ਮੁਹਾਲੀ ਪ੍ਰਸ਼ਾਸਨ ਵੱਲੋਂ ਤਿੰਨ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ
ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਅਣਅਧਿਕਾਰਤ ਟਰੈਵਲ ਏਜੰਟਾਂ/ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਅੱਜ ਤਿੰਨ ਹੋਰ ਫ਼ਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਪੰਜਾਬ ਪੁਲੀਸ ਨੇ ਕੱਲ੍ਹ 18 ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਦਰਜਨਾਂ ਫ਼ਰਮਾਂ ਦੇ ਲਾਇਸੈਂਸ ਰੱਦ ਜਾਂ ਮੁਅੱਤਲ ਕੀਤੇ ਜਾ ਚੁੱਕੇ ਹਨ। ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਐੱਸ ਤਿੜਕੇ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਦਾ ਸੈਕਟਰ-82 ਵਿੱਚ ਦਫ਼ਤਰ ਸੀ। ਇਸ ਦੀ ਮਾਲਕਣ ਪਵਨੀਤ ਕੌਰ ਵਾਸੀ ਲੁਧਿਆਣਾ ਅਤੇ ਮਾਲਕ ਪਰਵਾਰ ਨਿਸ਼ਾਨ ਸਿੰਘ ਵਾਸੀ ਸੈਕਟਰ-39ਡੀ ਚੰਡੀਗੜ੍ਹ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਨੂੰ ਜਾਰੀ ਲਾਇਸੈਂਸ ਦੀ ਮਿਆਦ 24 ਮਾਰਚ ਨੂੰ ਖ਼ਤਮ ਹੋ ਚੁੱਕੀ ਹੈ। ਇੰਜ ਹੀ ਇੰਮਪ੍ਰੀਅਰ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਫ਼ਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸ ਫ਼ਰਮ ਦਾ ਦਫ਼ਤਰ ਬੈਸਟੈਕ ਬਿਜ਼ਨਸ ਟਾਵਰ ਸੈਕਟਰ-66 ਵਿੱਚ ਸਥਿਤ ਸੀ। ਇਸ ਦੀ ਮਿਆਦ 6 ਮਾਰਚ ਨੂੰ ਖ਼ਤਮ ਹੋ ਚੁੱਕੀ ਹੈ। ਇਸੇ ਤਰ੍ਹਾਂ ਗਿਆਨਮ ਐਜੂਕੇਸ਼ਨ ਤੇ ਟਰੇਨਿੰਗ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਫ਼ਰਮ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸ ਕੰਪਨੀ ਦਾ ਦਫ਼ਤਰ ਫੇਜ਼-7 ਵਿੱਚ ਸੀ। ਇਸ ਦੀ ਮਿਆਦ 11 ਮਾਰਚ ਨੂੰ ਖ਼ਤਮ ਹੋ ਚੁੱਕੀ ਹੈ।