੂਦਾ ਦੌਰ ਵਿੱਚ ਸਿੱਖਿਆ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਅਕਾਦਮਿਕ ਖੇਤਰ ਵਿੱਚ ਕਾਰਜ ਕਰਨ ਲਈ ਅੱਗੇ ਆਉਣ। ਗੁਲਾਬ ਚੰਦ ਕਟਾਰਿਆ ਨੇ ਫੈਡਰੇਸ਼ਨ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਜਿਕ ਕਾਰਜਾਂ ਲਈ ਕੰਮ ਕਰਨ ਵਾਲੇ ਸਕੂਲ ਅਤੇ ਪ੍ਰਿੰਸੀਪਲਾਂ ਨੂੰ ਇਨਾਮ ਭੇਟ ਕੀਤੇ ਗਏ। ਦੱਸਣਯੋਗ ਗੱਲ ਹੈ ਕਿ ਰਾਜਧਾਨੀ ਦਿੱਲੀ ਵਿੱਚੋਂ ਸਨਮਾਨ ਹਾਸਲ ਕਰਨ ਵਾਲੇ ਗੁਲਸ਼ਨ ਇਕਲੌਤੇ ਪ੍ਰਿੰਸੀਪਲ ਹਨ।