ਪਾਠਕਾਂ ਦੇ ਖ਼ਤ
ਕੁਝ ਕਰ ਦਿਖਾਉਣ ਦਾ ਵੇਲਾ
ਪਹਿਲੀ ਫਰਵਰੀ ਨੂੰ ਸੰਪਾਦਕੀ ‘ਮਸਨੂਈ ਬੌਧਿਕਤਾ’ ਪੜ੍ਹ ਕੇ ਦ੍ਰਿੜਤਾ ਨਾਲ ਕਿਹਾ ਜਾ ਸਕਦਾ ਹੈ ਕਿ ਮਸਨੂਈ ਬੁੱਧੀ ਦਾ ਯੁੱਗ ਆ ਗਿਆ ਹੈ। 21ਵੀਂ ਸਦੀ ਦੀ ਦੂਜੀ ਚੌਥਾਈ ਇਹ ਤੈਅ ਕਰੇਗੀ ਕਿ ਕਿਹੜਾ ਦੇਸ਼ ਕਿੱਥੇ ਖੜ੍ਹੇਗਾ। ਦੂਜੇ ਸੰਸਾਰ ਯੁੱਧ ਤੋਂ ਬਾਅਦ ਅਮਰੀਕਾ ਬਨਾਮ ਸੋਵੀਅਤ ਸੰਘ ਦੀ ਬਜਾਇ ਦੁਨੀਆ ਦੀ ਧੜੇਬੰਦੀ ਹੁਣ ਚੀਨ ਬਨਾਮ ਅਮਰੀਕਾ ਬਣ ਗਈ ਹੈ। ਦੂਜੇ ਸ਼ਬਦਾਂ ਵਿੱਚ ਪੂਰਬ ਬਨਾਮ ਪੱਛਮ ਵੀ ਕਹਿ ਸਕਦੇ ਹਾਂ। ਚੀਨ ਦੇ ਮਾਲ ਦੀ ਸਰਦਾਰੀ ਸਾਰੀ ਦੁਨੀਆ ਵਿੱਚ ਹੈ। ਤਕਨੀਕ ਵਿੱਚ ਵੀ ਉਹ ਛਾਲਾਂ ਮਾਰ ਰਿਹਾ ਹੈ। ਅਮਰੀਕਾ ਆਪਣੇ ਪਰਵਾਸ, ਟੈਕਸ ਅਤੇ ਟਰੰਪ ਦੀਆਂ ਧਮਕੀਆਂ ਵਿੱਚ ਫਸ ਗਿਆ ਹੈ। ਯੂਰੋਪ ਤਰੱਕੀ ਦੀ ਰਾਹ ਉੱਤੇ ਪੈਣ ਦੀ ਬਜਾਇ ਯੂਕਰੇਨ ਯੁੱਧ ਕਾਰਨ ਡਾਵਾਂਡੋਲ ਹੋ ਰਿਹਾ ਹੈ। ਸਮਾਂ ਹਮੇਸ਼ਾ ਗਵਾਹ ਬਣ ਕੇ ਬਦਲਦਾ ਰਹਿੰਦਾ ਹੈ। ਕਦੇ ਕਿਸੇ ਦੀ ਚੜ੍ਹਤ, ਕਦੇ ਕਿਸੇ ਦੀ। ਉਹ ਵੀ ਸਮਾਂ ਸੀ ਜਦੋਂ ਬਰਤਾਨੀਆ ਦੀ ਰਾਣੀ ਦਾ ਰਾਜ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਸੀ। ਭਾਰਤ ਲਈ ਹੁਣ ਨਿਕੰਮੀ ਰਾਜਨੀਤੀ ਦੀ ਜਿੱਲ੍ਹਣ ਵਿੱਚੋਂ ਨਿਕਲ ਕੇ ਦੁਨੀਆ ਨੂੰ ਕੁਝ ਕਰ ਦਿਖਾਉਣ ਦਾ ਵੇਲਾ ਆ ਗਿਆ, ਫੜ੍ਹਾਂ ਮਾਰਨ ਨਾਲ ਕੁਝ ਨਹੀਂ ਬਣਨਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਖੱਜਲ-ਖੁਆਰੀ
