For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ

08:02 AM Jul 29, 2020 IST
ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ
Advertisement

ਮਲਵਿੰਦਰ ਜੀਤ ਸਿੰਘ ਵੜੈਚ

Advertisement

ਊਧਮ ਸਿੰਘ ਅਨੁਸਾਰ ਉਹ ਪਟਿਆਲਾ ਰਿਆਸਤ ਦੇ ਸੁਨਾਮ ਸ਼ਹਿਰ ’ਚ ਪੈਦਾ ਹੋਇਆ ਸੀ। ਉਹ ਦੱਸਦਾ ਹੈ ਕਿ ਉਸ ਨੇ ਕੋਈ ਤਾਲੀਮ ਹਾਸਲ ਨਹੀਂ ਸੀ ਕੀਤੀ। ਉਸ ਨੇ ਛੋਟੀ ਉਮਰੇ ਹੀ ਇਲੈਕਟਰੀਸ਼ਨ ਦਾ ਕਿੱਤਾ ਅਪਣਾਇਆ ਅਤੇ ਆਪਣੇ ਭਾਰਤੀ ਦੋਸਤਾਂ-ਮਿੱਤਰਾਂ ਨਾਲ ਹਿੰਦੋਸਤਾਨ ਅੰਦਰ ਵਿਚਰਿਆ। ਉਹ ਪਹਿਲੀ ਵਾਰ ਵਤਨੋਂ ਬਾਹਰ 1918 ਵਿੱਚ ਮੋਬਾਸਾ, ਪੂਰਬੀ ਅਫਰੀਕਾ ਗਿਆ। ਇੱਥੇ ਉਸ ਨੇ ਮੋਟਰ ਮਕੈਨਿਕ ਵਜੋਂ ਨੈਰੋਬੀ ਵਿੱਚ ਇੱਕ ਜਰਮਨ ਕੰਪਨੀ ਵਿੱਚ ਕੰਮ ਕੀਤਾ। ਉਸ ਨੂੰ ਠੀਕ ਤਰ੍ਹਾਂ ਚੇਤਾ ਤਾਂ ਨਹੀਂ, ਪਰ ਇਹ ਡੇਢ ਕੁ ਸਾਲ ਦੇ ਕਰੀਬ ਹੋ ਸਕਦੈ। ਉਥੋਂ ਉਸ ਨੂੰ ਗ਼ੈਰ ਹਾਜ਼ਰ ਰਹਿਣ ਕਰਕੇ ਨੌਕਰੀਉਂ ਕੱਢ ਦਿੱਤਾ ਗਿਆ ਸੀ।

