ਦੇਸ਼ ਦੇ ਹਰ ਪਿੰਡ ਵਿੱਚ ਖੋਲ੍ਹੀ ਜਾਵੇਗੀ ਲਾੲਬਿ੍ਰੇਰੀ
ਹਰੀਸ਼ ਜੈਨ
ਭਾਰਤੀ ਪ੍ਰਕਾਸ਼ਕ ਮਹਾਸੰਘ ਨੇ ਆਪਣੀ ਗੋਲਡਨ ਜੁਬਲੀ (1973-2023) ਦੇ ਜਸ਼ਨਾਂ ਦੌਰਾਨ ਬੀਤੇ ਹਫ਼ਤੇ ਦਿੱਲੀ ਵਿਖੇ ਭਾਰਤੀ ਪ੍ਰਕਾਸ਼ਕ ਕਾਨਫਰੰਸ ਕੀਤੀ। ਭਾਰਤੀ ਪ੍ਰਕਾਸ਼ਨ ਉਦਯੋਗ ਵਿੱਚ ਇਹ ਵੱਡਾ ਅਤੇ ਮਹੱਤਵਪੂਰਨ ਸਮਾਗਮ ਸੀ ਜਿਸ ਵਿੱਚ ਦਿੱਲੀ ਦੇ ਅੰਗਰੇਜ਼ੀ-ਹਿੰਦੀ ਦੇ ਵੱਡੇ ਪ੍ਰਕਾਸ਼ਕਾਂ ਤੋਂ ਇਲਾਵਾ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਪ੍ਰਕਾਸ਼ਕਾਂ ਨੇ ਹਿੱਸਾ ਲਿਆ। ਕਾਨਫਰੰਸ ਦਾ ਕੇਂਦਰੀ ਵਿਸ਼ਾ ਆਉਂਦੇ ਪੱਚੀ ਵਰ੍ਹਿਆਂ ਦੌਰਾਨ ਪ੍ਰਕਾਸ਼ਕਾਂ ਦੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਪਾਏ ਜਾਣ ਵਾਲੇ ਯੋਗਦਾਨ ਅਤੇ ਦੇਸ਼ ਨੂੰ ‘ਕਿਤਾਬਾਂ ਪੜ੍ਹਨ ਵਾਲੇ’ ਅਤੇ ‘ਗਿਆਨਵਾਨ ਸਮਾਜ’ ਵਿੱਚ ਬਦਲਣ ਬਾਰੇ ਸੀ। ਇਸ ਉਦੇਸ਼ ਪੂਰਤੀ ਲਈ ਵਿਭਿੰਨ ਵਿਸ਼ਾ ਮਾਹਿਰਾਂ, ਉੱਚ ਸਰਕਾਰੀ ਅਫ਼ਸਰਾਂ, ਜੱਜਾਂ ਅਤੇ ਕਾਨੂੰਨੀ ਮਾਹਿਰਾਂ ਅਤੇ ਪ੍ਰਕਾਸ਼ਕਾਂ ਵਿਚਕਾਰ ਵਿਚਾਰ-ਵਟਾਂਦਰਾ ਕਰਨਾ ਸੀ।
ਕਾਨਫਰੰਸ ਦਾ ਉਦਘਾਟਨ ਕੇਂਦਰੀ ਮੰਤਰੀ ਸਮਰਿਤੀ ਜ਼ੁਬਿਨ ਇਰਾਨੀ ਦੇ ਵਿਚਾਰ ਵਟਾਂਦਰੇ ਨਾਲ ਹੋਇਆ। ਉਨ੍ਹਾਂ ਆਪਣੀ ਗੱਲਬਾਤ ਵਿੱਚ ਦੱਸਿਆ ਕਿ ਉਹ ਇੱਕ ਪੁਸਤਕ ਵਿਕਰੇਤਾ ਦੀ ਧੀ ਹੈ ਅਤੇ ਉਨ੍ਹਾਂ ਦੇ ਪਿਤਾ ਅਜੈ ਮਲਹੋਤਰਾ ਅਤੇ ਉਹ ਨਿੱਕੇ ਹੁੰਦਿਆਂ ਦਿੱਲੀ ਦੇ ਆਰਮੀ ਕਲੱਬ ਦੇ ਬਾਹਰ ਕਿਤਾਬਾਂ ਵੇਚਦੇ ਹੁੰਦੇ ਸਨ। ਇਸ ਲਈ ਉਹ ਕਿਤਾਬਾਂ ਅਤੇ ਇਸ ਨਾਲ ਜੁੜੇ ਬਹੁਤ ਸਾਰੇ ਪਹਿਲੂਆਂ ਨੂੰ ਆਪਣੇ ਨਿੱਜੀ ਅਨੁਭਵ ਰਾਹੀਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ਕ ਆਪਣੀ ਸ਼ਕਤੀ ਨੂੰ ਨਹੀਂ ਪਛਾਣਦੇ ਅਤੇ ਇਸ ਨੂੰ ਬਹੁਤ ਹੀਣ ਕਰਕੇ ਜਾਣਦੇ ਹਨ ਅਤੇ ਨਾ ਹੀ ਉਹ ਕਿਸੇ ਸਾਂਝੇ ਮੁੱਦੇ ’ਤੇ ਇੱਕਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਇੱਥੋਂ ਤੱਕ ਕਿ ਆਪਣੇ ਬਾਰੇ ਜਾਂ ਆਪਣੀਆਂ ਪੁਸਤਕਾਂ ਬਾਰੇ ਵੀ ਕੋਈ ਗੱਲ ਨਹੀਂ ਕਰਦੇ। ਜਦੋਂ ਉਹ ਗੱਲ ਹੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕੌਣ ਜਾਣੇਗਾ ਅਤੇ ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਦੀ ਪਛਾਣ ਕਿਵੇਂ ਬਣੇਗੀ? ਪ੍ਰਕਾਸ਼ਨ ਆਪਣੀਆਂ ਗੱਦੀਆਂ ’ਤੇ ਬਹਿ ਕੇ ਪੁਸਤਕਾਂ ਵੇਚ ਲੈਣ ਤੋਂ ਵਡੇਰਾ ਅਤੇ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਦੇ ਗੱਲ ਨਾ ਕਰਨ, ਆਪਸੀ ਗੱਲ ਨਾ ਕਰਨ ਸਦਕਾ ਉਨ੍ਹਾਂ ਦੀ, ਪੁਸਤਕਾਂ ਦੀ, ਲੇਖਕਾਂ ਦੀ ਅਤੇ ਪਾਠਕਾਂ ਦੀ ਅਤੇ ਭਾਸ਼ਾ ਦੀ ਅਰਥਾਤ ਸਭ ਦੀ ਮਾਨਤਾ ਘਟਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦੀ ਕੋਈ ਮਿਆਦੀ ਮਿਤੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਭੌਤਿਕ ਸੀਮਾ ਹੁੰਦੀ ਹੈ। ਸੀਮਾਵਾਂ ਅਤੇ ਬੰਧਨ ਸਾਡੇ ਆਪਣੇ ਮਨਾਂ ਵਿੱਚ ਹਨ ਜਿਹੜੇ ਆਪਣੇ ਆਪ ਨਹੀਂ, ਬਲਕਿ ਤੋੜਿਆਂ ਹੀ ਟੁੱਟਦੇ ਹਨ।
ਡਾ. ਅਜੈ ਪ੍ਰਤਾਪ ਸਿੰਘ, ਰਾਜਾ ਰਾਮ ਮੋਹਨ ਰੌਅ ਲਾਇਬ੍ਰੇਰੀ ਫਾਊਂਡੇਸ਼ਨ, ਕੋਲਕਾਤਾ ਅਤੇ ਨੈਸ਼ਨਲ ਲਾਇਬ੍ਰੇਰੀ, ਕੋਲਕਾਤਾ ਦੇ ਡਾਇਰੈਕਟਰ ਜਨਰਲ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦੇਸ਼ ਦੇ ਹਰ ਪ੍ਰਾਂਤ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਬਣਾਉਣੀ ਮਨਜ਼ੂਰ ਕਰ ਦਿੱਤੀ ਹੈ ਜਿਸ ਲਈ ਇਸ ਵਰ੍ਹੇ 5,000 ਕਰੋੜ ਰੁਪਏ ਅਤੇ ਅਗਲੇ ਵਰ੍ਹੇ ਤੋਂ 10,000 ਕਰੋੜ ਰੁਪਏ ਮਿਲਣਗੇ। ਉਨ੍ਹਾਂ ਪ੍ਰਕਾਸ਼ਕਾਂ ਨੂੰ ਕਿਹਾ ਕਿ ਉਹ ਸੁਚੱਜੀਆਂ, ਪਾਠਕਾਂ ਦੀਆਂ ਮਨਪਸੰਦ ਅਤੇ ਉਮਦਾ ਪੁਸਤਕਾਂ ਕਿਫ਼ਾਇਤੀ ਕੀਮਤਾਂ ’ਤੇ ਛਾਪਣ ਤਾਂ ਜੋ ਆਉਂਦੇ ਸਮਿਆਂ ਵਿੱਚ ਲਾਇਬ੍ਰੇਰੀ ਮੁਹਿੰਮ ਨੂੰ ਇਸ ਦਾ ਭਰਪੂਰ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਸਾਇੰਸ ਦੇ ਮੁਖੀ ਸਨ ਜਦੋਂ ਉਨ੍ਹਾਂ ਦੀ ਇਸ ਅਹੁਦੇ ’ਤੇ ਨਿਯੁਕਤੀ ਕੀਤੀ ਗਈ। ਜ਼ਿੰਮੇਵਾਰੀ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਨੇ ਦੇਸ਼ ਭਰ ਵਿੱਚ ਪਬਲਿਕ ਲਾਇਬ੍ਰੇਰੀ ਦਾ ਦਾਇਰਾ ਵਸੀਹ ਕਰਨ ਲਈ ਯਤਨ ਆਰੰਭ ਕਰ ਦਿੱਤੇ। ਉਹ ਹਰ ਇੱਕ ਰਾਜ ਵਿੱਚ ਗਏ ਅਤੇ ਸਬੰਧਤ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆਂ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਹੋਣ ਦਾ ਸੁਪਨਾ ਵੇਖਦੇ ਸਨ ਅਤੇ ਆਪਣੇ ਕਾਰਜਕਾਲ ਦੌਰਾਨ ਇਸ ਲਈ ਕਾਰਜ ਕਰਦੇ ਰਹੇ ਜੋ ਹੁਣ ਸਾਕਾਰ ਹੋ ਗਿਆ ਹੈ ਅਤੇ ਭਾਰਤ ਸਰਕਾਰ ਨੇ ਦੇਸ਼ ਦੇ ਹਰ ਪ੍ਰਾਂਤ ਦੇ ਹਰ ਪਿੰਡ ਵਿੱਚ ਲਾਈਬ੍ਰੇਰੀ ਬਣਾਉਣਾ ਮਨਜ਼ੂਰ ਕਰ ਦਿੱਤਾ ਹੈ।
ਜਦੋਂ ਉਨ੍ਹਾਂ ਦਾ ਧਿਆਨ ਪਿਛਲੇ ਦਹਾਕੇ ਤੋਂ ਕਾਰਜਹੀਣ ਹੋਈ ਪੰਜਾਬ ਦੀ ਸਟੇਟ ਪਰਚੇਜ਼ ਕਮੇਟੀ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲਾਇਬ੍ਰੇਰੀ ਐਕਟ ਦਾ ਖਰੜਾ ਤਿਆਰ ਕੀਤਾ ਸੀ, ਪਰ ਸਬੰਧਿਤ ਅਧਿਕਾਰੀ ਦੀ ਬਦਲੀ ਕਾਰਨ ਇਹ ਕੰਮ ਵਿੱਚ ਹੀ ਰੁਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੇ ਲਾਇਬ੍ਰੇਰੀ ਮੁਹਿੰਮ ਵਿੱਚ ਦੇਸ਼ ਦਾ ਹਾਣੀ ਹੋਣਾ ਹੈ ਤਾਂ ਲੋੜੀਂਦੇ ਸੰਸਥਾਤਮਕ ਪ੍ਰਬੰਧ ਕਰਨੇ ਪੈਣਗੇ।
