ਉਪ ਰਾਜਪਾਲ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ: ਆਤਿਸ਼ੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜਨਵਰੀ
ਦਿੱਲੀ ਦੇ ਪਾਣੀ ਦੇ ਮੁੱਦੇ ’ਤੇ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਦਾ ਬਚਾਅ ਕਰ ਰਹੇ ਐੱਲਜੀ ਵੀਕੇ ਸਕਸੈਨਾ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਪੱਤਰ ਲਿਖ ਕੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਪਾਣੀਆਂ ਦੇ ਮੁੱਦੇ ’ਤੇ ਰਾਜਨੀਤੀ ਕਰਨ ਲਈ ਉਪ ਰਾਜਪਾਲ ਦੀ ਸਖ਼ਤ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਐੱਲਜੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਜਾਂ ਆਪਣਾ ਅਹੁਦਾ ਛੱਡ ਦੇਣ। ਆਤਿਸ਼ੀ ਨੇ ਕਿਹਾ ਕਿ ਐੱਲਜੀ ਦੇ ਪੱਤਰ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਪਾਣੀ ਵਿੱਚ ਅਮੋਨੀਆ ਦਾ ਪੱਧਰ ਨਿਰਧਾਰਤ ਸੀਮਾ ਤੋਂ 700 ਫ਼ੀਸਦ ਵੱਧ ਹੈ, ਫਿਰ ਵੀ ਉਨ੍ਹਾਂ ਨੇ ਲੋਕ ਹਿੱਤਾਂ ਦੀ ਰਾਖੀ ਲਈ ਕੋਈ ਕਦਮ ਨਹੀਂ ਚੁੱਕਿਆ। ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਗੁਣਵੱਤਾ ਦਾ ਮੁੱਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਇਕਾਂ ਵੱਲੋਂ ਵਾਰ-ਵਾਰ ਉਠਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਵਿੱਚ ਉਦੋਂ ਦਖ਼ਲ ਦਿੱਤਾ ਜਦੋਂ ਦਿੱਲੀ ਵਾਸੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਸਾਡੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਐੱਲਜੀ ਵਿਨੈ ਕੁਮਾਰ ਸਕਸੈਨਾ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਹ ਪੱਤਰ ਤੁਹਾਡੇ ਦਫ਼ਤਰ ਤੋਂ 28 ਜਨਵਰੀ ਨੂੰ ਮਿਲੇ ਪੱਤਰ ਦੇ ਜਵਾਬ ਵਿੱਚ ਹੈ। ਇਹ ਬਹੁਤ ਹੀ ਨਿਰਾਸ਼ਾਜਨਕ ਹੈ ਪਰ ਹੈਰਾਨੀ ਦੀ ਗੱਲ ਨਹੀਂ ਹੈ ਕਿ ਤੁਸੀਂ ਦਿੱਲੀ ਦੇ ਪਾਣੀ ਵਿਚ ਖਤਰਨਾਕ ਪੱਧਰ ’ਤੇ ਅਮੋਨੀਆ ਦੇ ਮੁੱਦੇ ਨੂੰ ਹੱਲ ਕਰਨ ਦੀ ਥਾਂ, ਬੇਬੁਨਿਆਦ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹੋ ਅਤੇ ਗੁੰਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਹੈ। ਆਤਿਸ਼ੀ ਨੇ ਕਿਹਾ ਕਿ ਅਸੀਂ ਤੱਥਾਂ ‘ਤੇ ਗੱਲ ਕਰਦੇ ਹਾਂ। ਦਿੱਲੀ ਜਲ ਬੋਰਡ ਦੇ ਸੀਈਓ ਦਾ ਪੱਤਰ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਇਤਰਾਜ਼ਯੋਗ, ਮੰਦਭਾਗਾ ਅਤੇ ਅਸਵੀਕਾਰਨਯੋਗ ਕਿਹਾ ਹੈ ਪਰ ਜੋ ਅਸਲ ਵਿੱਚ ਇਤਰਾਜ਼ਯੋਗ ਅਤੇ ਅਸਵੀਕਾਰਨਯੋਗ ਹੈ ਉਹ ਹੈ ਇਸ ਜਲ ਸੰਕਟ ਪ੍ਰਤੀ ਤੁਹਾਡੀ ਉਦਾਸੀਨਤਾ।
ਉਪ ਰਾਜਪਾਲ ’ਤੇ ਹਰਿਆਣਾ ਸਰਕਾਰ ਦਾ ਬਚਾਅ ਕਰਨ ਦਾ ਦੋਸ਼
ਮੁੱਖ ਮੰਤਰੀ ਆਤਿਸ਼ੀ ਨੇ ਪੱਤਰ ਵਿੱਚ ਉਪ ਰਾਜਪਾਲ ਨੂੰ ਕਿਹਾ ਕਿ ਤੁਸੀਂ ਸਾਡੇ ’ਤੇ ਭੜਕਾਊ ਬਿਆਨ ਦੇਣ ਦਾ ਦੋਸ਼ ਲਗਾਇਆ ਹੈ, ਪਰ ਉਹ ਤੁਹਾਨੂੰ ਇਕ ਸਵਾਲ ਪੁੱਛਦੀ ਹੈ ਕਿ ਕੀ ਇਹ ਭੜਕਾਊ ਨਹੀਂ ਹੈ ਕਿ ਦਿੱਲੀ ਵਾਸੀਆਂ ਦੇ ਘਰਾਂ ਵਿੱਚ ਜਾਣਬੁੱਝ ਕੇ ਜ਼ਹਿਰੀਲਾ ਪਾਣੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਹੈ ਕਿ ਹਰਿਆਣਾ ਸਰਕਾਰ ਦਾ ਤੁਹਾਡਾ ਲਗਾਤਾਰ ਬਚਾਅ ਅਤੇ ਦਿੱਲੀ ਦੀ ਜਲ ਸਪਲਾਈ ਵਿੱਚ ਪ੍ਰਦੂਸ਼ਣ ਦੇ ਖਿਲਾਫ ਤੁਹਾਡੀ ਨਾਕਾਮੀ ਇੱਕ ਅਹਿਮ ਸਵਾਲ ਉਠਾਉਂਦੀ ਹੈ ਕਿ ਤੁਹਾਡੀ ਵਫ਼ਾਦਾਰੀ ਕਿੱਥੇ ਹੈ।