ਨਸ਼ਿਆਂ ਖ਼ਿਲਾਫ਼ ਐੱਲਜੀ ਨੇ ਅਪਣਾਇਆ ਸਖ਼ਤ ਰੁਖ਼
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਲੈਫਟੀਨੈਂਟ ਗਵਰਨਰ (ਐਲਜੀ) ਵੀਕੇ ਸਕਸੈਨਾ ਨੇ ਤਿੰਨ ਸਾਲਾਂ ਵਿੱਚ ਦਿੱਲੀ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਖ਼ਤਮ ਕਰਨ ਲਈ ਇੱਕ ਅਭਿਲਾਸ਼ੀ ਯੋਜਨਾ ਦਾ ਐਲਾਨ ਕੀਤਾ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ ਪਹਿਲਕਦਮੀ ਤਹਿਤ ਪਹਿਲੀ ਦਸੰਬਰ ਤੋਂ ਇੱਕ ਮਹੀਨਾ ਲੰਮੀ ਤੇਜ਼ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਹੋਵੇਗੀ।
ਇਹ ਐਲਾਨ ਰਾਜ-ਪੱਧਰੀ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐੱਨਸੀਆਰਡੀ) ਦੀ ਨੌਵੀਂ ਸਮੀਖਿਆ ਮੀਟਿੰਗ ਦੌਰਾਨ ਕੀਤਾ ਗਿਆ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਸਮਾਜਿਕ ਅਤੇ ਕੌਮਾਂਤਰੀ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਸ੍ਰੀ ਸਕਸੈਨਾ ਨੇ ਨਸ਼ਿਆਂ ਦੇ ਨੈਟਵਰਕ ਨੂੰ ਖਤਮ ਕਰਨ ਅਤੇ ਖਪਤ ਨੂੰ ਰੋਕਣ ਲਈ ਇੱਕ ਬਹੁ-ਪੱਖੀ ਰਣਨੀਤੀ ਦੀ ਲੋੜ ’ਤੇ ਜ਼ੋਰ ਦਿੱਤਾ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਸਖ਼ਤ ਉਪਾਵਾਂ ਨੂੰ ਲਾਗੂ ਕਰਕੇ, ਨਸ਼ਾ ਨੈਟਵਰਕ ਨੂੰ ਖਤਮ ਕਰਨਾ, ਨਸ਼ੇ ਦੀ ਮੰਗ ਨੂੰ ਘਟਾਉਣਾ ਅਤੇ ਇੱਕ ਸਿਹਤਮੰਦ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਮੁਹਿੰਮ ਵਿੱਚ 200 ਹੋਸਟਲ, 50 ਕਾਲਜ, 200 ਸਕੂਲ, 200 ਫਾਰਮਾਸਿਊਟੀਕਲ ਸਟੋਰ, 500 ਪਾਨ ਦੀਆਂ ਦੁਕਾਨਾਂ, ਸ਼ੈਲਟਰ ਹੋਮ, ਬਾਰ, ਰੇਲਵੇ ਸਟੇਸ਼ਨ ਅਤੇ ਆਈਐੱਸਬੀਟੀ ਵਰਗੀਆਂ ਜਨਤਕ ਅਤੇ ਨਿੱਜੀ ਥਾਵਾਂ ਦੀ ਸਖਤ ਜਾਂਚ ਅਤੇ ਨਿਰੀਖਣ ਸ਼ਾਮਲ ਹੋਣਗੇ। ਸੰਸਥਾਵਾਂ ਨੋਡਲ ਅਫਸਰ ਨਿਯੁਕਤ ਕਰਨਗੀਆਂ ਅਤੇ ਹੋਸਟਲ ਵਾਰਡਨਾਂ ਨੂੰ ਨਸ਼ਾ ਮੁਕਤ ਅਹਾਤੇ ਦੀ ਸਾਂਭ-ਸੰਭਾਲ ਲਈ ਜਵਾਬਦੇਹ ਬਣਾਇਆ ਜਾਵੇਗਾ। ਸਮਾਜ ਭਲਾਈ ਵਿਭਾਗ ਨੂੰ ਨਸ਼ਿਆਂ ਦੀ ਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਅਤੇ ਮਾਪਿਆਂ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾਣਗੀਆਂ ਤੇ ਜਨਤਕ ਜਾਗਰੂਕਤਾ ਮੁਹਿੰਮਾਂ ਵਿੱਚ ਸੰਦੇਸ਼ ਨੂੰ ਵਧਾਉਣ ਲਈ ਸੋਸ਼ਲ ਮੀਡੀਆ, ਜਨਤਕ ਆਵਾਜਾਈ ਅਤੇ ਬਾਹਰੀ ਥਾਵਾਂ ’ਤੇ ਪੋਸਟਰ, ਨਾਅਰੇ ਅਤੇ ਇਸ਼ਤਿਹਾਰ ਦਿੱਤੇ ਜਾਣਗੇ।