ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ
ਹਰਜੀਤ ਸਿੰਘ
ਅਕਸਰ ਅਸੀਂ ਵਿਗਿਆਨਕ ਰਸਾਲਿਆਂ ਜਾਂ ਲੇਖਾਂ ਵਿਚ ਪੜ੍ਹਦੇ ਹਾਂ ਕਿ ਵਿਗਿਆਨੀਆਂ ਨੂੰ ਫਲਾਣੇ ਤਾਰੇ ਦੁਆਲੇ ਗ੍ਰਹਿ ਮਿਲਿਆ ਹੈ ਜਿਸ ਵਿਚ ਜੀਵਨ ਪਨਪ ਸਕਦਾ ਹੈ ਜਾਂ ਹੋ ਸਕਦਾ ਹੈ| ਪਰ ਜਿੰਨਾ ਕੁ ਅਤੇ ਜਿੱਥੇ ਤੱਕ ਅਸੀਂ ਜਾਣਦੇ ਹਾਂ, ਜੀਵਨ ਸਿਰਫ਼ ਧਰਤੀ ‘ਤੇ ਮੌਜੂਦ ਹੈ| ਕਿਹਾ ਜਾਂਦਾ ਹੈ ਕਿ ਧਰਤੀ ‘ਤੇ ਜੀਵਨ ਲਈ ਸਹੀ ਹਾਲਾਤ ਮੌਜੂਦ ਸਨ, ਸੋ ਇੱਥੇ ਜੀਵਨ ਪਣਪ ਸਕਿਆ। ਪਰ ਕੀ ਇਸ ਬ੍ਰਹਿਮੰਡ ਵਿੱਚ ਕਿਤੇ ਵੀ, ਸੌਰ ਮੰਡਲ ਤੋਂ ਬਾਹਰ, ਕਿਸੇ ਹੋਰ ਗਲੈਕਸੀ ਦੇ ਕਿਸੇ ਤਾਰੇ ਦੁਆਲੇ ਘੁੰਮਦੇ ਕਿਸੇ ਗ੍ਰਹਿ ‘ਤੇ ਵੀ ਜੀਵਨ ਹੈ? ਵਿਗਿਆਨੀ ਲਗਾਤਾਰ ਅਜਿਹੇ ਗ੍ਰਹਿਆਂ ਨੂੰ ਲੱਭਦੇ ਰਹਿੰਦੇ ਹਨ ਜਿੱਥੇ ਜੀਵਨ ਦੇ ਪਣਪਨ ਲਈ ਸਹੀ ਹਾਲਾਤ ਹੋਣ| ਇਹ ਹਾਲਾਤ ਅਸੀਂ ਧਰਤੀ ਦੇ ਹਾਲਾਤ ਨੂੰ ਆਧਾਰ ਬਣਾ ਕੇ ਮਿੱਥੇ ਹਨ| ਇਸ ਦਾ ਕਾਰਨ ਇਹ ਹੈ ਕਿ ਸਾਨੂੰ ਹੋਰ ਕਿਸੇ ਕਿਸਮ ਦੇ ਹਾਲਾਤ ਵਿਚ ਪਣਪਨ ਵਾਲੇ ਜੀਵਨ ਬਾਰੇ ਨਹੀਂ ਪਤਾ, ਪਰ ਇਹ ਜ਼ਰੂਰ ਪਤਾ ਹੈ ਕਿ ਜੀਵਨ ਧਰਤੀ ਵਰਗੇ ਹਾਲਾਤ ‘ਤੇ ਜ਼ਰੂਰ ਪਣਪ ਸਕਦਾ ਹੈ|
