ਉਪ ਰਾਜਪਾਲ ਨੇ ਦਿੱਲੀ ’ਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਉਭਾਰੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਦਸੰਬਰ
ਦਿੱਲੀ ਦੇ ਉਪ ਰਾਜਪਾਲ ਨੇ ਅੱਜ ਇੱਕ ਵੀਡੀਓ ਜਾਰੀ ਕੀਤੀ ਜਿਸ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ’ਚ ਲੋਕਾਂ ਦੀ ਕਥਿਤ ‘ਮਾੜੀ ਸਥਿਤੀ’ ਨੂੰ ਉਜਾਗਰ ਕੀਤਾ ਗਿਆ। ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਤੋਂ ਤਿਆਰ ਵੀਡੀਓ ’ਚ ਸੀਵਰੇਜ ਓਵਰਫਲੋਅ, ਬਿਜਲੀ ਸਪਲਾਈ, ਪਾਣੀ ਦੀ ਨਾਕਾਫ਼ੀ ਮਾਤਰਾ ਤੇ ਕੂੜੇ ਦੇ ਢੇਰ ਆਦਿ ਵਰਗੇ ਮੁੱਦੇ ਉਭਾਰੇ ਗਏ ਹਨ।
ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਵੀਡੀਓ ’ਚ ਉਹ ਪ੍ਰਭਾਵਿਤ ਖੇਤਰ ਦਿਖਾਏ ਗਏ ਹਨ, ਜਿਨ੍ਹਾ ਦਾ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਦੌਰਾ ਕੀਤਾ ਸੀ। ਉਨ੍ਹਾਂ ਦਿੱਲੀ ਸਰਕਾਰ ਨੂੰ ਇਨ੍ਹਾਂ ‘ਨਰਕ ਭਰੇ ਹਾਲਤ’’ ਨੂੰ ਹੱਲ ਕਰਨ ਅਤੇ ਵਸਨੀਕਾਂ ਲਈ ਬੁਨਿਆਦੀ ਸਹੂਲਤਾਂ ਦੇ ਪ੍ਰਬੰਧ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸਕਸੈਨਾ ਨੇ ਕਿਹਾ, ‘‘ਲੰਘੇ ਦਿਨ ਮੁੜ ਰਾਜਧਾਨੀ ਵਿੱਚ ਲੱਖਾਂ ਲੋਕਾਂ ਦੀ ਬੇਬਸੀ ਅਤੇ ਤਰਸਯੋਗ ਜ਼ਿੰਦਗੀ ਦੇਖਣੀ ਨਿਰਾਸ਼ਾਜਨਕ ਅਤੇ ਪ੍ਰੇਸ਼ਾਨ ਕਰਨ ਵਾਲੀ ਸੀ। ਇੱਕ ਟਵੀਟ ’ਚ ਹਰੇਕ ਘਟਨਾ ਦੀ ਵਿਆਖਿਆ ਕੀਤੀ ਗਈ ਹੈ।’’ ਉਨ੍ਹਾਂ ਕਿਹਾ, ‘‘ਗਲੀਆਂ ਅਤੇ ਸੜਕਾਂ ’ਤੇ ਇਕੱਠਾ ਹੋਇਆ ਬਦਬੂਦਾਰ ਪਾਣੀ ਬਰਸਾਤ ਦਾ ਨਹੀਂ, ਸਗੋਂ ਓਵਰਫਲੋ ਹੋਏ ਸੀਵਰੇਜ ਦਾ ਹੈ। ਆਪਣੀਆਂ ਸਮੱਸਿਆਵਾਂ ਅਤੇ ਦਿਲ ਦਹਿਲਾ ਦੇਣ ਵਾਲੇ ਦੁੱਖ ਬਿਆਨ ਕਰਨ ਵਾਲੀਆਂ ਔਰਤਾਂ ਕਿਸੇ ਹੋਰ ਸੂਬੇ ਜਾਂ ਦੇਸ਼ ਦੀਆਂ ਨਹੀਂ, ਸਗੋਂ ਦਿੱਲੀ ਦੀਆਂ ਹਨ।’’
