For the best experience, open
https://m.punjabitribuneonline.com
on your mobile browser.
Advertisement

ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਸਨਮਾਨਾਂ ਨਾਲ ਸਸਕਾਰ

09:14 AM Dec 27, 2023 IST
ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਸਨਮਾਨਾਂ ਨਾਲ ਸਸਕਾਰ
ਜਲੰਧਰ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ (ਇਨਸੈੱਟ) ਦੇ ਪਰਿਵਾਰਕ ਮੈਂਬਰ ਅੰਤਿਮ ਰਸਮਾਂ ਨਿਭਾਉਂਦੇ ਹੋਏ। -ਫੋਟੋ: ਸਰਬਜੀਤ ਸਿੰਘ
Advertisement

ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਜਲੰਧਰ, 26 ਦਸੰਬਰ
ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀ ਲੜਕੀ ਗੁਨੀਤ ਕੌਰ ਨੇ ਦਿਖਾਈ। ਉਨ੍ਹਾਂ ਦਾ ਇਥੋਂ ਦੇ ਮਿਲਟਰੀ ਹਸਪਤਾਲ ਵਿੱਚ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਉਹ ਅੱਠ ਸਾਲ ਤੋਂ ਕੋਮਾ ਵਿੱਚ ਸਨ। ਉਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ ਸਨ। ਉਨ੍ਹਾਂ ਨੂੰ ਸੈਨਾ ਮੈਡਲ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਦਾ ਜਲੰਧਰ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੂਰੇ ਸਨਮਾਨ ਨਾਲ ਸਵੇਰੇ 11 ਵਜੇ ਫੌਜ ਵੱਲੋਂ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ ਜਿੱਥੇ ਫੌਜੀ ਅਧਿਕਾਰੀਆਂ ਨੇ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਸੁਣਾਏ।
ਜਾਣਕਾਰੀ ਅਨੁਸਾਰ ਕਰਨਬੀਰ ਸਿੰਘ ਸ਼ਾਰਟ ਸਰਵਿਸ ਕਮਿਸ਼ਨ ਰਾਹੀਂ ਗਾਰਡਜ਼ ਰੈਜੀਮੈਂਟ ਵਿੱਚ 1998 ਵਿਚ ਭਰਤੀ ਹੋਏ ਸਨ ਤੇ ਉਨ੍ਹਾਂ 2012 ਵਿੱਚ ਆਪਣੀ ਸੇਵਾ ਮੁਕੰਮਲ ਕਰ ਲਈ ਸੀ। ਉਨ੍ਹਾਂ ਐਲਐਲਬੀ ਤੇ ਐਮਬੀਏ ਕੀਤੀ ਸੀ। ਉਹ ਹੋਰ ਨੌਕਰੀ ਕਰ ਰਹੇ ਸਨ ਪਰ ਉਨ੍ਹਾਂ ਮੁੜ ਫੌਜ ਵਿਚ ਜਾਣ ਨੂੰ ਤਰਜੀਹ ਦਿੱਤੀ ਤੇ 160 ਟੀਏ ਯੂਨਿਟ ਜੁਆਇਨ ਕਰ ਲਈ। ਉਹ 2015 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਟੈਰੀਟੋਰੀਅਲ ਆਰਮੀ (ਜੇ ਐਂਡ ਕੇ ਰਾਈਫਲਜ਼) ਦੇ ਸੈਕਿੰਡ-ਇਨ-ਕਮਾਂਡ (2ਆਈਸੀ) ਵਜੋਂ ਤਾਇਨਾਤ ਸਨ। 22 ਨਵੰਬਰ 2015 ਨੂੰ ਫੌਜ ਨੂੰ ਇਲਾਕੇ ’ਚ ਦਹਿਸ਼ਤਗਰਦਾਂ ਦੀ ਹਰਕਤ ਦੀ ਖਬਰ ਮਿਲੀ ਜਿਸ ਤੋਂ ਬਾਅਦ ਕੁਪਵਾੜਾ ਸੈਕਟਰ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਹਾਜੀ ਨਾਕਾ ਵਿੱਚ ਚੱਲ ਰਹੇ ਸਰਚ ਅਪਰੇਸ਼ਨ ਦੀ ਅਗਵਾਈ ਕਰ ਰਹੇ ਸਨ। ਉਸੇ ਸਮੇਂ ਉੱਥੇ ਘਾਤ ਲਗਾ ਕੇ ਬੈਠੇ ਦਹਿਸ਼ਤਗਰਦਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਆਪਣੇ ਸਾਥੀ ਨੂੰ ਬਚਾਉਂਦਿਆਂ ਉਨ੍ਹਾਂ ਦੇ ਮੂੰਹ ’ਤੇ ਗੋਲੀ ਲੱਗੀ ਤੇ ਉਹ ਕੋਮਾ ਵਿਚ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਕਰਨਲ ਜਗਤਾਰ ਸਿੰਘ ਨੱਤ, ਪਤਨੀ ਨਵਪ੍ਰੀਤ ਕੌਰ ਤੇ ਲੜਕੀਆਂ ਗੁਨੀਤ (19) ਤੇ ਅਸ਼ਮੀਤ (10) ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਉਹ ਜਲੰਧਰ ਦੇ ਮਿਲਟਰੀ ਹਸਪਤਾਲ ਦੇ ਅਫਸਰ ਵਾਰਡ ਦੇ ਕਮਰਾ ਨੰਬਰ 13 ਵਿੱਚ ਇਲਾਜ ਅਧੀਨ ਸਨ।

Advertisement

Advertisement
Author Image

Advertisement
Advertisement
×