ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਵਨ-ਜਾਚ ਤੇ ਵਾਤਾਵਰਨ ਸੰਭਾਲ

06:22 AM Nov 23, 2023 IST

ਵਾਤਾਵਰਨ ਸੰਭਾਲ ਨੂੰ ਸਮਾਜ ਦਾ ਸਮੂਹਿਕ ਮੁੱਦਾ ਬਣਾ ਕੇ ਪੇਸ਼ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ, ਜ਼ਹਿਰੀਲੀਆਂ (ਗਰੀਨ ਹਾਊਸ) ਗੈਸਾਂ ਦੀ ਪੈਦਾਵਾਰ ਘਟਾਉਣਾ ਅਤੇ ਜਲਵਾਯੂ ’ਤੇ ਮਾੜਾ ਅਸਰ ਪਾ ਰਹੇ ਵਰਤਾਰਿਆਂ ’ਤੇ ਲਗਾਮ ਕੱਸਣਾ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ; ਇਹ ਸਹੀ ਵੀ ਹੈ ਪਰ ਕਈ ਵਾਰ ਇਸ ਪਹੁੰਚ ਰਾਹੀਂ ਵਾਤਾਵਰਨ ਦੇ ਉਜਾੜੇ ਅਤੇ ਜਲਵਾਯੂ ਤਬਦੀਲੀ ਦੇ ਜਮਾਤੀ ਪੱਖਾਂ ਨੂੰ ਅਣਗੌਲਿਆਂ ਕਰਨ ਦਾ ਯਤਨ ਕੀਤਾ ਜਾਂਦਾ ਹੈ। ਕੌਮਾਂਤਰੀ ਸੰਸਥਾ ਔਕਸਫੈਮ ਅਨੁਸਾਰ ਕੀਤਾ ਗਿਆ ਅਧਿਐਨ ਇਸ ਦਾ ਜਮਾਤੀ ਪੱਖ ਉਭਾਰਦਾ ਹੈ; ਇਸ ਅਧਿਐਨ ਅਨੁਸਾਰ ਦੁਨੀਆ ਦੇ ਸਿਖਰਲੇ ਇਕ ਫ਼ੀਸਦੀ ਅਮੀਰ ਦੁਨੀਆ ਵਿਚ ਹੁੰਦੀ ਕਾਰਬਨ ਡਾਇਆਕਸਾਈਡ ਦੀ ਪੈਦਾਵਾਰ ਦੇ 16 ਫ਼ੀਸਦੀ ਹਿੱਸੇ ਲਈ ਜ਼ਿੰਮੇਵਾਰ ਹਨ; ਇਹ ਪੈਦਾਵਾਰ ਓਨੀ ਹੈ ਜਿੰਨੀ ਦੁਨੀਆ ਦੇ ਹੇਠਲੇ 66 ਫ਼ੀਸਦੀ ਲੋਕ ਕਰਦੇ ਹਨ। ਇਸ ਤੱਥ ਦੇ ਇਹ ਅਰਥ ਵੀ ਹਨ ਕਿ ਉੱਪਰਲੇ 34 ਫ਼ੀਸਦੀ ਲੋਕ ਦੁਨੀਆ ਵਿਚ ਕਾਰਬਨ ਡਾਇਆਕਸਾਈਡ ਦੀ ਪੈਦਾਵਾਰ ਦੇ 84 ਫ਼ੀਸਦੀ ਹਿੱਸੇ ਲਈ ਜ਼ਿੰਮੇਵਾਰ ਹਨ। ਕਾਰਬਨ ਡਾਇਆਕਸਾਈਡ, ਮੀਥੇਨ ਤੇ ਨਾਈਟਰਸ ਆਕਸਾਈਡ ਜਿਹੀਆਂ ਗੈਸਾਂ ਦੀ ਵਧ ਰਹੀ ਪੈਦਾਵਾਰ ਕਾਰਨ ਆਲਮੀ ਤਪਸ਼ ਵਧ ਰਹੀ ਹੈ।
ਅਧਿਐਨ ਇਹ ਦਿਖਾਉਂਦਾ ਹੈ ਕਿ ਅਮੀਰ ਵਿਅਕਤੀ ਜ਼ਿਆਦਾ ਊਰਜਾ ਇਸਤੇਮਾਲ ਕਰਦੇ ਹਨ; ਉਹ ਜ਼ਿਆਦਾ ਵਾਹਨ, ਏਅਰਕੰਡੀਸ਼ਨਰ, ਫਰਿੱਜ ਆਦਿ ਵਰਤਦੇ ਹਨ; ਬਹੁਤਿਆਂ ਕੋਲ ਨਿੱਜੀ ਹਵਾਈ ਜਹਾਜ਼ ਹਨ; ਉਨ੍ਹਾਂ ਦੀ ਜੀਵਨ-ਜਾਚ ਅਜਿਹੀ ਹੈ ਕਿ ਉਨ੍ਹਾਂ ਦੀ ਊਰਜਾ ਦੀ ਖਪਤ ਤੇ ਕਾਰਬਨ ਡਾਇਆਕਸਾਈਡ ਦੀ ਪੈਦਾਇਸ਼ ਬਹੁਤ ਜ਼ਿਆਦਾ ਹੈ। ਜਿੰਨੀ ਕਾਰਬਨ ਡਾਇਆਕਸਾਈਡ ਸਿਖਰਲੇ ਅਮੀਰ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਇਮਾਰਤਾਂ, ਵਾਹਨ ਆਦਿ ਇਕ ਸਾਲ ਵਿਚ ਪੈਦਾ ਕਰਦੇ ਹਨ, ਓਨੀ ਕਾਰਬਨ ਡਾਇਆਕਸਾਈਡ ਗ਼ਰੀਬ ਵਿਅਕਤੀ 1500 ਸਾਲਾਂ ਵਿਚ ਪੈਦਾ ਕਰੇਗਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਇਹ ਅੰਕੜੇ ਇਨ੍ਹਾਂ ਅਮੀਰਾਂ ਦੀਆਂ ਸਨਅਤਾਂ ਜਾਂ ਕਾਰੋਬਾਰਾਂ ਨਾਲ ਸਬੰਧਿਤ ਨਹੀਂ ਸਗੋਂ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਅਤੇ ਜੀਵਨ-ਜਾਚ ਨਾਲ ਜੁੜੀਆਂ ਵਸਤਾਂ, ਯੰਤਰਾਂ, ਵਾਹਨਾਂ ਆਦਿ ਨਾਲ ਸਬੰਧਿਤ ਹਨ। ਇਸ ਤਰ੍ਹਾਂ ਵੱਧ ਸਾਧਨਾਂ ਵਾਲੇ ਵਿਅਕਤੀਆਂ ਦੀ ਜੀਵਨ-ਜਾਚ ਵਾਤਾਵਰਨ ਲਈ ਜ਼ਿਆਦਾ ਨੁਕਸਾਨਦੇਹ ਹੈ।
ਔਕਸਫੈਮ ਇਸ ਵਾਤਾਵਰਨ ਵਿਰੋਧੀ ਜੀਵਨ-ਜਾਚ ’ਤੇ ਲਗਾਮ ਕੱਸਣ ਲਈ ਸਿਖਰਲੇ ਅਮੀਰਾਂ ’ਤੇ ਵੱਧ ਟੈਕਸ ਲਗਾਉਣ ਦੀ ਵਕਾਲਤ ਕਰਦੀ ਹੈ। ਸੰਸਥਾ ਦੀ ਦਲੀਲ ਹੈ ਕਿ ਉਨ੍ਹਾਂ ’ਤੇ ਟੈਕਸ ਨਾ ਲਗਾ ਕੇ ਅਸੀਂ ਉਨ੍ਹਾਂ (ਸਿਖਰਲੇ ਅਮੀਰਾਂ) ਦੀ ਸਾਨੂੰ ਲੁੱਟਣ ਦੀ ਸ਼ਕਤੀ ਨੂੰ ਵਧਾ ਰਹੇ ਹਾਂ। ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਦੁਨੀਆ ਦੀਆਂ ਦੋ ਪ੍ਰਮੁੱਖ ਸਮੱਸਿਆਵਾਂ ਇਹ ਹਨ: ਸਮਾਜਿਕ ਤੇ ਆਰਥਿਕ ਨਾ-ਬਰਾਬਰੀ ਅਤੇ ਜਲਵਾਯੂ ਤਬਦੀਲੀ; ਇਹ ਦੋਵੇਂ ਵਰਤਾਰੇ ਇਕ-ਦੂਸਰੇ ਨਾਲ ਵੀ ਜੁੜੇ ਹੋਏ ਹਨ। ਇਹ ਵੀ ਦੇਖਿਆ ਗਿਆ ਹੈ ਕਿ ਵੱਧ ਅਮੀਰ ਅਤੇ ਵੱਧ ਨਾ-ਬਰਾਬਰੀ ਵਾਲੇ ਦੇਸ਼ ਜ਼ਿਆਦਾ ਪ੍ਰਦੂਸ਼ਣ ਕਰਨ ਵਾਲੀਆਂ ਗੈਸਾਂ ਪੈਦਾ ਕਰਦੇ ਹਨ। ਔਕਸਫੈਮ ਦੇ ਅਧਿਐਨ ਵਿਚ ਇਹ ਵੀ ਪਾਇਆ ਗਿਆ ਸੀ ਕਿ ਸਿਖਰਲੇ ਅਮੀਰ ਬਹੁਤਾ ਕਰ ਕੇ ਉਨ੍ਹਾਂ ਸਨਅਤਾਂ ਤੇ ਕਾਰੋਬਾਰਾਂ ਵਿਚ ਨਿਵੇਸ਼ ਕਰਦੇ ਹਨ ਜਿਹੜੇ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਦੇ ਹਨ; ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਨਅਤਾਂ ਤੇ ਕਾਰੋਬਾਰਾਂ ਵਿਚ ਮੁਨਾਫ਼ਾ ਜ਼ਿਆਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਕੰਟਰੋਲ ਕਰਨ ਲਈ ਘੱਟ ਪੈਸੇ ਖਰਚ ਕੀਤੇ ਜਾਂਦੇ ਹਨ। ਦੁਨੀਆ ਭਰ ਦੇ ਆਗੂ ਤੇ ਮਾਹਿਰ ਦੁਬਈ ਵਿਚ ਵਾਤਾਵਰਨ ਬਾਰੇ ਸੰਯੁਕਤ ਰਾਸ਼ਟਰ ਦੇ ਸਿਖਰਲੇ ਸੰਮੇਲਨ ਕਾਪ-28 ਵਿਚ ਜੁੜ ਰਹੇ ਹਨ; ਉਸ ਵਿਚ ਜਿੱਥੇ ਪ੍ਰਦੂਸ਼ਣ ਘਟਾਉਣ ਲਈ ਗਰੀਨ ਹਾਊਸ ਗੈਸਾਂ ਦੀ ਪੈਦਾਇਸ਼ ਘਟਾਉਣ ਦੀ ਗੱਲ ਹੋਣੀ ਹੈ, ਉੱਥੇ ਇਸ ਵਰਤਾਰੇ ਦੇ ਜਮਾਤੀ ਤੱਤ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਸਿਖਰਲੇ ਅਮੀਰਾਂ ਨੂੰ ਆਪਣੀ ਦੌਲਤ ਦੇ ਬਲ ’ਤੇ ਜ਼ਹਿਰੀਲੀਆਂ ਗੈਸਾਂ ਦੀ ਅੰਧਾਧੁੰਦ ਪੈਦਾਇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਿੱਥੇ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਵਿਗਿਆਨ ਤੇ ਤਕਨੀਕ ਦੀ ਜ਼ਰੂਰਤ ਹੈ, ਉੱਥੇ ਮਨੁੱਖ ਦੀ ਜੀਵਨ-ਜਾਚ ਵਿਚ ਤਬਦੀਲੀਆਂ ਦੀ ਵੀ ਲੋੜ ਹੈ; ਖ਼ਾਸ ਕਰ ਕੇ ਉਸ ਤਰ੍ਹਾਂ ਦੀ ਜੀਵਨ-ਜਾਚ ਜੋ ਪ੍ਰਦੂਸ਼ਣ ਵਧਾਉਂਦੀ ਹੋਵੇ। ਇਸ ਤਰ੍ਹਾਂ ਦੀ ਜੀਵਨ-ਜਾਚ ਨੂੰ ਨਿਯਮਤ ਕਰਨ ਲਈ ਇਸ ਨਾਲ ਜੁੜੇ ਖਰਚਿਆਂ ’ਤੇ ਟੈਕਸ ਲਾਉਣੇ ਜ਼ਰੂਰੀ ਹਨ।

Advertisement

Advertisement