ਪਹਿਲੀ ਫਰਵਰੀ ਦੇ ਪਹਿਲੇ ਪੰਨੇ ਉੱਤੇ ਛਪੀ ਖ਼ਬਰ ‘ਰਾਕੇਟ ਬਣਿਆ ਮਾਲ ਅਫਸਰ’ ਮਾਲ ਮਹਿਕਮੇ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਬਾਰੇ ਕਾਫ਼ੀ ਕੁਝ ਬੋਲਦੀ ਹੈ। ਇਸ ਮਹਿਕਮੇ ਦੇ ਦਫ਼ਤਰ ਵਿੱਚ ਜਿੰਨੀ ਖੱਜਲ-ਖੁਆਰੀ ਆਮ ਆਦਮੀ ਅਤੇ ਕਿਸਾਨਾਂ ਦੀ ਹੁੰਦੀ ਹੈ, ਸ਼ਾਇਦ ਹੀ ਕਿਤੇ ਹੁੰਦੀ ਹੋਵੇ। ਸਾਰੀ ਦੁਨੀਆ ਵਿੱਚ ਦਫ਼ਤਰਾਂ ਦਾ ਸਮਾਂ ਤਕਰੀਬਨ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦਾ ਪਰ ਪੰਜਾਬ ਦੇ ਮਾਲ ਮਹਿਕਮੇ ਦਾ ਸਮਾਂ ਤਕਰੀਬਨ ਸ਼ਾਮ ਚਾਰ ਵਜੇ ਤੋਂ ਬਾਅਦ ਸ਼ੁਰੂ ਹੁੰਦਾ। ਜੇ ਕੋਈ ਡਰਦਾ-ਡਰਦਾ ਦਫ਼ਤਰ ਵਾਲਿਆਂ ਨੂੰ ਪੁੱਛ ਬੈਠੇ ਕਿ ਤਹਿਸੀਲਦਾਰ ਸਾਹਿਬ ਕਦੋਂ ਬੈਠਣਗੇ ਤਾਂ ਕਰਮਚਾਰੀ ਖਚਰੀ ਹਾਸੀ ਹੱਸਦਾ ਜਵਾਬ ਦਿੰਦਾ ਹੈ, ‘‘ਅਫ਼ਸਰਾਂ ਦਾ ਕੀ ਪਤਾ ਜੀ ਕਦੋਂ ਬਹਿੰਦੇ-ਉੱਠਦੇ ਨੇ।’’ ਕਈ ਵਾਰੀ ਤਾਂ ਲੋਕ ਸ਼ਾਮ ਦੇ ਛੇ ਵਜੇ ਤੱਕ ਉਡੀਕ-ਉਡੀਕ ਕੇ ਅਖ਼ੀਰਲੀ ਬੱਸ ਨਿਕਲਣ ਡਰੋਂ ਚਲੇ ਜਾਂਦੇ ਨੇ। ਨਿੱਕੀ-ਨਿੱਕੀ ਗੱਲ ’ਤੇ ਇਤਰਾਜ਼। ਇੱਕ ਤਹਿਸੀਲਦਾਰ ਨੂੰ ਕੋਈ ਕਮੀ ਨਾ ਦਿਸੀ ਤਾਂ ਪਹਿਲਾਂ ਤਾਂ ਉਸ ਨੇ ਕਿਹਾ ਕਿ ਆਧਾਰ ਕਾਰਡ ’ਤੇ ਪਿਤਾ ਦਾ ਨਾਮ ਨਹੀਂ ਹੈ (ਜੋ ਅਕਸਰ ਨਹੀਂ ਹੁੰਦਾ) ਤੇ ਫਿਰ ਰਜਿਸਟਰੀ ਕਰਨ ਵੇਲੇ ਇਹ ਇਤਰਾਜ਼ ਲਾਉਣਾ ਪਿਆ ਕਿ ਪ੍ਰਾਪਤ ਕੀਤੀ ਜਾਣ ਵਾਲੀ ਰਕਮ ਦੇ ਚੈੱਕ ਉੱਪਰ ਉੱਪਨਾਮ (Surname) ਹੈ ਪਰ ਜਮ੍ਹਾਂਬੰਦੀ ਵਿੱਚ ਨਹੀਂ ਹੈ ਜਦੋਂਕਿ ਤਹਿਸੀਲਦਾਰ ਨੂੰ ਵੀ ਪਤਾ ਕਿ ਜਮ੍ਹਾਂਬੰਦੀ ਵਿੱਚ ਅਕਸਰ ਉੱਪਨਾਮ ਨਹੀਂ ਲਿਖਿਆ ਹੁੰਦਾ। ਦਸਤਾਵੇਜ਼ਾਂ ਦੀ ਕਮੀ ਵੀ ਐਨ ਸ਼ਾਮੀਂ 5 ਵਜੇ ਚੈੱਕ ਕੀਤੀ ਜਾਂਦੀ ਹੈ ਤਾਂ ਕਿ ਆਦਮੀ ਨੂੰ ਖੱਜਲ ਕੀਤਾ ਜਾਵੇ। ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਅਜਿਹੀਆਂ ਢੁੱਚਰਾਂ ਵਿਰੁੱਧ ਚੂੰ ਨਹੀਂ ਕਰਦਾ; ਇੱਥੋਂ ਤਕ ਕਿ ਕਿਸਾਨ ਜਥੇਬੰਦੀਆਂ ਵੀ ਮੌਨ ਧਾਰੀ ਰੱਖਦੀਆਂ ਨੇ ਜਦੋਂਕਿ ਸਭ ਤੋਂ ਵੱਧ ਖੱਜਲ-ਖੁਆਰੀ ਕਿਸਾਨ ਤਬਕੇ ਦੀ ਹੁੰਦੀ ਹੈ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ
ਵਿਅੰਗ ਚੰਗਾ ਲੱਗਿਆ
28 ਜਨਵਰੀ ਦੀ ਸੰਪਾਦਕੀ ‘ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ’ ਵਿੱਚ ਪੁਲੀਸ ਅਧਿਕਾਰੀਆਂ ਵੱਲੋਂ ਕਾਬਿਲ ਅਫਸਰਾਂ ਰਾਹੀਂ ‘ਡੂੰਘੀ ਜਾਂਚ’ ਦੇ ਭਰੋਸੇ ਵਾਲਾ ਵਿਅੰਗ ਚੰਗਾ ਲੱਗਿਆ। ਇਸੇ ਦਿਨ ਜਯੋਤੀ ਮਲਹੋਤਰਾ ਨੇ ਆਪਣੇ ਲੇਖ ‘ਬਦਲ ਰਹੀ ਦੁਨੀਆ ਅਤੇ ਸੰਵਾਦ ਦੀ ਤਾਕਤ’ ਵਿੱਚ ਜ਼ਿਕਰ ਕੀਤਾ ਹੈ ਕਿ ਅਮਰੀਕੀਆਂ ਨੇ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ’ਤੇ ਪਹਿਲੀ ਕਤਾਰ ਵਿੱਚ ਬਿਠਾ ਦਿੱਤਾ ਅਤੇ ਚੀਨ ਦੇ ਉਪ ਰਾਸ਼ਟਰਪਤੀ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੱਥੇ ਬੈਠੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਮੁਤਾਬਿਕ, ਸਾਡੇ ਵਿਦੇਸ਼ ਮੰਤਰੀ ਤੀਸਰੀ ਕਤਾਰ ਵਿੱਚ ਬੈਠੇ ਸਨ ਜਦੋਂਕਿ ਸਾਡੇ ਦੇਸ਼ ਦੇ ਮੀਡੀਆ ਨੇ ਉਨ੍ਹਾਂ ਨੂੰ ਪਹਿਲੀ ਕਤਾਰ ਵਿੱਚ ਬੈਠਿਆਂ ਦੱਸਿਆ ਸੀ। ਇਸ ਘਚੋਲੇ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। 