For the best experience, open
https://m.punjabitribuneonline.com
on your mobile browser.
Advertisement

ਪਾਤਰ ਨੂੰ ਸੁਰਜੀਤ ਕਰਦੇ ਹਰਫ਼

09:06 AM May 19, 2024 IST
ਪਾਤਰ ਨੂੰ ਸੁਰਜੀਤ ਕਰਦੇ ਹਰਫ਼
Advertisement

ਉਹ ਪੀਲੇ ਪੱਤਿਆਂ ’ਤੇ ਹਲਕੇ-ਹਲਕੇ ਪੱਬ ਧਰਦਾ ਡਾਲੀਆਂ ’ਚੋਂ ਹਵਾ ਬਣ ਕੇ ਲੰਘ ਗਿਆ। ਉਸ ਨੇ ਮੁੜ ਕੇ ਨਹੀਂ ਆਉਣਾ, ਪਰ ਉਸ ਦੇ ਹਰਫ਼ਾਂ ਨੇ ਸਦਾ ਪੌਣਾਂ ’ਚ ਮਹਿਕਦੇ ਰਹਿਣਾ ਹੈ। ਹੁਣ ਬਿਰਖ ਵਾਲੀ ਹਾਅ ਸਾਡਾ ਨਸੀਬ ਹੈ। ਉਹ ਤਾਂ ਜੁਦਾ ਹੋ ਕੇ ਖ਼ਾਬ ਹੋ ਗਿਆ। ਸੁੰਨਿਆਂ ਰਾਹਾਂ ’ਤੇ ਉਸ ਦੀਆਂ ਪੈੜਾਂ ਦੇ ਨਿਸ਼ਾਨ ਹਮੇਸ਼ਾ ਰਹਿਣਗੇ। ਉਸ ਦੀਆਂ ਨਜ਼ਮਾਂ, ਗ਼ਜ਼ਲਾਂ ਤੇ ਵਾਰਤਕ ਦੇ ਅਨੇਕਾਂ ਸੂਰਜ ਸਾਹਿਤ ਦੇ ਅੰਬਰ ’ਚ ਚਮਕਦੇ ਰਹਿਣਗੇ ਅਤੇ ਉਸ ਦੇ ਸਾਊ ਲਫ਼ਜ਼ ਹਮੇਸ਼ਾ ਆਪਣਾ ਜਾਦੂ ਬਿਖੇਰਦੇ ਰਹਿਣਗੇ। ਉਹ ਸਿਰਫ਼ ਵਧੀਆ ਕਵੀ ਹੀ ਨਹੀਂ ਸਗੋਂ ਬਹੁਤ ਵਧੀਆ ਇਨਸਾਨ ਵੀ ਸਨ। ਉਨ੍ਹਾਂ ਦੀ ਕਵਿਤਾ ਦੀ ਗਹਿਰਾਈ ’ਚ ਉਤਰ ਕੇ ਮਹਿਸੂਸ ਹੁੰਦਾ ਹੈ ਕਿ ਉਹ ਕਿੰਨੀ ਡੂੰਘੀ ਗੱਲ ਕਿੰਨੇ ਖ਼ੂਬਸੂਰਤ ਤੇ ਭਾਵਪੂਰਤ ਲਫ਼ਜ਼ਾਂ ’ਚ ਕਰ ਜਾਂਦੇ ਸਨ। 2020-21 ਦੇ ਕਿਸਾਨ ਅੰਦੋਲਨ ਦੌਰਾਨ ਆਪਣੀ ਲਿਖੀ ਕਵਿਤਾ ‘ਇਹ ਬਾਤ ਨਿਰੀ ਏਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ...’ ਵਿਚ ਉਨ੍ਹਾਂ ਨੇ ਪੰਜਾਬੀ ਮਾਨਸਿਕਤਾ ਨੂੰ ਜਿਸ ਬਾਰੀਕੀ ਨਾਲ ਫੜਿਆ ਹੈ, ਉਹ ਕਮਾਲ ਹੈ। ਉਨ੍ਹਾਂ ਦਾ ਸਿਵਾ ਬਲਦਿਆਂ ਦੇਖ ਉਨ੍ਹਾਂ ਦੀਆਂ ਹੀ ਇਹ ਸਤਰਾਂ ਯਾਦ ਆ ਰਹੀਆਂ ਸਨ:
ਸੂਰਜ ਤਾਂ ਸਿਰਫ਼ ਛਿਪਦਾ ਹੈ, ਨਾ ਡੁੱਬਦਾ ਹੈ,
ਮਤ ਸੋਚ ਕਿ ਮੁੱਕ ਜਾਵੇਂਗਾ, ਸਿਵੇ ’ਚ ਬਲਕੇ।
ਇਹ ਜੋ ਉੱਡ ਰਹੇ ਅੱਜ ਹੰਸਾਂ ਦੇ ਜੋੜੇ,
ਇਹਨਾਂ ਦੀ ਵੀ ਰਾਖ ਉੱਡੇਗੀ ਭਲਕੇ।
ਸੁਰਜੀਤ ਪਾਤਰ ਦੇ ਲਿਖੇ ਹਰਫ਼ ਹਮੇਸ਼ਾ ਉਨ੍ਹਾਂ ਦੇ ਨੇੜੇ-ਤੇੜੇ ਹੋਣ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੇ ਸੁਰਜੀਤ ਪਾਤਰ ਹੋਰਾਂ ਨੂੰ ਸਮਰਪਿਤ ਪਿਛਲੇ ਅੰਕ ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਹੈ। ਪਾਠਕਾਂ ਨੇ ਚਿੱਠੀਆਂ ਰਾਹੀਂ ਉਨ੍ਹਾਂ ਲਈ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਹਨ। ਉਨ੍ਹਾਂ ਦਾ ਇਹ ਹੁੰਗਾਰਾ ਮਹਿਜ਼ ਚਿੱਠੀਆਂ ਨਹੀਂ ਸਗੋਂ ਪਾਤਰ ਹੋਰਾਂ ਨੂੰ ਦਿੱਤੀ ਸ਼ਰਧਾਂਜਲੀ ਹੈ ਜਿਸ ਨੂੰ ਅਸੀਂ ਛਾਪ ਰਹੇ ਹਾਂ। ਪਾਤਰ ਹੋਰਾਂ ਨੇ ਕਵਿਤਾ ਦੇ ਨਾਲ ਨਾਲ ਵਾਰਤਕ ਵੀ ਲਿਖੀ ਜੋ ਬਹੁਤ ਹੀ ਖ਼ੂਬਸੂਰਤ ਤੇ ਸੁਹਜਮਈ ਹੈ। ਅਸੀਂ ਉਨ੍ਹਾਂ ਦੀ ਪੁਸਤਕ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚੋਂ ਵਾਰਤਕ ਦੇ ਕੁਝ ਨਮੂਨੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਸਮੁੱਚੇ ਪੰਜਾਬੀਆਂ ਵੱਲੋਂ ਆਪਣੇ ਮਹਿਬੂਬ ਸ਼ਾਇਰ ਸੁਰਜੀਤ ਪਾਤਰ ਨੂੰ ਆਖ਼ਰੀ ਸਲਾਮ। ਉਨ੍ਹਾਂ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਣੀਆਂ ਬਾਕੀ ਹਨ ਤੇ ਉਨ੍ਹਾਂ ਬਾਰੇ ਗੱਲਾਂ ਤਾਂ ਸ਼ਾਇਦ ਕਦੇ ਵੀ ਨਾ ਮੁੱਕਣ ਪਰ ਕੁਝ ਗੱਲਾਂ ਸਾਂਝੀਆਂ ਕਰਨ ਲਈ ਅਸੀਂ ਅੱਜ ਦਾ ਅੰਕ ਵੀ ਆਪਣੇ ਮਹਿਬੂਬ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਰ ਰਹੇ ਹਾਂ।

Advertisement

- ਅਰਵਿੰਦਰ ਜੌਹਲ

ਪਾਤਰ ਨੂੰ ਸੁਰਜੀਤ ਕਰਦੇ ਹਰਫ਼

ਸੁਰਜੀਤ ਪਾਤਰ ਤੇ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਦੀ ਪੁਰਾਣੀ ਤਸਵੀਰ
ਕੋਈ ਡਾਲੀਆਂ ’ਚੋਂ ਲੰਘਿਆ...