ਉਹ ਜੂਨ 1919 ਦੇ ਨੇੜ-ਤੇੜ ਦੇਸ਼ ਪਰਤਿਆ ਅਤੇ ਭਾਰਤ ਵਿੱਚ ਕਈ ਥਾਈਂ ਘੁੰਮਿਆ-ਫਿਰਿਆ। ਇਸ ਦੌਰਾਨ ਉਸ ਨੇ ਅੰਮ੍ਰਿਤਸਰ ਵਿੱਚ ਸਥਿਤ ਆਪਣੇ ਮਕਾਨ ਨੂੰ ਵੇਚ ਕੇ 11,000/- ਰੁਪਏ ਦੀ ਰਕਮ ਵਸੂਲੀ। 1921 ’ਚ ਉਹ ਇੰਗਲੈਂਡ ਪਹੁੰਚ ਕੇ ਡੋਵਰ (Dover) ਬੰਦਰਗਾਹ ’ਤੇ ਜਹਾਜ਼ੋਂ ਉੱਤਰਿਆ ਅਤੇ 2-3 ਮਹੀਨਿਆਂ ਪਿੱਛੋਂ ਨਿਊਯਾਰਕ, ਅਮਰੀਕਾ ਲਈ ਚੱਲ ਪਿਆ। ਉਹ ਦੱਸਦੈ ਕਿ ਉਸ ਨੇ ਛੇ ਮਹੀਨੇ ਫੋਰਡ ਕਾਰ ਕੰਪਨੀ ’ਚ ਬਤੌਰ ‘ਟੂਲ ਮੇਕਰ’ (Tool Maker) ਕੰਮ ਕੀਤਾ ਤੇ ਫਿਰ ਆਪਣੀ ਮਰਜ਼ੀ ਨਾਲ ਹੀ ਉਥੋਂ ਕੈਲੇਫ਼ੋਰਨੀਆ ਚਲਾ ਗਿਆ। ਉਥੇ ਉਹ ਦੋ-ਢਾਈ ਸਾਲ ਦੋ-ਤਿੰਨ ਛੋਟੀਆਂ-ਮੋਟੀਆਂ ਮੋਟਰ ਕੰਪਨੀਆਂ ’ਚ ਕੰਮ ਕਰਦਾ ਰਿਹਾ। 1927 ’ਚ ਉਹ ਅਮਰੀਕਾ ਤੋਂ ਪੰਜਾਬ ਚਲਾ ਗਿਆ, ਜਿੱਥੇ ਉਹ ਕੁਝ ਕੁ ਹਫ਼ਤੇ ਠਹਿਰਿਆ। ਇਸ ਦੌਰਾਨ ਉਸ ਨੂੰ ਭਾਰਤੀ ਆਰਮਜ਼ ਐਕਟ ਤਹਿਤ ਇੱਕ ਰਿਵਾਲਵਰ, ਅਸਲਾ ਅਤੇ ਬੰਬ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੰਜ ਸਾਲ ਅੰਮ੍ਰਿਤਸਰ ’ਚ ਸਜ਼ਾ ਭੁਗਤਣ ਪਿੱਛੋਂ ਉਹ 1931 ’ਚ ਰਿਹਾਅ ਹੋਇਆ। ਉਹ ਦੱਸਦਾ ਹੈ ਜੇਲ੍ਹ ਬੰਦੀ ਦੌਰਾਨ ਉਸ ਨੂੰ ਤਿੰਨ ਵਾਰੀ ਅੰਦੋਲਨ/ਹੜਤਾਲ (Agitation) ਕਰਨ ਬਦਲੇ ਕੋੜੇ ਮਾਰੇ ਗਏ। ਇਸ ਦੌਰਾਨ ਉਸ ਨੂੰ ਇੱਕ ਜੇਲ੍ਹ ਤੋਂ ਦੂਸਰੀ ’ਚ ਭੇਜ ਦਿੱਤਾ ਜਾਂਦਾ।

ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਵੱਲੋਂ ਆਪਣੀ ਫੋਟੋ ਪਿੱਛੇ ਕੀਤੇ ਗਏ ਹਸਤਾਖਰ।

ਰਿਹਾਈ ਪਿੱਛੋਂ ਉਹ ਸਿਹਤਯਾਬੀ ਲਈ ਸ੍ਰੀਨਗਰ, ਕਸ਼ਮੀਰ ਚਲਾ ਗਿਆ, ਕਿਉਂਕਿ ਜੇਲ੍ਹ ਬੰਦੀ ਦੌਰਾਨ ਉਸ ਦੀ ਸਿਹਤ ’ਚ ਬਹੁਤ ਨਿਘਾਰ ਆ ਗਿਆ ਸੀ। ਉਥੇ ਉਹ ਇੱਕ ਸਾਲ ਰਿਹਾ ਤੇ ਅੰਮ੍ਰਿਤਸਰ ਵਾਲੇ ਮਕਾਨ ਨੂੰ ਵੇਚ ਕੇ ਵੱਟੀ ਹੋਈ ਰਕਮ ’ਤੇ ਗੁਜ਼ਾਰਾ ਕੀਤਾ।

1934 ਤੱਕ ਉਹ ਭਾਰਤ ’ਚ ਘੁੰਮਿਆ-ਫਿਰਿਆ ਅਤੇ ਫਿਰ ਇਟਲੀ ਚਲਾ ਗਿਆ। ਉਥੇ ਦੋ-ਤਿੰਨ ਮਹੀਨੇ ਰਹਿ ਕੇ ਉਹ ਫ਼ਰਾਂਸ, ਸਵਿਟਜ਼ਰਲੈਂਡ, ਆਸਟ੍ਰੀਆ ਹੁੰਦਾ ਹੋਇਆ 1934 ਦੇ ਅਖੀਰ ’ਚ ਇੰਗਲੈਂਡ ਪਹੁੰਚ ਗਿਆ। ਉਥੇ ਉਹ ਤਕਰੀਬਨ ਇੱਕ ਸਾਲ ਰਿਹਾ, ਜਿਸ ਦੌਰਾਨ ਉਸ ਨੇ ਆਪਣੀ ਉਪਰ ਦੱਸੀ ਰਕਮ ਦੇ ਸਿਰ ’ਤੇ ਕਾਰ ਖਰੀਦੀ।

