ਪਾਠਕਾਂ ਦੇ ਖ਼ਤ
ਸੁੰਗੜਦੀ ਅਕਾਦਮਿਕ ਆਜ਼ਾਦੀ
4 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਨੇ ਆਪਣੇ ਲੇਖ ‘ਖ਼ੌਫ ਦੇ ਮਾਹੌਲ ’ਚ ਸੁੰਗੜਦੀ ਅਕਾਦਮਿਕ ਆਜ਼ਾਦੀ’ ਵਿੱਚ ਅਕਾਦਮਿਕ ਆਜ਼ਾਦੀ ਦੀ ਲੋੜ ਬਾਰੇ ਸੰਤੁਲਿਤ ਵਿਚਾਰ ਪੇਸ਼ ਕੀਤੇ ਹਨ। ਪਿਛਲੇ 10-11 ਸਾਲਾਂ ਵਿੱਚ ਜਿਸ ਤਰ੍ਹਾਂ ਆਨੇ-ਬਹਾਨੇ, ਬੋਲਣ ’ਤੇ ਪਾਬੰਦੀਆਂ ਲਗਾਈਆਂ ਹਨ, ਉਹ ਬਹੁਤ ਡਰਾਉਣ ਵਾਲੀਆਂ ਹਨ। ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਨੂੰ ਅਪਰੇਸ਼ਨ ਸਿੰਧੂਰ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਜ਼ਲੀਲ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਲੇਖਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਲੇਖਕ ਨੇ ਬਿਲਕੁੱਲ ਸਹੀ ਕਿਹਾ ਹੈ ਕਿ ਡੋਨਲਡ ਟਰੰਪ ਵਰਗੇ ਸਿਅਸੀ ਬੌਸ ਸਾਡੇ ਰੋਲ ਮਾਡਲ ਬਣ ਗਏ ਹਨ। ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ। 31 ਮਈ ਦੇ ਸੰਪਾਦਕੀ ‘ਰੱਖਿਆ ਪ੍ਰਣਾਲੀ ’ਤੇ ਸਪੁਰਦਗੀ’ ਅਤੇ ‘ਸਰਹੱਦੀ ਖੇਤਰ ਦੀਆਂ ਲੋੜਾਂ’ ਡੂੰਘੀ ਚਿੰਤਾ ਵਾਲੇ ਹਨ ਅਤੇ ਗੰਭੀਰ ਚਿੰਤਨ ਦੀ ਮੰਗ ਕਰਦੇ ਹਨ। ਜਿੱਥੋਂ ਤੱਕ ਸਰਹੱਦੀ ਖੇਤਰਾਂ ਦਾ ਸਵਾਲ ਹੈ, ਇਹੀ ਸਹੀ ਸਮਾਂ ਹੈ ਕਸ਼ਮੀਰੀਆਂ ਨੂੰ ਗਲ ਨਾਲ ਲਾਉਣ ਦਾ। ਇਸੇ ਦਿਨ ਛਪਿਆ ਜਗਦੀਸ਼ ਕੌਰ ਮਾਨ ਦਾ ਮਿਡਲ ‘ਵੇਲੇ ਦੀ ਨਮਾਜ਼’ ਸਾਰਥਿਕ ਸੁਨੇਹਾ ਦੇਣ ਵਾਲਾ ਹੈ। ਅਸੀਂ ਕਈ ਵਾਰ ਬੱਚਿਆਂ ਦੀ ਕਾਬਲੀਅਤ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਾਂ। ਅਸੀਂ ਸੋਚਦੇ ਹੀ ਨਹੀਂ ਕਿ ਜੇ ਬੱਚਿਆਂ ਦੇ ਸਿਰ ’ਤੇ ਜ਼ਿੰਮੇਵਾਰੀ ਪਾਵਾਂਗੇ ਤਾਂ ਹੀ ਉਹ ਇਸ ਨੂੰ ਨਿਭਾਉਣ ਦੇ ਕਾਬਲ ਬਣਨਗੇ।