ਡਨ ਸਨ-ਰਾਈਜ਼ ਰੇਡੀਓ ’ਤੇ ਇਕ ਇੰਟਰਵਿਊ ਦੌਰਾਨ ਮੈਂ ਸਾਥੀ ਲੁਧਿਆਣਵੀ ਦੇ ਇਕ ਸਵਾਲ ਦੇ ਜਵਾਬ ਵਿਚ ਆਪਣੀ ਇਕ ਗ਼ਜ਼ਲ ਦੀ ਰਚਨਾ ਦੇ ਅਮਲ ਬਾਰੇ ਦੱਸਦਿਆਂ ਕਿਹਾ ਸੀ ਕਿ ਇਹ ਗ਼ਜ਼ਲ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਐਮ.ਏ. ਕਰਦਿਆਂ ਲਿਖੀ ਸੀ। ਮੈਨੂੰ ਯਾਦ ਹੈ ਕਿ ਇਕ ਦਿਨ ਮੈਂ ਤੇ ਮੇਰਾ ਇਕ ਦੋਸਤ ਗੋਲ ਮਾਰਕੀਟ ਦੀ ਕੈਨਟੀਨ ਦੇ ਬਾਹਰ ਬੈਠੇ ਸਾਂ। ਪਤਝੜ ਦੇ ਆਗਮਨ ਦੇ ਦਿਨ ਸਨ। ਸਾਹਮਣੇ ਇਕ ਪਾਪਲਰ ਦਾ ਦਰਖ਼ਤ ਸੀ। ਹਵਾ ਵਗ ਰਹੀ ਸੀ। ਉਸ ਦਰਖ਼ਤ ਨੂੰ ਪਹਿਲਾਂ ਵੀ ਕਈ ਵਾਰੀ ਦੇਖਿਆ ਸੀ ਪਰ ਅੱਜ ਉਸਦੇ ਹੇਠੋਂ ਦੀ ਕੋਈ ਇਸ ਤਰ੍ਹਾਂ ਲੰਘਿਆ ਕਿ ਮੈਨੂੰ ਲੱਗਿਆ ਕਿ ਦਰਖ਼ਤ ਲਰਜ਼ਿਆ, ਉਸ ਦੇ ਨਾਲ ਜਾਣ ਲਈ ਤੜਪਿਆ ਪਰ ਤੁਰ ਨਾ ਸਕਿਆ। ਲੰਘਣ ਵਾਲਾ ਦੂਰ ਚਲਾ ਗਿਆ। ਪਾਗਲ ਦਰਖ਼ਤ ਦੇ ਪੱਤੇ ਦੂਰ ਦੂਰ ਤੱਕ ਉਸਦੀਆਂ ਪੈੜਾਂ ’ਤੇ ਡਿਗਦੇ ਰਹੇ, ਇਸ ਤਰ੍ਹਾਂ ਉਹ ਗ਼ਜ਼ਲ ਸ਼ੁਰੂ ਹੋਈ। ਮੈਨੂੰ ਲੱਗਿਆ ਉਹ ਦਰੱਖ਼ਤ ਮੈਂ ਹਾਂ:
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ

ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ

ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣ ਕੇ
ਰੇਡੀਓ ਤੋਂ ਮੇਰੀ ਇਹ ਗੱਲਬਾਤ ਸੁਣ ਕੇ ਕਵਿਤਾਵਾਂ ਦੇ ਇਕ ਗਹਿਰੇ ਮਹਿਰਮ ਨੇ ਮੈਨੂੰ ਕਿਹਾ ਸੀ: ਮੈਂ ਚਾਹੁੰਦਾ ਹਾਂ ਤੂੰ ਅੱਗੇ ਤੋਂ ਆਪਣੀ ਕਿਸੇ ਕਵਿਤਾ ਦੇ ਜਨਮ ਜਾਂ ਪਿਛੋਕੜ ਬਾਰੇ ਨਾ ਦੱਸੇਂ। ਇਸ ਤਰ੍ਹਾਂ ਕਵਿਤਾ ਦੇ ਅਰਥ ਇਕ ਹੱਦ ਵਿਚ ਬੱਝ ਜਾਂਦੇ ਹਨ। ਉਸ ਦੁਆਲਿਓਂ ਝਿਲਮਿਲਾਉਂਦੇ ਰਹੱਸ ਦਾ ਮੰਡਲ ਬੁਝ ਜਾਂਦਾ ਹੈ।

* * *

ਕਪੂਰਥਲੇ ਦੇ ਦਿਨ

ਓਦੋਂ ਮੇਰਾ ਮਨ ਲੈਰਿਆਂ ਪੱਤਿਆਂ ਵਾਲਾ ਬੂਟਾ ਸੀ। ਖ਼ਾਲਸਾ ਹਾਈ ਸਕੂਲ ਖਹਿਰਾ ਮੱਝਾ ਤੋਂ ਮੈਟ੍ਰਿਕ ਕਰਕੇ ਮੈਂ ਰਣਧੀਰ ਕਾਲਜ ਕਪੂਰਥਲਾ ਵਿਚ ਦਾਖ਼ਲ ਹੋ ਗਿਆ। ਕਪੂਰਥਲੇ ਕਾਲਜ ਵਿਚ ਆਪਣੇ ਵਰ੍ਹੇ ਮੈਨੂੰ ਬਹੁਤ ਕਾਵਿਕ ਲੱਗਦੇ ਹਨ। ਆਪਣੇ ਪਿੰਡ ਪੱਤੜ ਕਲਾਂ ਤੋਂ ਸਾਈਕਲ ਉੱਤੇ ਚਾਰ ਕੁ ਮੀਲ ਦਾ ਪੈਂਡਾ ਕਰਕੇ ਮੈਂ ਕਪੂਰਥਲੇ ਆਉਂਦਾ ਸੀ। ਮੇਰਾ ਦੋਸਤ ਵੀਰ ਸਿੰਘ ਰੰਧਾਵਾ ਫਿਆਲੀ ਤੋਂ ਆਉਂਦਾ ਸੀ। ਅਜਾਇਬ ਕਾਲੇ ਸੰਘਿਆਂ ਤੋਂ। ਅਜਾਇਕ ਬਹੁਤ ਸੰਵੇਦਨਸ਼ੀਲ, ਕਵਿਤਾ ਨੂੰ ਤਨ ਮਨ ’ਤੇ ਝੱਲਣ ਵਾਲਾ ਭਾਵੁਕ ਜਿਹਾ ਸੀ। ਵੀਰ ਸਿੰਘ ਟਿੱਚਰੀ, ਹਾਜ਼ਰ ਜਵਾਬ ਤੇ ਨੁਕਸਬੀਨ। ਵੀਰ ਸਿੰਘ ਦੀਆਂ ਕਾਪੀਆਂ ਦੇ ਪਿਛਲੇ ਵਰਕੇ ਨਵੇਂ ਸੁਣੇ ਲੋਕ ਗੀਤਾਂ ਤੇ ਉਹਦੂ ਦੇ ਸ਼ੇਅਰਾਂ ਨਾਲ ਭਰੇ ਹੁੰਦੇ। ਵੀਰ ਸਿੰਘ, ਜੇ ਕੋਸਿਸ਼ ਕਰਦਾ ਤਾਂ ਬਹੁਤ ਵਧੀਆ ਵਾਰਤਕਕਾਰ ਬਣ ਸਕਦਾ ਸੀ। ਉਸ ਨੇ ਉਨ੍ਹੀਂ ਦਿਨੀਂ ਆਪਣੇ ਪਿੰਡ ਬਾਰੇ ਇਕ ਲੇਖ ਲਿਖਿਆ ਸੀ, ਜਿਸ ਦਾ ਪਹਿਲਾ ਵਾਕ ਸੀ: ਮੇਰਾ ਪਿੰਡ ਛੋਟਾ ਹੈ, ਬਹੁਤ ਛੋਟਾ, ਜਿਵੇਂ ਕਿਸੇ ਵੱਡੇ ਪਿੰਡ ਦਾ ਆਂਡਾ ਹੋਵੇ। ਇਹ ਲੇਖ ਵੀ ਉਸ ਨੇ ਕਿਤੇ ਛਪਵਾਇਆ ਨਾ।
ਅਜਾਇਬ ਦਾ ਪਿੰਡ ਦੂਰ ਸੀ ਤੇ ਦੂਜੇ ਪਾਸੇ। ਇਸ ਲਈ ਉਹ ਜਲਦੀ ਸਾਡੇ ਤੋਂ ਵਿਛੜ ਜਾਂਦਾ। ਮੈਂ ਤੇ ਵੀਰ ਸਿੰਘ ਬਹੁਤ ਦੇਰ ਬਾਰਾਂਦਰੀ ਦੇ ਦਰੱਖ਼ਤਾਂ ਹੇਠ ਬੈਠੇ ਰਸਾਲਿਆਂ ਦੇ ਨਵੇਂ ਅੰਕ ਪੜ੍ਹਦੇ ਰਹਿੰਦੇ। ਫਿਰ ਉਸ ਮੋੜ ’ਤੇ ਆ ਕੇ ਰੁਕੇ ਰਹਿੰਦੇ ਜਿੱਥੋਂ ਸਾਡੇ ਰਸਤੇ ਨਿਖੜਦੇ।
ਕਪੂਰਥਲੇ ਕਾਲਜ ਵਿਚ ਮੇਰੇ ਨਾਲ ਬਹੁਤ ਕੁਝ ਪਹਿਲੀ ਵਾਰ ਹੋਇਆ। ਏਥੇ ਆ ਕੇ ਮੈਂ ਆਪਣੀਆਂ ਪਹਿਲ ਪਲੇਠੀਆਂ ਕਵਿਤਾਵਾਂ ਲਿਖੀਆਂ। ਭਾਵੇਂ ਤੁਕਬੰਦੀ ਤਾਂ ਮੈਂ ਬਹੁਤ ਪਹਿਲਾਂ ਕਰਨ ਲੱਗ ਪਿਆ ਸਾਂ ਪਰ ਮੇਰੇ ਸ਼ਬਦਾਂ ਵਿਚ ਮੇਰੇ ਅਹਿਸਾਸਾਂ ਦਾ ਰੰਗ ਭਰਨਾ ਏਥੇ ਹੀ ਸ਼ੁਰੂ ਹੋਇਆ। ਏਥੇ ਪੜ੍ਹਦਿਆਂ ਹੀ ਪਹਿਲੀ ਵਾਰ ਮੇਰੀਆਂ ਕਵਿਤਾਵਾਂ ਪ੍ਰੀਤ ਲੜੀ, ਪੰਜ ਦਰਿਆ ਤੇ ਹੋਰ ਰਸਾਲਿਆਂ ਵਿਚ ਛਪੀਆਂ। ਜਿਨ੍ਹਾਂ ਦੇ ਛਪਣ ਦੀ ਮੈਨੂੰ ਏਨੀ ਖ਼ੁਸ਼ੀ ਹੋਈ ਜਿੰਨੀ ਹੁਣ ਅਕਾਦਮੀ ਪੁਰਸਕਾਰ ਮਿਲਣ ’ਤੇ। ਮੈਂ ਪ੍ਰੀਤ ਲੜੀ ਨੂੰ ਕਵਿਤਾਵਾਂ ਭੇਜੀਆਂ ਤਾਂ ਨਵਤੇਜ ਹੋਰਾਂ ਦਾ ਖ਼ਤ ਆਇਆ- ਮੈਨੂੰ ਤੇਰੀਆਂ ਕਵਿਤਾਵਾਂ ਪਸੰਦ ਹਨ ਪਰ ਤੇਰਾ ਨਾਮ ਪਸੰਦ ਨਹੀਂ ਓਦੋਂ ਮੈਂ ਆਪਣੇ ਨਾਮ ਨਾਲ ਪੱਤੜ ਲਿਖਦਾ ਸਾਂ, ਉਨ੍ਹਾਂ ਨੂੰ ਸ਼ਾਇਦ ‘ੜ’ ਰੜਕਦਾ ਸੀ। ਇਹ ਰੜਕ ਹੀ ਕੁਝ ਦੇਰ ਬਾਅਦ ਪੱਤੜ ਨੂੰ ਪਾਤਰ ਬਣਾ ਗਈ। ਹੁਣ ਜਦੋਂ ਆਪਣੇ ਪਿੰਡ ਤੋਂ ਕੀਲੇ-ਪੁੱਟ ਕਰ ਆਏ ਹਾਂ ਤਾਂ ਮੈਨੂੰ ਪਾਤਰ ਹੋਰ ਵੀ ਚੰਗਾ ਲੱਗਣ ਲੱਗ ਪਿਆ ਹੈ। ਕਿਉਂਕਿ ਮੇਰੇ ਪਿੰਡ ਨਾਲ ਮੇਰਾ ਰਿਸ਼ਤਾ ਵੀ ਐਨਾ ਕੁ ਹੀ ਰਹਿ ਗਿਆ ਹੈ। ਉਂਜ ਏਨੀ ਗੱਲ ਜ਼ਰੂਰ ਹੈ ਕਿ ਮੇਰੇ ਨਾਮ ਵਿਚ ਮੇਰੇ ਪਿੰਡ ਦਾ ਨਾਮ ਛੁਪਿਆ ਹੋਇਆ ਹੈ। ਜਿਵੇਂ ਮੇਰੇ ਮਨ ਵਿਚ ਮੇਰੇ ਪਿੰਡ ਦੀਆਂ ਯਾਦਾਂ।
ਕਾਲਜ ਦੇ ਪਹਿਲੇ ਸਾਲ ਦੌਰਾਨ ਹੀ ਮੈਂ ਇਕ ਗ਼ਜ਼ਲ-ਨੁਮਾ ਰਚਨਾ ਲਿਖੀ ਤੇ ਸੋਟੀ ਸਾਹਿਬ ਕੋਲ ਲੈ ਗਿਆ। ਕਿੰਨੀ ਕਮਾਲ ਦੀ ਗੱਲ ਸੀ ਕਿ ਪੰਜਾਬੀ ਦੇ ਪ੍ਰਤਿਭਾਸ਼ੀਲ ਨਾਟਕਕਾਰ ਸੁਰਜੀਤ ਸਿੰਘ ਸੇਠੀ ਸਾਡੇ ਅਧਿਆਪਕ ਸਨ ਤੇ ਕਾਲਜ ਮੈਗਜ਼ੀਨ ਦੇ ਪ੍ਰੋਫੈਸਰ ਇੰਚਾਰਜ। ਹੁਣ ਤਾਂ ਇਸ ਗੱਲ ’ਤੇ ਮਾਣ ਮਹਿਸੂਸ ਹੁੰਦਾ ਹੈ ਪਰ ਉਸ ਵੇਲੇ ਤਾਂ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਜਦੋਂ ਉਨ੍ਹਾਂ ਮੇਰੀ ਕਵਿਤਾ ਪੜ੍ਹਦਿਆਂ ਸਾਰ ਮੈਨੂੰ ਝਿੜਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ: ਇਹ ਕਿਸ ਦੀ ਗਜ਼ਲ ਚੁਰਾ ਕੇ ਲੈ ਆਇਆ ਏਂ ਤੇ ਮੇਰਾ ਵਰਕਾ ਮੈਨੂੰ ਮੋੜ ਦਿੱਤਾ। ਉਨ੍ਹਾਂ ਨੂੰ ਯਕੀਨ ਆਉਣ ਵਿਚ ਹਫ਼ਤਾ ਕੁ ਲੱਗ ਗਿਆ। ਯਕੀਨ ਇਸ ਤਰ੍ਹਾਂ ਆਇਆ ਕਿ ਕਲਾਸ ਰੂਮ ਵਿਚ ਉਨ੍ਹਾਂ ਨੇ ਸਾਨੂੰ ਕੋਈ ਖ਼ਤ ਲਿਖਣ ਲਈ ਕਿਹਾ। ਮੇਰਾ ਓਥੇ ਹੀ ਲਿਖਿਆ ਖ਼ਤ ਪੜ੍ਹ ਕੇ ਉਹ ਕਹਿਣ ਲੱਗੇ: ਉਹ ਆਪਣੀ ਗ਼ਜ਼ਲ ਲੈ ਕੇ ਆਈਂ। ਉਨ੍ਹਾਂ ਨੂੰ ਲੱਗਾ ਕਿ ਇਹ ਖ਼ਤ ਲਿਖਣ ਵਾਲਾ ਉਹ ਗ਼ਜ਼ਲ ਵੀ ਲਿਖ ਸਕਦਾ ਹੈ।
ਉਸ ਤੋਂ ਬਾਅਦ ਤਾਂ ਉਨ੍ਹਾਂ ਨੇ ਤੇ ਉਨ੍ਹਾਂ ਦੀ ਬਹੁਤ ਮਿਠ ਬੋਲੜੀ ਤੇ ਸੂਬਕ ਪਤਨੀ ਮਨੋਹਰ ਕੌਰ ਅਰਪਨ ਹੋਰਾਂ ਨੇ ਮੈਨੂੰ ਮੋਹ ਤੇ ਉਤਸ਼ਾਹ ਨਾਲ ਭਰ ਦਿੱਤਾ।
ਇਕ ਵਾਰ ਸੇਠੀ ਸਾਹਿਬ ਨੇ ਮੈਨੂੰ ਤੇ ਮੇਰੇ ਕਾਲਜ ਦੀ ਇਕ ਬਹੁਤ ਖ਼ੂਬਸੂਰਤ ਵਿਦਿਆਰਥਣ ਗਾਇਕਾ ਨੂੰ ਇਕ ਕਾਵਿ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਭੇਜਣਾ ਸੀ। ਉਨ੍ਹਾਂ ਨੇ ਕਿਹਾ ‘ਗਾਇਕਾ’ ਨੂੰ ਵੀ ਕੋਈ ਆਪਣਾ ਹੀ ਗੀਤ ਦੇ ਦੇ। ਉਸ ਗਾਇਕਾ ਨੇ ਮੇਰਾ ਗੀਤ ਆਪਣਾ ਕਹਿ ਕੇ ਗਾਇਆ। ਇਹ ਮੇਰੇ ਲਈ ਇਕ ਬਹੁਤ ਅਦਭੁਤ ਤੇ ਵਿਸਮਾਦੀ ਅਨੁਭਵ ਸੀ। ਮੈਨੂੰ ਆਪਣੇ ਸ਼ਬਦ ਉਸ ਗਾਇਕਾ ਦੇ ਸਮੁੱਚੇ ਵਜੂਦ ਵਿਚ ਘੁਲਦੇ ਪ੍ਰਤੀਤ ਹੋਏ। ਮੈਨੂੰ ਲੱਗਿਆ ਜਿਵੇਂ ਉਸ ਦੀ ਕਾਇਆ ਕੋਈ ਸਰਵਰ ਹੈ ਤੇ ਮੇਰੇ ਗੀਤ ਦੇ ਸ਼ਬਦ ਕੋਈ, ਜ਼ਖ਼ਮੀ ਹੰਸ। ਉਸ ਵਿਚ ਘੁਲਦੇ ਰੰਗ। ਪਰ ਕੁਝ ਦਿਨਾਂ ਵਿਚ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਮੇਰੀ ਖੁਸ਼ਫਹਿਮੀ ਹੀ ਹੈ। ਉਸ ਗਾਇਕਾ ਦੇ ਤਨ ਮਨ ’ਤੇ ਉਸ ਗੀਤ ਦਾ ਕੋਈ ਅਸਰ ਨਹੀਂ ਸੀ। ਉਸ ਭਰਮ ਤੇ ਭਰਮ ਨਿਵਿਰਤੀ ਦੇ ਤੀਬਰ ਅਹਿਸਾਸ ਨੇ ‘ਗਾਇਕਾ’ ਨੂੰ ਕਵਿਤਾ ਦੇ ਰੂਪ ਵਿਚ ਢਾਲ ਲਿਆ। ਜਿਸ ਤਰ੍ਹਾਂ ਦੀ ਮਾਨਸਿਕ ਦਸ਼ਾ ਮੇਰੀ ਇਹ ਕਵਿਤਾ ਲਿਖਣ ਵੇਲੇ ਸੀ ਉਹੋ ਜਿਹੀ ਪਹਿਲਾਂ ਕਿਸੇ ਕਵਿਤਾ ਨੂੰ ਲਿਖਣ ਵੇਲੇ ਨਹੀਂ ਸੀ। ਇਸ ਪੱਖੋਂ ਏਹੀ ਮੇਰੀ ਪਹਿਲੀ ਕਵਿਤਾ ਸੀ, ਭਾਵੇਂ ਇਹ ਮੈਂ ਆਪਣੇ ਕਿਸੇ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤੀ। ਇਹ ਪ੍ਰੀਤ ਲੜੀ ਵਿਚ ਛਪੀ ਸੀ। ਇਸ ਦਾ ਕੁਝ ਹਿੱਸਾ ਇਉਂ ਹੈ:
ਰਿਵੀ ਰਚਾਈਆਂ ਲਹਿਰਾਂ-ਤਾਲੀ
ਲਰਜ਼ਾਂਦੀ ਤੇਰੀ ਆਵਾਜ਼
ਇਕ ਯੁਗ ਤੋਂ ਮੇਰਾ ਵਿਸ਼ਵਾਸ
ਤੇਰੇ ਸੀਨੇ ਸਰਵਰ ਲਹਿਰੇ
ਇਕ ਮੁੱਦਤ ਤੋਂ ਮੇਰੇ ਧੁੰਦਲਕਿਆਂ ਦਾ ਸੁਪਨਾ:
ਤੇਰੇ ਹੋਠਾਂ ’ਚੋਂ ਮੇਰੇ ਅੱਖਰ ਉਡਦੇ ਨੇ
ਜ਼ਖ਼ਮੀ ਹੰਸ ਉਡੇ ਸਰਵਰ ’ਚੋਂ
ਪਾਣੀ ਵਿਚ ਪਿਆਜ਼ੀ ਰੌਆਂ
ਜਲ ਤਲ ਨੂੰ ਛਿੜੀਆਂ ਝਰਨਾਟਾਂ
* * *

