ਪਟਿਆਲਾ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੁਲਾਈ
ਇਥੇ ਹਫ਼ਤੇ ਮਗਰੋਂ ਪਏ ਭਾਰੀ ਮੀਂਹ ਨੇ ਸ਼ਹਿਰ ਨੂੰ ਅੱਜ ਮੁੜ ਜਲ-ਥਲ ਕਰ ਦਿੱਤਾ। ਮੀਂਹ ਨਾਲ ਸ਼ਹਿਰ ਦੇ ਨੀਵੇਂ ਖੇਤਰਾਂ, ਸੜਕਾਂ ਅਤੇ ਗਲੀਆਂ-ਨਾਲੀਆਂ ’ਤੇ ਪਾਣੀ ਭਰ ਗਿਆ। ਇਸ ਦੌਰਾਨ ਇੱਕ ਵਾਰ ਤਾਂ ਵਾਹਨ ਨਿਕਲਣੇ ਵੀ ਮੁਸ਼ਕਲ ਹੋ ਗਏ ਤੇ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਅਨਾਰਦਾਣਾ ਚੌਕ, ਛੋਟੀ ਬਾਰਾਂਦਰੀ, ਰਾਘੋਮਾਜਰਾ, ਧਰਮਪੁਰਾ ਬਾਜ਼ਾਰ, ਅਰਨਾ ਬਰਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ, ਏਸੀ ਮਾਰਕੀਟ ਦਾ ਬਾਹਰੀ ਖੇਤਰ, ਅਫ਼ਸਰ ਕਲੋਨੀ, ਫੂਲਕੀਆ ਐਨਕਲੇਵ, ਗੁਰੂ ਨਾਨਕ ਨਗਰ, ਬਾਬਾ ਦੀਪ ਨਗਰ ਤੇ ਤ੍ਰਿਪੜੀ ਦੇ ਕਈ ਖੇਤਰਾਂ ਸਮੇਤ ਅਨੇਕਾਂ ਹੋਰ ਸ਼ਹਿਰੀ ਕਲੋਨੀਆਂ ਤੇ ਬਸਤੀਆਂ ’ਚ ਭਰੇ ਮੀਂਹ ਦੇ ਇਸ ਪਾਣੀ ਕਾਰਨ ਇੱਕ ਵਾਰ ਹੜ੍ਹਾਂ ਵਰਗਾ ਮਾਹੌਲ ਬਣਿਆ ਰਿਹਾ, ਜਿਸ ਕਾਰਨ ਲੋਕ ਸਹਿਮੇ ਰਹੇ। ਯਾਦ ਰਹੇ ਕਿ ਇਥੋਂ ਦੇ ਅਰਬਨ ਅਸਟੇਟ, ਗੋਪਾਲ ਕਲੋਨੀ, ਰਿਸ਼ੀ ਕਲੋਨੀ ਤੇ ਚਨਿਾਰ ਬਾਗ ਸਮੇਤ ਅਨੇਕਾਂ ਹੋਰ ਖੇਤਰਾਂ ਵਿਚਲੇ ਘਰਾਂ ’ਚ ਕਈ ਕਈ ਫੁੱਟ ਪਾਣੀ ਵੜ ਗਿਆ ਸੀ, ਜਿਸ ਕਰਕੇ ਲੋਕ ਡਰੇ ਹੋਏ ਹਨ।
ਦੂਜੇ ਪਾਸੇ ਸ਼ਹਿਰ ਕੋਲੋਂ ਲੰਘਦੀ ਨਦੀ ਉੱਛਲਣ ਕਾਰਨ ਬੰਦ ਕੀਤੇ ਜੈਕਬ ਡਰੇਨ ਦੇ ਫਲੱਡ ਗੇਟ ਅੱਜ ਸ਼ਹਿਰ ’ਚ ਵਧੇਰੇ ਪਾਣੀ ਜਮ੍ਹਾਂ ਹੋਣ ਮਗਰੋਂ ਮੁੜ ਖੋਲ੍ਹ ਦਿੱਤੇ ਗਏ। ਹਾਲਾਤ ਗੰਭੀਰ ਬਣਦੇ ਵੇਖਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੀ ਮੌਜੂਦਗੀ ਵਿੱਚ ਨਗਰ ਨਿਗਮ ਦੇ ਮੁਲਾਜ਼ਮਾਂ ਤੋਂ ਫਲੱਡ ਗੇਟ ਖੁਲ੍ਹਵਾਏ। ਉਨ੍ਹਾਂ ਸ਼ਹਿਰ ਵਿਚਲੇ ਇਸ ਬਰਸਾਤੀ ਪਾਣੀ ਦੀ ਨਿਕਾਸੀ ਇਥੇ ਸ਼ੀਸ਼ ਮਹਿਲ ਦੇ ਪਿਛਲੇ ਪਾਸੇ ਵੱਡੀ ਨਦੀ ਵਿੱਚ ਡਿੱਗਦੀ ਜੈਕਬ ਡਰੇਨ ਰਾਹੀਂ ਕਰਵਾਈ।