ਸਭ ਤੋਂ ਪਹਿਲਾਂ ਅਸੀਂ ਜਿਸ ਚੀਜ਼ ਦੀ ਖੋਜ ਕਰਦੇ ਹਾਂ, ਉਹ ਹੈ ਤਰਲ ਪਾਣੀ| ਅਸੀਂ ਮੰਨ ਕੇ ਚੱਲਦੇ ਹਾਂ ਕਿ ਜਲ ਬਿਨਾਂ ਜੀਵਨ ਸੰਭਵ ਨਹੀਂ ਹੈ| ਪਾਣੀ ਨੂੰ ਤਰਲ ਰੂਪ ਵਿਚ ਮੌਜੂਦ ਹੋਣ ਲਈ ਗ੍ਰਹਿ ਨੂੰ ਆਪਣੇ ਤਾਰੇ ਤੋਂ ਇਕ ਖਾਸ ਦੂਰੀ ‘ਤੇ ਰਹਿਣਾ ਹੋਵੇਗਾ| ਨਾ ਜ਼ਿਆਦਾ ਨੇੜੇ ਤੇ ਨਾ ਜ਼ਿਆਦਾ ਦੂਰ| ਜ਼ਿਆਦਾ ਨੇੜੇ ਹੋਣ ‘ਤੇ ਗ੍ਰਹਿ ਜ਼ਿਆਦਾ ਗਰਮ ਹੋਵੇਗਾ ਅਤੇ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ| ਜ਼ਿਆਦਾ ਦੂਰ ਹੋਣ ‘ਤੇ ਇਹ ਬਰਫ਼ ਬਣ ਕੇ ਜੰਮ ਜਾਵੇਗਾ| ਇਸ ਖਾਸ ਦੂਰੀ ਨੂੰ ਰਹਿਣਯੋਗ ਖੇਤਰ (habitable zone) ਜਾਂ ਗੋਲਡੀਲੌਕਸ ਜ਼ੋਨ ਕਹਿੰਦੇ ਹਨ| ਗੋਲਡੀਲੌਕਸ ਅਸਲ ਵਿੱਚ ਇਕ ਅੰਗਰੇਜ਼ੀ ਬਾਲ ਕਹਾਣੀ ਹੈ ਜਿਸ ਵਿਚ ਇਕ ਬੱਚੀ ਜੰਗਲ ਵਿਚ 3 ਭਾਲੂਆਂ ਦੇ ਘਰ ਜਾਂਦੀ ਹੈ ਅਤੇ ਉੱਥੇ ਉਸ ਨੂੰ ਦਲੀਏ ਦੀਆਂ ਤਿੰਨ ਕੌਲੀਆਂ ਮਿਲਦੀਆਂ ਹਨ, ਇਕ ਬਹੁਤ ਗਰਮ, ਇਕ ਬਹੁਤ ਠੰਢੀ ਅਤੇ ਇਕ ਬਿਲਕੁਲ ਕੋਸੀ ਹੁੰਦੀ ਹੈ ਜਿਸ ਨੂੰ ਉਹ ਖਾ ਸਕਦੀ ਹੈ| ਗੋਲਡੀਲੌਕਸ ਸ਼ਬਦ ਉਸੇ ਕਹਾਣੀ ਤੋਂ ਲਿਆ ਗਿਆ ਹੈ|
ਗੋਲਡੀਲੌਕਸ ਜ਼ੋਨ ਦਾ ਹਿਸਾਬ ਲਾਉਣ ਲਈ ਸਾਨੂੰ ਤਾਰੇ ਵਿਚੋਂ ਨਿਕਲਦੀ ਕੁੱਲ ਰੇਡੀਏਸ਼ਨ ਦਾ ਪਤਾ ਹੋਣਾ ਜ਼ਰੂਰੀ ਹੈ| ਵੱਡੇ ਅਤੇ ਗਰਮ ਤਾਰੇ ਲਈ ਇਹ ਜ਼ੋਨ ਦੂਰ ਹੋਵੇਗਾ ਅਤੇ ਠੰਢੇ ਅਤੇ ਛੋਟੇ ਤਾਰੇ ਲਈ ਤਾਰੇ ਦੇ ਨੇੜੇ| ਇਸ ਦੇ ਨਾਲ ਹੀ ਸਾਨੂੰ ਗ੍ਰਹਿ ਦੇ ਵਾਯੂਮੰਡਲ ਬਾਰੇ ਵੀ ਪਤਾ ਹੋਣਾ ਜ਼ਰੂਰੀ ਹੈ| ਜੇਕਰ ਵਾਯੂਮੰਡਲ ਵਿਚ ਗ੍ਰੀਨ ਹਾਊਸ ਗੈਸਾਂ ਵਰਗੇ ਤੱਤਾਂ ਦੀ ਮਾਤਰਾ ਜ਼ਿਆਦਾ ਹੈ, ਜੋ ਤਾਰੇ ਤੋਂ ਆਉਂਦੀ ਗਰਮੀ ਨੂੰ ਸੋਖ ਸਕਦੇ ਹਨ, ਤਾਂ ਗ੍ਰਹਿ ਦਾ ਤਾਪਮਾਨ ਵੱਧ ਹੋ ਸਕਦਾ ਹੈ ਅਤੇ ਉਸ ਗ੍ਰਹਿ ‘ਤੇ ਜ਼ਿਆਦਾ ਦੂਰੀ ‘ਤੇ ਵੀ ਤਰਲ ਪਾਣੀ ਰਹਿ ਸਕਦਾ ਹੈ| ਅਜਿਹੇ ਤੱਤਾਂ ਦੀ ਬਹੁਤਾਤ ਗ੍ਰਹਿ ਦਾ ਤਾਪਮਾਨ ਬਹੁਤ ਜ਼ਿਆਦਾ ਵੀ ਵਧਾ ਸਕਦੀ ਹੈ| ਮਸਲਨ ਸ਼ੁੱਕਰ ਗ੍ਰਹਿ ਅਸਲ ਵਿਚ ਸੌਰ ਮੰਡਲ ਦੇ ਰਹਿਣਯੋਗ ਖੇਤਰ ਦੇ ਅੰਦਰ ਆਉਂਦਾ ਹੈ ਅਤੇ ਪਾਣੀ ਇੱਥੇ ਤਰਲ ਰੂਪ ਵਿਚ ਹੋਣਾ ਚਾਹੀਦਾ ਹੈ, ਪਰ ਇਸ ਦੇ ਵਾਯੂਮੰਡਲ ਵਿਚ ਕਾਰਬਨ ਡਾਈਆਕਸਾਈਡ ਏਨੀ ਕੁ ਜ਼ਿਆਦਾ ਹੈ ਕਿ ਇਸ ਦਾ ਤਾਪਮਾਨ 460 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਰਹਿੰਦਾ ਹੈ ਜਿਸ ਕਰਕੇ ਤਰਲ ਪਾਣੀ ਹੋਣਾ ਸੰਭਵ ਨਹੀਂ ਹੈ| ਇਸੇ ਤਰ੍ਹਾਂ ਸਾਡਾ ਉਪਗ੍ਰਹਿ ਚੰਨ ਅਤੇ ਇਕ ਬੌਣਾ ਗ੍ਰਹਿ ਸੀਰੀਸ ਵੀ ਰਹਿਣਯੋਗ ਖੇਤਰ ਦੇ ਅੰਦਰ ਹਨ, ਪਰ ਛੋਟਾ ਆਕਾਰ ਹੋਣ ਕਰਕੇ ਵਾਯੂਮੰਡਲ ਸੰਭਾਲ ਨਹੀਂ ਸਕਦੇ, ਜਿਸ ਕਰਕੇ ਪਾਣੀ ਨੂੰ ਆਮ ਤਾਪਮਾਨ ‘ਤੇ ਤਰਲ ਰੂਪ ਵਿੱਚ ਰਹਿਣ ਲਈ ਲੋੜੀਂਦਾ ਦਬਾਅ ਨਹੀਂ ਮਿਲਦਾ|
