ਅੰਮ੍ਰਿਤਸਰ ’ਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਗਸਤ
ਮਾਝੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਪਈ ਭਾਰੀ ਬਾਰਿਸ਼ ਨੇ ਸਮੁੱਚੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦੇਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਲਗਭਗ ਸਾਰਾ ਦਿਨ ਹੀ ਜਾਰੀ ਰਹੀ ਤੇ ਬਾਅਦ ਦੁਪਹਿਰ ਕੁਝ ਠਹਿਰਾਅ ਆਇਆ। ਦੇਰ ਰਾਤ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਸ਼ਹਿਰ ਵਿੱਚ ਜਲ-ਥਲ ਕਰ ਦਿੱਤਾ। ਭਾਰੀ ਬਾਰਿਸ਼ ਕਾਰਨ ਐਲੀਵੇਟਿਡ ਰੋਡ, ਕਵੀਨਸ ਰੋਡ, ਟੇਲਰ ਰੋਡ, ਕੋਰਟ ਰੋਡ, ਮਦਨ ਮੋਹਨ ਮਾਲਵੀਆ ਰੋਡ, ਲਾਰੈਂਸ ਰੋਡ ਸਮੇਤ ਅੰਦਰੂਨੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕੋਰਟ ਰੋਡ ਅਤੇ ਟੇਲਰ ਰੋਡ ’ਤੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਾ ਹੋਣ ਕਾਰਨ ਦੇਰ ਸ਼ਾਮ ਤੱਕ ਵੀ ਪਾਣੀ ਖੜ੍ਹਾ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਭਗ 101 ਐੱਮਐੱਮ ਮੀਂਹ ਦਰਜ ਕੀਤਾ ਗਿਆ। ਪਠਾਨਕੋਟ ਵਿੱਚ ਸਭ ਤੋਂ ਵੱਧ 160 ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦੋਂਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ 40 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੁਤਾਬਕ ਅਗਲੇ ਕੁਝ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਨੇ ਅੱਜ ਪਏ ਭਾਰੀ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਿਆ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਵਿੱਚ ਪਏ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਲੀਹ ਤੋਂ ਲਾਹ ਕੇ ਰੱਖ ਦਿੱਤਾ| ਸਵੇਰੇ ਤੜਕੇ 3.30 ਦੇ ਕਰੀਬ ਸ਼ੁਰੂ ਹੋਇਆ ਮੀਂਹ ਸਵੇਰੇ 9 ਵਜੇ ਤੱਕ ਪੈਂਦਾ ਰਿਹਾ ਜਦਕਿ ਦੁਪਹਿਰ ਤੱਕ ਬੂੰਦਾਬਾਂਦੀ ਹੁੰਦੀ ਰਹੀ| ਮੀਂਹ ਨਾਲ ਸ਼ਹਿਰ ਦੀਆਂ ਸੜਕਾਂ-ਗਲੀਆਂ ਆਦਿ ’ਤੇ ਘੰਟਿਆਂ ਤੱਕ ਗੋਡਿਆਂ ਤੱਕ ਪਾਣੀ ਖੜ੍ਹਾ ਰਿਹਾ ਜਿਸ ਕਰਕੇ ਡਿਊਟੀ ’ਤੇ ਜਾਣ ਵਾਲਿਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ|
ਭਾਰੀ ਮੀਂਹ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਵਧੇਰੇ ਥਾਵਾਂ ’ਤੇ ਇੱਕਦਮ ਠੱਪ ਹੋ ਕੇ ਰਹਿ ਗਈ| ਪਾਵਰਕੌਮ ਦੇ ਤਰਨ ਤਾਰਨ ਮੰਡਲ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੱਕੜ-ਦੁੱਕੜ ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ| ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਤਹਿਸੀਲ ਵਿੱਚ ਬਾਰਸ਼ 140 ਐਮ ਐਮ ਰਿਕਾਰਡ ਕੀਤੀ ਗਈ ਹੈ ਜਦਕਿ ਪੱਟੀ ਤਹਿਸੀਲ ਅੰਦਰ 12 ਅਤੇ ਖਡੂਰ ਸਾਹਿਬ ਵਿੱਚ ਕੇਵਲ 10 ਐਮ ਐਮ ਰਿਕਾਰਡ ਕੀਤੀ ਗਈ ਹੈ| ਬੀਤੇ 40 ਸਾਲਾਂ ਦੇ ਇਤਿਹਾਸ ਵਿੱਚ ਇਹ ਅੱਜ ਪਹਿਲੀ ਵਾਰ ਹੋਇਆ ਕਿ ਪਾਣੀ ਸ਼ਹਿਰ ਦੀ ਮੇਨ ਸੜਕ ਦੇ ਸਾਰੇ ਭਾਗ ਵਿੱਚ ਦੋ-ਦੋ ਫੁੱਟ ਤੱਕ ਭਰ ਗਿਆ|
ਵਸੀਕਾ ਨਵੀਸ ਦੀ ਦੁਕਾਨ ਦੀ ਛੱਤ ਡਿੱਗੀ
ਅਜਨਾਲਾ: ਸ਼ਹਿਰ ਵਿੱਚ ਸਥਿਤ ਮਾਲ ਵਸੀਕਾ ਨਵੀਸ ਅਤੇ ਭਿੰਡਰ ਅਸ਼ਟਾਮ ਫਰੋਸ਼ ਦੀ ਸਾਂਝੀ ਦੁਕਾਨ ਦੀ ਛੱਤ ਰਾਤ ਅਤੇ ਦਿਨ ਸਮੇਂ ਹੋਈ ਭਾਰੀ ਬਰਸਾਤ ਕਾਰਨ ਡਿੱਗ ਪਈ। ਵਸੀਕਾ ਨਵੀਸ ਬਲਜਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਉਨ੍ਹਾਂ ਦੇ ਕੰਪਿਊਟਰ, ਲੈਪਟਾਪ, ਸਰਕਾਰੀ ਰਿਕਾਰਡ, ਰਜਿਸਟਰ, ਅਸਟਾਮ ਆਦਿ ਖਰਾਬ ਹੋ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪਿਆ। ਉਨ੍ਹਾਂ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਅਜਨਾਲਾ ਅੰਦਰ ਨਵੀਆਂ ਦੁਕਾਨਾਂ ਸਮੂਹ ਵਸੀਕਾ ਨਵੀਸਾਂ ਨੂੰ ਅਲਾਟ ਕੀਤੀਆਂ ਜਾਣ। -ਪੱਤਰ ਪ੍ਰੇਰਕ