ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਰਾਏ ’ਤੇ ਜ਼ਿੰਦਗੀ

08:48 AM Oct 16, 2023 IST

ਜਸਬੀਰ ਢੰਡ

Advertisement

ਗੱਲਾਂ ਦੋਵੇਂ ਹੀ ਔਖੀਆਂ ਹਨ- ਕਿਰਾਏ ’ਤੇ ਰਹਿਣਾ ਵੀ ਤੇ ਕਿਰਾਏਦਾਰ ਰੱਖਣਾ ਵੀ...।
ਕਿਰਾਏਦਾਰ ਦੀ ਜ਼ਿੰਦਗੀ ਅਧੀਨਗੀ ਵਾਲੀ ਹੁੰਦੀ ਹੈ। ਕਿਰਾਏਦਾਰ ਦੋ ਨੰਬਰ ਦਾ ਨਾਗਰਿਕ ਹੁੰਦਾ। ਤੁਸੀਂ ਓਨੀ ਦੇਰ ਹੀ ਕਿਰਾਏ ਦੇ ਮਕਾਨ ਵਿਚ ਰਹਿ ਸਕਦੇ ਹੋ ਜਿੰਨੀ ਦੇਰ ਤੱਕ ਤੁਹਾਡੀ ਸੁਰ ਮਕਾਨ ਮਾਲਕ ਨਾਲ ਮਿਲਦੀ ਹੈ।
ਕਿਰਾਏ ’ਤੇ ਮਕਾਨ ਪੁੱਛਣ ਜਾਓ ਤਾਂ ਮਾਲਕ ਇੰਝ ਸ਼ੱਕ ਦੀ ਨਿਗਾਹ ਨਾਲ ਦੇਖੇਗਾ ਜਿਵੇਂ ਤੁਸੀਂ ਕੋਈ ਚੋਰ-ਉਚੱਕੇ ਹੋਵੋ!
“ਪਹਿਲਾਂ ਕਿੱਥੇ ਰਹਿੰਦੇ ਸੀ? ਉਹ ਮਕਾਨ ਕਿਉਂ ਛੱਡ ਦਿੱਤਾ? ਬੱਚੇ ਕਿੰਨੇ ਹਨ? ਤਨਖਾਹ ਕਿੰਨੀ ਹੈ? ਰਾਤ ਨੂੰ ਕਿੰਨੇ ਵਜੇ ਘਰੇ ਵੜਦੇ ਹੋ? ਨੌਂ ਵਜੇ ਤੋਂ ਬਾਅਦ ਗੇਟ ਨਹੀਂ ਖੁੱਲ੍ਹੇਗਾ...।” ਰਿਮਾਂਡ ’ਤੇ ਲਏ ਮੁਜਰਿਮ ਤੋਂ ਪੁਲੀਸ ਇੰਨੇ ਸਵਾਲ ਨਹੀਂ ਪੁੱਛਦੀ ਹੋਣੀ ਜਿੰਨੇ ਮਾਲਕ ਮਕਾਨ ਕਿਰਾਏਦਾਰ ਤੋਂ ਪੁੱਛਦਾ ਹੈ।
ਤੇ ਫਿਰ ਸ਼ਰਤਾਂ ਦੀ ਲੰਮੀ ਲਿਸਟ... “ਇੰਝ ਨਹੀਂ ਕਰਨਾ... ਉਂਝ ਨਹੀਂ ਕਰਨਾ...।”
ਦੂਜੇ ਪਾਸੇ ਕਿਰਾਏਦਾਰਾਂ ਦੇ ਕਿੱਸੇ ਵੀ ਬਥੇਰੇ ਦੇਖੇ ਸੁਣੇ ਹਨ ਜਦੋਂ ਉਹ ਕਿਰਾਇਆ ਦੇਣ ਦਾ ਨਾਉਂ ਨਹੀਂ ਲੈਂਦੇ, ਮਕਾਨ ਦਾ ਸੱਤਿਆਨਾਸ ਮਾਰ ਦਿੰਦੇ ਹਨ, ਮਕਾਨ ਦੱਬ ਲੈਂਦੇ ਹਨ। ਮਕਾਨ ਮਾਲਕ ਵਰ੍ਹਿਆਂ ਬੱਧੀ ਕੋਰਟਾਂ-ਕਚਹਿਰੀਆਂ ਵਿਚ ਖੱਜਲ-ਖੁਆਰ ਹੁੰਦੇ ਫਿਰਦੇ ਹਨ।
