ਦੁੱਖ-ਸੁੱਖ ਦਾ ਸੰਤੁਲਨ ਹੀ ਜ਼ਿੰਦਗੀ
ਪਿਆਰਾ ਸਿੰਘ ਗੁਰਨੇ ਕਲਾਂ
ਦੁੱਖਾਂ-ਸੁੱਖਾਂ ਨੂੰ ਸਾਡੀਆਂ ਗਿਆਨ ਇੰਦਰੀਆਂ ਨਿਰਧਾਰਤ ਕਰਦੀਆਂ ਹਨ। ਜਦੋਂ ਕੋਈ ਚੀਜ਼ ਸਾਡੀਆਂ ਇੰਦਰੀਆਂ ਦੇ ਅਨੁਕੂਲ ਵਿਚਰਦੀ ਹੈ ਤਾਂ ਉਹ ਸੁਖਦਾਇਕ ਬਣ ਜਾਂਦੀ ਹੈ, ਪਰ ਇਸ ਦੇ ਉਲਟ ਜਦੋਂ ਕੋਈ ਚੀਜ਼ ਸਾਡੀਆਂ ਇੰਦਰੀਆਂ ਦੇ ਪ੍ਰਤੀਕੂਲ ਵਾਪਰਦੀ ਹੈ ਤਾਂ ਸਾਨੂੰ ਉਹ ਦੁੱਖ ਦਿਸਣ ਲੱਗਦੀ ਹੈ। ਥੋੜ੍ਹਾ ਸਮਾਂ ਦੁੱਖ ਸਹਿਣ ਤੋਂ ਬਾਅਦ ਦੁੱਖ ਸਹਿਣਾ ਮਨੁੱਖ ਦੀ ਫਿਤਰਤ ਬਣ ਜਾਂਦੀ ਹੈ। ਇੱਕ ਵਿਅਕਤੀ ਬੈਂਗਣ ਦੀ ਸਬਜ਼ੀ ਪਸੰਦ ਕਰਦਾ ਹੈ ਤੇ ਦੂਸਰਾ ਨਹੀਂ। ਇਸ ਲਈ ਬੈਂਗਣ ਇੱਕ ਲਈ ਬਹੁਗੁਣ ਤੇ ਦੂਸਰੇ ਲਈ ਬੇਗੁਣ ਹੋ ਨਿੱਬੜਦੇ ਹਨ। ਇਸ ਤਰ੍ਹਾਂ ਇੱਕ ਹੀ ਚੀਜ਼ ਇੱਕ ਲਈ ਸੁੱਖ ਤੇ ਦੂਸਰੇ ਲਈ ਦੁੱਖ ਬਣ ਸਕਦੀ ਹੈ।
ਸੁੱਖ ਤੇ ਦੁੱਖ ਦੀ ਹੋਂਦ ਸਾਡੇ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦੀ ਹੈ। ਇੱਕ ਅੰਨ੍ਹਾ ਵਿਅਕਤੀ ਖ਼ੁਸ਼ ਹੈ ਕਿਉਂਕਿ ਉਹ ਦੁਨੀਆ ਦੇ ਮਾੜੇ ਵਰਤਾਰੇ ਦੇਖਣ ਤੋਂ ਅਸਮਰੱਥ ਹੈ। ਇੱਕ ਲੱਤਾਂ ਤੋਂ ਬਗੈਰ ਵਿਅਕਤੀ ਇਸ ਕਰਕੇ ਖ਼ੁਸ਼ ਹੈ ਕਿਉਂਕਿ ਉਹ ਮਾੜੇ ਰਸਤੇ ’ਤੇ ਚੱਲਣ ਤੋਂ ਅਸਮਰੱਥ ਹੈ। ਇੱਕ ਆਮ ਆਦਮੀ ਖ਼ੁਸ਼ ਹੈ ਕਿਉਂਕਿ ਉਹ ਡਰ ਮੁਕਤ ਹੈ। ਅਮੀਰ ਨੂੰ ਪੈਸੇ ਚੋਰੀ ਹੋਣ ਦਾ ਡਰ ਹੈ। ਲੀਡਰ ਕੋਲ ਸਕਿਉਰਿਟੀ ਵੀ ਹੈ ਤੇ ਉਸ ਤੋਂ ਵੱਡਾ ਡਰ ਵੀ। ਆਧੁਨਿਕ ਮਨੁੱਖ ਸਿਰਫ਼ ਸੁੱਖਾਂ ਦੀ ਮੰਗ ਕਰ ਰਿਹਾ ਹੈ ਜੋ ਕਿ ਤਰਕਹੀਣ ਹੈ। ਦੁੱਖ-ਸੁੱਖ ਮਨੁੱਖੀ ਜ਼ਿੰਦਗੀ ਨਾਲ ਲੁਕਣ ਮੀਚੀ ਖੇਡਦੇ ਰਹਿੰਦੇ ਹਨ। ਕਈ ਵਾਰ ਦੁੱਖਾਂ ਨੂੰ ਮਨੁੱਖ ਖੁਦ ਸਹੇੜਦਾ ਹੈ। ਦੁੱਖ ਦੀ ਉਤਪਤੀ ਪਾਪ ਜਾਂ ਮਾੜੇ ਕਰਮ ਤੋਂ ਹੁੰਦੀ ਹੈ ਤੇ ਕਈ ਲੋਕ ਦੁੱਖ ਨੂੰ ਰੱਬ ਦਾ ਦਿੱਤਾ ਆਸ਼ੀਰਵਾਦ ਸਮਝਦੇ ਹਨ।
ਦੁੱਖ-ਸੁੱਖ ਦਾ ਧਰਾਤਲ ਸਰੀਰ, ਮਨ, ਦਿਮਾਗ਼ ਜਾਂ ਸੋਚ ਅਤੇ ਸਮਾਜ ਹਨ। ਇਨ੍ਹਾਂ ਚਾਰਾਂ ਦਾ ਸੰਤੁਲਿਤ ਹੋਣਾ ਸੁੱਖ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਅਸੰਤੁਲਿਤ ਹੋ ਜਾਣਾ ਦੁੱਖ ਦਾ ਧਰਾਤਲ ਸਿਰਜਦਾ ਹੈ। ਸਰੀਰ ਦੀ ਬਿਮਾਰੀ ਸਿੱਧਾ ਦੁੱਖ ਹੈ। ਜੇ ਸਰੀਰ ਤੰਦਰੁਸਤ ਹੈ ਤਾਂ ਅਸੀਂ ਖ਼ੁਸ਼ ਹੁੰਦੇ ਹਾਂ। ਮਨ ਖ਼ੁਸ਼ ਤਾਂ ਸਭ ਖ਼ੁਸ਼, ਮਨ ਦੁਖੀ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਮਨ ਦੀਆਂ ਇੱਛਾਵਾਂ ਢੇਰ ਸਾਰੀਆਂ ਹਨ ਤੇ ਇਹ ਸਦਾ ਕਲਪਨਾ ਦੀ ਦੁਨੀਆ ਵਿੱਚ ਦੌੜਦਾ ਰਹਿੰਦਾ ਹੈ। ਕਲਪਨਾ ਵਿੱਚ ਬਹੁਤ ਵੱਡੀਆਂ ਇੱਛਾਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਦੇ ਸਾਧਨ ਸੀਮਤ ਹਨ। ਇੱਥੇ ਹੀ ਦੁੱਖ ਦੀ ਉਤਪਤੀ ਹੋ ਜਾਂਦੀ ਹੈ। ਜੇ ਅਸੀਂ ਇੱਛਾਵਾਂ ਤੇ ਸਾਧਨਾਂ ਵਿੱਚ ਸੰਤੁਲਨ ਪੈਦਾ ਕਰ ਲਈਏ ਤਾਂ ਅਸੀਂ ਸੁੱਖ ਦੀ ਦੁਨੀਆ ਦੇ ਵਾਸੀ ਬਣ ਸਕਦੇ ਹਾਂ। ਮਨੁੱਖ ਦੀ ਫਿਤਰਤ ਪੂਰੇ ਸਮਾਜ ਨੂੰ ਕੰਟਰੋਲ ਕਰਨਾ ਹੈ ਜੋ ਅਸੰਭਵ ਟੀਚਾ ਹੈ। ਜਦੋਂ ਮਨੁੱਖ ਅਸੰਭਵ ਟੀਚੇ ਦਾ ਪਿੱਛਾ ਕਰਦਾ ਹੈ ਤਾਂ ਦੁੱਖ ਦਾ ਆਉਣਾ ਸੁਭਾਵਿਕ ਹੈ। ਸਮਾਜ ਵਿੱਚ ਸਮਾਯੋਜਿਤ ਹੋ ਜਾਣਾ ਮਨੁੱਖ ਨੂੰ ਸ਼ਾਂਤ ਕਰਦਾ ਹੈ। ਸਰੀਰ, ਮਨ, ਦਿਮਾਗ਼ ਤੇ ਸਮਾਜ ਨੂੰ ਸਮਾਂਤਰ ਰੱਖ ਕੇ ਦੁੱਖ-ਸੁੱਖ ਵਿੱਚ ਸੰਤੁਲਨ ਸਿਰਜਿਆ ਜਾ ਸਕਦਾ ਹੈ।
ਇੱਕ ਗੱਲ ਪੱਲੇ ਬੰਨ੍ਹ ਲਵੋ ਕਿ ਸਮਾਂ ਸਿਰਫ਼ ਵਰਤਮਾਨ ਹੁੰਦਾ ਹੈ। ਬੀਤਿਆ ਸਮਾਂ ਪਛਤਾਵਾ ਹੁੰਦਾ ਤੇ ਭਵਿੱਖ ਚਿੰਤਾ। ਬਣਦਾ ਇਹ ਹੈ ਕਿ ਵਰਤਮਾਨ ਨੂੰ ਰੱਜ ਕੇ ਮਾਣੀਏ। ਮਨੁੱਖ ਨੂੰ ਸਮਝਣਾ ਪਵੇਗਾ ਕਿ ਪਛਤਾਵੇ ਤੇ ਚਿੰਤਾ ਦਾ ਨਤੀਜਾ ਸਿਰਫ਼ ਦੁੱਖ ਹੈ। ਜਦੋਂ ਮਨੁੱਖ ਵਰਤਮਾਨ ਦੇ ਧਰਾਤਲ ’ਤੇ ਜਿਊਣਾ ਸਿੱਖ ਜਾਵੇਗਾ ਤਾਂ ਦੁੱਖ ਦੀ ਅਵਧੀ ਬਹੁਤ ਜ਼ਿਆਦਾ ਘਟ ਜਾਵੇਗੀ। ਦੁੱਖ ਦਾ ਸਮਾਂ ਘੱਟ ਹੁੰਦਾ ਹੈ, ਪਰ ਤਿੰਨ ਸਮਿਆਂ ਵਿੱਚੋਂ ਲੰਘਦਾ ਸਮਾਂ ਦੁੱਖ ਨੂੰ ਵੱਡਾ ਬਣਾ ਦਿੰਦਾ ਹੈ।
ਇਹ ਸਮਝ ਲਓ ਕਿ ਦੁੱਖ ਅਤੇ ਸੁੱਖ ਕਦੇ ਵੀ ਸਦੀਵੀਂ ਨਹੀਂ ਹੁੰਦਾ ਅਤੇ ਨਾ ਹੀ ਕੋਈ ਮਨੁੱਖ ਪੂਰਨ ਤੌਰ ’ਤੇ ਸਦਾ ਸੁਖੀ ਹੋ ਸਕਦਾ ਅਤੇ ਨਾ ਹੀ ਦੁਖੀ। ਇਸ ਲਈ ਕਦੇ ਵੀ ‘ਮੈਂ ਦੁਖੀ ਹਾਂ’ ਦੇ ਨਾਅਰੇ ਨਾ ਲਗਾਓ। ਯਾਦ ਰੱਖੋ ਕਿ ਦੁੱਖ ਦੀ ਸਵੇਰ ਅਤੇ ਸੁੱਖ ਦੀ ਰਾਤ ਜ਼ਰੂਰ ਪੈਂਦੀ ਹੈ। ਇਹ ਵੀ ਪੱਕਾ ਧਾਰਨ ਕਰ ਲਵੋ ਕਿ ਸੁੱਖਾਂ ਅਤੇ ਦੁੱਖਾਂ ਦੇ ਵਟਾਂਦਰੇ ਕਰਦੇ ਰਹੋ। ਦੁੱਖ ਨੂੰ ਬਰਦਾਸ਼ਤ ਕਰਨਾ ਅਤੇ ਸੁੱਖ ਨੂੰ ਸੰਜਮ ਨਾਲ ਵਰਤਦੇ ਰਹਿਣਾ ਚੰਗੇ ਸਮਾਜ ਦੀ ਨਿਸ਼ਾਨੀ ਹੈ। ਦੁੱਖ ਨਾਲ ਬਿਨਾਂ ਵਜ੍ਹਾ ਖਹਿੰਦੇ ਨਾ ਰਹੋ ਜਾਂ ਬਿਨਾਂ ਵਜ੍ਹਾ ਟੱਕਰਾਂ ਨਾ ਮਾਰੋ। ਇਸ ਵਿੱਚੋਂ ਨਿਕਲਣ ਦੇ ਰਾਹ ਦੇ ਖੋਜੀ ਬਣੋ। ਦੁੱਖ ਸਹਿਣ ਦਾ ਅਰਥ ਹੈ ਕਿ ਤੁਸੀਂ ਸੁੱਖ ਪ੍ਰਾਪਤ ਕਰਨ ਦੇ ਰਾਹ ’ਤੇ ਹੋ। ਆਪਣਾ ਨਜ਼ਰੀਆ ਦੁੱਖ-ਸੁੱਖ ਪ੍ਰਤੀ ਵਿਸ਼ਾਲ ਤੇ ਵੱਡਾ ਰੱਖੋ। ਜੋ ਹੈ, ਉਸ ’ਤੇ ਮਾਣ ਸਾਨੂੰ ਸੁੱਖ ਦੀ ਦੁਨੀਆ ਦਾ ਅਹਿਸਾਸ ਕਰਾਉਂਦਾ ਹੈ।
ਸਮੱਸਿਆ ਅਤੇ ਉਸ ਨੂੰ ਹੱਲ ਕਰਨ ਲਈ ਅਕਲ ਦਾ ਕੱਦ ਬਰਾਬਰ ਜਾਂ ਵੱਡਾ ਰੱਖੋ। ਸਮੱਸਿਆ ਹੱਲ ਤਾਂ ਸੁੱਖ, ਸਮੱਸਿਆ ਦੀ ਹੋਂਦ ਤਾਂ ਦੁੱਖ। ਛੋਟੀ ਅਕਲ ਕਦੇ ਵੀ ਵੱਡੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਜਿਸ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ। ਜਿਵੇਂ ਜਿਵੇਂ ਸਾਡੀ ਚੋਣ ਦਾ ਘੇਰਾ ਜਾਂ ਦਾਇਰਾ ਵੱਡਾ ਹੁੰਦਾ ਜਾਵੇਗਾ ਉਵੇਂ ਉਵੇਂ ਅਸੀਂ ਦੁੱਖ ਦੀ ਦੁਨੀਆ ਵਿੱਚ ਦਾਖਲ ਹੁੰਦੇ ਜਾਵਾਂਗੇ। ਸੋ ਚੋਣ ਦਾ ਦਾਇਰਾ ਸੀਮਤ ਰੱਖੋ। ਵੱਡੇ ਦਾਇਰੇ ’ਚੋਂ ਚੋਣ ਉਲਝਾਅ ਹੈ। ਉਲਝੇ ਮਨ ਦੁੱਖ ਹੀ ਝੱਲਦੇ ਹਨ। ਸਮਾਜ ਵਿੱਚ ਵਿਚਰਦਾ ਮਨੁੱਖ ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਜ਼ਰੂਰ ਹੰਢਾਉਂਦਾ ਹੈ। ਘੱਟ ਪੈਸੇ ਵਾਲੇ ਨੂੰ ਪੈਸੇ ਨਾ ਵਧਣ ਕਰਕੇ ਦੁੱਖ, ਗ਼ਰੀਬ ਨੂੰ ਰੋਟੀ ਨਾ ਮਿਲਣ ਦਾ ਦੁੱਖ ਤੇ ਵੱਧ ਪੈਸੇ ਵਾਲੇ ਨੂੰ ਲਾਲਚ ਦੁੱਖਾਂ ਵੱਲ ਧੱਕਦਾ ਹੈ। ਹਰੇਕ ਮਨੁੱਖ ਦੇ ਆਂਗਨ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਛੁਪਿਆ ਹੋਇਆ ਹੈ।
ਮਿੱਤਰਾਂ ਤੇ ਰਿਸ਼ਤੇਦਾਰਾਂ ਲਈ ਪਰਖ ਦੀ ਘੜੀ ਦੁੱਖ ਹੁੰਦੇ ਹਨ। ਸੱਚੀ ਮਿੱਤਰਤਾ ਦੁੱਖਾਂ ਵਿੱਚ ਸਾਥ ਮੱਲੀ ਰੱਖਦੀ ਹੈ ਤੇ ਦੁੱਖ ਨੂੰ ਦੂਰ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ। ਕਈ ਮਨੁੱਖ ਸੁੱਖਾਂ ਨੂੰ ਦੁੱਖਾਂ ਵਿੱਚ ਬਦਲ ਦਿੰਦੇ ਹਨ। ਸਾਡੀ ਜੀਭ ਅਤੇ ਜ਼ੁਬਾਨ ਦਾ ਸੰਜਮ ਜਾਂ ਵਰਤੋਂ ਦੁੱਖਾਂ ਜਾਂ ਸੁੱਖਾਂ ਨੂੰ ਬੁਲਾਵਾ ਦਿੰਦੀ ਹੈ। ਜੀਭ ਦਾ ਰਸ ਜਾਂ ਸਾਡੇ ਬੋਲ ਸਾਨੂੰ ਹਸਾ ਵੀ ਸਕਦੇ ਹਨ ਅਤੇ ਰੁਆ ਵੀ। ਹੱਸਣਾ ਸੁੱਖ ਹੈ ਅਤੇ ਰੋਣਾ ਦੁੱਖ। ਮਨ ਦੀ ਸ਼ਾਂਤੀ ਸਿੱਧਾ ਸੁੱਖਾਂ ਦਾ ਰਾਹ ਹੈ। ਜੀਭ ਦੇ ਸਵਾਦ ਬਿਮਾਰੀ ਨੂੰ ਸੱਦਾ ਤੇ ਬਿਮਾਰ ਬੰਦਾ ਦੁਖੀ ਹੁੰਦਾ ਹੈ। ਸੋ ਜੀਭ ਅਤੇ ਜ਼ੁਬਾਨ ਦੋਵਾਂ ’ਤੇ ਸੰਜਮ ਦਾ ਤਾਲਾ ਲਗਾਉਣਾ ਪਵੇਗਾ।
