ਉਪ-ਰਾਜਪਾਲ ਵੱਲੋਂ ‘ਆਪ’ ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ
ਨਵੀਂ ਦਿੱਲੀ, 28 ਦਸੰਬਰ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ‘ਆਪ’ ਦੀ ‘ਮਹਿਲਾ ਸਨਮਾਨ ਯੋਜਨਾ’ ਦੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਉਪ ਰਾਜਪਾਲ ਨੇ ਪੁਲੀਸ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਕਿ ਉਹ ਫੀਲਡ ਅਫਸਰਾਂ ਨੂੰ ਨਿਰਦੇਸ਼ ਦੇਣ ਕਿ ਲੋਕਾਂ ਦੇ ਨਿੱਜੀ ਵੇਰਵੇ ਹਾਸਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਏ ਸਨ ਕਿ ਗੈਰ-ਸਰਕਾਰੀ ਲੋਕ ਆਮ ਆਦਮੀ ਪਾਰਟੀ (ਆਪ) ਦੀ ਪ੍ਰਸਤਾਵਿਤ ਭਲਾਈ ਯੋਜਨਾ ‘ਮਹਿਲਾ ਸਨਮਾਨ ਯੋਜਨਾ’ ਲਈ ਰਜਿਸਟ੍ਰੇਸ਼ਨ ਦੇ ਨਾਮ ’ਤੇ ਦਿੱਲੀ ਵਾਸੀਆਂ ਦੇ ਨਿੱਜੀ ਵੇਰਵੇ ਹਾਸਲ ਕਰ ਰਹੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਕਮਿਸ਼ਨਰ ਫੀਲਡ ਅਫਸਰਾਂ ਨੂੰ ਉਸ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਜੋ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 2,100 ਰੁਪਏ ਦੇਣ ਦੇ ਚੋਣ ਵਾਅਦੇ ਲਈ ਰਜਿਸਟ੍ਰੇਸ਼ਨ ਦੇ ਨਾਂ ’ਤੇ ਉਨ੍ਹਾਂ ਦਾ ਨਿੱਜੀ ਡਾਟਾ ਇਕੱਠਾ ਕਰਕੇ ਨਾਗਰਿਕਾਂ ਦੀ ਨਿੱਜਤਾ ਦੀ ਉਲੰਘਣਾ ਕਰ ਰਹੇ ਹਨ। ਉਪ ਰਾਜਪਾਲ ਨੇ ਕਿਹਾ ਹੈ ਕਿ ਮੁੱਖ ਸਕੱਤਰ ਗੈਰ-ਸਰਕਾਰੀ ਲੋਕਾਂ ਵਲੋਂ ਨਿੱਜੀ ਵੇਰਵਿਆਂ ਅਤੇ ਫਾਰਮ ਇਕੱਠੇ ਕਰਨ ਦੇ ਮਾਮਲੇ ਵਿੱਚ ਡਿਵੀਜ਼ਨਲ ਕਮਿਸ਼ਨਰ ਰਾਹੀਂ ਜਾਂਚ ਕਰਵਾਉਣ। ਇਹ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਸਰਕਾਰੀ ਸਕੀਮਾਂ ਦੇ ਫਰਜ਼ੀ ਰਜਿਸਟਰੇਸ਼ਨ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਦਿੱਲੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜਨਤਕ ਨੋਟਿਸ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਇਸ ਮਾਮਲੇ ਦੀਆਂ ਸ਼ਿਕਾਇਤਾਂ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਕਿ ਦਿੱਲੀ ਕੈਬਨਿਟ ਨੇ ਮਹਿਲਾ ਸਨਮਾਨ ਯੋਜਨਾ ਤਹਿਤ 1000 ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਸੀ ਜਦੋਂਕਿ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਇਹ ਰਕਮ ਵਧਾ ਕੇ 2100 ਰੁਪਏ ਕਰ ਦਿੱਤੀ ਜਾਵੇਗੀ। ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਜ਼ੁਰਗਾਂ ਲਈ ਸੰਜੀਵਨੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। -ਏਐੱਨਆਈ
ਚੋਣਾਂ ਲਈ ਪੰਜਾਬ ਤੋਂ ਦਿੱਲੀ ਭਿਜਵਾਈ ਜਾ ਰਹੀ ਹੈ ਨਗ਼ਦੀ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਪੁਲੀਸ ਕਮਿਸ਼ਨਰ (ਸੀਪੀ) ਨੂੰ ਕੌਮੀ ਰਾਜਧਾਨੀ ਵੱਲ ਪੰਜਾਬ ਤੋਂ ਆਉਣ ਵਾਲੀਆਂ ਨਿੱਜੀ ਕਾਰਾਂ ਦੀ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਦੋਸ਼ ਲਗਾਇਆ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਰੋੜਾਂ ਦੀ ਨਕਦੀ ਪੰਜਾਬ ਤੋਂ ਦਿੱਲੀ ਲਿਜਾਈ ਜਾ ਰਹੀ ਹੈ। ਇਹ ਰਕਮ ਨਿੱਜੀ ਕਾਰਾਂ ਵਿਚ ਲਿਜਾਈ ਜਾ ਰਹੀ ਹੈ ਜਿਸ ਨੂੰ ਐਸਕਾਰਟ ਪੰਜਾਬ ਪੁਲੀਸ ਦੇ ਵਾਹਨ ਕਰ ਰਹੇ ਹਨ। ਦੀਕਸ਼ਿਤ ਨੇ ਪੰਜਾਬ ਦੇ ਡੀਜੀਪੀ ਅਤੇ ਹਰਿਆਣਾ ਅਤੇ ਰਾਜਸਥਾਨ ਦੀਆਂ ਸੂਬਾ ਸਰਕਾਰਾਂ ਨੂੰ ਵੀ ਚੌਕਸ ਰਹਿਣ ਅਤੇ ਅਜਿਹੇ ਵਾਹਨਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਦਿੱਲੀ ਦੇ ਐਲਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਜਿਹੇ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਰ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। -ਏਐੱਨਆਈ
ਅਰਵਿੰਦ ਕੇਜਰੀਵਾਲ ’ਤੇ ਜਾਸੂਸੀ ਕਰਵਾਉਣ ਦੇ ਦੋਸ਼
ਨਵੀਂ ਦਿੱਲੀ (ਏਐੱਨਆਈ): ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਦੀਕਸ਼ਿਤ ਨੇ ਦਿੱਲੀ ਦੇ ਐਲਜੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਪੰਜਾਬ ਸਰਕਾਰ ਦੇ ਖੁਫੀਆ ਏਜੰਸੀ ਦੇ ਮੁਲਾਜ਼ਮਾਂ ਦੀਆਂ ਗੱਡੀਆਂ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀਆਂ ਦੇਖੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੀ ਆਪ ਵਲੋਂ ਜਾਸੂਸੀ ਕਰਵਾਈ ਜਾ ਰਹੀ ਹੈ। ਇਹ ਕਾਰਵਾਈਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਲੋਕਤੰਤਰੀ ਪ੍ਰਕਿਰਿਆ ਨੂੰ ਭੰਗ ਕਰਨ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਵਿੱਚ ਰੁਕਾਵਟ ਪਾਉਣ ਲਈ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦੀਕਸ਼ਿਤ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਕੇਜਰੀਵਾਲ ਖਿਲਾਫ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਰਹੇ ਹਨ।
