ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਚਾਰ ਦੋਸਤਾਂ ਨੂੰ ਉਮਰ ਕੈਦ
ਰਜਿੰਦਰ ਕੁਮਾਰ
ਬੱਲੂਆਣਾ, 21 ਫਰਵਰੀ
ਪੰਜਾਬ ਰਾਜਸਥਾਨ ਦੀ ਹੱਦ ਨਾਲ ਲੱਗਦੇ ਹਲਕਾ ਬਲੂਆਣਾ ਦੇ ਪਿੰਡ ਸ਼ੇਰੇਵਾਲਾ ਵਾਸੀ ਤਿੰਨ ਨੌਜਵਾਨਾਂ ਅਤੇ ਉਨ੍ਹਾਂ ਦੇ ਇੱਕ ਦੋਸਤ ਨੂੰ ਹੱਤਿਆ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਉਪਰੋਕਤ ਮਾਮਲੇ ਵਿੱਚ ਪੁਲੀਸ ਨੇ ਇੱਕ ਨੌਜਵਾਨ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੀ ਭੈਣ ਕਵਿਤਾ ਵਾਸੀ ਸ਼ੇਰੇਵਾਲਾ ਦੇ ਬਿਆਨਾਂ ’ਤੇ ਮੁਕਦਮਾ ਦਰਜ ਕੀਤਾ ਸੀ ਹਾਲਾਂਕਿ ਮੁਢਲੀ ਪੜਤਾਲ ਵਿੱਚ ਪੁਲੀਸ ਨੂੰ ਇਸ ਮਾਮਲੇ ਵਿੱਚ 174 ਹੇਠ ਕਾਰਵਾਈ ਕਰਨੀ ਪਈ ਪਰ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਵਿੱਚ ਸਿਰ ’ਤੇ ਸੱਟਾਂ ਲੱਗਣ ਕਾਰਨ ਮੌਤ ਹੋਣ ਦੀ ਰਿਪੋਰਟ ਮਿਲਣ ਉਪਰੰਤ ਇਸ ਮਾਮਲੇ ਵਿੱਚ ਪੁਲੀਸ ਨੇ ਧਾਰਾ 302 ਜੋੜ ਦਿੱਤੀ ਸੀ। ਤਫਤੀਸ਼ ਤੋਂ ਬਾਅਦ ਪੁਲੀਸ ਨੇ ਇਸ ਮੁਕਦਮੇ ਵਿੱਚ ਪਿੰਡ ਸ਼ੇਰੇਵਾਲਾ ਦੇ ਹੀ ਰਹਿਣ ਵਾਲੇ ਤਿੰਨ ਨੌਜਵਾਨਾਂ ਅਨੁਜ ਕੁਮਾਰ ਵਿਜੇਸ਼ ਕੁਮਾਰ ਅਤੇ ਰਕੇਸ਼ ਕੁਮਾਰ ਸਮੇਤ ਅਬੋਹਰ ਦੀ ਨਵੀਂ ਆਬਾਦੀ ਵਾਸੀ ਅਮਿਤ ਪੁੱਤਰ ਰਾਮ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲੀਸ ਦੀ ਮੁਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਇਆ ਸੀ ਕਿ ਉਪਰੋਕਤ ਸਾਰਿਆਂ ਨੇ ਬੈਠ ਕੇ ਪਹਿਲਾਂ ਸ਼ਰਾਬ ਪੀਤੀ। ਇਸ ਦੌਰਾਨ ਲੋਕ ਆਪਸ ਵਿੱਚ ਲੜ ਪਏ। ਸਿੱਟੇ ਵਜੋਂ ਕਵਿਤਾ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ। ਕਰੀਬ ਤਿੰਨ ਸਾਲ ਤਕ ਮੁਕੱਦਮੇ ਦੀ ਸੁਣਵਾਈ ਜ਼ਿਲ੍ਹਾ ਅਦਾਲਤ ਵਿੱਚ ਚੱਲੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਇਸ ਮਾਮਲੇ ਵਿੱਚ ਨਾਮਜਦ ਚਾਰੋ ਮੁਲਜਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ।