ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰੀ ਹਰਨਾਮ ਸਿੰਘ ਗੁਜਰਵਾਲ ਦਾ ਜੀਵਨ ਤੇ ਜਦੋ-ਜਹਿਦ

08:53 AM Sep 30, 2023 IST

ਬਰਸੀ ਮੌਕੇ ਵਿਸ਼ੇਸ਼

Advertisement

ਜਸਦੇਵ ਸਿੰਘ ਲਲਤੋਂ

ਹਰਨਾਮ ਸਿੰਘ ਜੀ ਦਾ ਜਨਮ 1884 ਵਿਚ ਪਿੰਡ ਗੁਜਰਵਾਲ (ਜਿ਼ਲ੍ਹਾ ਲੁਧਿਆਣਾ) ਵਿਚ ਹੋਇਆ। ਮੁਢਲੀ ਵਿਦਿਆ ਪਿੰਡ ਦੇ ਸਕੂਲ ’ਚੋਂ ਪ੍ਰਾਪਤ ਕਰ ਕੇ ਉਹ ਖੇਤੀਬਾੜੀ ਵਿਚ ਪਰਿਵਾਰ ਨਾਲ ਹੱਥ ਵਟਾਉਣ ਲੱਗੇ। ਘਰ ਦੀ ਗਰੀਬੀ ਚੁੱਕਣ ਲਈ ਆਪ ਨੂੰ ਪਿਤਾ ਨਰਾਇਣ ਸਿੰਘ ਨੇ ਵਿਦੇਸ਼ ਭੇਜਿਆ। ਆਪ ਨੇ ਪਹਿਲਾਂ ਮਲਾਇਆ, ਫਿਰ ਸਿੰਗਾਪੁਰ ਤੇ ਅੱਗੇ ਬਰਮਾ (ਹੁਣ ਮਿਆਂਮਾਰ) ਵਿਚ ਨੌਕਰੀਆਂ ਕੀਤੀਆਂ। ਇਸ ਤੋਂ ਬਾਅਦ ਉਹ ਅੰਗਰੇਜ਼ੀ ਤੋਪਖਾਨੇ ’ਚ ਭਰਤੀ ਹੋ ਗਏ ਲੇਕਨਿ ਗੋਰੇ ਦੀ ਗੁਲਾਮੀ ਰਾਸ ਨਾ ਆਈ ਤੇ ਨੌਕਰੀ ਨੂੰ ਲੱਤ ਮਾਰ ਦਿਤੀ।
ਉਹ ਬਿਹਤਰ ਜ਼ਿੰਦਗੀ ਦੀ ਭਾਲ ਲਈ 4 ਅਪਰੈਲ 1914 ਨੂੰ ਹਾਂਗਕਾਂਗ ਤਂੋ ਕੋਮਾਗਾਟਾ ਮਾਰੂ ਜਹਾਜ਼ ਰਾਹੀਂ ਵੈਨਕੂਵਰ (ਕੈਨੇਡਾ) ਲਈ 376 ਮੁਸਾਫਿ਼ਰਾਂ ਦਾ ਸੰਗੀ ਬਣ ਕੇ ਚੱਲ ਪਏ। ਹਾਂਗਕਾਂਗ ਵਿਚ ਗ਼ਦਰ ਪਾਰਟੀ ਨਾਲ ਪਿਆਰ ਰੱਖਣ ਵਾਲੇ ਬੰਦੇ ਜੋ ਗੁਰਦੁਆਰਾ ਕਮੇਟੀ ਦੇ ਮੁਖੀ ਸਨ, ਜਹਾਜ਼ ਨੂੰ ਤੋਰਨ ਵਿਚ ਸਿੱਧਾ ਹਿੱਸਾ ਲੈ ਰਹੇ ਸਨ। ਇਨ੍ਹਾਂ ਵਿਚ ਭਾਈ ਹਰਨਾਮ ਸਿੰਘ ਕਹੂਟਾ ਤੇ ਭਾਈ ਹਰਨਾਮ ਸਿੰਘ ਗੁਜਰਵਾਲ ਵਰਨਣ ਯੋਗ ਹਨ। ਸਰਕਾਰ ਦੀ ਅੜੀ ਕਾਰਨ ਜਹਾਜ਼ ਵਾਪਸ ਬੱਜ-ਬੱਜ ਘਾਟ ਕਲਕੱਤੇ ਲੱਗਿਆ। ਉਥੇ 29 ਸਤੰਬਰ ਨੂੰ ਸਾਕਾ ਵਾਪਰ ਗਿਆ। ਦਸਾਂ ਮੁਸਾਫਰਾਂ ਦਾ ਇਕ ਜੱਥਾ ਹੁਗਲੀ ਟੱਪ ਗਿਆ ਜਿਸ ਵਿਚੋਂ ਸੁੰਦਰ ਸਿੰਘ ਚੀਮਨਾ, ਕਾਬਲ ਸਿੰਘ, ਪੂਰਨ ਸਿੰਘ ਘੋਲੀਆ, ਠਾਕੁਰ ਸਿੰਘ ਊਦੋਨੰਗਲ ਤੇ ਹਰਨਾਮ ਸਿੰਘ ਗੁਜਰਵਾਲ ਦੇ ਨਾਵਾਂ ਦਾ ਪਤਾ ਲੱਗਿਆ। ਉਹ ਦਨਿੇ ਲੁਕਦੇ ਤੇ ਰਾਤ ਤੁਰਦੇ, ਬੰਕੂਰੇ ਲਾਗੇ ਪੁਲੀਸ ਨੇ ਫੜ ਲਏ। ਕੁਝ ਮਹੀਨਿਆਂ ਬਾਅਦ ਰਿਹਾਅ ਕੀਤੇ ਗਏ।
ਗ਼ਦਰ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਲੁਧਿਆਣਾ ਜਿ਼ਲ੍ਹੇ ਦੇ ਪਿੰਡਾਂ ਵਿਚ ਰਣਧੀਰ ਸਿੰਘ ਨਾਰੰਗਵਾਲ ਦਾ ਜੱਥਾ ਆਪਣੇ ਦੀਵਾਨਾਂ ਤੇ ਅਖੰਡ ਪਾਠਾਂ ਦੇ ਜੋੜ ਮੇਲਿਆਂ ਉਤੇ ਸੰਗਤ ਨੂੰ ਗ਼ਦਰ ਪਾਰਟੀ ਦਾ ਸੰਦੇਸ਼ ਦਿੰਦੇ। ਅਜਿਹੇ ਦੀਵਾਨ 14 ਫਰਵਰੀ 1915 ਨੂੰ ਗੁਜਰਵਾਲ ਵੀ ਲਾਏ ਗਏ। ਹਰਨਾਮ ਸਿੰਘ ਗੁਜਰਵਾਲ ਨੇ ਇਨ੍ਹਾਂ ਸਮਾਗਮਾਂ ਵਿਚ ਤਕਰੀਰਾਂ ਕੀਤੀਆਂ। ਗ਼ਦਰ ਪਾਰਟੀ ਦੀ ਵਿਉਂਤ ਅਨੁਸਾਰ ਉਹ ਇਸ ਜੱਥੇ ਨਾਲ 19 ਫਰਵਰੀ 1915 ਨੂੰ ਗ਼ਦਰ ਕਰਨ ਲਈ ਫਿਰੋਜ਼ਪੁਰ ਪਹੁੰਚੇ ਲੇਕਨਿ ਮੁਖਬਰੀ ਦੀ ਮਾਰ ਪੈਣ ਸਦਕਾ ਇਹ ਪ੍ਰੋਗਰਾਮ ਧਰਿਆ-ਧਰਾਇਆ ਰਹਿ ਗਿਆ।
ਆਪ ਜੀ 25 ਜੂਨ 1915 ਨੂੰ ਫੜੇ ਗਏ ਅਤੇ ਮਾਰਚ 1916 ਵਿਚ ਉਨ੍ਹਾਂ ਨੂੰ ਦੂਜੇ ਲਾਹੌਰ ਮੁਕੱਦਮੇ ਅਧੀਨ ਫਿਰੋਜ਼ਪੁਰ ਛਾਉਣੀ ’ਤੇ ਹਮਲੇ ਅਤੇ ਦੋਰਾਹਾ ਪੁਲ ਗਾਰਡ ਕੇਸ ਵਿਚ ਕਾਲੇ ਪਾਣੀ ਬਾਮੁਸ਼ੱਕਤ ਉਮਰ ਕੈਦ ਅਤੇ ਜ਼ਮੀਨ-ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਆਪ ਕਾਲੇ ਪਾਣੀ ਤੋਂ ਇਲਾਵਾ ਵੇਲੂਰ, ਹਜ਼ਾਰੀ ਬਾਗ, ਪੂਨੇ ਆਦਿ ਜੇਲ੍ਹਾਂ ਵਿਚ ਵੀ ਰਹੇ। ਮਈ 1930 ’ਚ ਰਿਹਾਈ ਮੌਕੇ ਆਪ ਨੂੰ ਪਿੰਡ ’ਚ 3 ਸਾਲ ਦੀ ਸਖਤ ਨਿਗਰਾਨੀ ਹੇਠ ਰੱਖਣ ਦਾ ਹੁਕਮ ਹੋਇਆ ਪਰ 1932 ਵਿਚ ਸੈਕਸ਼ਨ 326 (ਆਈਪੀਸੀ) ਅਧੀਨ ਇਕ ਕੇਸ ਵਿਚ ਮੁੜ ਗ੍ਰਿਫਤਾਰ ਕੀਤਾ ਗਿਆ। ਰਿਹਾਈ ਮਗਰੋਂ ਖਰੀ ਆਜ਼ਾਦੀ ਅਤੇ ਕੌਮੀ ਜਮਹੂਰੀ ਰਾਜ ਪ੍ਰਬੰਧ ਲਈ ਆਜ਼ਾਦੀ ਦੀਆਂ ਲਹਿਰਾਂ ਵਿਚ ਰੋਲ ਨਿਭਾਉਣਾ ਜਾਰੀ ਰੱਖਿਆ। 1947 ਤੋਂ ਬਾਅਦ ਆਪ ਜੀ ਸਾਂਝੀ ਕਮਿਊਨਿਸਟ ਪਾਰਟੀ ’ਚ ਸ਼ਾਮਲ ਹੋ ਗਏ। ਗੁਰਦੁਆਰਿਆਂ ਦੇ ਪ੍ਰਬੰਧਾਂ ’ਚ ਸੁਧਾਰਾਂ ਦੇ ਮਕਸਦ ਹਿਤ ਆਪ ਜੀ 1953 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣੇ। ਆਪ ਜੀ 1967 ’ਚ ਸਦੀਵੀ ਵਿਛੋੜਾ ਦੇ ਗਏ। 30 ਸਤੰਬਰ ਨੂੰ ਉਨ੍ਹਾਂ ਦੀ ਗੁਜਰਵਾਲ ਵਿਖੇ ਯਾਦਗਾਰ ’ਤੇ ਬਰਸੀ ਮਨਾਈ ਜਾ ਰਹੀ ਹੈ।
ਸੰਪਰਕ: 96464-02470

Advertisement

Advertisement