ਸਾਡਾ ਦ੍ਰਿਸ਼ਟੀਕੋਣ ਜਾਂ ਸੋਚਣ ਦਾ ਅਕੀਦਾ ਬਹੁਤ ਵਿਸ਼ਾਲ ਹੋਣਾ ਚਾਹੀਦਾ ਹੈ ਅਤੇ ਚੰਗਾ ਵੀ ਕਿਉਂਕਿ ਸਾਡੀ ਸੋਚ ਨੇ ਹੀ ਦੁੱਖਾਂ ਤੇ ਸੁੱਖਾਂ ਨੂੰ ਮਾਨਤਾ ਦੇਣੀ ਹੁੰਦੀ ਹੈ। ਮਾਮੂਲੀ ਦੁੱਖ ਦਾ ਫਿਕਰ ਕਰਨ ਦੀ ਬਜਾਏ ਉਸ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸ਼ੁੱਧ ਅਤੇ ਪਵਿੱਤਰ ਵਿਚਾਰ ਦੁੱਖ ਸਹਿਣ ਅਤੇ ਸੁੱਖ ਪ੍ਰਾਪਤੀ ਦਾ ਜ਼ਰੀਆ ਬਣ ਸਕਦੇ ਹਨ। ਜਿਸ ਆਦਮੀ ਦੀ ਕਮਾਈ ਦੇ ਸਾਧਨ ਉਚਿਤ ਅਤੇ ਸਹੀ ਹਨ, ਉਹ ਸੁੱਖ ਹੀ ਪਾਉਂਦੇ ਹਨ। ਮਾੜੇ ਤੇ ਗ਼ਲਤ ਢੰਗ ਨਾਲ ਕਮਾਇਆ ਧਨ ਕਦੇ ਨਾ ਕਦੇ ਮਨੁੱਖ ਨੂੰ ਜ਼ਰੂਰ ਦੁੱਖਾਂ ਵੱਲ ਧੱਕਦਾ ਹੈ ਅਤੇ ਬਹੁਤ ਸਾਰੇ ਐਬਾਂ ਨੂੰ ਸੱਦਾ ਦਿੰਦਾ ਹੈ। ਕਿੱਤੇ ਪ੍ਰਤੀ ਵਫ਼ਾਦਾਰੀ ਮਨ ਦਾ ਸਭ ਤੋਂ ਵੱਡਾ ਸਕੂਨ ਹੈ ਅਤੇ ਸੁੱਖਾਂ ਦਾ ਰਾਹ। ਚੰਗੇ ਕੰਮ ਕਰਨ ਦੀ ਪ੍ਰਵਿਰਤੀ ਸੁੱਖਾਂ ਦੇ ਦੁਆਰ ’ਤੇ ਦਸਤਕ ਦਿੰਦੀ ਹੈ। ਮਾੜੇ ਕੰਮ ਮਨ ਨੂੰ ਬੇਚੈਨ ਕਰਦੇ ਹਨ ਅਤੇ ਮਨ ਦੀ ਬੇਚੈਨੀ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ।
ਸੰਸਾਰ ਵਿੱਚ ਵਿਚਰਦੇ ਸਮੇਂ ਪੂਰੀ ਸਾਵਧਾਨੀ ਵਰਤੋ। ਹੋਸ਼ ਅਤੇ ਮਸਤੀ ਅਧੀਨ ਹੀ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ। ਮਸਤੀ ਭਰੀ ਜ਼ਿੰਦਗੀ ਵਿੱਚ ਦੁੱਖ ਕੋਈ ਅਰਥ ਨਹੀਂ ਰੱਖਦੇ। ਦੁੱਖ ਅਜਿਹੀ ਜ਼ਿੰਦਗੀ ਦੇ ਨੇੜੇ ਢੁੱਕਣ ਤੋਂ ਵੀ ਡਰਦੇ ਹਨ। ਮਸਤ ਲੋਕਾਂ ਕੋਲ ਸਬਰ ਹੁੰਦਾ ਹੈ ਅਤੇ ਸਬਰ ਤੇ ਸੰਤੋਖ ਵਿੱਚ ਹੀ ਦੁੱਖ ਸੁੱਖ ਦਾ ਸੰਤੁਲਨ ਛੁਪਿਆ ਹੋਇਆ ਹੈ। ਪਦਾਰਥ ਅਤੇ ਪੈਸੇ ਦੇ ਲਾਲਚ ਨੇ ਮਨੁੱਖੀ ਮਨ ਨੂੰ ਬੇਚੈਨ ਕਰ ਦਿੱਤਾ ਹੈ। ਮਨ ਦੀ ਸ਼ਾਂਤੀ ਸਭ ਪਦਾਰਥਾਂ ਅਤੇ ਪੈਸੇ ਤੋਂ ਉੱਪਰ ਹੈ। ਮਨ ਦੀ ਅਸ਼ਾਂਤੀ ਵਿੱਚ ਵਿਚਰਦੇ ਮਨੁੱਖ ਨੂੰ ਸੁੰਦਰ ਚੀਜ਼ਾਂ ਵੀ ਕਰੂਪ ਦਿਖਾਈ ਦਿੰਦੀਆਂ ਹਨ। ਮਨ ਦੀ ਸ਼ਾਂਤੀ ਦੁੱਖ ਸਹਿਣ ਦੀ ਤਾਕਤ ਦਿੰਦੀ ਹੈ। ਉੱਥੇ ਦੁੱਖ ਨੂੰ ਦੂਰ ਕਰਨ ਦਾ ਢੁੱਕਵਾਂ ਹੱਲ ਹਾਸ਼ਮ ਸ਼ਾਹ ਦੱਸਦਾ ਹੈ:
ਹਾਸ਼ਮ ਸ਼ਾਹ ਮੀਆਂ ਸੁੱਖ ਪਾਉਣਾ ਈ
ਤਾਂ ਦੁੱਖ ਨੂੰ ਮਨੋ ਵਿਸਾਰ ਨਾਹੀਂ
ਆਪ ਤੋਂ ਨੀਵੇਂ ਨੂੰ ਦੇਖ ਕੇ ਜਿਊਣ ਦਾ ਹੁਨਰ ਦੁੱਖਾਂ ਦੇ ਛੁਟਕਾਰੇ ਦਾ ਰਾਹ ਹੈ। ਇਹ ਸਬਰ, ਸੰਜਮ ਅਤੇ ਸੰਤੋਖ ਵਾਲਾ ਜੀਵਨ ਹੈ। ਸੋ ਦੁੱਖਾਂ ਦਾ ਖਾਤਮਾ ਮਨੁੱਖ ਦੀ ਜਿਊਣ ਕਲਾ ਕਰ ਸਕਦੀ ਹੈ। ਜਦ ਮਨੁੱਖ ਜਿਊਣਾ ਸਿੱਖ ਜਾਵੇਗਾ ਤਾਂ ਜ਼ਿੰਦਗੀ ਵਿੱਚ ਦੁੱਖਾਂ ਸੁੱਖਾਂ ਦਾ ਸੰਤੁਲਨ ਬਣ ਜਾਵੇਗਾ। ਉਸ ਸਮੇਂ ਮਨੁੱਖ ਦੁੱਖਾਂ ’ਤੇ ਜੋੜਨ ਦਾ ਫਾਰਮੂਲਾ ਲਗਾਉਣ ਦੀ ਬਜਾਏ ਘਟਾਓ ਦਾ ਫਾਰਮੂਲਾ ਲਗਾਏਗਾ। ਸੋ ਆਓ ਸਰੀਰ, ਮਨ, ਦਿਮਾਗ਼ ਅਤੇ ਸਮਾਜ ਨੂੰ ਸਿੱਧੀ ਰੇਖਾ ਵਿੱਚ ਰੱਖ ਕੇ ਇਨ੍ਹਾਂ ਵਿੱਚ ਸੰਤੁਲਨ ਪੈਦਾ ਕਰਕੇ ਜ਼ਿੰਦਗੀ ਵਿੱਚ ਸੰਤੁਲਨ ਪੈਦਾ ਕਰੀਏ।
ਸੰਪਰਕ: 99156-21188