...ਤੇ ਅਜਿਹੇ ਮਕਾਨ ਮਾਲਕ ਵੀ ਦੇਖੇ ਹਨ ਜੋ ਕਿਰਾਇਆ ਨਾ ਦੇਣ ’ਤੇ, ਜਾਂ ਮਕਾਨ ਖਾਲੀ ਨਾ ਕਰਨ ’ਤੇ ਭਾਂਡੇ ਚਲਾ ਕੇ ਗਲੀ ਵਿਚ ਮਾਰਦੇ ਹਨ, ਜਾਂ ਭਾੜੇ ਦੇ ਗੁੰਡਿਆਂ ਤੋਂ ਕੁਟਾਪਾ ਚਾੜ੍ਹ ਕੇ ਮਕਾਨ ਖਾਲੀ ਕਰਵਾ ਲੈਂਦੇ ਹਨ।
ਮੈਂ ਚੁਤਾਲੀ ਸਾਲ ਦੀ ਉਮਰ ਤੱਕ ਕਿਰਾਏ ਦੇ ਮਕਾਨਾਂ ਵਿਚ ਜ਼ਿੰਦਗੀ ਗੁਜ਼ਾਰੀ ਹੈ। ਬਹੁਤ ਸਾਰੇ ਖੱਟੇ-ਮਿੱਠੇ, ਕੌੜੇ-ਕੁਸੈਲੇ ਅਨੁਭਵ ਹੱਡੀਂ ਹੰਢਾਏ ਹਨ। ਇਕੱਲਾ ਕਮਾਉਣ ਵਾਲਾ, ਤਨਖਾਹ ਥੋੜ੍ਹੀ, ਪਤਨੀ ਤੇ ਦੋ ਬੱਚੇ। ਉਪਰੋਂ ਬਾਪ ਦੀ ਕਬੀਲਦਾਰੀ, ਸੱਤ ਭੈਣ-ਭਰਾ। ਹਰ ਦੂਜੇ ਤੀਜੇ ਸਾਲ ਕਿਸੇ ਭੈਣ ਜਾਂ ਭਰਾ ਦੇ ਵਿਆਹ ਲਈ ਬਣਦਾ ਹਿੱਸਾ ਪਾਉਣਾ। ਬਾਪ ਤਾਂ ਦੋ ਵਿਆਹ ਕਰ ਕੇ ਹਾਰ ਗਿਆ ਸੀ। ਉੱਪਰੋਂ ਉਸ ਦੀ ਟੀਬੀ ਦੀ ਨਾ-ਮੁਰਾਦ ਬਿਮਾਰੀ ਦਾ ਖਰਚ। 1933 ਦਾ ਮੈਟ੍ਰਿਕੁਲੇਟ ਬਾਪ (ਜਦੋਂ ਦਸਵੀਂ ਪਾਸ ਨਾਇਬ ਤਹਿਸੀਲ ਲੱਗ ਜਾਂਦੇ ਸਨ) ਵੱਡੀ ਕਬੀਲਦਾਰੀ ਦਾ ਭੰਨਿਆ ਸਾਰੀ ਉਮਰ ਆਪਣਾ ਮਕਾਨ ਨਾ ਬਣਾ ਸਕਿਆ।
ਉਦੋਂ ਮੇਰਾ ਵਿਆਹ ਨਹੀਂ ਹੋਇਆ ਸੀ। ਟੱਬਰ ਸਾਂਝਾ ਸੀ। ਬੰਦ ਗਲੀ ਵਾਲੇ ਮਕਾਨ ਵਿਚ ਮਕਾਨ ਮਾਲਕ ਦਾ ਭਣੋਈਆ ਫੌਜ ਵਿਚੋਂ ਸੇਵਾ ਮੁਕਤ ਹੋ ਕੇ ਆ ਗਿਆ ਸੀ। ਸਾਨੂੰ ਮਕਾਨ ਖਾਲੀ ਕਰਨ ਲਈ ਆਖ ਦਿੱਤਾ ਗਿਆ। ਨਾਲ ਵਾਲੀ ਗਲੀ ਵਿਚ ਕਿਸੇ ਖਾਲੀ ਮਕਾਨ ਦੀ ਦੱਸ ਪਈ। ਬੁੱਢਾ ਤੇ ਬੁੱਢੀ ਸੀ ਬੇ-ਔਲਾਦ। ਮਕਾਨ ਵਿਚ ਆਪ ਰਹਿੰਦੇ ਸਨ। ਇੱਕ ਪੋਰਸ਼ਨ ਸੀ- ਦੋ ਕਮਰੇ, ਰਸੋਈ ਤੇ ਸਾਂਝਾ ਗੁਸਲਖਾਨਾ ਮੰਨ ਗਏ
