ਐੱਲਜੀ ਵੱਲੋਂ ਸੋਸ਼ਲ ਮੀਡੀਆ ਪ੍ਰਬੰਧਨ ਲਈ ਕੰਪਨੀ ਨਿਯੁਕਤ ਕਰਨਾ ਗ਼ੈਰ ਸੰਵਿਧਾਨਕ ਕਰਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਉਪ ਰਾਜਪਾਲ ਵੀਕੇ ਸਕਸੈਨਾ ਸੋਸ਼ਲ ਮੀਡੀਆ ਪ੍ਰਬੰਧਨ ਲਈ ਇੱਕ ਕੰਪਨੀ ਨੂੰ ਨਿਯੁਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਦਾ ਇਹ ਕਦਮ ਗ਼ੈਰ ਸੰਵਿਧਾਨਕ ਹੈ। ਮੰਤਰੀ ਨੇ ਕਿਹਾ ਕਿ ਇਹ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਦਿੱਲੀ ਦੇ ਉਪ ਰਾਜਪਾਲ ਆਪਣੇ ਸੋਸ਼ਲ ਮੀਡੀਆ ਪ੍ਰਬੰਧਨ ਲਈ ਇੱਕ ਕੰਪਨੀ ਨੂੰ ਨਿਯੁਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਗਸਤ ਵਿੱਚ ਐੱਲਜੀ ਦਫ਼ਤਰ ਦੀ ਇੱਕ ਵੈਬਸਾਈਟ ’ਤੇ ਇੱਕ ਟੈਂਡਰ ਪੋਸਟ ਕੀਤਾ ਗਿਆ ਸੀ ਜਿਸ ਵਿੱਚ ਇਸ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀ। ਟੈਂਡਰ ਵਿੱਚ ਸੋਸ਼ਲ ਮੀਡੀਆ ’ਤੇ 1.5 ਕਰੋੜ ਰੁਪਏ ਦੇ ਸਾਲਾਨਾ ਖਰਚੇ ਦਾ ਵੀ ਜ਼ਿਕਰ ਕੀਤਾ ਗਿਆ ਸੀ। ਭਾਰਦਵਾਜ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਗੈਰ-ਸੰਵਿਧਾਨਕ ਸੀ ਅਤੇ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਵੀ ਹੈ। ਹੈਰਾਨੀ ਹੈ ਕਿ ਅਜਿਹਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਇੱਕ ਸਿਆਸੀ ਪਾਰਟੀ ਹੈ ਅਤੇ ਉਹ ਵੀ ਆਪਣਾ ਬਿਰਤਾਂਤ ਚਲਾ ਰਹੀ ਹੈ ਕਿਉਂਕਿ ਅਸੀਂ ਸਿਆਸਤਦਾਨ ਹਾਂ ਪਰ ਉਪ ਰਾਜਪਾਲ ਬਿਰਤਾਂਤ ਕਿਵੇਂ ਚਲਾ ਸਕਦੇ ਹਨ। ਭਾਜਪਾ ਵੀ ਰਾਜਸੀ ਪਾਰਟੀ ਹੈ ਤੇ ਉਹ ਆਪਣਾ ਬਿਰਤਾਂਤ ਸਿਰਜ ਰਹੇ ਹਨ ਪਰ ਉਪ ਰਾਜਪਾਲ ਇਹ ਕਿਵੇਂ ਕਰ ਸਕਦੇ ਹਨ ਕਿ ਉਨ੍ਹਾਂ ਦੀ ਭੂਮਿਕਾ ਕੁਝ ਹੋਰ ਹੈ। ਉਹ ਸੰਵਿਧਾਨਕ ਅਹੁਦੇ ’ਤੇ ਹਨ। ਖ਼ਬਰ ਲਿਖੇ ਜਾਣ ਤੱਕ ਉਪ ਰਾਜਪਾਲ ਦੇ ਦਫ਼ਤਰ ਵੱਲੋਂ ਕੋਈ ਟਿੱਪਣੀ ਨਹੀਂ ਆਈ ਸੀ। ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਦੋਸ਼ ਲਾਏ ਸਨ ਕਿ ਉਪ ਰਾਜਪਾਲ ਸੰਵਿਧਾਨਕ ਅਹੁਦੇ ਉਪਰ ਹੁੰਦੇ ਹੋਏ ਸਿਆਸੀ ਆਗੂ ਵਾਂਗ ਵਿਚਰਦੇ ਸਨ।
ਭਾਰਦਵਾਜ ਨੇ ਕਿਹਾ ਕਿ ਆਪਣਾ ਚਿਹਰਾ ਚਮਕਾਉਣ ਲਈ ਉਪ ਰਾਜਪਾਲ ਹੁਣ ਦਿੱਲੀ ਦੇ ਲੋਕਾਂ ਦੇ ਟੈਕਸ ਦਾ ਪੈਸਾ ਖਰਚ ਕਰਨਗੇ। ਐਲਜੀ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਲਈ 1.5 ਕਰੋੜ ਰੁਪਏ ਸਾਲਾਨਾ ਖਰਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ 10 ਲੋਕਾਂ ਦੀ ਟੀਮ ਉਪ ਰਾਜਪਾਲ ਦਾ ਸੋਸ਼ਲ ਮੀਡੀਆ ਚਲਾਏਗੀ। ਪਰ ਦੋ ਸਾਲਾਂ ਤੋਂ ਟਵੀਟ ਕਰਨ ਤੋਂ ਬਾਅਦ ਵੀ ਐਲਜੀ ਨੂੰ ਰੀਟਵੀਟ ਨਹੀਂ ਮਿਲ ਰਹੇ। ਸੌਰਭ ਨੇ ਉਪ ਰਾਜਪਾਲ ‘ਤੇ ਵਿਅੰਗ ਕੱਸਿਆ ਕਿ ਤੁਸੀਂ ਸੋਸ਼ਲ ਮੀਡੀਆ ’ਤੇ ਮਸ਼ਹੂਰ ਨਹੀਂ ਹੋ ਕਿਉਂਕਿ ਦਿੱਲੀ ਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰੋਗੇ ਤਾਂ ਆਪਣੇ-ਆਪ ਮਸ਼ਹੂਰ ਹੋ ਜਾਓਗੇ, ਡੇਢ ਕਰੋੜ ਖਰਚਣ ਦੀ ਲੋੜ ਨਹੀਂ ਪਵੇਗੀ।