ਪਾਠਕਾਂ ਦੇ ਖ਼ਤ
ਮੁਫ਼ਤ ਸਹੂਲਤਾਂ
13 ਫਰਵਰੀ ਦੇ ਪਹਿਲੇ ਸਫ਼ੇ ’ਤੇ ਮੁਫ਼ਤ ਸਹੂਲਤਾਂ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹੀ। ਸੁਪਰੀਮ ਕੋਰਟ ਦੇ ਜਸਟਿਸ ਬੀਆਰ ਗਵਈ ਅਤੇ ਆਗਸਟੀਨ ਜੌਰਜ ਮਸੀਹ ਦੇ ਬੈਂਚ ਅਨੁਸਾਰ ਮੁਫ਼ਤ ਦੀਆਂ ਸਕੀਮਾਂ ਤਿਆਗ ਕੇ ਲੋਕਾਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ। ਉਮੀਦ ਹੈ ਕਿ ਛੇ ਹਫ਼ਤਿਆਂ ਬਾਅਦ ਇਸ ਮਾਮਲੇ ਦੀ ਸੁਣਵਾਈ ਜਨਤਾ ਪੱਖੀ ਹੋਵੇਗੀ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐੱਸਐੱਨ ਢੀਂਗਰਾ ਨੇ ਮੁਫ਼ਤ ਸਕੀਮਾਂ ’ਤੇ ਇਤਰਾਜ਼ ਜਤਾਇਆ। ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਮਹਾਰਾਸ਼ਟਰ ਦਾ ਹਵਾਲਾ ਦੇ ਕੇ ਇਹ ਸਪੱਸ਼ਟ ਕੀਤਾ ਕਿ ਇਨ੍ਹਾਂ ਸਕੀਮਾਂ ਦਾ ਆਉਣ ਵਾਲੇ ਸਮੇਂ ਦੌਰਾਨ ਗੰਭੀਰ ਅਸਰ ਪਵੇਗਾ। ਮੁਫ਼ਤ ਸਕੀਮਾਂ ਕਰ ਕੇ ਕਿਸਾਨਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ। ਇਹ ਮਸਲਾ ਬਹੁਤ ਗੰਭੀਰ ਹੈ। ਆਸ ਹੈ, ਆਉਣ ਵਾਲੀਆਂ ਚੋਣਾਂ ਵਿੱਚ ਸਖ਼ਤ ਫ਼ੈਸਲੇ ਕੀਤੇ ਜਾਣਗੇ।
ਪੋਲੀ ਬਰਾੜ, ਮੈਮਫਿਜ਼ (ਟੈਨੇਸੀ, ਅਮਰੀਕਾ)
ਪੁਰਾਣਾ ਸਮਾਂ
13 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਜਗਜੀਤ ਸਿੰਘ ਲੋਹਟਬੱਦੀ ਦਾ ਲੇਖ ‘ਯਾਦਾਂ ਦੀਆਂ ਤੰਦਾਂ’ ਪੜ੍ਹ ਕੇ ਪੁਰਾਣਾ ਸਮਾਂ ਯਾਦ ਆ ਗਿਆ। ਕਿੱਦਾਂ ਉਸ ਵਕਤ ਮਨੋਰੰਜਨ ਸਾਧਨ ਸੀਮਤ ਸਨ ਤੇ ਲੋਕ ਖੁਸ਼ ਰਹਿੰਦੇ ਸਨ। ਸਾਰਾ ਪਰਿਵਾਰ ਇਕੱਠੇ ਬੈਠ ਕੇ ਟੈਲੀਵਿਜ਼ਨ ਦੇਖਦਾ ਸੀ, ਪਰਿਵਾਰ ਦੇ ਜੀਅ ਚੁੱਲ੍ਹੇ ਮੂਹਰੇ ਬੈਠ ਕੇ ਰੋਟੀ ਖਾਂਦੇ ਸਨ, ਬੰਦੇ ਸੱਥਾਂ ’ਚ ਬੈਠਦੇ ਸਨ। ਸਮੇਂ ਨਾਲ ਸਭ ਕੁਝ ਬਦਲ ਗਿਆ ਹੈ। ਹੁਣ ਸਾਰਾ ਪਰਿਵਾਰ ਆਪੋ-ਆਪਣੇ ਫੋਨਾਂ ਅਤੇ ਆਪੋ-ਆਪਣਿਆਂ ਕਮਰਿਆਂ ਤਕ ਸੀਮਤ ਹੈ। ਬੱਸ ਪੁਰਾਣੇ ਸਮੇਂ ਨੂੰ ਯਾਦ ਕਰ ਕੇ ਯਾਦਾਂ ਦੀਆਂ ਤੰਦਾਂ ’ਚ ਗੁਆਚ ਜਾਈਦਾ।
ਡਾ. ਸ਼ਿੰਦਰ ਸਿੰਘ ਕਲੇਰ, ਸਮਾਧ ਭਾਈ (ਮੋਗਾ)
ਮੋਹ-ਮੁਹੱਬਤ
8 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਛਪਿਆ ਮਨਸ਼ਾ ਰਾਮ ਮੱਕੜ ਦਾ ਲੇਖ ‘ਅੱਖਾਂ ’ਚ ਸਿੰਮਦੀ ਉਦਾਸੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਵੀ ਮਾਂ-ਪਿਉ ਦਾ ਆਪਣੇ ਬੱਚਿਆਂ ਅਤੇ ਪੋਤਰੇ-ਪੋਤਰੀਆਂ ਪ੍ਰਤੀ ਮੋਹ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਾਂਗ ਹੀ ਕਾਇਮ ਹੈ, ਭਾਵੇਂ ਪੁੱਤਰਾਂ-ਧੀਆਂ ਤੇ ਪੋਤਰੇ-ਪੋਤਰੀਆਂ ਦੇ ਮਨਾਂ ਵਿੱਚ ਆਪਣੇ ਦਾਦੇ-ਦਾਦੀਆਂ ਲਈ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ। ਬੱਚਿਆਂ ਦੇ ਨਿਰਮੋਹੇ ਹੋਣ ਦਾ ਇੱਕ ਕਾਰਨ ਵਿਦੇਸ਼ ਜਾਣ ਦਾ ਰੁਝਾਨ ਵੀ ਹੈ। ਭਾਰਤੀ ਦਾਦੀ ਅੱਜ ਵੀ ਇਹੀ ਚਾਹੁੰਦੀ ਹੈ ਕਿ ਉਸ ਦਾ ਪੋਤਰਾ ਉਸ ਦੀ ਹਿੱਕ ਨਾਲ ਲੱਗ ਕੇ ਸੌਂਵੇ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਅਮਾਨਵੀ ਵਤੀਰਾ
6 ਫਰਵਰੀ ਦੇ ਸੰਪਾਦਕੀ ਵਿੱਚ ‘ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ’ ਨੇ ਦਿਲ ਝੰਜੋੜ ਸੁੱਟਿਆ। ਪੰਜਾਬ, ਗੁਜਰਾਤ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਵਰਗੇ ਰਾਜਾਂ ਤੋਂ ਆਏ ਇਨ੍ਹਾਂ ਲੋਕਾਂ ਨਾਲ ਅਮਰੀਕਾ ਵਿੱਚ ਰਹਿੰਦੇ ਸਮੇਂ ਅਤੇ ਘਰ ਵਾਪਸ ਆਉਣ ਦੌਰਾਨ ਅਮਾਨਵੀ ਵਰਤਾਓ ਹੋਣ ਦੀਆਂ ਰਿਪੋਰਟਾਂ ਬਹੁਤ ਚਿੰਤਾਜਨਕ ਹਨ। ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਸਰਕਾਰ ਇਸ ਮੁੱਦੇ ਨੂੰ ਤੁਰੰਤ ਹੱਲ ਕਰੇ ਅਤੇ ਯਕੀਨੀ ਬਣਾਏ ਕਿ ਭਾਰਤੀ ਨਾਗਰਿਕਾਂ ਦੀ ਇੱਜ਼ਤ ਕਦੇ ਦਾਅ ਉੱਤੇ ਨਾ ਲਾਈ ਜਾਵੇ। ਇਸੇ ਦਿਨ ਦਾ ਦੂਜਾ ਸੰਪਾਦਕੀ ‘ਲੰਮੀ ਉਡੀਕ ਮਗਰ ਇਨਸਾਫ਼’ ਪੜ੍ਹ ਕੇ ਹੌਸਲਾ ਮਿਲਿਆ। ਸੰਪਾਦਕੀ ਵਿੱਚ ਪੰਜਾਬ ਪੁਲੀਸ ਅਤੇ ਦੂਸਰੀਆਂ ਕਾਨੂੰਨੀ ਏਜੰਸੀਆਂ ਨੂੰ ਨਸੀਹਤ ਕੀਤੀ ਗਈ ਹੈ ਕਿ ਉਹ ਅਨੁਸ਼ਾਸਨ ਤਹਿਤ ਕੰਮ ਕਰਨ। ਇਨਸਾਫ਼ ਦੀ ਬੁਨਿਆਦ ਸਿਰਫ਼ ਸਚਾਈ ’ਤੇ ਹੀ ਹੋਣੀ ਚਾਹੀਦੀ ਹੈ। ਜਦੋਂ ਤੱਕ ਕਾਨੂੰਨ ਦੀ ਪੂਰੀ ਪਾਲਣਾ ਨਹੀਂ ਹੋਵੇਗੀ ਤਦ ਤੱਕ ਇਨਸਾਫ਼ ਅਧੂਰਾ ਰਹੇਗਾ। 28 ਜਨਵਰੀ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਵਿਦਿਆਰਥੀਆਂ ਦਾ ਪਰਵਾਸ ਅਤੇ ਉੱਚ ਸਿੱਖਿਆ ਸੁਧਾਰ ਯੋਜਨਾ’ ਲੇਖ ਪੜ੍ਹ ਕੇ ਮਨ ਵਿੱਚ ਕਈ ਪ੍ਰਸ਼ਨ ਉੱਭਰੇ। ਲੇਖਕ ਨੇ ਨਵੀਂ ਸਿੱਖਿਆ ਨੀਤੀ ਦੇ ਨਤੀਜਿਆਂ ਬਾਰੇ ਜਿਹੜਾ ਸ਼ੱਕ ਪ੍ਰਗਟਾਇਆ ਹੈ, ਉਹ ਬਿਲਕੁਲ ਸਹੀ ਲੱਗਦਾ ਹੈ। ਸਰਕਾਰਾਂ ਨੀਤੀਆਂ ਬਣਾ ਕੇ ਕਾਗਜ਼ ਤੱਕ ਹੀ ਰੱਖ ਲੈਂਦੀਆਂ ਹਨ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੀਤੀਆਂ ਕਾਗਜ਼ਾਂ ਤੱਕ ਹੀ ਸੀਮਤ ਨਾ ਰਹਿਣ ਸਗੋਂ ਇਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਸਿੱਖਿਆ ਪ੍ਰਣਾਲੀ ਨੂੰ ਨੌਕਰੀ ਮੁਖ ਬਣਾਉਣਾ, ਨਸ਼ਿਆਂ ’ਤੇ ਰੋਕ ਲਗਾਉਣਾ ਅਤੇ ਨੌਜਵਾਨਾਂ ਵਿੱਚ ਭਰੋਸਾ ਜਗਾਉਣ ਵਾਲੇ ਪ੍ਰੋਗਰਾਮ ਲਾਗੂ ਕਰਨੇ ਬਹੁਤ ਜ਼ਰੂਰੀ ਹਨ। ਇਸ ਤੋਂ ਪਹਿਲਾਂ ਪ੍ਰੋਫੈਸਰ ਕੇ ਸੀ ਸ਼ਰਮਾ ਦਾ ਮਿਡਲ ‘ਉਹ ਪਲ’ (23 