ਕਿਰਾਏ ’ਤੇ ਦੇਣ ਲਈ। ਕਿਰਾਇਆ ਤੇ ਹੋਰ ਸ਼ਰਤਾਂ ਵੀ ਖੋਲ੍ਹ ਲਈਆਂ। ਕਹਿੰਦੇ- ਅੱਜ ਸਾਫ਼-ਸਫ਼ਾਈ ਕਰ ਲਓ, ਭਲਕੇ ਸਮਾਨ ਧਰ ਲੈਣਾ। ਮੈਂ, ਮਾਂ, ਭੈਣ ਤੇ ਛੋਟੇ ਭਰਾ ਨੇ ਰਲ਼ ਕੇ ਸਾਰੀਆਂ ਕੰਧਾਂ ਤੋਂ ਜਾਲ਼ੇ ਲਾਹੇ। ਨਲ਼ਕੇ ਤੋਂ ਬਾਲਟੀਆਂ ਭਰ ਭਰ ਇੱਟਾਂ ਵਾਲੇ ਫਰਸ਼ ਧੋਤੇ। ਗੱਲ ਮੁਕਾਓ, ਸਾਰੀ ਸਾਫ਼-ਸਫ਼ਾਈ ਕਰ ਕੇ ਰਾਤ ਨੂੰ ਥੱਕ ਟੁੱਟ ਕੇ ਪੈ ਗਏ। ਅਗਲੇ ਦਿਨ ਜਦੋਂ ਪੁੱਛਣ ਗਏ ਬਈ ਸਮਾਨ ਲੈ ਆਈਏ ਤਾਂ ਬੁੱਢਾ ਮੁੱਕਰ ਗਿਆ! “ਨਹੀਂ ਦੇਣਾ ਅਸੀਂ ਮਕਾਨ!”
ਮਕਾਨ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਰੁੱਖਾ ਜਿਹਾ ਬੋਲਿਆ, “ਕਾਰਨ ਕੀ? ਬੱਸ ਕਹਿ ਦਿੱਤਾ ਬਈ ਨਹੀਂ ਦੇਣਾ, ਕੋਈ ਜ਼ਬਰਦਸਤੀ ਐ?”
ਇੰਨੀ ਬੇਇਜ਼ਤੀ! ਇੰਨੀ ਜ਼ਿੱਲਤ!!
ਉਦੋਂ ਭੋਲੇ ਦੇ ਮਕਾਨ ਵਿਚ ਰਹਿੰਦਾ ਸਾਂ। ਇੱਕ ਕਮਰਾ, ਨਾਲ ਨਿੱਕੀ ਜਿਹੀ ਰਸੋਈ, ਪਰਲੇ ਖੂੰਜੇ ਵਿਚ ਬੋਰ ਵਾਲੀ ਲੈਟਰੀਨ। ਕੱਚੇ ਵਿਹੜੇ ਵਿਚ ਉਹਨਾਂ ਦੀ ਮੱਝ ਬੰਨ੍ਹੀ ਹੁੰਦੀ। ਨਾਲ ਹੀ ਰੂੜੀ ਲੱਗੀ ਹੁੰਦੀ। ਕਈ ਵਾਰ ਕੋਲੋਂ ਲੰਘਦਿਆਂ ਮੱਝ ਨੇ ਗੋਹ ਤੇ ਮੂਤ ਨਾਲ ਲਿੱਬੜੀ ਪੂਛ ਮਾਰ ਕੇ ਧੋਤੇ ਕੱਪੜਿਆਂ ’ਤੇ ਚਿੱਤਰਕਾਰੀ ਕਰ ਦੇਣੀ। ਨਾਲ ਵਾਲੇ ਕਮਰੇ ਵਿਚ ਉਹਨਾਂ ਤੂੜੀ ਪਾਈ ਹੋਈ ਸੀ। ਹਵਾ ਚੱਲਦੀ ਤਾਂ ਬਰੀਕ ਰੀਣ ਹਵਾ ਵਿਚ ਉੱਡੀ ਫਿਰਦੀ ਅੱਖਾਂ ਵਿਚ ਵੀ ਪੈ ਜਾਂਦੀ ਤੇ ਸਮਾਨ ’ਤੇ ਵੀ।
ਮੁਹੱਲੇ ’ਚ ਵਿਆਹ ਸੀ। ਸਜੀਆਂ ਫੱਬੀਆਂ ਤ੍ਰੀਮਤਾਂ ਸਿਰ ’ਤੇ ਪਰਾਤ ਚੁੱਕੀ ਭਾਜੀ ਘਰੋ-ਘਰ ਵੰਡਦੀਆਂ ਫਿਰ ਰਹੀਆਂ ਸਨ, ਬਾਰ ਮੂਹਰੇ ਆ ਕੇ ਰੁਕ ਗਈਆਂ:
“ਕੁੜੇ ਆਹ ਘਰ?”