ਡਾ. ਤਰਲੋਚਨ ਕੌਰ, ਪਟਿਆਲਾ
ਵਾਤਾਵਰਨ ਦੀ ਅਹਿਮੀਅਤ
5 ਜੂਨ ਨੂੰ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਸਾਡੇ ਕੋਲ ਇੱਕ ਹੀ ਧਰਤੀ ਹੈ…’ ਲੇਖ ਪੜ੍ਹਿਆ। ਲੇਖਕ ਦੀ ਚਿੰਤਾ ਜਾਇਜ਼ ਹੈ ਕਿਉਂਕਿ ਮਨੁੱਖ ਆਪਣੇ ਸਵਾਰਥ ਲਈ ਦੂਜਿਆਂ ਨੂੰ ਨਜ਼ਰਅੰਦਾਜ਼ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਦੇ ਜੀਵਨ ਨੂੰ ਖ਼ਤਰਨਾਕ ਮੋੜ ਵੱਲ ਵੀ ਲਿਜਾ ਰਿਹਾ ਹੈ। ਧਰਤੀ ’ਤੇ ਮੌਲਦਾ ਜਨ-ਜੀਵਨ ਪਰਿਵਾਰ ਵਾਂਗ ਹੈ। ਬਨਸਪਤੀ, ਜੰਗਲ, ਪਹਾੜ, ਸਮੁੰਦਰ ਆਦਿ ਸਾਡੇ ਬਜ਼ੁਰਗਾਂ ਸਾਮਾਨ ਹਨ, ਇਨ੍ਹਾਂ ਬਿਨਾਂ ਸਾਡਾ ਜੀਵਨ ਰੁਲ਼ ਜਾਵੇਗਾ। ਸਾਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਅਸੀਂ ਕੁਦਰਤ ਨੂੰ ਜੋ ਦਿੰਦੇ ਹਾਂ, ਕੁਦਰਤ ਤੁਹਾਨੂੰ ਉਹੀ ਦੁੱਗਣਾ ਕਰ ਕੇ ਮੋੜਦੀ ਹੈ। ਇਹ ਹੁਣ ਸਾਡੇ ਹੱਥ ਹੈ ਕਿ ਅਸੀਂ ਕੁਦਰਤ ਨੂੰ ਕੀ ਦਿੰਦੇ ਹਾਂ।
ਪਵਨਜੀਤ ਕੌਰ, ਮੰਡੀ ਗੋਬਿੰਦਗੜ੍ਹ
ਕਿਸਾਨ ਮਜ਼ਦੂਰ ਏਕਤਾ?
5 ਜਨਵਰੀ ਨੂੰ ਪੰਨਾ 4 ਉੱਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਵਿੱਚ ਸ਼ਾਮਲਾਤ ਜ਼ਮੀਨ ਦੀ ਨਿਲਾਮੀ ਮੌਕੇ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਵਿੱਚ ਹੋਏ ਟਕਰਾਅ ਦੀ ਖ਼ਬਰ ਚਿੰਤਾਜਨਕ ਹੈ। ‘ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਸਾਡੇ ਸਮਾਜ ਦੀ ਏਕਤਾ ਅਤੇ ਸਾਂਝੇ ਸਹਿਯੋਗ ਦਾ ਪ੍ਰਤੀਕ ਹੈ। ਮਜ਼ਦੂਰ ਹਮੇਸ਼ਾ ਖੇਤੀਬਾੜੀ ਦਾ ਧੁਰਾ ਰਹੇ ਹਨ, ਕਿਸਾਨਾਂ ਨੂੰ ਵੱਡੇ ਭਰਾ ਵਜੋਂ ਮਜ਼ਦੂਰਾਂ ਨਾਲ ਨਿਆਂ ਅਤੇ ਇੱਜ਼ਤ ਵਾਲਾ ਵਿਹਾਰ ਕਰਨਾ ਚਾਹੀਦਾ ਹੈ। ਇਲਾਕੇ ਦੇ ਲੀਡਰਾਂ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਨਿਰਪੱਖ ਹੋ ਕੇ ਇਨ੍ਹਾਂ ਮਾਮਲਿਆਂ ਦਾ ਹੱਲ ਕੱਢਣ। 3 ਜੂਨ ਨੂੰ ਨਜ਼ਰੀਆ ਪੰਨੇ ’ਤੇ ਡਾ. ਸ ਸ ਛੀਨਾ ਦਾ ਲੇਖ ‘ਆਰਥਿਕਤਾ ਦਾ ਆਕਾਰ ਅਤੇ ਇਸ ਦੇ ਅਰਥ’ ਪੜ੍ਹਿਆ। ਲੇਖ ਵਿੱਚ ਦਿੱਤੇ ਤੱਥ ਭਾਰਤ ਦੀ ਅਸਲੀ ਹਾਲਤ ਪੇਸ਼ ਕਰਦੇ ਹਨ। ਭਾਰਤ ਦੀ ਆਰਥਿਕਤਾ ਦੇ ਅੰਕੜੇ ਆਮ ਲੋਕਾਂ ਦੀ ਤਰੱਕੀ ਦਾ ਪ੍ਰਤੀਕ ਨਹੀਂ। ਲਗਭਗ 32 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ ਅਤੇ 100 ਕਰੋੜ ਲੋਕ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਹਨ। ਇਹ ਹਾਲਾਤ ਦੇਸ਼ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ ਅੰਕੜਿਆਂ ਦੀ ਥਾਂ ਜ਼ਮੀਨੀ ਪੱਧਰ ’ਤੇ ਸਮਾਨਤਾ ਅਤੇ ਲੋਕਾਂ ਦੀ ਜ਼ਰੂਰਤਾਂ ਪੂਰੀ ਕਰਨ ਦੀਆਂ ਯੋਜਨਾਵਾਂ ਬਣਾਵੇ।
ਕੁਲਵੰਤ ਰਾਏ ਵਰਮਾ, ਈਮੇਲ
ਸਿੱਖਿਆ ਢਾਂਚਾ
5 ਜੂਨ ਦਾ ਮਿਡਲ ‘ਚੁੱਪ ਹੀ ਭਲੀ…’ (ਲੇਖਕ ਕਰਮਜੀਤ ਸਿੰਘ ਚਿੱਲਾ) ਅਤੇ 4 ਜੂਨ ਦਾ ਸੰਪਾਦਕੀ ‘ਸਾਖਰਤਾ ਦਰ’ ਜਦੋਂ ਇਕੱਠੇ ਰੱਖ ਕੇ ਪੜ੍ਹਦੇ ਹਾਂ ਤਾਂ ਇੱਕ ਗੱਲ ਸਮਝ ਆਉਂਦੀ ਹੈ ਕਿ ਅਜਿਹੀ ਸਾਖਰਤਾ ਦਰ ਵਧਾਉਣ ਦਾ ਕੀ ਲਾਭ, ਜਿਸ ਦੇ ਪੜ੍ਹਿਆਂ ਨੂੰ ਆਪਣੀ ਜਨਮ ਮਿਤੀ ਵੀ ਲਿਖਣੀ ਨਾ ਆਵੇ। ਅਸਲ ਵਿੱਚ ਭਾਰਤ ਦੀ ਰਾਜਲੀਤੀ ’ਤੇ ਕਾਬਜ਼ ਸੰਕੀਰਨ ਸੋਚ ਵਾਲੇ ਟੋਲੇ ਨੇ ਸਿੱਖਿਆ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਵੋਟਾਂ ਬਟੋਰਨ ਲਈ ‘ਅੰਕੜਾ ਖੇਡ’ ਚੱਲ ਰਹੀ ਹੈ। ਦਿਖਾਇਆ ਕੁਝ ਹੋਰ ਜਾ ਰਿਹੈ ਤੇ ਅਸਲੀਅਤ ਕੁਝ ਹੋਰ ਹੈ। ਕੋਈ ਦੁਰਘਟਨਾ ਹੋਣ ’ਤੇ ਮੋਮਬੱਤੀ ਮਾਰਚ ਕਰਨ ਵਾਲੇ ਲੋਕ ਵੀ ਸਿੱਖਿਆ ਢਾਂਚੇ ਵਿੱਚ ਸੁਧਾਰ ਦੀ ਮੰਗ ਲੈ ਕੇ ਕਦੇ ਸੜਕਾਂ ਉੱਪਰ ਨਹੀਂ ਨਿਕਲਦੇ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ
ਅੰਕੜਿਆਂ ਦਾ ਭੰਬਲਭੂਸਾ
3 ਜੂਨ ਨੂੰ ਡਾ. ਸ ਸ ਛੀਨਾ ਦਾ ਲੇਖ ‘ਆਰਥਿਕਤਾ ਦਾ ਆਕਾਰ ਅਤੇ ਇਸ ਦੇ ਅਰਥ’ ਜਾਣਕਾਰੀ ਭਰਪੂਰ ਹੈ। ਲੇਖਕ ਨੇ ਦੱਸਿਆ ਹੈ ਕਿ ਕਿਵੇਂ ਅੰਕੜਿਆਂ ਨਾਲ ਆਮ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾਂਦਾ ਹੈ। ਜੇਕਰ ਸਾਡੀ ਆਰਥਿਕਤਾ ਇੰਨੀ ਹੀ ਵੱਡੀ ਹੋ ਗਈ ਹੈ ਤਾਂ ਅਸੀਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਕਿਉਂ ਦੇ ਰਹੇ ਹਾਂ? ਆਮ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ 90 ਫ਼ੀਸਦੀ ਲੋਕ ਅਜਿਹੇ ਅੰਕੜਿਆਂ ਤੋਂ ਵੀ ਅਣਜਾਣ ਹਨ। ਇਸੇ ਦਿਨ ਛਪੇ ਮਿਡਲ ‘ਪੱਤ ਝੜੇ ਪੁਰਾਣੇ ਵੇ…’ ਵਿੱਚ ਗੁਰਦੀਪ ਢੁੱਡੀ ਨੇ ਰਿਟਾਇਰਮੈਂਟ ਪਾਰਟੀ ਤੋਂ ਸ਼ੁਰੂ ਕਰ ਕੇ ਸਕੂਲੀ ਬੱਚਿਆਂ ਦੀ ਪਾਰਟੀ ਦਾ ਰੰਗ-ਢੰਗ ਅਤੇ ਆਪਣਾ ਬਚਪਨ ਵੀ ਬਿਆਨ ਕੀਤਾ ਹੈ।
ਬੂਟਾ ਸਿੰਘ ਚੜ੍ਹੀ, ਈਮੇਲ
ਗੈਂਗਾਂ ਦੀ ਅਲਾਮਤ
30 ਮਈ ਦਾ ਸੰਪਾਦਕੀ ‘ਗੈਂਗਾਂ ਦੀ ਅਲਾਮਤ’ ਇਸ ਦੇ ਸਹੀ ਕਾਰਨਾਂ ਨੂੰ ਸੰਬੋਧਿਤ ਹੋਣ ਤੋਂ ਕੋਹਾਂ ਦੂਰ ਹੈ। ਅਦਾਲਤ ਦੇ ਫ਼ੈਸਲੇ ਦੀ ਹਾਂ ਵਿੱਚ ਹਾਂ ਮਿਲਾ ਕੇ, ਇਸ ਮਸਲੇ ਦਾ ਹੱਲ ਅਮਨ ਕਾਨੂੰਨ ਦਾ ਮਾਮਲਾ ਸਮਝ ਕੇ, ਪੁਲੀਸ ਨੂੰ ਹੋਰ ਸ਼ਕਤੀਆਂ ਦੇਣ ਲਈ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਗਈ ਹੈ। ਵਧੀਆ ਸਿੱਖਿਆ ਤੋਂ ਵਿਹੂਣੀ, ਸਮਾਜ ਵਿੱਚ ਪਰੋਸੇ ਜਾ ਰਹੇ ਅਸ਼ਲੀਲ ਅਤੇ ਹਿੰਸਾ ਉਕਸਾਉਣ ਵਾਲੇ ਕਲਚਰ ਨੂੰ ਦੇਖ, ਪੜ੍ਹ, ਸੁਣ ਕੇ ਵੱਡੀ ਹੋਈ ਬੇਰੁਜ਼ਗਾਰ ਨੌਜਵਾਨੀ ਨੂੰ ਸਿਆਸੀ ਜਮਾਤ ਅਤੇ ਪੁਲੀਸ ਪ੍ਰਬੰਧ ਕਿਵੇਂ ਆਪਣੇ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਵਰਤਦੀ ਆਈ ਹੈ ਤੇ ਵਰਤ ਰਹੀ ਹੈ, ਕਿਸੇ ਨੂੰ ਭੁੱਲਿਆ ਨਹੀਂ। ਨਾਮੀ ਗੈਂਗਸਟਰ ਦੀ ਪੁਲੀਸ ਹਿਰਾਸਤ ਵਿੱਚ ਇੰਟਰਵਿਊ ਅਤੇ ਉਸ ਨੂੰ ਜੇਲ੍ਹ ਵਿੱਚੋਂ ਆਪਣਾ ਗੈਂਗ ਚਲਾਉਣ ਦਾ ਮਾਹੌਲ ਕੌਣ ਦੇ ਰਿਹਾ ਹੈ, ਇਸ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਨੌਜਵਾਨਾਂ ਨੂੰ ਨਸ਼ਿਆਂ, ਗੈਂਗਵਾਰ ਅਤੇ ਹੋਰ ਸਮਾਜਿਕ ਕੁਰੀਤੀਆਂ ਵਿੱਚ ਧੱਕਣ ਲਈ ਕੌਣ ਜ਼ਿੰਮੇਵਾਰ ਹੈ, ਇਸ ਨੂੰ ਬੇਪਰਦ ਕੀਤੇ ਬਗ਼ੈਰ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ।
ਸਵਰਨਜੀਤ ਸਿੰਘ, ਸੰਗਰੂਰ
ਭਾਰਤ ਪਾਕਿਸਤਾਨ ਝਗੜੇ
29 ਮਈ ਨੂੰ ਅਭੈ ਸਿੰਘ ਦਾ ਲੇਖ ‘ਭਾਰਤ-ਪਾਕਿ ਝਗੜੇ ਅਤੇ ਆਲਮੀ ਭਾਈਚਾਰਾ’ ਪੜ੍ਹਿਆ। ਲੇਖਕ ਨੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਆਲਮੀ ਨੁਕਤਾ-ਨਿਗ੍ਹਾ ਤੋਂ ਸਮੀਖਿਆ ਕੀਤੀ ਹੈ। ਅੱਜ ਅਤਿਵਾਦ ਦਾ ਸੇਕ ਬਹੁਤ ਸਾਰੇ ਮੁਲਕ ਝੱਲ ਰਹੇ ਹਨ ਪਰ ਕੋਈ ਵੀ ਦੇਸ਼ ਅਤਿਵਾਦ ਨਹੀਂ ਚਾਹੁੰਦਾ। ਇਸ ਲਈ ਇਸ ਮਾਮਲੇ ’ਤੇ ਸਭ ਦੇਸ਼ਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਪਾਕਿਸਤਾਨ ਨੂੰ ਵੀ ਹੁਣ ਸਮਝਣਾ ਚਾਹੀਦਾ ਹੈ ਕਿ ਕਿਸੇ ਦੇ ਘਰ ਕੰਡੇ ਬੀਜਣੇ ਠੀਕ ਨਹੀਂ। ਉਂਝ ਵੀ ਪਾਕਿਸਤਾਨ ਪਹਿਲਾਂ ਹੀ ਆਰਥਿਕ ਮੰਦੀ ਵਿੱਚੋਂ ਲੰਘ ਰਿਹਾ ਹੈ। ਇਸ ਲਈ ਇਸ ਨੂੰ ਆਰਥਿਕ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਪੀੜ੍ਹੇ ਥੱਲੇ ਸੋਟਾ…