ਜਨਵਰੀ) ਅਧਿਆਪਕ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਜੋ ਸਫ਼ਲਤਾ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦੇ ਹਨ ਪਰ ਆਧੁਨਿਕ ਸਮਾਜ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਦਾ ਗੁਰੂ-ਚੇਲੇ ਵਾਲਾ ਰਿਸ਼ਤਾ ਹੁਣ ਦੇਖਣ ਨੂੰ ਨਹੀਂ ਮਿਲਦਾ। ਫਿਰ ਵੀ ਇਹ ਸੱਚ ਹੈ ਕਿ ਅਧਿਆਪਕ ਕਿਸੇ ਵੀ ਵਿਦਿਆਰਥੀ ਨੂੰ ਅੱਗੇ ਵਧਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਵਤਾਰ ਸਿੰਘ ਪਤੰਗ ਆਪਣੇ ਮਿਡਲ ‘ਜ਼ਮਾਨਾ ਕਿਹੜਾ ਪੁੱਛ ਕੇ ਬਦਲਦੈ’’ (25 ਜਨਵਰੀ) ਵਿੱਚ ਪਿਛਲੇ ਸਮਿਆਂ ਦੀ ਜੀਵਨ ਸ਼ੈਲੀ ਅਤੇ ਅਜੋਕੇ ਸਮੇਂ ਦੀ ਜ਼ਿੰਦਗੀ ਵਿੱਚ ਹੋਈ ਤਬਦੀਲੀ ਨੂੰ ਗਹਿਰਾਈ ਅਤੇ ਮਜ਼ਾਹ ਨਾਲ ਬਿਆਨ ਕਰਦੇ ਹਨ। ਲੇਖਕ ਦੱਸਦਾ ਹੈ ਕਿ ਪੀੜ੍ਹੀਆਂ ਵਿੱਚ ਫ਼ਰਕ ਸਦਾ ਹੀ ਰਹੇਗਾ। ਹਰ ਨਵੀਂ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਵਧੇਰੇ ਅੱਗੇ ਹੋਵੇਗੀ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਖ਼ੁਦ ਨੂੰ ਨਵੇਂ ਸਮੇਂ ਦੇ ਅਨੁਕੂਲ ਬਣਾਈਏ।
ਕੁਲਵੰਤ ਰਾਏ ਵਰਮਾ, ਈਮੇਲ
ਸ਼ੋਸ਼ਣ ਦਾ ਵਰਤਾਰਾ
5 ਫਰਵਰੀ ਦੇ ਅੰਕ ’ਚ ਸੱਤਪਾਲ ਸਿੰਘ ਦਿਓਲ ਦਾ ਮਿਡਲ ‘ਅਫ਼ਸੋਸ’ ਪੜ੍ਹ ਕੇ ਸਚਮੁੱਚ ਅਫ਼ਸੋਸ ਹੋਇਆ ਕਿ ਗੁਰੂ ਸਹਿਬਾਨ ਦੇ ‘ਵੰਡ ਛਕੋ’ ਦੇ ਸਿਧਾਂਤ ਤੋਂ ਬਹੁਗਿਣਤੀ ਲੋਕ ਕੋਹਾਂ ਦੂਰ ਹਨ। ਕਹਿਣ ਨੂੰ ਤਾਂ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲਾਏ ਜਾਂਦੇ ਹਨ, ਅਸਲ ਵਿੱਚ ਅਮੀਰ ਵਰਗ ਵੱਲੋਂ ਗ਼ਰੀਬ ਕਿਸਾਨਾਂ, ਮਜ਼ਦੂਰਾਂ ਦਾ ਹਰੇਕ ਢੰਗ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੂੰ ਅਜਿਹੀ ਬੇਇਨਸਾਫ਼ੀ ਵਿਰੁੱਧ ਤੁਰੰਤ ਆਵਾਜ਼ ਉਠਾਉਣ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸਿੱਖਿਆ ਕ੍ਰਾਂਤੀ ਦੀ ਹਕੀਕਤ31 ਜਨਵਰੀ ਦਾ ਸੰਪਾਦਕੀ ‘ਸਕੂਲ ਸਿੱਖਿਆ ਦੀ ਸਥਿਤੀ’ ਪੜ੍ਹਿਆ। ਇਸ ਵਿੱਚ ਏਐੱਸਈਆਰ ਰਿਪੋਰਟ-2024 ਦੇ ਨਤੀਜਿਆਂ ਆਧਾਰਿਤ ਵਿਚਾਰ ਪੇਸ਼ ਕੀਤੇ ਗਏ ਹਨ। ਪੰਜਾਬ ਦੀ ਗੱਲ ਕਰੀਏ ਤਾਂ ਨਤੀਜੇ ਬਹੁਤੇ ਵਧੀਆ ਨਹੀਂ ਜਾਪਦੇ। ਸੂਬਾ ਜਿੱਥੇ ਵਧੇਰੇ ਪੱਖਾਂ ਵਿੱਚ ਕੌਮੀ ਔਸਤ ਤੋਂ ਬਿਹਤਰ ਕਾਰਗੁਜ਼ਾਰੀ ਦਿਖਾ ਚੁੱਕਾ ਹੈ, ਉੱਥੇ ਹੀ ਕੁਝ ਚਿੰਤਾਜਨਕ ਨਤੀਜੇ ਵੀ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ ਸੂਬੇ ਦੇ ਤੀਜੀ ਜਮਾਤ ਦੇ ਸਿਰਫ਼ 34 ਪ੍ਰਤੀਸ਼ਤ ਬੱਚੇ ਹੀ ਦੂਜੀ ਜਮਾਤ ਦੀ ਕਿਤਾਬ ਪੜ੍ਹਨ ਦੇ ਸਮਰੱਥ ਹਨ। ਇਹ ਤੱਥ ਪੂਰੇ ਸੂਬੇ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਹ ਤੱਥ ਜਿੱਥੇ ਮਿਆਰੀ ਸਿੱਖਿਆ ਅਤੇ ਇਸ ਦੇ ਬੁਨਿਆਦੀ ਢਾਂਚੇ ’ਤੇ ਸਵਾਲ ਖੜ੍ਹੇ ਕਰਦਾ ਹੈ ਬਲਕਿ ਸੂਬਾ ਹਕੂਮਤ ਦੀ ਸਿੱਖਿਆ ਕ੍ਰਾਂਤੀ ਦੀ ਹਕੀਕਤ ਵੀ ਬਿਆਨ ਕਰਦਾ ਹੈ। 29 ਜਨਵਰੀ ਦਾ ਸੰਪਾਦਕੀ ‘ਰਾਮ ਰਹੀਮ ਦੀ ਪੈਰੋਲ’ ਪੜ੍ਹਿਆ। ਬਲਾਤਕਾਰ ਅਤੇ ਪੱਤਰਕਾਰ ਹੱਤਿਆ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਨਜ਼ਰਬੰਦ ਇਸ ਬੇਖੌਫ਼ ਦੋਸ਼ੀ, ਡੇਰਾ ਮੁਖੀ ਦਾ ਜੇਲ੍ਹ ’ਚੋਂ ਆਉਣਾ-ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਨੂੰ ਚੋਣ ਮੰਤਵ ਨਾਲ ਹੀ ਬਾਹਰ ਕੱਢਿਆ ਜਾਂਦਾ ਹੈ।
ਮਨਵੀਰ ਸਿੰਘ ਦਿਆਲ, ਪਿੰਡ ਕਾਲੇਵਾਲ ਬੀਤ (ਹੁਸ਼ਿਆਰਪੁਰ)