ਝੱਲੀ ਨਾ ਗਈ ਚੰਡੀਗੜ੍ਹ ਦੀ ਤਾਬ

ਸੁਰਜੀਤ ਪਾਤਰ ਦੇ ਪੁੱਤਰ ਅੰਕੁਰ ਤੇ ਮਨਰਾਜ ਸੋਗ ’ਚ ਡੁੱਬੇ ਹੋਏ।

ਕਪੂਰਥਲੇ ਤੋਂ ਬੀ.ਏ. ਕੀਤੀ ਤਾਂ ਮੈਂ ਅੰਗਰੇਜ਼ੀ ਐਮ.ਏ. ਕਰਨ ਲਈ ਇਕ ਗੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਰਿਆ ਪਰ ਚੰਡੀਗੜ੍ਹ ਦੀ ਮੈਥੋਂ ਤਾਬ ਨਾ ਝੱਲੀ ਗਈ, ਓਥੇ ਮੈਨੂੰ ਆਪਣੇ ਚੰਗੇ ਭਲੇ ਕੱਪੜੇ ਪੁਰਾਣੇ ਪੁਰਾਣੇ ਲੱਗਣ ਲੱਗ ਪਏ ਤੇ ਫੈਸ਼ਨੇਬਲ ਮੁੰਡੇ ਕੁੜੀਆਂ ਨੂੰ ਵੇਖ ਕੇ ਮੇਰੇ ਸਾਹ ਹੀ ਸੂਤੇ ਗਏ, ਵਾਪਸ ਕਪੂਰਥਲੇ ਆ ਗਿਆ। ਫਿਰ ਮੈਂ ਅਤੇ ਮੇਰੇ ਸਾਲਮ ਹਮਜਮਾਤੀ ਵੀਰ ਸਿੰਘ ਰੰਧਾਵਾ ਨੇ ਪੰਜਾਬੀ ਐਮ.ਏ. ਕਰਨ ਦੀ ਸਲਾਹ ਕੀਤੀ। ਮੈਂ ਕਿਹਾ, ਪੰਜਾਬੀ ਐਮ.ਏ. ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਾਂਗੇ, ਜਿੱਥੇ ਦਲੀਪ ਕੌਰ ਟਿਵਾਣਾ ਹੈ, ਜਿੱਥੇ ਗੁਲਵੰਤ ਸਿੰਘ ਹੈ। ਵੀਰ ਸਿੰਘ ਕਹਿਣ ਲੱਗਾ: ਤੇਰਾ ਦਿਮਾਗ਼ ਖ਼ਰਾਬ ਐ, ਆਪਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾਖ਼ਲ ਹੁੰਦੇ ਆਂ, ਸਵੇਰੇ ਘਰੋਂ ਰੋਟੀ ਖਾ ਕੇ ਸਾਈਕਲਾਂ ’ਤੇ ਜਾਇਆ ਕਰਾਂਗੇ ਤੇ ਆ ਕੇ ਘਰ ਦੀ ਪੱਕੀ ਖਾ ਤੇ ਲਿਆ ਕਰਾਂਗੇ। ਪਰ ਮੇਰੇ ਦਿਲ ਨੂੰ ਪਟਿਆਲੇ ਦੀ ਖਿੱਚ ਪੈ ਰਹੀ ਸੀ। ਵੀਰ ਸਿੰਘ ਕਹਿਣ ਲੱਗਾ: ਚੱਲ ਪਰਚੀਆਂ ਬਣਾ, ਟੌਸ ਕਰ ਲੈਨੇ ਆਂ। ਟੌਸ ਵਿਚ ਜਲੰਧਰ ਦੀ ਪਰਚੀ ਨਿਕਲ ਆਈ। ਪਰ ਮੈਂ ਟੌਸ ਨੂੰ ਰੱਦ ਕਰ ਦਿੱਤਾ ਤੇ ਤੀਜੇ ਦਿਨ ਕਰਤਾਰ ਬੱਸ ਫੜ ਕੇ ਇਕੱਲਾ ਹੀ ਪਟਿਆਲੇ ਜਾ ਦਾਖ਼ਲ ਹੋਇਆ। ਕੁਝ ਦਿਨਾਂ ਬਾਅਦ ਮੇਰੇ ਪਿੱਛੇ ਵੀਰ ਸਿੰਘ ਵੀ ਪਟਿਆਲੇ ਪਹੁੰਚ ਗਿਆ।
ਪਟਿਆਲਾ ਮੇਰੇ ਲਈ ਇਕ ਅਲੋਕਾਰ ਦੁਨੀਆ ਦੇ ਦਰਵਾਜ਼ੇ ਵਾਂਗ ਖੁੱਲ੍ਹਾ। ਕਈ ਸਾਲ ਮੈਂ ਇਸ ਦੀ ਅਲੋਕਾਰਤਾ ਦੇ ਮੇਲੇ ਵਿਚ ਗੁਆਚਾ ਰਿਹਾ। ਇਸ ਬਾਰੇ ਮੈਂ ਇਕ ਲੰਮੀ ਕਵਿਤਾ ਵੀ ਲਿਖੀ ਜਿਸ ਦੀਆਂ ਪਹਿਲੀਆਂ ਦੋ ਸਤਰਾਂ ਕੁਝ ਇਉਂ ਸਨ:
ਸੂਰਜ ਏਥੇ ਮੁੰਦਰਾਂ ਪਾ ਕੇ ਆਉਂਦਾ ਹੈ
ਤੇ ਚੰਨ ਕਾਲੇ ਚਸ਼ਮੇ ਲਾ ਕੇ
* * *