1936 ’ਚ ਉਹ ਰੂਸ ਗਿਆ, ਜਿੱਥੇ ਉਹ ਲੈਨਨਿਗਰਾਡ ਮਾਸਕੋ ਵਿੱਚ 42 ਦਨਿ ਠਹਿਰਨ ਪਿੱਛੋਂ ਪੋਲੈਂਡ, ਲਾਤਵੀਆ (Latvia) ਅਤੇ ਐਸਟੋਨੀਆ (Estonia) ’ਚ ਤਿੰਨ ਮਹੀਨੇ ਬਿਤਾ ਕੇ 1937 ’ਚ ਇੰਗਲੈਂਡ ਵਾਪਸ ਆ ਗਿਆ। ਉਹ ਕਹਿੰਦਾ ਹੈ ਕਿ ਉਹ ਕਰੀਬ ਦੋ ਜਾਂ ਤਿੰਨ ਮਹੀਨੇ ਮੈਨੋਰ ਹਾਊਸ, ਨਾਰਥੋਲਟ ਵਿੱਚ ਰਿਹਾ ਅਤੇ ਇੱਕ ਮਹੀਨੇ ਦੇ ਲਗਪਗ ਡੈਨਹਮ ਸਥਿਤ ਫਿਲਮ ਸਟੂਡਿਉ ’ਚ ਕ੍ਰਾਊਡ ਵਰਕ ਭਾਵ ਐਕਸਟ੍ਰਾ ਦਾ ਕਾਰਜ ਕੀਤਾ। ਫਿਰ ਉਹ ਜਰਮਨੀ ਗਿਆ, ਜਿਥੇ ਬਰਲਨਿ ਤੇ ਕੋਲੋਗਨ ’ਚ ਮਹੀਨਾ ਕੁ ਰਹਿ ਕੇ ਪੋਲੈਂਡ ਚਲਾ ਗਿਆ। ਉਥੋਂ ਦਸਾਂ ਦਨਿਾਂ ਲਈ ਰੂਸ ਚਲਾ ਗਿਆ ਤੇ ਫਿਰ ਲਾਤਵੀਆ (Latvia) ਤੇ ਕਈ ਮਹੀਨੇ ਲਈ ਰਿਗਾ (Riga) ਗਿਆ। ਉਥੇ ਰਹਿੰਦਿਆਂ ਉਸ ਕੋਲ ਕੋਈ ਕੰਮ ਨਹੀਂ ਸੀ। 1938 ਨੂੰ ਕ੍ਰਿਸਮਸ ਦੇ ਕਰੀਬ ਉਹ ਇੰਗਲੈਂਡ ਵਾਪਸ ਆ ਗਿਆ। ਪੰਜ ਮਹੀਨੇ ਤੱਕ ਉਸ ਨੇ ਮੈਸਰਜ਼ ਵਿੰਪੇ ’ਚ ਠੇਕੇਦਾਰ ਵਜੋਂ ਬਤੌਰ ਤਰਖਾਣ (carpenter) ਗ੍ਰੇਟ ਚੈਸਿੰਗਟਨ ਗਲਾਉਸਟਰਸ਼ਾਇਰ ਦੇ ਆਰਏਐੱਫ ਸਟੇਸ਼ਨ ’ਚ ਕੰਮ ਕੀਤਾ। ਇਸ ਮਗਰੋਂ ਉਸ ਨੇ ਸਰ ਲਿੰਡੇ ਪਾਰਕਨਿਸਨ ਐਂਡ ਕੰਪਨੀ ਦੇ ਬਾਉਰਨਮਾਊਥ ਨੇੜੇ ਕੈਂਪ ’ਚ ਕੰਮ ਕੀਤਾ। ਉਸ ਨੇ ਬਤੌਰ ਤਰਖਾਣ ਕੋਈ ਦੋ ਕੁ ਮਹੀਨੇ ਨੌਕਰੀ ਕੀਤੀ।

ਅਦਾਲਤੀ ਰਿਕਾਰਡ ਅਨੁਸਾਰ, ‘‘ਸ਼ੇਰ ਸਿੰਘ, ਊਧਮ ਸਿੰਘ, ਉਧੈ ਸਿੰਘ, ਫਰੈਂਕ ਬਰਾਜ਼ਿਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ 20 ਮਾਰਚ 1933 ਨੂੰ ਲਾਹੌਰ ਤੋਂ ਊਧਮ ਸਿੰਘ ਦੇ ਨਾਂ ’ਤੇ ਜਾਰੀ ਕੀਤਾ ਗਿਆ ਸੀ। ਇਹ ਤਿੰਨ ਸਾਲ ਦੀ ਉਮਰ ’ਚ ਹੀ ਅਨਾਥ ਹੋ ਗਿਆ ਸੀ। ਇਸ ਦਾ ਪਾਲਣ-ਪੋਸ਼ਣ ਖਾਲਸਾ ਕਾਲਜ ਨਾਲ ਸਬੰਧਿਤ ਸਿੱਖ ਅਨਾਥ ਘਰ ਵਿੱਚ ਹੋਇਆ। ਬਾਅਦ ਵਿੱਚ ਇਹ ਵਾਹਵਾ ਘੁੰਮਿਆ-ਫਿਰਿਆ ਵੀ।