ਯੂਪੀ ਵਿੱਚ ਬਹੁਤ ਸਾਰੇ ਸਿੱਖਾਂ ਦੀ ਧਰਮ ਤਬਦੀਲੀ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਹੈ, ਕਿਉਂਕਿ ਧਰਮ ਪਰਿਵਰਤਨ ਵਾਲੇ ਉਨ੍ਹਾਂ ਨੂੰ ਮੁਫ਼ਤ ਸਿੱਖਿਆ, ਸਿਹਤ ਅਤੇ ਹੋਰ ਸਾਰੀਆਂ ਸਹੂਲਤਾਂ ਦਾ ਲਾਲਚ ਦੇ ਰਹੇ ਹਨ। ਪਰ ਸਿੱਖਾਂ ਦੇ ਸ਼੍ਰੋਮਣੀ ਅਦਾਰੇ ਸਿੱਖਾਂ ਦੀਆਂ ਇਨ੍ਹਾਂ ਬੁਨਿਆਦੀ ਸਹੂਲਤਾਂ ਬਾਰੇ ਕੀ ਕਰ ਰਹੇ ਹਨ? ਸਾਡੇ ਗੁਰਦੁਆਰਿਆਂ ਦੇ ਵੱਡੇ-ਵੱਡੇ ਬਜਟਾਂ ਦਾ ਕਿੰਨੇ ਪ੍ਰਤੀਸ਼ਤ ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਦੇਣ ਲਈ ਖਰਚ ਹੋ ਰਿਹਾ ਹੈ? ਅਸੀਂ ਕਿੰਨੇ ਨਵੇਂ ਸਕੂਲ ਖੋਲ੍ਹ ਰਹੇ ਹਾਂ? ਇਸ ਦੀ ਤਾਜ਼ਾ ਉਦਾਹਰਨ ਹੈ ਚੰਡੀਗੜ੍ਹ ਦੇ ਨਾਲ ਬਣਾਏ ਜਾ ਰਹੇ ਨਿਊ ਚੰਡੀਗੜ੍ਹ ਵਿੱਚ ਹੋਰ ਧਰਮਾਂ ਦੀਆਂ ਸੰਸਥਾਵਾਂ ਵੱਲੋਂ ਵੱਡੇ-ਵੱਡੇ ਸਕੂਲ ਖੋਲ੍ਹੇ ਗਏ ਹਨ। ਸਿੱਖਾਂ ਦੀ ਆਪਣੀ ਹੀ ਹੋਮ ਲੈਂਡ ਗਿਣੇ ਜਾਣ ਵਾਲੇ ਨਵੇਂ ਸਥਾਪਿਤ ਸ਼ਹਿਰ ਵਿੱਚ ਭਵਿੱਖ ਦੇ ਮੱਦੇਨਜ਼ਰ ਕੋਈ ਇਸ ਤਰ੍ਹਾਂ ਦੀ ਹਿਲਜੁਲ ਦਿਖਾਈ ਨਹੀਂ ਦੇ ਰਹੀ। ਫਿਰ ਲੋਕ ਤਾਂ ਚੰਗੀਆਂ ਸਹੂਲਤਾਂ ਖਾਤਿਰ ਦੂਸਰੇ ਧਰਮਾਂ ਦਾ ਰੁਖ਼ ਕਰਨਗੇ ਹੀ। ਇਸ ਲਈ ਦੂਸਰਿਆਂ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਸਿੱਖ ਸਮਾਜ ਨੂੰ ਵੀ ਆਪਣੇ ਪੀੜ੍ਹੇ ਥੱਲੇ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ।
ਭਾਈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