ਸੋ ਤਾਰੇ ਦੇ ਆਕਾਰ, ਤਾਪਮਾਨ, ਗ੍ਰਹਿ ਦੀ ਦੂਰੀ ਅਤੇ ਵਾਯੂਮੰਡਲ ਦਾ ਹਿਸਾਬ ਲਗਾ ਕੇ ਅਸੀਂ ਉਸ ਤਾਰੇ ਦਾ ਗੋਲਡੀਲੌਕਸ ਜ਼ੋਨ ਲੱਭ ਸਕਦੇ ਹਾਂ| ਜੇਕਰ ਸਭ ਕੁਝ ਠੀਕ ਹੈ ਤਾਂ ਅਸੀਂ ਉੱਥੇ ਜੀਵਨ ਦੇ ਪਣਪਨ ਦੀ ਉਮੀਦ ਕਰ ਸਕਦੇ ਹਾਂ? ਹਰੇਕ ਤਾਰੇ ਵਿਚੋਂ ਨਿਯਮਿਤ ਰੂਪ ਵਿਚ ਚਾਰਜਿਤ ਕਣ ਨਿਕਲਦੇ ਹਨ| ਇਨ੍ਹਾਂ ਨੂੰ ਫਲੇਅਰਜ਼ (flares) ਕਿਹਾ ਜਾਂਦਾ ਹੈ| ਛੋਟੇ ਅਤੇ ਠੰਢੇ ਤਾਰਿਆਂ ਵਿਚ ਇਹ ਸਰਗਰਮੀ ਜ਼ਿਆਦਾ ਹੁੰਦੀ ਹੈ| ਜੇਕਰ ਇਹ ਸਰਗਰਮੀ ਬਹੁਤ ਜ਼ਿਆਦਾ ਅਤੇ ਤਾਕਤਵਰ ਹੋਵੇ ਤਾਂ ਇਹ ਗ੍ਰਹਿ ਦੇ ਵਾਯੂਮੰਡਲ ਨੂੰ ਹੌਲੀ-ਹੌਲੀ ਖੋਰ ਦੇਵੇਗੀ ਅਤੇ ਗ੍ਰਹਿ ‘ਤੇ ਕੋਈ ਵਾਯੂਮੰਡਲ ਨਹੀਂ ਬਚੇਗਾ| ਵਾਯੂਮੰਡਲ ਨਹੀਂ ਤਾਂ ਜੀਵਨ ਨਹੀਂ| ਸੂਰਜ ਵਿਚੋਂ ਵੀ ਇਹ ਫਲੇਅਰਜ਼ ਨਿਕਲਦੀਆਂ ਰਹਿੰਦਿਆਂ ਹਨ| ਮੰਨਿਆ ਜਾਂਦਾ ਹੈ ਕਿ ਮੰਗਲ ਗ੍ਰਹਿ ‘ਤੇ ਵੀ ਕਦੇ ਸੰਘਣਾ ਵਾਯੂਮੰਡਲ ਹੁੰਦਾ ਸੀ, ਧਰਤੀ ਵਾਂਗ| ਪਰ ਸੂਰਜ ਤੋਂ ਆਉਂਦੀਆਂ ਫਲੇਅਰਜ਼ ਇਸ ਨੂੰ ਆਪਣੇ ਨਾਲ ਵਹਾਅ ਕੇ ਲੈ ਗਈਆਂ ਅਤੇ ਮੰਗਲ ਬੇਜਾਨ ਗ੍ਰਹਿ ਬਣ ਗਿਆ| ਧਰਤੀ ਤਾਂ ਸੂਰਜ ਦੇ ਹੋਰ ਨੇੜੇ ਹੈ, ਇਸ ਦਾ ਵਾਯੂਮੰਡਲ ਕਿਵੇਂ ਬਚ ਗਿਆ? ਉੱਤਰ ਹੈ ਧਰਤੀ ਦਾ ਚੁੰਬਕੀ ਖੇਤਰ| ਦਿਸ਼ਾਵਾਂ ਲੱਭਣ ਵਿਚ ਮਦਦ ਕਰਨ ਦੇ ਨਾਲ-ਨਾਲ ਇਹ ਚੁੰਬਕੀ ਖੇਤਰ ਧਰਤੀ ਦੀ ਢਾਲ ਦਾ ਕੰਮ ਵੀ ਕਰਦਾ ਹੈ ਅਤੇ ਸੂਰਜ ਤੋਂ ਆਉਣ ਵਾਲੇ ਚਾਰਜਿਤ ਕਣਾਂ ਨੂੰ ਉੱਪਰੋਂ ਹੀ ਪਰੇ ਧੱਕ ਦਿੰਦਾ ਹੈ| ਧਰੁਵਾਂ ‘ਤੇ ਦਿਖਣ ਵਾਲੀਆਂ ਰੌਸ਼ਨੀਆਂ (Auroras) ਵੀ ਇਨ੍ਹਾਂ ਕਣਾਂ ਦੀ ਧਰਤੀ ਦੇ ਉੱਪਰਲੇ ਵਾਯੂਮੰਡਲ ਨਾਲ ਕਿਰਿਆ ਕਾਰਨ ਹੀ ਬਣਦੀਆਂ ਹਨ| ਇਸ ਤੋਂ ਇਲਾਵਾ ਸੂਰਜ ਦਾ ਚੁੰਬਕੀ ਖੇਤਰ ਵੀ ਪੁਲਾੜ ਵਿਚੋਂ ਆਉਣ ਵਾਲੇ ਕਣਾਂ ਤੋਂ ਪੂਰੇ ਸੌਰ ਮੰਡਲ ਦੀ ਰੱਖਿਆ ਕਰਦਾ ਹੈ|
ਗ੍ਰਹਿ ਦੀ ਤਾਰੇ ਦੁਆਲੇ ਸਥਿਤੀ ਤੋਂ ਅੱਗੇ ਜਾਇਆ ਜਾਵੇ ਤਾਂ ਤਾਰੇ ਦੀ ਆਪਣੀ ਗਲੈਕਸੀ ਵਿਚ ਸਥਿਤੀ ਵੀ ਜੀਵਨ ਦੇ ਪਣਪਨ ਲਈ ਬਹੁਤ ਮਹੱਤਵਪੂਰਨ ਹੈ| ਇੱਥੇ ਵੀ ਗੋਲਡੀਲੌਕਸ ਜ਼ੋਨ ਦਾ ਸਿਧਾਂਤ ਲਾਗੂ ਹੁੰਦਾ ਹੈ| ਜੀਵਨ ਨੂੰ ਪਣਪਨ ਅਤੇ ਵਿਕਸਿਤ ਹੋਣ ਲਈ ਇੱਕ ਸਥਿਰ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ| ਇਸ ਲਈ ਜ਼ਰੂਰੀ ਹੈ ਕਿ ਤਾਰੇ ਦੇ ਆਸ ਪਾਸ ਕੋਈ ਵੱਡੀ ਖਗੋਲੀ ਘਟਨਾ ਨਾ ਹੋਵੇ ਜੋ ਗ੍ਰਹਿ ਦੇ ਵਾਤਾਵਰਨ ਨੂੰ ਵਿਗਾੜ ਸਕੇ| ਸੁਪਰਨੋਵਾ ਵਿਸਫੋਟ ਇਕ ਅਜਿਹੀ ਹੀ ਘਟਨਾ ਹੈ| ਕਿਸੇ ਗ੍ਰਹਿ ਦੇ ਗੁਆਂਢ ਵਿਚ ਹੋਇਆ ਸੁਪਰਨੋਵਾ ਧਮਾਕਾ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਉਹ ਉਸ ਗ੍ਰਹਿ ਦੇ ਪੂਰੇ ਵਾਤਾਵਰਨ ਨੂੰ ਤਹਿਸ-ਨਹਿਸ ਕਰਕੇ ਜੀਵਨ ਨੂੰ ਖ਼ਤਮ ਕਰ ਦੇਵੇ| ਕਿਸੇ ਵੀ ਗਲੈਕਸੀ ਦੇ ਕੇਂਦਰ ਨੇੜੇ ਤਾਰਿਆਂ ਦੀ ਘਣਤਾ ਜ਼ਿਆਦਾ ਹੁੰਦੀ ਹੈ ਅਤੇ ਤਾਰੇ ਭਾਰੇ ਵੀ ਹੁੰਦੇ ਹਨ| ਇਸ ਲਈ ਉੱਥੇ ਸੁਪਰਨੋਵਾ ਵਿਸਫੋਟ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ| ਦੂਸਰਾ ਉੱਥੇ ਗੁਆਂਢੀ ਤਾਰਿਆਂ ਦੇ ਗੁਰੂਤਾ ਪ੍ਰਭਾਵ ਕਰਕੇ ਗ੍ਰਹਿਆਂ ਦੇ ਪੰਧ ਵਿਗੜਨ ਅਤੇ ਉਲਕਾ ਪਿੰਡਾਂ ਦੇ ਗ੍ਰਹਿਆਂ ਨਾਲ ਟਕਰਾਉਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ| ਅਜਿਹੀ ਜਗ੍ਹਾ ‘ਤੇ ਜੀਵਨ ਦਾ ਪਣਪਨਾ ਔਖਾ ਹੈ| ਗਲੈਕਸੀ ਦੇ ਕੇਂਦਰ ਤੋਂ ਦੂਰ ਜਾਂਦਿਆਂ ਤਾਰਿਆਂ ਦੀ ਘਣਤਾ ਘਟਦੀ ਜਾਂਦੀ ਹੈ ਸੋ ਇਹ ਸਮੱਸਿਆ ਨਹੀਂ ਆਉਂਦੀ, ਪਰ ਨਾਲ ਹੀ ਭਾਰੇ ਤੱਤਾਂ (ਹਾਈਡ੍ਰੋਜਨ ਅਤੇ ਹੀਲੀਅਮ ਤੋਂ ਭਾਰੇ) ਦੀ ਮਾਤਰਾ ਵੀ ਘਟਦੀ ਜਾਂਦੀ ਹੈ| ਭਾਰੇ ਤੱਤਾਂ ਦੀ ਅਣਹੋਂਦ ਕਰਕੇ ਧਰਤੀ ਵਰਗੇ ਚੱਟਾਨੀ ਗ੍ਰਹਿ ਬਣਨੇ ਔਖੇ ਹਨ ਅਤੇ ਜ਼ਿਆਦਾਤਰ ਗ੍ਰਹਿ ਗੈਸੀ ਹੀ ਰਹਿ ਜਾਂਦੇ ਹਨ| ਸੋ ਗਲੈਕਸੀ ਦੇ ਕੇਂਦਰ ਤੋਂ ਖਾਸ ਦੂਰੀ ਵੀ ਜ਼ਰੂਰੀ ਹੈ| ਇੱਥੇ ਇਹ ਵੀ ਗ਼ੌਰਤਲਬ ਹੈ ਕਿ ਸਾਡਾ ਸੂਰਜ, ਅਕਾਸ਼ ਗੰਗਾ ਦੇ ਕੇਂਦਰ ਤੋਂ ਦੂਰ, ਦੋ ਮੁੱਖ ਬਾਂਹਾਂ ‘ਸੈਜੀਟੇਰੀਅਸ’ (Sagittarius) ਅਤੇ ‘ਪਰਸੀਅਸ’ (Perseus) ਦੇ ਵਿਚਕਾਰ ਇਕ ਘੱਟ ਘਣਤਾ ਵਾਲੀ ਛੋਟੀ ਬਾਂਹ ‘ਓਰੀਅਨ’ (Orion) ਵਿੱਚ ਸਥਿਤ ਹੈ ਜਿੱਥੇ ਬਾਹਰੀ ਗੜਬੜ ਦੀ ਸੰਭਾਵਨਾ ਘੱਟ ਹੈ|