ਊਧਮ ਸਿੰਘ ਬਾਰੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਵਾਈਟਹੈੱਡ ਵੱਲੋਂ ਵੱਖ-ਵੱਖ ਵਸੀਲਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਊਧਮ ਸਿੰਘ ਨੇ ਬਸਰੇ ’ਚ ਡੇਢ ਸਾਲ ਫ਼ੌਜ ਦੀ ਨੌਕਰੀ ਕੀਤੀ ਤੇ ਪੂਰਬੀ ਅਫਰੀਕਾ ’ਚ ਦੋ ਸਾਲ। ਫਿਰ ਇਹ ਕੁਝ ਮਹੀਨਿਆਂ ਲਈ ਹਿੰਦੋਸਤਾਨ ਮੁੜ ਗਿਆ। ਉਥੋਂ ਇਹ ਕਿਸੇ ਪ੍ਰੀਤਮ ਸਿੰਘ ਨਾਲ ਲੰਡਨ ਨੂੰ ਰਵਾਨਾ ਹੋ ਗਿਆ; ਫਿਰ ਇਹ ਦੋਵੇਂ ਹੀ ਮੈਕਸੀਕੋ ਥਾਣੀਂ ਹੁੰਦੇ ਹੋਏ ਅਮਰੀਕਾ ਨੂੰ ਚਲੇ ਗਏ। ਇਸ ਨੇ ਦੋ ਸਾਲ ਕੈਲੇਫੋਰਨੀਆ ਤੇ ਕੁਝ ਮਹੀਨੇ ਡੈਟਰਾਇਟ ਅਤੇ ਸ਼ਿਕਾਗੋ ’ਚ ਕੰਮ ਕੀਤਾ। ਉਥੋਂ ਇਹ ਪੂਰਬੀ ਨਿਊਯਾਰਕ ਚਲਾ ਗਿਆ, ਜਿੱਥੇ ਇਹ ਪੰਜ ਸਾਲ ਰਿਹਾ। ਇਸ ਨੇ ਕਈ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਕੀਤੇ। ਇਹ ਸਫ਼ਰ ਇਸ ਨੇ ਪੋਰਟੋਰਾਈਕਨ (Portorican) ਵਜੋਂ ਕੀਤੇ, ਕਿਉਂਕਿ ਹਿੰਦੀਆਂ ਨੂੰ ਅਮਰੀਕੀ ਜਹਾਜ਼ਾਂ ਵਿੱਚ ਨੌਕਰੀ ਨਹੀਂ ਸੀ ਦਿੱਤੀ ਜਾਂਦੀ। ਇਸ ਕੋਲ ਪੋਰਟੋਰੀਕੋ ਦੇ ਨਾਗਰਿਕ ਫਰੈਂਕ ਬਰਾਜ਼ਿਲ ਦੇ ਨਾਂ ਹੇਠ ਜਹਾਜ਼ਰਾਨੀ ਦਾ ਸਰਟੀਫਿਕੇਟ ਵੀ ਸੀ। ਨਿਊਯਾਰਕ ਤੋਂ ਜਹਾਜ਼ ਰਾਹੀਂ ਇਹ ਫਰਾਂਸ ਆਇਆ ਤੇ ਫਿਰ ਬੈਲਜੀਅਮ, ਜਰਮਨੀ ਹੁੰਦਾ ਹੋਇਆ ਲਿਥੋਏਨੀਆ ਦੇ ਸ਼ਹਿਰ ਵਿਲਨਾ ਪਹੁੰਚ ਗਿਆ। ਫਿਰ ਇਹ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ, ਫਰਾਂਸ ਆਦਿ ਤੋਂ ਹੁੰਦਾ ਹੋਇਆ ਅਮਰੀਕਾ ਵਾਪਿਸ ਚਲਾ ਗਿਆ। ਕੁਝ ਮਹੀਨੇ ਉਥੇ ਕੰਮ ਕਰਕੇ ਇਸ ਨੇ ਫਿਰ ਜਹਾਜ਼ ਦੀ ਨੌਕਰੀ ਕਰ ਲਈ ਅਤੇ ਭੂ-ਮੱਧ ਸਾਗਰ ਦੀਆਂ ਕਈ ਬੰਦਰਗਾਹਾਂ ’ਤੇ ਗਿਆ। ਫਿਰ ਸ.ਸ. ਜਲਾਪਾ ਨਾਂ ਦੇ ਜਹਾਜ਼ ’ਤੇ ਤਰਖਾਣ ਵਜੋਂ ਨੌਕਰੀ ਕੀਤੀ। ਇਸੇ ਜਹਾਜ਼ ਰਾਹੀਂ ਇਹ 1927 ’ਚ ਕਰਾਚੀ ਪੁੱਜਾ ਤੇ ਇੱਥੋਂ ਇਹ ਕਲਕੱਤਾ ਚਲਾ ਗਿਆ।

ਅਮਰੀਕਾ ’ਚ ਰਹਿੰਦਿਆਂ ਇਹ ਗ਼ਦਰ ਪਾਰਟੀ ਦੇ ਅਸਰ ਹੇਠ ਆ ਗਿਆ ਸੀ। ਇਸ ਨੇ ਗ਼ਦਰ ਪਾਰਟੀ ਦਾ ਬਾਗ਼ੀਆਨਾ ਸਾਹਿਤ ਕਾਫੀ ਪੜ੍ਹਿਆ। 27 ਜੁਲਾਈ 1927 ਨੂੰ ਇਸ ਕੋਲੋਂ ਇਤਰਾਜ਼ਯੋਗ ਕਾਰਡ ਫੜ੍ਹੇ ਗਏ, ਜਿਸ ਕਾਰਨ ਜ਼ੁਰਮਾਨਾ ਹੋ ਗਿਆ।

30 ਜੁਲਾਈ 1927 ਨੂੰ ਅੰਮ੍ਰਿਤਸਰ ’ਚ ਇਸ ਨੂੰ ਫਿਰ ਬਨਿਾਂ ਇਜਾਜ਼ਤ ਦੇ ਹਥਿਆਰ (ਦੋ ਰਿਵਾਲਵਰ, ਇੱਕ ਪਿਸਤੌਲ ਅਤੇ ‘ਗ਼ਦਰ ਦੀ ਗੂੰਜ’ ਨਾਮੀ ਪਰਚਾ) ਰੱਖਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲਾ ਐਕਟ ਦੀ ਧਾਰਾ 20 ਤਹਿਤ ਇਸ ਉੱਤੇ ਮੁਕੱਦਮਾ ਚਲਾਇਆ ਗਿਆ ਤੇ ਪੰਜ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ। ਇਸ ਨੇ ਬਿਆਨ ਦਿੱਤਾ ਸੀ ਕਿ ਇਹ ਗੋਰਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਬਾਲਸ਼ਵਿਕਾਂ ਦਾ ਹਮਾਇਤੀ ਹੈ। ਮਗਰੋਂ 23 ਅਕਤੂਬਰ 1931 ਨੂੰ ਜੇਲ੍ਹ ’ਚੋਂ ਰਿਹਾਅ ਹੋ ਗਿਆ।

1933 ਨੂੰ ਇਹ ਆਪਣੇ ਪਿੰਡ ਸੁਨਾਮ ਗੇੜਾ ਮਾਰ ਕੇ ਵਲੈਤ ਵੱਲ ਚਲ ਪਿਆ। 1934 ’ਚ 9, ਐਡਲਰ ਸਟ੍ਰੀਟ, ਕਮੱਰਸ਼ੀਅਲ ਰੋਡ, ਪੂਰਬੀ ਲੰਡਨ ਵਿੱਚ ਰਹਿਣ ਲੱਗ ਪਿਆ।