ਇਸ ਮੌਕੇ ’ਤੇ ਪ੍ਰਕਾਸ਼ਕ ਸੰਘ ਵੱਲੋਂ ਇੱਕ ਸੌਵੀਨਰ ਅਤੇ ‘ਭਾਰਤ ਵਿੱਚ ਪ੍ਰਕਾਸ਼ਨ ਦੇ ਪੰਝੱਤਰ ਵਰ੍ਹੇ’ ਨਾਂ ਦੀ ਪੁਸਤਕ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿੱਚ ਗੁਰਸਾਗਰ ਸਿੰਘ ਦੇ ਲੇਖ ਨੇ ਪੰਜਾਬ ਅਤੇ ਪੰਜਾਬੀ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਆਪਣੇ ਲੇਖ ਵਿੱਚ ਪੰਜਾਬੀ ਪ੍ਰਕਾਸ਼ਨ ਦੇ ਪਿਛਲੀ ਸਦੀ ਦੇ ਇਤਿਹਾਸ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਹੈ ਅਤੇ ਇਸ ਦੇ ਉੱਜਵਲ ਭਵਿੱਖ ਵੱਲ ਇਸ਼ਾਰਾ ਕੀਤਾ ਹੈ।
ਇਸ ਉਪਰੰਤ ਪੇਟੈਂਟ ਡਿਜ਼ਾਇਨ ਅਤੇ ਟਰੇਡ ਮਾਰਕ ਦੇ ਕੰਟਰੋਲਰ ਜਨਰਲ ਪ੍ਰੋ. ਉੱਨਤ ਪੰਡਿਤ, ਪ੍ਰੋ. ਯੋਗੇਸ਼ ਪਾਈ, ਐਡਵੋਕੇਟ ਹਰੀਨੀ ਨਿਵੇਦਾ ਅਤੇ ਅਤਮ ਗੌਰੀ ਕੁਮਾਰ ਵਿਚਕਾਰ ਹੋਈ ਗੱਲਬਾਤ ਨੇ ਕਾਪੀਰਾਈਟ ਦੀਆਂ ਸੰਭਾਵਨਾਵਾਂ ’ਤੇ ਰੌਸ਼ਨੀ ਪਾਈ। ਉਤਪਲ ਚਕਰਬਰਤੀ, ਅਮਿਤ ਰਾਜਪੂਤ, ਸ੍ਰੇਸ਼ਠ ਸ੍ਰੀ ਵਾਸਤਵ ਅਤੇ ਅੰਦਿਤ ਸਮਾਹਨੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤਕਨੀਕੀ ਅਤੇ ਕਾਨੂੰਨੀ ਪਹਿਲੂਆਂ ’ਤੇ ਚਾਨਣਾ ਪਾਇਆ। ਦਿੱਲੀ ਹਾਈਕੋਰਟ ਦੀ ਜੱਜ ਜਸਟਿਸ ਪ੍ਰਤਿਭਾ ਸਿੰਘ ਐਮ ਸਿੰਘ ਨੇ ਕਾਪੀਰਾਈਟ ਕਾਨੂੰਨ ਬਾਰੇ ਆਪਣਾ ਤਜਰਬਾ ਅਤੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਇਹ ਕਾਨੂੰਨ ਬਹੁਤ ਹੀ ਛੋਟਾ ਅਤੇ ਸੰਖੇਪ ਹੈ, ਪਰ ਬਹੁਤ ਸ਼ਕਤੀਸ਼ਾਲੀ ਹੈ ਅਤੇ ਪ੍ਰਕਾਸ਼ਨ ਉਦਯੋਗ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਵਿਦੇਸ਼ੀ ਮਾਮਲਿਆਂ ਅਤੇ ਸਿੱਖਿਆ ਦੇ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਨੇ ਭਾਰਤੀ ਭਾਸ਼ਾਵਾਂ ਦੇ 14 ਸ਼ਲਾਘਾਯੋਗ ਪ੍ਰਕਾਸ਼ਕਾਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਉੜੀਆ ਭਾਸ਼ਾ ਲਈ ਉੜੀਸਾ ਬੁੱਕ ਸਟੋਰ, ਗੁਜਰਾਤੀ ਲਈ ਆਰ. ਆਰ. ਸੇਠ ਐਂਡ ਕੰਪਨੀ, ਅਸਾਮੀ ਲਈ ਬਾਣੀ ਮੰਦਰ, ਅੰਗਰੇਜ਼ੀ ਲਈ ਪ੍ਰਕਾਸ਼ ਬੁੱਕਸ, ਹਿੰਦੀ ਲਈ ਕਿਤਾਬਵਾਲੇ, ਤਮਿਲ ਲਈ ਡਿਸਕਵਰੀ ਬੁੱਕ ਪੈਲੇਸ, ਉਰਦੂ ਲਈ ਐਜੂਕੇਸ਼ਨਲ ਪਬਲਿਸ਼ਿੰਗ ਹਾਊਸ, ਮਲਯਾਲਮ ਲਈ ਡੀ. ਸੀ. ਬੁੱਕਸ, ਮਰਾਠੀ ਲਈ ਪ੍ਰਸਾਦ ਪ੍ਰਕਾਸ਼ਕ, ਤੇਲਗੂ ਲਈ ਐਮੇਸਕੋ ਬੁਕਸ, ਪੰਜਾਬੀ ਲਈ ਯੂਨੀਸਟਾਰ, ਬੁੱਕਸ ਪ੍ਰਾਈਵੇਟ ਲਿਮਟਿਡ ਮੁਹਾਲੀ, ਕੰਨੜ ਲਈ ਨਵਕਰਨਾਟਕਾ ਪਬਲੀਕੇਸ਼ਨਜ਼, ਸੰਸਕ੍ਰਿਤ ਲਈ ਚੌਖੰਬਾ ਗਰੁੱਪ ਅਤੇ ਬੰਗਾਲੀ ਲਈ ਸ਼ਿਸ਼ੂ ਸਾਹਿਤ ਸਦਨ ਸ਼ਾਮਲ ਹਨ। ਫੈਡਰੇਸ਼ਨ ਵੱਲੋਂ ਭਾਰਤੀ ਭਾਸ਼ਾਵਾਂ ਨੂੰ ਸਨਮਾਨਿਤ ਕਰਨਾ ਵੱਡਾ ਉੱਦਮ ਸੀ। ਇਸ ਰਾਸ਼ਟਰੀ ਸਮਾਗਮ ਦਾ ਪ੍ਰਬੰਧ ਪ੍ਰਕਾਸ਼ਕ ਮਹਾਸੰਘ ਦੇ ਪ੍ਰਧਾਨ ਆਰ.ਕੇ. ਮਿੱਤਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋ ਪਾਇਆ।
ਪੰਜਾਬ ਦੇ 13,000 ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਲਈ ਕੇਂਦਰੀ ਸਰਕਾਰ ਦੇ ਮਾਇਕ ਉਪਬੰਧ, ਲਾਇਬ੍ਰੇਰੀ ਫਾਊਂਡੇਸ਼ਨ ਦੇ ਯੋਗਦਾਨ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਲੋੜੀਂਦਾ ਸਹਿਯੋਗ ਦੇਣਾ ਪਵੇਗਾ ਤਾਂ ਹੀ ਸਾਡਾ ਸਭ ਦਾ ਪਿੰਡ-ਪਿੰਡ ਲਾਇਬ੍ਰੇਰੀ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਤਿੰਨ ਦਹਾਕਿਆਂ ਤੋਂ ਲਟਕਦਾ ਲਾਇਬ੍ਰੇਰੀ ਐਕਟ ਅੱਜ ਦੇ ਸਮੇਂ ਦੀ ਲੋੜ ਹੈ। ਆਸ ਹੈ ਸਰਕਾਰ ਇਸ ਵੱਲ ਗੌਰ ਕਰੇਗੀ।
ਸੰਪਰਕ: 98150-00873