ਹੋਸਟਲ-ਤਰਾਨਾ

ਹੋਸਟਲ ਵਿਚ ਮੇਰਾ ਲਿਖਿਆ ਹੋਸਟਲ-ਤਰਾਨਾ ਵੀ ਕਈ ਵਾਰ ਗਾਇਆ ਜਾਂਦਾ:
ਗੱਤੇ ਦੀ ਤਲਵਾਰ
ਕੁਝ ਨਾ ਸਕੀ ਸਵਾਰ
ਇਕ ਗੋਲੀ ਵਿਦਰੋਹੀਆਂ ਮਾਰੀ
ਇਕ ਮਾਰੀ ਸਰਕਾਰ
ਹਾਹਾਕਾਰ ਹਾਹਾਕਾਰ ਹਾਹਾਕਾਰ
ਮਸ਼ਹੂਰ ਕਵੀਆਂ ਦੀਆਂ ਕਵਿਤਾਵਾਂ ਦੀਆਂ ਪੈਰੋਡੀਆਂ ਵੀ ਖ਼ੂਬ ਚੱਲਦੀਆਂ:
ਮਾਏ ਨੀਂ ਮਾਏ, ਮੈਨੂੰ ਗ਼ਮ ਦਾ ਸੂਟ ਸਵਾ ਦੇ
ਆਹਾਂ ਦੇ ਕਾਲਰ
ਤੇ ਹੰਝੂਆਂ ਦੀ ਝਾਲਰ
ਵਿਚ ਬਟਨ ਬਿਰਹੋਂ ਦੇ ਲਾ ਦੇ।
ਇਕ ਹੋਰ ਦਿਲਚਸਪ ਪੈਰੋਡੀ ਇਸ ਤਰ੍ਹਾਂ ਸੀ:
ਜਦੋਂ ਤੈਥੋਂ ਵਿਛੜ ਕੇ ਆਖ਼ਰੀ ਵਾਰੀ
ਮੈਂ ਅਪਣੇ ਪਿੰਡ ਮੁੜਿਆ ਆ ਰਿਹਾ ਸੀ
ਮੇਰੇ ਸਾਈਕਲ ਦਾ ਘੰਟੀ ਤੋਂ ਸਿਵਾ ਸਭ ਕੁਝ ਖੜਕਦਾ ਸੀ
ਨਾ ਮੇਰੇ ਵਿਚ ਕੋਈ ਫੂਕ ਬਾਕੀ ਸੀ
ਨਾ ਮੇਰੇ ਸਾਈਕਲ ਦੇ ਪਹੀਆਂ ਵਿਚ
ਤੇ ਮੈਂ ਇਕ ਸੱਚ ਅਚੇਤੇ ਜਾਣਦਾ ਸਾਂ
ਕਿ ਸਾਈਕਲ ਦਾ ਤਾਂ ਸ਼ਾਇਦ
ਫੂਕ ਬਾਝੋਂ ਸਰ ਹੀ ਸਕਦਾ ਹੈ
ਬੰਦੇ ਦਾ ਨਹੀਂ ਸਰਦਾ...
* * *

ਚੰਨੋ ਨਹੀਂ ਤਾਰੋ...

ਮੇਰੀ ਕਵਿਤਾ, ਮੇਰਾ ਪੀ.ਐਚ.ਡੀ. ਦਾ ਵਿਸ਼ਾ, ਭੂਤਾਂ ਦੀ ਸੁਹਬਤ ਤੇ ਮੈਂ- ਇਹ ਸਭ ਕੁਝ ਘੁਲਿਆ ਪਿਆ ਸੀ। ਮੇਰੀ ਇਨਰੋਲਮੈਂਟ ਹੋ ਚੁੱਕੀ ਸੀ, ਰਜਿਸਟ੍ਰੇਸ਼ਨ ਅਜੇ ਹੋਣੀ ਸੀ। ਆਖ਼ਰ ਰਿਸਰਚ ਕਮੇਟੀ ਦੀ ਮੀਟਿੰਗ ਦਾ ਦਿਨ ਆ ਗਿਆ, ਜਿਸ ਵਿਚ ਰਜਿਸਟ੍ਰੇਸ਼ਨ ਦਾ ਫ਼ੈਸਲਾ ਹੋਣਾ ਸੀ। ਮੀਟਿੰਗ ਵਿਚ ਸ਼ਿਰਕਤ ਕਰ ਕੇ ਆਏ ਡਾ. ਹਰਚਰਨ ਸਿੰਘ, ਜੋ ਪੰਜਾਬੀ ਵਿਭਾਗ ਦੇ ਮੁਖੀ ਵੀ ਸਨ ਤੇ ਮੇਰੇ ਗਾਈਡ ਵੀ, ਮੈਨੂੰ ਰਾਹ ਵਿਚ ਹੀ ਮਿਲ ਗਏ, ਕਹਿਣ ਲੱਗੇ: ਬੱਲੇ ਬੱਲੇ, ਹੁਣ ਪੂਰਾ ਜ਼ੋਰ ਲਾ ਕੇ ਕੰਮ ਸ਼ੁਰੂ ਕਰ ਦੇ, ਤੇਰੀ ਰਜਿਸਟ੍ਰੇਸ਼ਨ ਹੋ ਗਈ ਹੈ, ਬੱਸ ਥੋੜ੍ਹਾ ਜਿਹਾ ਤੇਰਾ ਵਿਸ਼ਾ ਬਦਲ ਦਿੱਤਾ, ਉਹ ਹੁਣ ਪੰਜਾਬੀ ਨਾਟਕ ਵਿਚ ਯਥਾਰਥਵਾਦ ਕਰ ਦਿੱਤਾ। ਮੈਨੂੰ ਇਹ ਥੋੜ੍ਹੀ ਜਿਹੀ ਤਬਦੀਲੀ ਇਉਂ ਹੀ ਲੱਗੀ ਜਿਵੇਂ ਕਿਸੇ ਦੀ ਮੰਗਣੀ ਹੋ ਚੁੱਕੀ ਹੋਵੇ ਤੇ ਇਕ ਦਿਨ ਕੋਈ ਉਹਨੂੰ ਆ ਕੇ ਕਹੇ ਪਈ ਤੇਰੇ ਵਿਆਹ ਦੀ ਤਰੀਕ ਪੱਕੀ ਹੋ ਗਈ ਪਰ ਥੋੜ੍ਹੀ ਜਿਹੀ ਤਬਦੀਲੀ ਕਰ ਦਿੱਤੀ। ਹੁਣ ਤੇਰਾ ਵਿਆਹ ਚੰਨੋ ਨਾਲ ਨਹੀਂ, ਤਾਰੋ ਨਾਲ ਹੋਣਾ।
ਆਖ਼ਰ ਉਹ ਵਿਆਹ ਹੋਇਆ ਹੀ ਨਹੀਂ। ਨਾਟਕ ’ਤੇ ਮੇਰੀ ਪੀ.ਐਚ.ਡੀ. ਰਹਿੰਦੀ ਰਹਿੰਦੀ ਰਹਿ ਗਈ। ਫਿਰ ਕਈ ਦਹਾਕਿਆਂ ਬਾਅਦ ਮੈਂ ਗੁਰੂ ਨਾਨਕ ਬਾਣੀ ਬਾਰੇ ਪੀ.ਐਚ.ਡੀ. ਕੀਤੀ।
* * *