ਉਪ ਰਾਜਪਾਲ ਮੁਤਾਬਕ ਉਨ੍ਹਾਂ ਨੇ ਜਿਨ੍ਹਾਂ ਖੇਤਰਾਂ ਦਾ ਦੌਰਾ ਕੀਤਾ, ਉਨ੍ਹਾਂ ਵਿੱਚ ਪਾਣੀ ਦੀ ਨਿਕਾਸੀ ਪ੍ਰਣਾਲੀ ਦੀ ਘਾਟ ਹੈ, ਜਿਸ ਕਾਰਨ ਤੰਗ ਗਲੀਆਂ ਗਾਰਾ ਅਤੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ। ਸੜਕਾਂ ਦੀ ਹਾਲਤ ਮਾੜੀ ਹੈ, ਬਿਜਲੀ ਸਪਲਾਈ ਭਰੋਸੇਮੰਦ ਨਹੀਂ ਅਤੇ ਪਾਣੀ ਦੀ ਭਾਰੀ ਕਿੱਲਤ ਹੈ, ਜਿਸ ਕਾਰਨ ਔਰਤਾਂ ਟੈਂਕਰ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈਂਦਾ ਹਨ, ਜੋ ਹਫ਼ਤੇ ’ਚ ਇੱਕ ਵਾਰ ਆਉਂਦਾ ਹੈ।
ਉਪ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸੋਮਵਾਰ ਤੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਉਪ ਰਾਜਪਾਲ ਨੇ ਕਿਹਾ, ‘‘ਮੈਂ ਸਾਬਕਾ ਮੁੱਖ ਮੰਤਰੀ, ਮੌਜੂਦਾ ਮੁੱਖ ਮੰਤਰੀ ਤੇ ਦਿੱਲੀ ਸਰਕਾਰ ਦੇ ਸਬੰਧਤ ਮੰਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਇਲਾਕਿਆਂ ਦਾ ਦੌਰਾ ਕਰਨ ਅਤੇ ਆਪਣੇ ਲਈ ਇਨ੍ਹਾਂ ਨਰਕ ਭਰੇ ਹਾਲਾਤਾਂ ਨੂੰ ਦੇਖਣ। ਉਨ੍ਹਾਂ ਨੂੰ ਇਸ ਤਰਸਯੋਗ ਸਥਿਤੀ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।’’
ਮੁੱਦਿਆਂ ਦੇ ਹੱਲ ਲਈ ਕਦਮ ਚੁੱਕਾਂਗੇ: ਕੇਜਰੀਵਾਲ
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਉਣ ਲਈ ਉਪ ਰਾਜਪਾਲ ਦਾ ਧੰਨਵਾਦ ਕੀਤਾ ਤੇ ਕਦਮ ਚੁੱਕਣ ਦਾ ਭਰੋਸਾ ਦਿੱਤਾ। ‘ਆਪ’ ਕਨਵੀਨਰ ਕੇਜਰੀਵਾਲ ਨੇ ਕਿਹਾ, ‘‘ਮੌਜੂਦਾ ਸਮੇਂ ਮੁੱਖ ਮੰਤਰੀ ਆਤਿਸ਼ੀ ਦੀ ਅਗਵਾਈ ਵਾਲੀ ਸਰਕਾਰ ਇਹ ਮੁੱਦਿਆਂ ਦਾ ਹੱਲ ਕਰੇਗੀ। ਸਾਡੀਆਂ ਕਮੀਆਂ ਉਭਾਰਨ ਲਈ ਐੱਲਜੀ ਦਾ ਧੰਨਵਾਦ ਕਰਦਾ ਹਾਂ ਅਤੇ ਅਸੀਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਾਂਗੇ।” ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਖੇਤਰਾਂ ਵਿੱਚ ਸੜਕਾਂ ਬਣਵਾ ਰਹੇ ਹਾਂ ਜਿੱਥੇ ਉਨ੍ਹਾਂ ਨੇ ਪਹਿਲਾਂ ਟੁੱਟੀਆਂ ਸੜਕਾਂ ਦਾ ਇਸ਼ਾਰਾ ਕੀਤਾ ਸੀ। ਜਲਦੀ ਹੀ ਮੁੱਖ ਮੰਤਰੀ ਆਤਿਸ਼ੀ ਉਨ੍ਹਾਂ ਦਾ ਉਦਘਾਟਨ ਕਰਨਗੇ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਉਪ ਰਾਜਪਾਲ ਵੱਲੋਂ ਦਿਖਾਈ ਗਈ ਜਗ੍ਹਾ ਨੂੰ ਅੱਜ ਸਾਫ਼ ਕੀਤਾ ਜਾਵੇ।’’