ਊਧਮ ਸਿੰਘ ਨੇ 5 ਜੁਲਾਈ 1934 ਨੂੰ ਲੰਡਨ ’ਚ ਹੀ ਆਪਣੇ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਨੰਬਰ-52753 ’ਤੇ ਮੋਹਰ ਲੁਆਉਣ ਲਈ ਅਰਜ਼ੀ ਦਿੱਤੀ ਸੀ। ਇਸ ਨੇ ਆਪਣਾ ਪਤਾ 4 ਬੈਸਟ ਲੇਨ, ਕੈਂਟਰਬਰੀ ਕੈਂਟ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਕਰਦਾ ਹੈ। ਉਸ ਨੇ ਐਲਾਨ ਕੀਤਾ ਕਿ ਉਹ ਮੋਟਰਸਾਈਕਲ ਲੈ ਕੇ ਜਰਮਨੀ, ਬੈਲਜੀਅਮ ਅਤੇ ਪੋਲੈਂਡ ਤੋਂ ਰੂਸ, ਰੂਸ ਤੋਂ ਹੁੰਦਾ ਹੋਇਆ ਓਡੇਸਾ, ਜਿੱਥੋਂ ਉਹ ਕੌਂਨਸਟੈਂਟੀਪੋਲ ਦੇ ਰਸਤੇ ਹਿੰਦੋਸਤਾਨ ਲਈ ਜਹਾਜ਼ ਫੜੇਗਾ। ਇਹ ਭਾਵੇਂ ਅਜੀਬ ਲੱਗੇ, ਪਰ ਥੋੜ੍ਹਾ ਚਿਰ ਪਹਿਲਾਂ ਹੀ ਇਸ ਦੀ ਬਾਂਹ ਟੁੱਟ ਗਈ ਸੀ ਤੇ ਉਸ ਵੇਲੇ ਇਹ ਬਾਗ਼ੀ ਸੁਰ ਦਾ ਹਿੰਦੋਸਤਾਨੀ ਨਹੀਂ ਸੀ ਲੱਗਿਆ, ਇਸ ਕਰਕੇ ਕੋਈ ਇਤਰਾਜ਼ ਨਹੀਂ ਹੋਇਆ।

12 ਮਈ 1936 ਨੂੰ ਇਸ ਨੇ 4, ਡਿਊਕ ਸਟ੍ਰੀਟ, ਸਪਿਟਲਫੀਲਡ, ਪੂਰਬੀ ਲੰਡਨ ਵਾਲੇ ਪਤੇ ਤੋਂ ਹਾਲੈਂਡ, ਜਰਮਨ, ਪੋਲੈਂਡ, ਆਸਟਰੀਆ, ਹੰਗਰੀ ਤੇ ਇਟਲੀ ਨੂੰ ਜਾਣ ਦੀ ਇਜਾਜ਼ਤ ਮੰਗੀ, ਜੋ ਕਿ ਮਨਜ਼ੂਰ ਕਰ ਲਈ ਗਈ।

ਮਗਰੋਂ 16 ਮਈ 1936 ਨੂੰ ਇਸ ਨੇ ਬਰਲਨਿ ਤੋਂ ਹੋਰ ਦੇਸ਼ਾਂ ਨੂੰ ਜਾਣ ਦੀ ਆਗਿਆ ਮੰਗੀ ਲਈ, ਜਿਸ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵੀ ਸ਼ਾਮਿਲ ਸੀ, ਪਰ ਉਸ ਦੀ ਇਸ ਦਰਖ਼ਾਸਤ ਨੂੰ ਇਸ ਆਧਾਰ ’ਤੇ ਖ਼ਾਰਜ ਕਰ ਦਿੱਤਾ ਗਿਆ ਕਿ ਇਹ ਮਨਜ਼ੂਰੀ ਲੰਡਨ ਤੋਂ ਇਜਾਜ਼ਤ ਲਏ ਬਨਿਾਂ ਨਹੀਂ ਮਿਲ ਸਕਦੀ।

25 ਜੂਨ 1936 ਨੂੰ ਇਹ ਲੈਨਨਿਗ੍ਰਾਡ ਤੋਂ ਪਰਤਿਆ ਤੇ ਕਿਸੇ ਗੋਰੀ ਨਾਲ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਹਿਣ ਲੱਗ ਪਿਆ। ਕਦੇ-ਕਦੇ ਫਿਲਮ ਸਟੂਡੀਓ ’ਚ ਐਕਸਟਰਾ ਵਜੋਂ ਕੰਮ ਵੀ ਕਰਦਾ। ਕਈ ਵਾਰ ਰਿਪੋਰਟ ਮਿਲੀ ਸੀ ਕਿ ਇਹ ਗਰਮ ਖ਼ਿਆਲਾਂ ਦਾ ਸੀ ਤੇ ਦਾਅਵਾ ਕਰਦਾ ਹੁੰਦਾ ਸੀ ਕਿ ਉਹ ਚੋਰੀ-ਛਿਪੇ ਹਿੰਦੋਸਤਾਨ ਹਥਿਆਰ ਭੇਜ ਦੇਵੇਗਾ।

