For the best experience, open
https://m.punjabitribuneonline.com
on your mobile browser.
Advertisement

ਨਵਜੰਮੀ ਬੱਚੀ ਨੂੰ ਕੂੜੇ ਦੇ ਢੇਰ ’ਤੇ ਸੁੱਟਣ ਵਾਲੇ ਜੋੜੇ ਨੂੰ ਉਮਰ ਕੈਦ

08:07 AM Apr 05, 2024 IST
ਨਵਜੰਮੀ ਬੱਚੀ ਨੂੰ ਕੂੜੇ ਦੇ ਢੇਰ ’ਤੇ ਸੁੱਟਣ ਵਾਲੇ ਜੋੜੇ ਨੂੰ ਉਮਰ ਕੈਦ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਪਰੈਲ
ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕਮ ਫਾਸਟ ਟਰੈਕ ਵਿਸ਼ੇਸ਼ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਨਵ-ਜੰਮੀ ਬੱਚੀ ਨੂੰ ਕੂੜੇ ਦੇ ਢੇਰ ’ਤੇ ਸੁੱਟਣ ਵਾਲੇ ਜੋੜੇ ਨੂੰ ਆਈਪੀਸੀ ਦੀ ਧਾਰਾ 302/201 ਤਹਿਤ ਉਮਰ ਕੈਦ ਦੀ ਸਜ਼ਾ ਅਤੇ 15 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਵੇਰਵਿਆਂ ਅਨੁਸਾਰ 28 ਸਤੰਬਰ, 2020 ਨੂੰ ਥਾਣਾ ਧਰਮਕੋਟ ਅਧੀਨ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਇੱਕ ਔਰਤ ਨੇ ਤੜਕਸਾਰ ਰੂੜੀ ਉੱਤੇ ਇੱਕ ਲਿਫ਼ਾਫ਼ੇ ਵਿਚ ਲਪੇਟੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਤਰੁੰਤ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਗਈ। ਇਸ ਮਗਰੋਂ ਪਿੰਡ ਵਾਸੀਆਂ 112 ਹੈਲਪਲਾਈਨ ਉੱਤੇ ਪੁਲੀਸ ਨੂੰ ਇਤਲਾਹ ਦਿੱਤੀ ਤਾਂ ਉਸ ਸਮੇਂ ਦੇ ਥਾਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਦੀ ਅਗਵਾਈ ਹੇਠ ਪੁਲੀਸ ਟੀਮ ਮੌਕੇ ਉੱਤੇ ਪੁੱਜੀ। ਬੱਚੀ ਨੂੰ ਪੁਲੀਸ ਨੇ ਕਬਜ਼ੇ ਵਿਚ ਲੈ ਲਿਆ। ਉਸ ਸਮੇਂ ਬੱਚੀ ਦੇ ਸਾਹ ਚੱਲ ਰਹੇ ਸਨ ਤਾਂ ਉਸ ਨੂੰ ਤਰੁੰਤ ਹਸਪਤਾਲ ਲਿਆਂਦਾ ਗਿਆ। ਇਸ ਉੱਤੇ ਪੁਲੀਸ ਨੇ ਆਈਪੀਸੀ ਦੀ ਧਾਰਾ 307/201 ਆਈਪੀਸੀ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ । ਕਰੀਬ ਮਹੀਨਾ ਬਾਅਦ ਇਲਾਜ਼ ਦੌਰਾਨ ਬੱਚੀ ਦੀ 7 ਅਕਤੂਬਰ 2020 ਨੂੰ ਮੌਤ ਹੋ ਗਈ ਤਾਂ ਪੁਲੀਸ ਨੇ ਮਾਮਲਾ ਆਈਪੀਸੀ ਦੀ ਧਾਰਾ 302/201 ਵਿਚ ਕੇਸ ਤਬਦੀਲ ਕਰ ਦਿੱਤਾ। ਕਰੀਬ ਇੱਕ ਮਹੀਨੇ ਬਾਅਦ 9 ਨਵੰਬਰ 2020 ਨੂੰ ਨਾਮਜ਼ਦ ਮੁਲਜ਼ਮ ਹਰਦੀਪ ਕੌਰ ਪਤਨੀ ਗੁਰਦੇਵ ਸਿੰਘ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਜੱਜਮੈਂਟ ਮੁਤਾਬਕ ਮੁਲਜ਼ਮ ਔਰਤ ਨੇ ਕਿਹਾ ਕਿ ਉਹ ਤੇ ਉਸ ਦਾ ਪਤੀ ਉਨ੍ਹਾਂ ਦੇ ਪੈਦਾ ਹੋਈ ਲੜਕੀ ਤੋਂ ਦੁਖੀ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਬੱਚੀ ਨੂੰ ਸੁੱਟ ਦਿੱਤਾ।

Advertisement

Advertisement
Author Image

Advertisement
Advertisement
×