ਕਵਿਤਾ ’ਚ ਪਰਿਵਾਰ

ਮੇਰੇ ਬੀ ਜੀ ਜਿਨ੍ਹਾਂ ਦੇ ਪੇਕਿਆਂ ਦਾ ਨਾਂ ਹਰ ਕੌਰ ਸੀ ਤੇ ਸਹੁਰਿਆਂ ਦਾ ਗੁਰਬਖ਼ਸ਼ ਕੌਰ, ਉਨ੍ਹਾਂ ਨੂੰ ਮੈਂ ਕਦੀ ਕੋਈ ਗੀਤ ਗਾਉਂਦਿਆਂ ਨਹੀਂ ਸੀ ਸੁਣਿਆ ਪਰ ਉਨ੍ਹਾਂ ਦਾ ਚਿਹਰਾ, ਉਨ੍ਹਾਂ ਦਾ ਵਜੂਦ, ਉਨ੍ਹਾਂ ਦੀ ਉਦਾਸੀ, ਉਨ੍ਹਾਂ ਦੀ ਸਹਿਣਸ਼ੀਲਤਾ ਮੇਰੇ ਲਈ ਕਵਿਤਾ ਸੀ। ਸੋ ਮੇਰੀ ਕਵਿਤਾ ਤੇ ਮੇਰੇ ਪਰਿਵਾਰ ਦਾ ਦੂਜਾ ਰਿਸ਼ਤਾ ਇਹ ਹੈ ਕਿ ਮੇਰੀ ਕਵਿਤਾ ਦੇ ਤਾਣੇ ਬਾਣੇ ਵਿਚ ਮੇਰੀਆਂ ਪਰਿਵਾਰਕ ਯਾਦਾਂ ਬੁਣੀਆਂ ਹੋਈਆਂ ਹਨ। ਪਰਿਵਾਰ ਦੇ ਸਾਰੇ ਜੀਆਂ ਦੇ ਝਉਲੇ ਹਨ। ਮਾਤਾ ਪਿਤਾ ਭੈਣ ਭਰਾ ਪਤਨੀ ਸੰਤਾਨ। ਇਹ ਠੀਕ ਹੈ ਕਿ ਮੇਰੀ ਕਵਿਤਾ ਵਿਚ ਹਰ ਥਾਂ ਮੇਰੀ ਮਾਂ ਮੇਰੀ ਮਾਂ ਨਹੀਂ ਹੈ, ਪਰ ਫਿਰ ਵੀ ਬਹੁਤ ਕੁਝ ਹੈ ਜੋ ਅਸਲੀ ਵੇਰਵਿਆਂ ਨਾਲ ਹੂਬਹੂ ਨਹੀਂ ਤਾਂ ਕਾਫ਼ੀ ਹੱਦ ਤੱਕ ਮਿਲਦਾ ਹੈ। ਜਦੋਂ ਆਪਣੇ ਬੀ ਜੀ ਬਾਰੇ ਸੋਚਦਾ ਹਾਂ ਤਾਂ ਮਮਤਾ ਤੇ ਕਰੁਣਾ ਨਾਲ ਭਰ ਜਾਂਦਾ ਹਾਂ। ਚਾਰ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ ਉਹ ਜਦੋਂ ਪਿਤਾ ਜੀ ਪਰਦੇਸੀ ਹੋਏ। ਦੋ ਧੀਆਂ ਵਿਆਹੀਆਂ ਤੇ ਦੋ ਕੁਆਰੀਆਂ ਸਨ। ਪੁੱਤਰ ਅਜੇ ਛੋਟੇ ਛੋਟੇ ਸਨ। ਮੈਂ ਅੱਠ ਸਾਲ ਦਾ ਸਾਂ ਤੇ ਉਪਕਾਰ ਚਾਰ ਸਾਲ ਦਾ। ਮੈਂ ਪਿਤਾ ਜੀ ਨੂੰ ਵਿਦਾ ਹੁੰਦਿਆਂ ਦੇਖਿਆ। ਆਪਣੀ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਦੇਖੀਆਂ। ਬਹੁਤ ਸਾਲਾਂ ਬਾਅਦ ਮੈਂ ਇਸ ਵਿਦਾ ਬਾਰੇ ਗੀਤ ਲਿਖਿਆ ਸੀ:
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ

ਜਦੋਂ ਦਾ ਅਸਾਡੇ ਨਾਲ ਖੁਸ਼ੀਆਂ ਨੂੰ ਵੈਰ ਏ
ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ

ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ
ਸੂਰਜ ਦੇ ਚੜ੍ਹਨ ’ਚ ਹਾਲੇ ਬੜੀ ਦੇਰ ਸੀ
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨੇਰ ਸੀ

ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ

* * *

ਪਾਤਰ ਦੀ ਅੰਤਿਮ ਵਿਦਾਇਗੀ ਮੌਕੇ ਸੋਗ ’ਚ ਡੁੱਬੀ ਉਨ੍ਹਾਂ ਦੀ ਜੀਵਨ ਸਾਥਣ।

ਦੂਰ ਸਮੁੰਦਰੋਂ ਪਾਰ

ਓਦੋਂ ਪਰਦੇਸ ਕੁਝ ਜ਼ਿਆਦਾ ਹੀ ਪਰਦੇਸ ਹੁੰਦਾ ਸੀ। ਪਿਤਾ ਜੀ ਸਮੁੰਦਰੀ ਜਹਾਜ਼ ’ਤੇ ਜਾਂਦੇ। ਲਗਭਗ ਦੋ ਹਫ਼ਤੇ ਸਮੁੰਦਰ ਵਿਚ ਹੀ ਲੱਗ ਜਾਂਦੇ। ਕਈ ਦਿਨਾਂ ਬਾਅਦ ਪਹੁੰਚਣ ਦੀ ਚਿੱਠੀ ਆਉਂਦੀ।
ਪਿਤਾ ਜੀ ਤਿੰਨ ਮੁਸਾਫ਼ਰੀਆਂ ਲਾ ਚੁੱਕੇ ਸਨ। ਮੈਂ ਐਮ.ਏ. ਦੇ ਪਹਿਲੇ ਸਾਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਸਾਂ। ਬੀ ਜੀ ਬਹੁਤ ਬਿਮਾਰ ਹੋ ਗਏ। ਬਹੁਤ ਸਾਲ ਪਹਿਲਾਂ ਮੇਰੇ ਮਾਮਾ ਜੀ ਦੇ ਦੇਹਾਂਤ ’ਤੇ ਬੀ ਜੀ ਨੂੰ ਅਧਰੰਗ ਦਾ ਦੌਰਾ ਪਿਆ ਸੀ। ਉਹ ਕਾਫ਼ੀ ਠੀਕ ਹੋ ਗਏ ਸਨ ਪਰ ਪੂਰੀ ਤਰ੍ਹਾਂ ਨਹੀਂ। ਇਸ ਵਾਰ ਉਨ੍ਹਾਂ ਦੀ ਬਿਮਾਰੀ ਆ ਕੇ ਗਈ ਹੀ ਨਹੀਂ। ਉਹ ਪਿਆਰੀ ਮਿੱਠਬੋਲੜੀ ਜਾਨ, ਪਤੀ ਦੀ ਗ਼ੈਰਹਾਜ਼ਰੀ ਵਿਚ ਮਾਸੂਮ ਧੀਆਂ ਪੁੱਤਰਾਂ ਨੂੰ ਪਾਲਣ ਵਾਲੀ, ਨੀਲੇ ਰੰਗ ਦੇ ਲਫ਼ਾਫ਼ਿਆਂ ਦੇ ਆਸਰੇ ਜਿਉਂਦੀ, ਮੇਰੀ ਉਦਾਸ ਮਾਂ ਸਾਡੇ ਤੋਂ ਸਦਾ ਲਈ ਵਿੱਛੜ ਗਈ। ਉਸ ਦਾ ਪਰਦੇਸੀ ਪਤੀ ਉਸ ਪਲ ਉਸ ਤੋਂ ਕੋਹਾਂ ਦੂਰ ਸਮੁੰਦਰੋਂ ਪਾਰ ਸੀ। ਉਸ ਨੂੰ ਤਾਂ ਖ਼ਬਰ ਵੀ ਸੱਤ ਦਿਨਾਂ ਬਾਅਦ ਮਿਲੀ ਜਦੋਂ ਉਸ ਨੇ ਪਤਾ ਨਹੀਂ ਕੀ ਸੋਚਦਿਆਂ ਲਿਫਾਫ਼ਾ ਖੋਲ੍ਹਿਆ ਹੋਵੇਗਾ। ਉਸ ਨੂੰ ਕੀ ਪਤਾ ਸੀ ਇਸ ਚਿੱਠੀ ਵਿਚ ਕੀ ਹੈ? ਤਦ ਤੱਕ ਤਾਂ ਫੁੱਲ ਵੀ ਪਾਏ ਜਾ ਚੁੱਕੇ ਸਨ।
ਪਿਤਾ ਜੀ ਤੇ ਦੀਦਾਰ ਜਦੋਂ ਇਸ ਤੋਂ ਬਾਅਦ ਪਿੰਡ ਆਏ ਤਾਂ ਦੀਦਾਰ ਨੇ ਦੱਸਿਆ ਪਿੰਡ ਵੜਦਿਆਂ
ਚਾਚਾ ਜੀ ਦੀ ਭੁੱਬ ਨਿਕਲ ਗਈ। ਕਹਿਣ ਲੱਗੇ:
ਉਸ ਦੇਵੀਆਂ ਜਿਹੀ ਔਰਤ ਨੂੰ ਕਿੰਨੇ ਦੁੱਖ ਦੇਖਣੇ ਪਏ। ਮੈਂ ਉਹਦੀਆਂ ਆਖ਼ਰੀ ਘੜੀਆਂ ਵਿਚ ਉਹਦੇ ਕੋਲ ਨਹੀਂ ਸਾਂ।
ਸ਼ਾਇਦ ਰੂਪ ਬਦਲ ਕੇ ਏਹੀ ਭਾਵ ਕਈ ਸਾਲਾਂ ਬਾਅਦ ਮੇਰੇ ਇਸ ਸ਼ੇਅਰ ਵਿਚ ਆਇਆ:
ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਅਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੀ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਦਸਵੀਂ ’ਚ ਪੜ੍ਹਦਿਆਂ ਮੰਗਣੀ