ਅਗਸਤ 1936 ਵਿੱਚ ਊਧਮ ਸਿੰਘ ਨੂੰ ਲੰਡਨ ਵਿੱਚ ਹੀ ਧੱਕੇ ਨਾਲ ਪੈਸੇ ਮੰਗਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਜਿਊਰੀ ਪਹਿਲੇ ਮੁਕੱਦਮੇ ’ਚ ਇਸ ਨਾਲ ਸਹਿਮਤ ਨਹੀਂ ਸੀ ਹੋਈ, ਪਰ ਇਹ ਦੂਜੀ ਵਾਰ ਬਰੀ ਹੋ ਗਿਆ। ਇਸ ਨੂੰ ਲੰਡਨ ’ਚ ਗਰਮ ਖ਼ਿਆਲੀਆਂ ਦੀਆਂ ਮੀਟਿੰਗਾਂ ’ਚ ਆਂਉਦੇ-ਜਾਂਦੇ ਨੂੰ ਵੀ ਕਦੇ ਨਹੀਂ ਸੀ ਦੇਖਿਆ।

ਨੈਸ਼ਨਲ ਰਜਿਸਟਰੇਸ਼ਨ ਵਾਲੇ ਦਨਿ ਇਹ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਲੜੀ ਨੰ: EOAK/305/7 ਹੇਠ ਦਰਜ ਹੋਇਆ ਸੀ। ਇਸ ਨੇ ਆਪਣਾ ਕਿੱਤਾ ਤਰਖਾਣ ਤੇ ਜਨਮ ਤਾਰੀਖ਼ 23 ਅਕਤੂਬਰ 1905 ਦੱਸੀ ਸੀ। ਉਸ ਨੇ ਪਤਾ 581 ਵਿਮਬੋਰਨ ਰੋਡ, ਬੋਰਨਮਾਊਥ ਲਿਖਾਇਆ।’’

ਵਾਰਦਾਤ ਤੋਂ ਅਗਲੇ ਦਨਿ (ਭਾਵ 14 ਮਾਰਚ 1940) ਨੂੰ ਪੁਲੀਸ ਕੋਲ ਦਿੱਤਾ ਬਿਆਨ: ‘‘ਬਿਆਨ ਮੁਹੰਮਦ ਸਿੰਘ ਆਜ਼ਾਦ, ਉਮਰ 38 ਸਾਲ, ਵਾਸੀ 8 ਮੋਰਿੰਟਨ ਟੈਰਿਸ, ਰਿਜੈਂਟ ਪਾਰਕ, ਕਿੱਤਾ ਇੰਜਨੀਅਰ…… ਜਦੋਂ ਮੀਟਿੰਗ ਖ਼ਤਮ ਹੋਈ ਤਾਂ ਮੈਂ ਆਪਣਾ ਪਿਸਤੌਲ ਜੇਬ ’ਚੋਂ ਕੱਢਿਆ ਤੇ ਗੋਲੀ ਚਲਾ ਦਿੱਤੀ; ਜਿਵੇਂ ਕੰਧ ’ਤੇ ਚਲਾਈਦੀ ਹੈ। ਮੈਂ ਆਪਣਾ ਰੋਸ ਪ੍ਰਗਟ ਕਰਨ ਲਈ ਹੀ ਗੋਲੀ ਚਲਾਈ ਸੀ। ਬਰਤਾਨਵੀ ਸਾਮਰਾਜ ਦੀ ਛਤਰ-ਛਾਇਆ ਹੇਠ ਮੈਂ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖ ਨਾਲ ਮਰਦੇ ਵੇਖਿਆ ਹੈ। ਮੈਂ ਪਿਸਤੌਲ ਤਿੰਨ ਵਾਰ ਚਲਾਇਆ ਤੇ ਇਸ ਦਾ ਮੈਨੂੰ ਕੋਈ ਦੁੱਖ ਵੀ ਨਹੀਂ ਹੈ। ਮੈਨੂੰ ਕਿਸੇ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ – ਦਸ ਸਾਲ, ਵੀਹ ਸਾਲ ਜਾਂ ਪੰਜਾਹ ਸਾਲ ਦੀ ਸਜ਼ਾ ਤੇ ਭਾਵੇਂ ਫਾਂਸੀ ਵੀ ਹੋ ਜਾਵੇ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ। ਪਰ ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਤਲਬ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ।

ਮੈਂ ਇਹ ਬਿਆਨ ਪੜ੍ਹ ਲਿਆ ਹੈ ਤੇ ਇਹ ਬਿਲਕੁਲ ਠੀਕ ਹੈ।

ਸਹੀ/-

ਮੁਹੰਮਦ ਸਿੰਘ ਆਜ਼ਾਦ’’