“ਨਹੀਂ... ਨਹੀਂ... ਅਗਾਂਹ ਚੱਲੋ! ਇਹ ਤਾਂ ਕਿਰਾਏਦਾਰ ਐ।”
ਸਕੂਲੋਂ ਛੁੱਟੀ ਹੋਣ ’ਤੇ ਜਦੋਂ ਘਰ ਆਇਆ ਤਾਂ ਪਤਨੀ ਹੁਬਕੀਂ ਰੋ ਰਹੀ ਸੀ।
ਗਾਂਧੀ ਸਕੂਲ ਦੀ ਨੁੱਕਰ ਵਾਲਾ ਮਕਾਨ ਬੁਢਲਾਡੇ ਦੇ ਇੱਕ ਆਰੇ ਵਾਲੇ ਦਾ ਸੀ। ਉਸ ਦੀ ਸ਼ਰਤ ਸੀ ਕਿ ਕਿਰਾਇਆ ਆਪ ਬੁਢਲਾਡੇ ਦੇ ਕੇ ਜਾਣਾ ਹੈ। ਛੋਟੀ ਭੈਣ ਦਾ ਵਿਆਹ ਸੀ। ਉਸ ਮਹੀਨੇ ਕਿਰਾਇਆ ਦੇਣ ਨਾ ਜਾ ਹੋਇਆ। ਜਦੋਂ ਬਾਪ ਨੇ ਅਗਲੇ ਮਹੀਨੇ ਮੈਨੂੰ ਦੋ ਮਹੀਨੇ ਦਾ ਕਿਰਾਇਆ ਦੇਣ ਬੁਢਲਾਡੇ ਭੇਜਿਆ ਤਾਂ ਆਰੇ ਵਾਲਾ ਲੋਹਾ ਲਾਖਾ ਹੋਇਆ ਬੈਠਾ ਸੀ- “ਪਿਛਲੇ ਮਹੀਨੇ ਕਿਉਂ ਨਹੀਂ ਦੇਣ ਆਏ ਕਿਰਾਇਆ?”
ਮੈਂ ਦੱਸਿਆ ਕਿ ਭੈਣ ਦਾ ਵਿਆਹ ਸੀ। “ਲੈ ਜਾ ਮੋੜ ਕੇ... ਕਹਿ ਦੇਈਂ ਆਪਣੇ ਬਾਪ ਨੂੰ ਹੋਰ ਮਕਾਨ ਲੱਭ ਲਵੇ।” ਮੈਂ ਨਿੰਮੋਝਣਾ ਜਿਹਾ ਹੋਇਆ, ਨਾ ਖੜ੍ਹਨ ਜੋਗਾ, ਨਾ ਮੁੜਨ ਜੋਗਾ। ਪੈਰ ਘੜੀਸਦਾ ਗੇਟ ਵੱਲ ਤੁਰਿਆ ਤਾਂ ਪਿੱਛੋਂ ਆਵਾਜ਼ ਆਈ, “ਆਹ ਜਿਹੜਾ ਲੈ ਕੇ ਆਇਐਂ, ਇਹ ਤਾਂ ਫੜਾ ਜਾ...।” ਕਿਰਾਇਆ ਫੜਾ ਦਿੱਤਾ ਤੇ ਮਣ ਮਣ ਦੇ ਪੈਰ ਘੜੀਸਦਾ ਬਸ ਚੜ੍ਹ ਆਇਆ।
ਤੇ ਫੇਰ ਨਵੇਂ ਮਕਾਨ ਦੀ ਤਲਾਸ਼ ਸ਼ੁਰੂ ਹੋ ਗਈ।
ਸੰਪਰਕ: 94172-87399

Advertisement
Advertisement