ਦਸਵੀਂ ’ਚ ਪੜ੍ਹਦਿਆਂ ਮੇਰੀ ਮੰਗਣੀ ਹੋ ਗਈ ਸੀ। ਐਮ.ਏ. ਕਰਦਿਆਂ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ। ਮੇਰੇ ਪਿਤਾ ਜੀ ਮੈਨੂੰ ਪਟਿਆਲੇ ਮਨਾਉਣ ਆਏ। ਉਹ ਮੈਨੂੰ ਕਹਿਣ ਲੱਗੇ: ਆਪਾਂ ਬਚਨ ਦਿੱਤਾ ਹੋਇਆ ਹੈ, ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ? ਤੂੰ ਇਸ ਵੇਲੇ ਨਿਰਮੋਹੀ ਧਰਤੀ ’ਚੋਂ ਲੰਘ ਰਿਹਾ ਹੈਂ ਜਿੱਥੇ ਸਰਵਣ ਨੇ ਆਪਣੇ ਮੋਢੇ ਤੋਂ ਵਹਿੰਗੀ ਲਾਹ ਦਿੱਤੀ ਸੀ। ਮੈਂ ਪਿਤਾ ਜੀ ਦੇ ਮੂੰਹ ’ਤੇ ਨਾਂਹ ਨਹੀਂ ਕਰ ਸਕਦਾ ਸੀ। ਮੈਂ ਹਾਂ ਕਹਿ ਦਿੱਤੀ। ਉਹ ਚਲੇ ਗਏ ਤਾਂ ਆਪਣੇ ਇਨਕਾਰ ਦੀ ਲੰਮੀ ਚਿੱਠੀ ਲਿਖ ਕੇ ਪਿੰਡ ਪੋਸਟ ਕਰ ਦਿੱਤੀ ਤੇ ਫ਼ਰੀਦਕੋਟ ਪ੍ਰੋ. ਪ੍ਰੇਮ ਪਾਲੀ ਕੋਲ ਚਲਾ ਗਿਆ। ਉਹ ਪਲ ਮੇਰੇ ਲਈ ਮੁਕਤੀ ਦੇ ਵੀ ਸਨ, ਗਹਿਰੇ ਦੁੱਖ ਦੇ ਵੀ, ਗਹਿਰੇ ਗੁਨਾਹ ਦੇ ਅਹਿਸਾਸ ਦੇ ਵੀ। ਜਿਸ ਰਾਤ ਮੈਂ ਪਿਤਾ ਜੀ ਨੂੰ ਇਨਕਾਰ ਦਾ ਖ਼ਤ ਲਿਖਿਆ, ਉਸ ਰਾਤ ਹੀ ਮੈਂ ਇਹ ਕਵਿਤਾ ਲਿਖੀ, ਜਿਸ ਦਾ ਨਾਮ ਸੀ ਨਹੀਂ । ਉਹ ਕਵਿਤਾ ਇਸ ਤਰ੍ਹਾਂ ਸੀ:
ਟਿਕੀ ਰਾਤ ਵਿਚ ਉਸ ਨੇ ਨਹੀਂ ਇਸ ਤਰ੍ਹਾਂ ਕਿਹਾ
ਕਿ ਕਬਰਾਂ ਤੇ ਸਿਵਿਆਂ ਚੋਂ
ਸਹਿਸਰਾਂ ਪਿੱਤਰ ਚਿੰਘਾੜ ਉੱਠੇ

ਪਤਵੰਤੇ ਪਿਤਾ ਦਾ ਸਿਰ ਕੰਬਿਆ
ਤੇ ਪਲਾਂ ਵਿਚ ਕਾਲੇ ਕੇਸ ਚਿੱਟੇ ਹੋ ਗਏ
ਪਾਵਨ ਕਿਤਾਬਾਂ ਦੇ ਅੱਖਰਾਂ ਹੇਠ ਫੁੱਲ ਦਿਸੇ
ਜਲ ਤੇ ਤਰਦੇ
ਮੋਈ ਮਾਂ ਤ੍ਰਭਕੀ...

ਟਿਕੀ ਰਾਤ ਵਿਚ ਉਸ ਨੇ ਨਹੀਂ ਇਸ ਤਰ੍ਹਾਂ ਕਿਹਾ
ਕਿ ਤਾਰੇ
ਕਿੰਨੇ ਹੀ ਪਲ ਝਾਂਜਰਾਂ ਵਾਂਗ ਛਣਕਦੇ ਰਹੇ
ਮਿੱਟੀ ਚੋਂ ਸੂਹਾ ਗੁਲਾਬ ਉੱਗਿਆ
ਅਹੱਲਿਆ ਜਾਗ ਕੇ ਨ੍ਰਿਤ ਕਰਨ ਲੱਗੀ

ਰੁੱਖਾਂ ਤੋਂ ਸੈਆਂ ਪੱਤੇ ਝੜੇ
ਸਹਿਸਰਾਂ ਨਵੇਂ ਫੁੱਟੇ
ਬਹੁਤ ਕੁਝ ਟੁੱਟਣ ਦੀ ਆਵਾਜ਼ ਆਈ

ਬੇੜੀਆਂ, ਹੱਥਕੜੀਆਂ, ਜੇਲ੍ਹ ਦੀਆਂ ਕੰਧਾਂ
ਤੇ ਜ਼ੰਜੀਰਾਂ
ਕਿਸੇ ਦੀ ਭਿਆਨਕ ਚੀਕ ਸੁਣੀ
ਸ਼ਾਇਦ ਉਹ ਅੰਧਕਾਰ ਮਰ ਰਿਹਾ ਸੀ
ਜੋ ਸਦੀਆਂ ਤੋਂ ਬੀਮਾਰ ਸੀ

ਟਿਕੀ ਹੋਈ ਰਾਤ ਵਿਚ ਉਸ ਨੇ
ਨਹੀਂ ਇਸ ਤਰ੍ਹਾਂ ਕਿਹਾ
ਕਿ ਲੋਹੇ ਦੇ ਗੇਟ ਵਿਚੋਂ
ਹਜ਼ਾਰਾਂ ਬੱਚੇ ਹੱਸਦੇ, ਸ਼ੋਰ ਮਚਾਉਂਦੇ ਬਾਹਰ ਆਏ
ਤੇ ਉਹ ਪੱਥਰ ਦੇ ਬਣੇ ਮਗਰਮੱਛ ਦੇ ਮੂੰਹ ਵਾਂਗ
ਖੁੱਲ੍ਹਾ ਰਹਿ ਗਿਆ।