ਭਾਵੇਂ ਊਧਮ ਸਿੰਘ ਦੀ ਸੋਚ ਬਾਰੇ ਵੱਖੋ-ਵੱਖ ਧਾਰਨਾਵਾਂ ਨੇ ਪਰ ਉਹ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਪਰਨਾਇਆ ਤੇ ਇਨਕਲਾਬੀ ਨਜ਼ਰੀਏ ਦਾ ਧਾਰਨੀ ਹੀ ਸੀ।

13 ਮਾਰਚ 1940 ਨੂੰ ਸਰ ਮਾਈਕਲ ਓ-ਡਵਾਇਰ ਦੀ ਹੱਤਿਆ ਮਗਰੋਂ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਦਿਆਂ ਉਸ ਨੇ ਹਰੇਕ ਪੜਾਅ ’ਤੇ ਹਿੱਕ ਠੋਕ ਕੇ ਆਪਣੇ ਜ਼ੁਰਮ ਦਾ ਕੇਵਲ ਇਕਬਾਲ ਹੀ ਨਹੀਂ ਕੀਤਾ, ਬਲਕਿ ਭਗਤ ਸਿੰਘ ਵਰਗੇ ਸ਼ਹੀਦਾਂ ਵਾਂਗ ਆਪਣੇ ਕਾਰਨਾਮੇ ਦੀ ਇਤਿਹਾਸਿਕ ਪ੍ਰਸੰਗ ਵਿੱਚ ਪ੍ਰਤੱਖ ਵਿਆਖਿਆ ਵੀ ਕੀਤੀ, ਜਿਸ ਆਧਾਰ ’ਤੇ ਉਸ ਦੀ ਭੂਮਿਕਾ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਜਿਹੇ ਪਰਵਾਨਿਆਂ ਵਾਲੀ ਹੀ ਹੈ। ਜਿਵੇਂ ਆਪਣੇ ਅਦਾਲਤੀ ਬਿਆਨ ’ਚ ਉਸ ਨੇ ਦੱਸਿਆ:

‘‘ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ, ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਮਰਨ ’ਤੇ ਮਾਨ ਹੈ ਕਿ ਮੈਂ ਆਪਣੀ ਮਾਤ-ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਰਾਹ ’ਤੇ ਚੱਲ ਕੇ ਤੁਹਾਨੂੰ (ਅੰਗਰੇਜ਼ਾਂ ਨੂੰ) ਹਲਕੇ ਕੁੱਤਿਆਂ ਵਾਂਗ ਭਜਾ ਦੇਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।’’

ਉਸ ਨੇ ਆਪਣੀ ਗ੍ਰਿਫ਼ਤਾਰੀ ਤੋਂ ਅਗਲੇ ਦਨਿ ਪੁਲੀਸ ਕੋਲ ਦਰਜ ਕਰਾਏ ਬਿਆਨ ਵਿੱਚ ਵੀ ਸਪਸ਼ਟ ਤੌਰ ’ਤੇ ਕਿਹਾ, ‘‘ਮੇਰਾ ਮਕਸਦ ਕਿਸੇ ਦੀ ਜਾਣ ਲੈਣਾ ਨਹੀਂ ਸੀ, ਮੇਰਾ ਮਕਸਦ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ।’’

ਉਕਤ ਤੱਥਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਊਧਮ ਸਿੰਘ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਵੇਲੇ ਪੂਰਬੀ ਅਫ਼ਰੀਕਾ ਵਿੱਚ ਸੀ, ਭਾਵ ਉਹ ਉਸ ਦਨਿ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ ਅਤੇ ਉਸ ਵਿੱਚ ਬਾਗ਼ੀਆਨਾ ਸੋਚ ਅਮਰੀਕਾ ’ਚ ਰਹਿੰਦਿਆਂ ਗ਼ਦਰ ਪਾਰਟੀ ਦੇ ਅਸਰ ਹੇਠ ਹੀ ਪਨਪੀ ਸੀ।
-‘ਬਾਇਓਗ੍ਰਾਫੀ ਸ਼ਹੀਦ ਊਧਮ ਸਿੰਘ’, ਮਲਵਿੰਦਰ ਜੀਤ ਸਿੰਘ ਵੜੈਚ
ਸਰੋਤ: ਗਿਆਨੀ (ਨਾਵਲਕਾਰ) ਕੇਸਰ ਸਿੰਘ ਕੈਨੇਡਾ
ਸੰਪਰਕ: mjswaraich29@gmail.com

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×