ਭਾਜਪਾ ਨੂੰ ਆਮ ਆਦਮੀ ਪਾਰਟੀ ਦੀ ਚੜ੍ਹਤ ਹਜ਼ਮ ਨਹੀਂ ਹੋ ਰਹੀ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਤਿਸ਼ੀ ਸਰਕਾਰ ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਨਿਸ਼ਾਨੇ ਸੇਧੇ ਹਨ। ‘ਆਪ’ ਨੇ ਕਿਹਾ ਕਿ ਜਾਂਚ ਦਾ ਹੁਕਮ ਐੱਲ.ਜੀ. ਦਫਤਰ ਤੋਂ ਨਹੀਂ ਸਗੋਂ ਅਮਿਤ ਸ਼ਾਹ ਦੇ ਦਫਤਰ ਤੋਂ ਆਇਆ ਹੈ। ‘ਆਪ’ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਜਪਾ ਦਿੱਲੀ ‘ਚ ਮਹਿਲਾ ਸਨਮਾਨ ਯੋਜਨਾ ਨੂੰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਔਰਤਾਂ ਦਾ ਸਨਮਾਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦਿੱਲੀ ਚੋਣਾਂ ਵਿੱਚ ਹਾਰ ਸਵੀਕਾਰ ਕਰ ਲਈ ਹੈ। ਕੇਜਰੀਵਾਲ ਨੇ ਕਿਹਾ ਕਿ ਔਰਤਾਂ ਅਤੇ ਬਜ਼ੁਰਗ ਸਾਡੀਆਂ ਯੋਜਨਾਵਾਂ ਤੋਂ ਖੁਸ਼ ਹਨ, ਲੋਕ ਵੱਡੀ ਗਿਣਤੀ ‘ਚ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਨੇ ਸਾਡੇ ਕੈਂਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲੀਸ ਭੇਜ ਕੇ ਕੈਂਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅੱਜ ਉਸ ਨੇ ਫਰਜ਼ੀ ਜਾਂਚ ਦੇ ਹੁਕਮ ਦਿੱਤੇ ਹਨ। ਉਹ ਨਹੀਂ ਚਾਹੁੰਦੇ ਕਿ ਔਰਤਾਂ ਨੂੰ ਲਾਭ ਮਿਲੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ‘ਆਪ’ ਨੂੰ ਕੁਝ ਦੇਣ ਨਹੀਂ ਆ ਰਹੀ ਹੈ। ਜਨਤਾ ਨੂੰ ਜੋ ਵੀ ਮਿਲ ਰਿਹਾ ਹੈ, ਉਹ ਲੈਣ ਆ ਰਹੀ ਹੈ। ਉਹ ਦਿੱਲੀ ਦੇ ਲੋਕਾਂ ਲਈ ਸਾਰੀਆਂ ਸਹੂਲਤਾਂ ਬੰਦ ਕਰ ਦੇਣਗੇ। ਜੇਕਰ ਤੁਸੀਂ ਉਨ੍ਹਾਂ ਨੂੰ ਵੋਟ ਪਾਓਗੇ ਤਾਂ ਤੁਸੀਂ ਲੋਕਾਂ ਨੂੰ ਕੁਝ ਨਹੀਂ ਮਿਲਣ ਦੇਣਗੇ। ਅਸੀਂ 2100 ਰੁਪਏ ਦੀ ਸਕੀਮ ਨੂੰ ਲਾਗੂ ਕਰਨਾ ਜਾਰੀ ਰੱਖਾਂਗੇ। ਦੇਖਦੇ ਹਾਂ ਕਿ ਭਾਜਪਾ ਵਾਲੇ ਇਸ ਨੂੰ ਕਿਵੇਂ ਰੋਕਦੇ ਹਨ? ਮੈਂ ਦਿੱਲੀ ਦੇ ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਾ ਹਾਂ। ਜੇਕਰ ਉਹ ਸਾਨੂੰ ਜੇਲ੍ਹ ਭੇਜਦੇ ਹਨ ਤਾਂ ਅਸੀਂ 10 ਵਾਰ ਜੇਲ੍ਹ ਜਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਅੱਜ ਦੱਸ ਦਿੱਤਾ ਹੈ ਕਿ ਜੇਕਰ ਉਹ ਗਲਤੀ ਨਾਲ ਵੀ ਜਿੱਤ ਜਾਂਦੀ ਹੈ ਤਾਂ ਉਹ ‘ਮਹਿਲਾ ਸਨਮਾਨ ਯੋਜਨਾ’ ਅਤੇ ‘ਸੰਜੀਵਨੀ ਯੋਜਨਾ’ ਨੂੰ ਲਾਗੂ ਨਹੀਂ ਹੋਣ ਦੇਵੇਗੀ। ਜੇਕਰ ਤੁਸੀਂ ਗਲਤੀ ਨਾਲ ਵੀ ਭਾਜਪਾ ਨੂੰ ਵੋਟ ਪਾ ਦਿੰਦੇ ਹੋ ਤਾਂ ਇਹ ਲੋਕ ਮੁਫਤ ਬਿਜਲੀ, ਪਾਣੀ, ਔਰਤਾਂ ਲਈ ਮੁਫਤ ਬੱਸ ਯਾਤਰਾ ਵਰਗੀਆਂ ਸਕੀਮਾਂ ਬੰਦ ਕਰ ਦੇਣਗੇ।