* * *

ਮਾਵਾਂ ਦੇ ਦਿਲ

ਇਕ ਦਿਨ ਅੱਠਵੀਂ ਵਿਚ ਪੜ੍ਹਦੇ ਬੇਟੇ ਨੇ ਆਪਣੀ ਕਲਾਸ ਨਾਲ ਕੁਝ ਦਿਨਾਂ ਲਈ ਟੂਰ ’ਤੇ ਜਾਣਾ ਸੀ, ਭੁਪਿੰਦਰ ਉਹਨੂੰ ਗੇਟ ਤੱਕ ਤੋਰਨ ਗਈ। ਉਹ ਬੱਸ ’ਤੇ ਚੜ੍ਹਨ ਲੱਗਾ ਕਾਹਲ ਵਿਚ ਬਾਏ ਬਾਏ ਨਾ ਕਰ ਸਕਿਆ। ਭੁਪਿੰਦਰ ਗੇਟ ਤੋਂ ਵਾਪਸ ਆਈ ਤਾਂ ਇਹਦੀਆਂ ਅੱਖਾਂ ਨਮ ਸਨ। ਇਹ ਕਹਿਣ ਲੱਗੀ: ਬੇਟੇ ਮਾਵਾਂ ਦੇ ਦਿਲਾਂ ਨੂੰ ਨਹੀਂ ਸਮਝਦੇ। ਮੈਂ ਕਿਹਾ: ਜਦੋਂ ਇਹ ਆਪ ਮਾਪੇ ਬਣਨਗੇ ਓਦੋਂ ਸਮਝ ਜਾਣਗੇ। ਪਿਆਰ ਦਾ ਵਹਿਣ ਅਗਾਂਹ ਵੱਲ ਨੂੰ ਹੀ ਜਾਂਦਾ ਹੈ, ਪਿਛਾਂਹ ਵੱਲ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੀ ਮੁੜਦਾ ਹੈ। ਧੀਆਂ ਪੁੱਤਰਾਂ ਨੂੰ ਪਿਆਰ ਦੇ ਕੇ ਉਸ ਦੇ ਬਦਲੇ ਉਨ੍ਹਾਂ ਕੋਲੋਂ ਓਨਾ ਪਿਆਰ ਨਹੀਂ ਮੰਗੀਦਾ। ਇਹ ਪਿਆਰ ਉਨ੍ਹਾਂ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਦੇਣਾ ਹੁੰਦਾ ਹੈ:
ਇਹ ਮੇਰਾ ਪਿਆਰ ਦਈਂ ਅਪਣੇ ਜਾਇਆਂ ਨੂੰ ਪੁੱਤਰਾ
ਇਹ ਮੇਰਾ ਕਰਜ਼ ਤੂੰ ਮੈਨੂੰ ਕਦੇ ਅਦਾ ਨਾ ਕਰੀਂ
ਇਹ ਪਿਆਰ ਮਿਲਿਆ ਸੀ ਮੈਨੂੰ ਵੀ ਮੁਫ਼ਤ ਪਿੱਛਿਓਂ ਹੀ
ਜੇ ਮੈਨੂੰ ਮੋੜ ਨ ਸਕਿਆ ਤਾਂ ਦਿਲ ਬੁਰਾ ਨ ਕਰੀਂ
* * *

ਪਾਪਾ ਦੀ ਗ਼ਜ਼ਲ ਵਾਲਾ ਹਾਲ

ਇਕ ਵਾਰ ਅੰਕੁਰ ਤੇ ਮਨਰਾਜ ਨੇ ਮੋਬਾਈਲ ਲੈਣੇ ਸੀ। ਜਿਹੜੇ ਮੋਬਾਈਲ ਉਨ੍ਹਾਂ ਨੂੰ ਪਸੰਦ ਆਏ, ਉਹ ਮਹਿੰਗੇ ਸੀ। ਉਹ ਆਪਣੀ ਮੰਮੀ ਨੂੰ ਕਹਿਣ ਲੱਗੇ: ਸਾਡਾ ਤਾਂ ਪਾਪਾ ਦੀ ਗ਼ਜ਼ਲ ਵਾਲਾ ਹਾਲ ਹੈ:
ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ।

* * *

ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਵਿਹੜੇ ਵਿਚ ਕਵੀ ਦਰਬਾਰ ਉਪਰੰਤ ਪੰਜਾਬੀ ਲੇਖਕ (ਖੱਬਿਓਂ ਸੱਜੇ) ਹਰਜਿੰਦਰ ਸਿੰਘ ਅਟਵਾਲ, ਜਸਪਾਲ ਸਿੰਘ ਰੰਧਾਵਾ, (ਰੰਧਾਵਾ ਨਾਲ ਖੜ੍ਹੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ), ਦਰਸ਼ਨ ਖਟਕੜ, ਫ਼ਤਿਹਜੀਤ, ਨਿਰੰਜਨ ਢੇਸੀ, ਵਰਿਆਮ ਸੰਧੂ, ਗੁਰਭਜਨ ਗਿੱਲ, ਪ੍ਰੋ. ਮੋਹਨ ਸਿੰਘ ਜੌਹਲ, ਪਾਸ਼, ਸੁਰਿੰਦਰ ਗਿੱਲ, ਸੁਰਜੀਤ ਪਾਤਰ, ਨਰਜੀਤ ਖਹਿਰਾ, ਸੰਤ ਰਾਮ ਉਦਾਸੀ, ਹਰਿੰਦਰ ਬੋਲੀਨਾ, ਰਵਿੰਦਰ ਸਹਿਰਾਅ। (ਇਹ ਤਸਵੀਰ ਜਲੰਧਰ ਦੇ ਪ੍ਰੈਸ ਫੋਟੋਗ੍ਰਾਫਰ ਪਿਆਰੇ ਲਾਲ ਨੇ 1980-81 ਵਿਚ ਖਿੱਚੀ ਸੀ। ਇਸ ਨੂੰ ਰਵਿੰਦਰ ਸਹਿਰਾਅ ਨੇ ਸੰਭਾਲ ਕੇ ਰੱਖਿਆ ਸੀ)

ਆਵਾਜ਼ ਦਾ ਚਿਹਰਾ

ਸਾਡੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਭੁਪਿੰਦਰ ਦੀ ਭੈਣ ਨੇ ਮੈਨੂੰ ਭੁਪਿੰਦਰ ਦੇ ਗਾਏ ਹੋਏ ਇਕ ਸ਼ਬਦ ਦੀ ਰਿਕਾਰਡਿੰਗ ਭੇਜੀ: ਮਿਹਰਬਾਨ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਮੈਨੂੰ ਭੁਪਿੰਦਰ ਦੀ ਆਵਾਜ਼ ਦਾ ਚਿਹਰਾ ਸੁਹਣਾ ਲੱਗਾ। ਭੁਪਿੰਦਰ ਨੂੰ ਗਾਉਣ ਦਾ ਬਹੁਤ ਸ਼ੌਕ ਹੈ। ਬਹੁਤ ਵਾਰ ਰਸੋਈ ’ਚ ਕੰਮ ਕਰਦਿਆਂ ਵੀ ਕੁਝ ਨਾ ਕੁਝ ਗਾਉਂਦੀ ਰਹਿੰਦੀ ਹੈ। ਮੈਂ ਇਕ ਵਾਰ ਲਿਖਿਆ ਸੀ:
ਆਉਂਦੀ ਰਹੇ ਰਸੋਈ ’ਚੋਂ ਜੇ ਗਾਉਣ ਦੀ ਆਵਾਜ਼
ਤਾਂ ਸਮਝ ਲੈ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼
ਉਹ ਹੁਣ ਮੇਰੀਆਂ ਗ਼ਜ਼ਲਾਂ ਮੇਰੇ ਨਾਲੋਂ ਵੀ ਸੁਹਣੀ ਤਰ੍ਹਾਂ ਗਾਉਂਦੀ ਹੈ।
ਉਸ ਨੂੰ ਰਸੋਈ ਦਾ ਕੰਮ ਕਰਦੀ ਦੇਖਦਿਆਂ ਮੈਨੂੰ ਇਕ ਦਿਨ ਖਿਆਲ ਆਇਆ:
ਉਹ ਬਣਾਉਂਦੀ ਹੈ
ਕਿੰਨੀ ਰੀਝ ਨਾਲ
ਦਾਲਾਂ
ਸਬਜ਼ੀਆਂ
ਰੋਟੀਆਂ
ਰੋਜ਼ ਓਸੇ ਰੀਝ ਨਾਲ
ਜੂਠ ਨਾ ਛੱਡਿਓ
ਬੱਚਿਆਂ ਨੂੰ ਕਹਿੰਦੀ ਹੈ ਕੁਝ ਨਾ ਬਚੇ ਥਾਲੀ ਵਿਚ
ਮੈਂ ਲਿਖਦਾ ਹਾਂ
ਕਵਿਤਾਵਾਂ
ਗੀਤ
ਗ਼ਜ਼ਲਾਂ
ਨਿੱਤ ਨਵੀਆਂ
ਸਾਂਭਦਾ ਹਾਂ
ਉਨ੍ਹਾਂ ’ਤੇ ਆਪਣਾ ਨਾਮ ਲਿਖਦਾ ਹਾਂ
ਯੁਗਾਂ ਯੁਗਾਂ ਤੱਕ ਬਚੀਆਂ ਰਹਿਣ
ਚਾਹੁੰਦਾ ਹਾਂ
ਉਹ ਬਣਾਉਂਦੀ ਹੈ ਨਾਸ਼ਵਾਨ ਚੀਜ਼ਾਂ
ਮੈਂ ਅਵਿਨਾਸ਼ੀ
ਮੈਂ ਕਿੰਨਾ ਹਉਮੈ ਗ੍ਰਸਿਆ ਹਾਂ
ਉਹ ਕਿੰਨੀ ਹਉਮੈ-ਹੀਣ

Advertisement
Author Image

sukhwinder singh

View all posts

Advertisement
Advertisement
×