For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

05:27 AM Feb 28, 2025 IST
ਪਾਠਕਾਂ ਦੇ ਖ਼ਤ
Advertisement

ਪਰਵਾਸ ਦੀਆਂ ਪਰਤਾਂ

25 ਫਰਵਰੀ ਦੇ ਨਜ਼ਰੀਆ ਪੰਨੇ ਉੱਤੇ ਗੁਰਬਚਨ ਜਗਤ ਦਾ ਲੇਖ ‘ਪਰਵਾਸ ਦੀਆਂ ਪਰਤਾਂ ਹੇਠ’ ਜਾਣਕਾਰੀ ਦੇ ਨਾਲ-ਨਾਲ ਸਚਾਈ ਭਰਪੂਰ ਵੀ ਸੀ। ਪੰਜਾਬ ਨਾਲ ਹੁੰਦੇ ਵਿਤਕਰਿਆਂ ਦੀ ਦਾਸਤਾਨ ਬਹੁਤ ਲੰਮੀ ਹੈ। ਮੁਗਲ ਕਾਲ ਦੇ ਵਿਦੇਸ਼ੀ ਹਾਕਮਾਂ ਦੇ ਹੱਲਿਆਂ ਦੌਰਾਨ ਹੁੰਦੇ ਉਜਾੜੇ ਦਾ ਪਹਿਲਾ ਸ਼ਿਕਾਰ ਪੰਜਾਬ ਹੀ ਬਣਦਾ ਸੀ। ਪੰਜਾਬ ਦੇ ਜਾਏ ਹਰ ਹਮਲਾਵਰ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਸਨ। ਮੁਗਲਾਂ ਤੇ ਫਰੰਗੀਆਂ ਤੋਂ ਬਾਅਦ ਦਿੱਲੀ ਦੀ ਹਕੂਮਤ ਨੇ ਵੀ ਘੱਟ ਨਹੀਂ ਗੁਜ਼ਾਰੀ। ਆਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ ਕਰਨੇ ਪਏ। ਜਿਹੜੇ ਹੱਕ ਹੋਰ ਸਟੇਟਾਂ ਨੂੰ ਬਿਨਾਂ ਮੰਗਿਆਂ ਮਿਲ ਗਏ, ਉਹ ਪ੍ਰਾਪਤ ਕਰਨ ਲਈ ਪੰਜਾਬ ਨੂੰ ਲਹੂ ਦੀਆਂ ਨਦੀਆਂ ਤਰਨੀਆਂ ਪਈਆਂ। ਉਂਝ ਅੱਧੇ-ਅਧੂਰੇ ਹੱਕਾਂ ਲਈ ਪੰਜਾਬ ਲੰਗੜਾ-ਲੂਲਾ ਹੋ ਗਿਆ। ਅਨਾੜੀ ਲੀਡਰਸ਼ਿਪ ਅਤੇ ਦਿੱਲੀ ਨੇ ਪੰਜਾਬੀਆਂ ਨੂੰ ਨਿਰਾਸ਼ਤਾ ਦੀ ਦਲਦਲ ਵਿੱਚ ਧੱਕ ਦਿੱਤਾ। ਨਸ਼ਿਆਂ ਤੇ ਬੇਰੁਜ਼ਗਾਰੀ ਨੇ ਨੌਜਵਾਨੀ ਪਰਵਾਸ ਕਰਨ ਲਈ ਉਤਸ਼ਾਹਿਤ ਕੀਤਾ। ਸੁਨਿਹਰੇ ਭਵਿੱਖ ਦੀ ਤਲਾਸ਼ ਵਿੱਚ ਪੜ੍ਹਿਆ-ਲਿਖਿਆ ਵਰਗ ਵੀ ਪੱਛਮ ਵੱਲ ਉੱਠ ਤੁਰਿਆ। ਇਸ ਸਭ ਕਾਸੇ ਦੀ ਜ਼ਿੰਮੇਵਾਰ ਵਿਕਾਊ, ਸਵਾਰਥੀ ਅਤੇ ਭ੍ਰਿਸ਼ਟ ਲੀਡਰਸ਼ਿਪ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)

Advertisement

(2)

ਪਿਛਲੇ ਦੋ ਦਹਾਕਿਆਂ ਤੋਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ; ਖ਼ਾਸਕਰ ਪੰਜਾਬੀ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਕਾਹਲੇ ਹਨ। ਉਹ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ ਦੀਆਂ ਚਕਾਚੌਂਧ ਵਾਲੀਆਂ ਫੋਟੋਆਂ ਅਤੇ ਵੀਡੀਓ ਦੇਖ ਕੇ ਉੱਥੇ ਜਾਣਾ ਲੋਚਦੇ ਹਨ। ਬੇਸ਼ੱਕ ਮੁੱਖ ਮੁੱਦਾ ਰੁਜ਼ਗਾਰ ਹੈ। ਕਈ ਲੋਕ ਤਾਂ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਲੱਖਾਂ ਰੁਪਏ ਬਰਬਾਦ ਕਰਦੇ ਹਨ। ਪਿੱਛੇ ਮਾਪੇ ਦੁੱਖਾਂ ਵਿੱਚ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਜਾਂਦੇ ਹਨ। ਲੱਖਾਂ ਰੁਪਏ ਬਰਬਾਦ ਕਰਨ ਦੀ ਥਾਂ ਆਪਣੇ ਦੇਸ਼ ਅੰਦਰ ਰਹਿ ਕੇ ਕੰਮ ਕੀਤਾ ਜਾ ਸਕਦਾ ਹੈ। ਵਿਦੇਸ਼ ਦਿਹਾੜੀ ਕਰਨ ਨਾਲੋਂ ਇੱਥੇ ਇੱਜ਼ਤ ਮਾਣ ਨਾਲ ਅਨੇਕ ਤਰ੍ਹਾਂ ਦੇ ਰੁਜ਼ਗਾਰ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਨਾਲ ਮਾਪਿਆਂ ਦੀ ਸੰਭਾਲ ਹੋਵੇਗੀ, ਮਾਪਿਆਂ ਅਤੇ ਦੇਸ਼ ਦਾ ਪੈਸਾ ਵੀ ਬਚੇਗਾ।
ਪ੍ਰੋ. ਬੇਅੰਤ ਸਿੰਘ ਸਰਾਂ, ਪਿੰਡ ਕੋਟ ਗੁਰੂ (ਬਠਿੰਡਾ)

Advertisement
Advertisement

ਕਲਾਤਮਕ ਵਿਰਾਸਤ

25 ਫਰਵਰੀ ਦਾ ਸੰਪਾਦਕੀ ‘ਕਲਾ ਦੀ ਬੇਕਦਰੀ’ ਰੌਕ ਗਾਰਡਨ ਦੀ ਕੰਧ ਢਾਹੁਣ ਖ਼ਿਲਾਫ਼ ਨਿੱਤਰੇ ਚੰਡੀਗੜ੍ਹੀਆਂ ਦੀ ਹਮਾਇਤ ਕਰਦਾ ਹੈ। ਯੂਟੀ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਨਾਲ ਲਗਦੀ ਸੜਕ ਨੂੰ ਚੌੜਾ ਕਰਨ ਲਈ ਨੇਕ ਚੰਦ ਦੀ ਕਲਾਤਮਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣਾ ਮੰਦਭਾਗਾ ਅਤੇ ਵਾਤਵਾਰਨ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ। ਚੰਡੀਗੜ੍ਹ ਦਾ ਰੌਕ ਗਾਰਡਨ ਇਸ ਖ਼ਿੱਤੇ ਦਾ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ, ਸਟਾਫ਼ ਅਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹਾਈ ਕੋਰਟ ਦੇ ਆਲੇ-ਦੁਆਲੇ ਵਧ ਰਹੀ ਟਰੈਫ਼ਿਕ ਅਤੇ ਪਾਰਕਿੰਗ ਲਈ ਕੋਈ ਹੋਰ ਠੋਸ ਹੱਲ ਲੱਭਣ ਦੀ ਜ਼ਰੂਰਤ ਹੈ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)