ਇਹ ਸਭ ਪੜ੍ਹ ਕੇ ਇਹ ਗੱਲ ਤਾਂ ਸਾਫ਼ ਹੈ ਕਿ ਜੀਵਨ ਦੇ ਪਣਪਨ ਅਤੇ ਜਟਿਲ ਜੀਵਨ ਦੇ ਵਿਕਾਸ ਲਈ ਲੋੜੀਂਦੇ ਹਾਲਾਤ ਕਈ ਸਾਰੇ ਪਹਿਲੂਆਂ ‘ਤੇ ਨਿਰਭਰ ਕਰਦੇ ਹਨ ਅਤੇ ਸਾਰੇ ਸਹੀ ਹਾਲਾਤ ਦਾ ਮੇਲ ਹੋਣਾ ਆਮ ਗੱਲ ਨਹੀਂ ਹੈ| 2011 ਦੀ ਇੱਕ ਖੋਜ ਮੁਤਾਬਕ ਸਾਡੀ ਅਕਾਸ਼ ਗੰਗਾ ਦੇ ਸਿਰਫ਼ 0.3% ਤਾਰੇ ਹੀ ਜਟਿਲ ਜੀਵਨ ਦੇ ਪਣਪਨ ਲਈ ਸਹੀ ਸਥਿਤੀਆਂ ਦੇ ਸਕਦੇ ਹਨ| ਸ਼ਾਇਦ ਇਸੇ ਕਰਕੇ ਸਾਨੂੰ ਹੁਣ ਤੱਕ ਧਰਤੀ ਤੋਂ ਬਿਨਾਂ ਕਿਤੇ ਹੋਰ ਜੀਵਨ ਨਹੀਂ ਮਿਲਿਆ|
ਪਿਛਲੇ ਕੁਝ ਸਮੇਂ ਵਿਚ ਕਈ ਵਿਗਿਆਨੀਆਂ ਨੇ ਰਹਿਣਯੋਗ ਖੇਤਰ ਦੇ ਸਿਧਾਂਤ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਤਰਲ ਪਾਣੀ ਲੋੜੀਂਦੇ ਤਾਪਮਾਨ ਲਈ ਸਿਰਫ਼ ਤਾਰੇ ਤੋਂ ਮਿਲਣ ਵਾਲੀ ਊਰਜਾ ‘ਤੇ ਨਿਰਭਰ ਨਹੀਂ ਹੈ| ਸ਼ਨੀ ਦੇ ਚੰਨਾਂ ਟਾਇਟਨ ਅਤੇ ਐਨਸੈਲਡਸ ਅਤੇ ਬ੍ਰਹਿਸਪਤੀ ਦੇ ਚੰਨਾਂ ਯੂਰੋਪਾ ਅਤੇ ਗੈਰੀਮੇਡ ਦੀ ਸਤ੍ਵਾ ਹੇਠ ਵੱਡੀ ਮਾਤਰਾ ਵਿਚ ਤਰਲ ਪਾਣੀ ਹੋਣ ਦੇ ਸੰਕੇਤ ਮਿਲੇ ਹਨ| ਇਹ ਪਾਣੀ ਗ੍ਰਹਿਆਂ ਦੇ ਟਾਈਡਲ ਦਬਾਅ ਅਤੇ ਕੇਂਦਰ ਵਿਚ ਮੌਜੂਦ ਰੇਡੀਓਐਕਟਿਵ ਤੱਤਾਂ ਦੇ ਘਟਣ ਨਾਲ ਪੈਦਾ ਹੋਈ ਗਰਮੀ ਨਾਲ ਤਰਲ ਰਹਿ ਸਕਦਾ ਹੈ| ਸਤ੍ਵਾ ਉੱਪਰ ਜੰਮੀ ਬਰਫ਼ ਇਸ ਨੂੰ ਬਚਾਅ ਕੇ ਰੱਖਦੀ ਹੈ| ਹੋ ਸਕਦਾ ਹੈ ਕਿ ਇਨ੍ਹਾਂ ਪਾਣੀਆਂ ਵਿਚ ਜੀਵਨ ਹੋਵੇ, ਜਿਵੇਂ ਧਰਤੀ ਦੇ ਡੂੰਘੇ ਪਾਣੀਆਂ ਵਿੱਚ ਹੁੰਦਾ ਹੈ|
*ਵਿਗਿਆਨੀ, ਇਸਰੋ, ਤਿਰੂਵਨੰਤਪੁਰਮ|
ਸੰਪਰਕ: 99957-65095