ਮਾਂ-ਬੋਲੀ ਅਤੇ ਅਸੀਂ

ਪਰਮਜੀਤ ਢੀਂਗਰਾ ਦਾ ਲੇਖ ‘ਮਾਂ-ਬੋਲੀ ਪੰਜਾਬੀ ਅਤੇ ਅਸੀਂ…’ (21 ਫਰਵਰੀ) ਪੜ੍ਹਿਆ। ਲੇਖਕ ਨੇ ਮੌਕੇ ਦੀਆਂ ਸਰਕਾਰਾਂ/ਸਰਕਾਰੀ ਸਰਪ੍ਰਸਤੀ ’ਤੇ ਬੜੇ ਤਿੱਖੇ ਅੰਦਾਜ਼ ਵਿੱਚ ਬੜੇ ਮਹੱਤਵਪੂਰਨ ਸਵਾਲ ਉਠਾਏ ਹਨ। ਸਿਆਣੇ ਕਹਿੰਦੇ ਨੇ ਕਿ ਬੁਰਾਈ ਨੂੰ ਮੁੱਢ ਤੋਂ ਰੋਕੋ, ਚਲੋ ਖ਼ੈਰ! ਲੇਖਕ ਦੇ ਗਿਲੇ-ਸ਼ਿਕਵੇ ਅਨੁਸਾਰ ਸਰਕਾਰਾਂ ਨੇ ਨਾ ਪੰਜਾਬੀ ਭਾਸ਼ਾ ਤੇ ਨਾ ਹੀ ਪੰਜਾਬੀ ਸੱਭਿਆਚਾਰ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾਇਆ; ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਬਣਦੀ ਸੀ। ਮੈਨੂੰ ਲੱਗਦਾ, ਇਉਂ ਕਹਿਣਾ ਬਣਦਾ ਹੈ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਅਜੋਕੇ ਹਾਲਾਤ ਵਿੱਚ ਕੀ ਕੀਤਾ ਜਾ ਸਕਦਾ ਹੈ, ਹੁਣ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ; ਕੇਵਲ ਸੋਚਣ ਦੀ ਲੋੜ ਹੀ ਨਹੀਂ, ਉਸਾਰੂ ਤੇ ਰਚਨਾਤਮਿਕ ਸੁਝਾਅ ਦੇਣ ਦੀ ਵੀ ਲੋੜ ਹੈ। ਪਰਵਾਸੀਆਂ ਦੀਆਂ ਆਪਣੀਆਂ ਲੋੜਾਂ ਸਨ ਅਤੇ ਸਾਡੀਆਂ ਆਪਣੀਆਂ, ਦੂਜੇ ਸੂਬਿਆਂ ਤੋਂ ਆਏ ਪਰਵਾਸੀਆਂ ਨੇ ਪੰਜਾਬ ਦੀ ਜਰਖ਼ੇਜ਼ ਜ਼ਮੀਨ ’ਤੇ ਪੈਰ ਜਮਾਅ ਲਏ ਹਨ, ਅਗਲਾ ਸਵਾਲ ਇਹ ਵੀ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਸੰਭਾਲਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨਾ ਘਰ ਦੀ ਰਹੀ, ਨਾ ਘਾਟ ਦੀ। ਅਮਰੀਕਾ ਦੀਆਂ ਸਾਮਰਾਜੀ ਤਾਕਤਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗੱਲ ਕੇਵਲ ਪੰਜਾਬ ਦੇ ਪ੍ਰਬੰਧਕੀ ਨੁਮਾਇੰਦਿਆਂ ਦੀ ਟੇਕ ਤੱਕਣ ਦੀ ਨਹੀਂ, ਸਮੂਹਿਕ ਰੂਪ ਵਿੱਚ ਮੂਲ ਪੰਜਾਬੀਆਂ/ਸਾਹਿਤਕਾਰਾਂ/ਬੁੱਧੀਜੀਵੀਆਂ ਲਈ ਵੀ ਇਹ ਵੱਡੀ ਚੁਣੌਤੀ ਹੈ। ਅਸੀਂ ਹਮੇਸ਼ਾ ਆਪਣੇ ਮੱਧਕਾਲੀ ਚਿੰਤਨ ਦੀਆਂ ਮੂਲ ਕਾਵਿ-ਧਾਰਾਵਾਂ ਗੁਰਬਾਣੀ/ਸੂਫ਼ੀ/ਕਿੱਸਾ/ਵਾਰ ਆਦਿ ਦੇ ਮੱਦੇਨਜ਼ਰ ਆਪਣੇ ਅਮੀਰ ਵਿਰਸੇ ’ਤੇ ਬੜਾ ਮਾਣ ਮਹਿਸੂਸ ਕਰਦੇ ਹਾਂ, ਜ਼ਰੂਰ ਹੋਣਾ ਚਾਹੀਦਾ ਪਰ ਪੰਜਾਬੀ ਮਾਂ-ਬੋਲੀ ਪ੍ਰਤੀ ਜਿਹੋ-ਜਿਹੇ ਹਾਲਾਤ ਬਣ ਰਹੇ ਹਨ, ਪੰਜਾਬੀ ਨੂੰ ਪੜ੍ਹਨ ਵਾਲੇ ਕਿੱਥੋਂ ਲੱਭ ਕੇ ਲਿਆਵੋਗੇ? ਵਿਸ਼ਵੀਕਰਨ ਦੇ ਦੌਰ ਵਿੱਚ ਵਿਗਿਆਨ ਤੇ ਤਕਨਾਲੋਜੀ ਨੇ ਪੰਜਾਬੀ ਮਾਤ-ਭਾਸ਼ਾ ਨੂੰ ਮੂਲੋਂ ਹੀ ਵਿਸਾਰ ਦਿੱਤਾ ਹੈ। ਇਹ ਮਸਲਾ ਸਿਧਾਂਤਾਂ ਦਾ ਨਹੀਂ ਸਗੋਂ ਵਿਹਾਰਿਕਤਾ ਦਾ ਹੈ। ਕੌਮਾਂਤਰੀ ਪੱਧਰ ਦੀਆਂ ਸੰਚਾਰ ਵਿੱਥਾਂ ਨੂੰ ਖ਼ਤਮ ਕਰਨ ਲਈ ਸਾਨੂੰ ਬਾਕੀ ਭਾਸ਼ਾਵਾਂ ਦੀ ਓਟ ਵੀ ਤੱਕਣੀ ਪਵੇਗੀ ਪਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕੱਲੇ-ਇਕੱਲੇ ਪੰਜਾਬੀ ਨੂੰ ਪੰਜਾਬੀ ਮਾਂ-ਬੋਲੀ ਦਾ ਰੋਲ ਮਾਡਲ ਬਣਨਾ ਪਵੇਗਾ।
ਕ੍ਰਿਸ਼ਨ ਸਿੰਘ (ਪ੍ਰਿੰਸੀਪਲ), ਲੁਧਿਆਣਾ

ਅੰਤਿਮ ਪੀੜ੍ਹੀ

20 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਕੁਲਮਿੰਦਰ ਕੌਰ ਦਾ ਮਿਡਲ ‘ਸੁੱਚੇ ਜਲ ਵਾਲੀ ਪੀੜ੍ਹੀ’ ਪੜ੍ਹ ਕੇ ਸਕੂਨ ਮਿਲਿਆ, ਮਨ ਅਤੇ ਦਿਮਾਗ ਬਹੁਤ ਡੂੰਘੀ ਸੋਚ ਵਿੱਚ ਗੁਆਚ ਗਿਆ। ਲੇਖਕ ਨੇ ਪੁਰਾਤਨ ਸੋਚ ਜੋ ਖੁੱਲ੍ਹੇ-ਡੁੱਲ੍ਹੇ ਮਾਹੌਲ ’ਚ ਸੀ ਅਤੇ ਆਧੁਨਿਕ ਪੀੜ੍ਹੀ ਜੋ ਪਦਾਰਥਵਾਦੀ ਵਧੇਰੇ ਜਾਪਦੀ ਹੈ, ਦੇ ਹਾਲਾਤ ਦੀ ਹਕੀਕਤ ਵਧੀਆ ਢੰਗ ਨਾਲ ਪੇਸ਼ ਕੀਤੀ ਹੈ। ਬਰਤਾਨਵੀ ਹਕੂਮਤ ਤੋਂ ਆਜ਼ਾਦ ਹੋ ਕੇ ਆਧੁਨਿਕ ਤਕਨਾਲੋਜੀ ਦੇ ‘ਗੁਲਾਮ’ ਦੇਖਣ ਵਾਲੀ ਇਹ ਅੰਤਿਮ ਪੀੜ੍ਹੀ ਹੈ।
ਅਕਬਰ ਸਕਰੌਦੀ, ਸੰਗਰੂਰ

ਵਿਦੇਸ਼ੀ ਹੱਥ

24 ਫਰਵਰੀ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਵਿਦੇਸ਼ੀ ਹੱਥ ਦੀ ਤੂਤੀ’ ਪੜ੍ਹਿਆ। ਰਾਜਨੀਤਕ ਪਾਰਟੀਆਂ ਇੱਕੋ ਥੈਲੀ ਦੇ ਚੱਟੇ-ਵੱਟੇ ਹਨ। ਵਿਦੇਸ਼ੀ ਹੱਥ ਅੱਜ ਕੱਲ੍ਹ ਨਵੇਂ ਰੂਪ ਵਿੱਚ ਆ ਗਿਆ ਜਾਪਦਾ ਹੈ। ਜਿਸ ਤਰ੍ਹਾਂ ਅਮਰੀਕਾ ਨੇ ਭਾਰਤੀਆਂ ਨੂੰ ਬੰਨ੍ਹ ਕੇ ਭੇਜਿਆ, ਉਹ ਨਿੰਦਣਯੋਗ ਹੈ। ਭਾਰਤ ਸਰਕਾਰ ਨੇ ਵੀ ਰੋਸ ਪ੍ਰਗਟ ਨਹੀਂ ਕੀਤਾ ਜੋ ਕੂਟਨੀਤਕ ਰਸਤੇ ਰਾਹੀਂ ਕਰਨਾ ਚਾਹੀਦਾ ਸੀ। ਪ੍ਰਧਾਨ ਮੰਤਰੀ ਨੂੰ ਅਮਰੀਕਾ ਦੀ ਫੇਰੀ ਦੌਰਾਨ ਡੋਨਲਡ ਟਰੰਪ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਇਸ ਤੋਂ ਇਲਾਵਾ ਟਰੰਪ ਨੂੰ ਵੀ ਦੱਸਣਾ ਚਾਹੀਦਾ ਸੀ ਕਿ ਭਾਰਤ ਵਿੱਚ ਮਤਦਾਨ ਲਈ ਯੂਐੱਸਏਡ ਕਿਸ ਪਾਰਟੀ ਨੂੰ ਅਤੇ ਕਦੋਂ ਦਿੱਤੀ ਗਈ ਤਾਂ ਕਿ ਲੋਕ ਜਾਣ ਸਕਣ, ਇਹ ਕੀ ਮਾਮਲਾ ਹੈ ਅਤੇ ਇਹ ਮਦਦ ਕਿਸ ਪਾਰਟੀ ਨੇ ਲਈ।
ਸੁਰਿੰਦਰਪਾਲ, ਚੰਡੀਗੜ੍ਹ

Advertisement
Author Image

joginder kumar

View all posts

Advertisement