18 ਜਨਵਰੀ ਦੇ ਅੰਕ ਵਿੱਚ ਸੁੱਚਾ ਸਿੰਘ ਖੱਟੜਾ ਦਾ ਲੇਖ ‘ਸਕੂਲੀ ਸਿੱਖਿਆ ਦੀ ਤੰਦ-ਤਾਣੀ’ ਦਾ ਸਮੇਂ ਦੀ ਚਾਲ ਨਾਲ ਉਲਝਿਆ ਰੂਪ ਬਾਖ਼ੂਬੀ ਪੇਸ਼ ਕਰਦਾ ਹੈ। ਕੋਈ ਸ਼ੱਕ ਨਹੀਂ ਕਿ ਸਰਕਾਰੀ ਸਕੂਲਾਂ ਦੀ ਹਵਾ ਖ਼ਰਾਬ ਹੋ ਚੁੱਕੀ ਹੈ; ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸ ਲਈ ਅਧਿਆਪਕ ਦਾ ਵੀ ਯੋਗਦਾਨ ਹੈ। ਇਸ ਲਈ ਲੇਖਕ ਸਰਕਾਰੀ ਅਧਿਆਪਕ ਨੂੰ ਵੰਗਾਰਦਾ ਵੀ ਹੈ। ਉਂਝ, ਲੇਖਕ ਨੇ ਤੰਦ-ਤਾਣੀ ਦਾ ਬਾਹਰੀ ਚੌਖਟਾ ਹੀ ਬਿਆਨਿਆ ਹੈ। ਸਕੂਲੀ ਸਿੱਖਿਆ ਦੀ ਤੰਦ-ਤਾਣੀ ਦੇ ਇਸ ਕੁਹਜ ਲਈ ਸਮਾਜ ਅਤੇ ਸਰਕਾਰ, ਦੋਵੇਂ ਹੀ ਜ਼ਿੰਮੇਵਾਰ ਹਨ। ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕੇਸ ਦੀ ਸਥਿਤੀ ਬਾਰੇ ਟਿੱਪਣੀ ਕਰਦਾ 17 ਜਨਵਰੀ ਵਾਲਾ ਸੰਪਾਦਕੀ ਪੜ੍ਹ ਕੇ ਇਵੇਂ ਲੱਗਦਾ ਹੇ ਕਿ ਸਾਡੇ ਦੇਸ਼ ਦੀ ਹਾਲਤ ਅਮਰੀਕਾ ਸਾਹਮਣੇ ਡਾਵਾਂਡੋਲ ਹੋ ਗਈ ਹੈ। ਕੂਟਨੀਤੀ ਦੀ ਮੰਗ ਕੁਝ ਵੀ ਹੋਵੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਭਾਵ ਹੁਣ ਤੋਂ ਹੀ ਪੈਣਾ ਸ਼ੁਰੂ ਹੋ ਗਿਆ ਹੈ।
ਜਗਰੂਪ ਸਿੰਘ, ਉਭਾਵਾਲ
ਸਮਾਜ ਨੂੰ ਝੰਜੋੜਾ
24 ਜਨਵਰੀ ਦਾ ਸੰਪਾਦਕੀ ‘ਸਮਾਜਿਕ ਕਾਲਖ’ ਪੜ੍ਹਿਆ। ਲੁਧਿਆਣਾ ਵਿੱਚ ਵਾਪਰੀ ਘਟਨਾ ਅਤਿ ਨਿੰਦਣਯੋਗ ਹੈ। ਇਸ ਕਾਰੇ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਡੇ ਲੋਕਾਂ ਵਿੱਚ ਕਾਨੂੰਨ ਆਪਣੇ ਹੱਥ ਲੈ ਕੇ ਆਪ ਸਜ਼ਾ ਦੇਣ ਦਾ ਰੁਝਾਨ ਜਿਸ ਕਦਰ ਵਧ ਰਿਹਾ ਹੈ, ਇਹ ਸਮਾਜ ਨੂੰ ਪੱਥਰ ਯੁੱਗ ਵਿੱਚ ਲਿਜਾਣ ਦੇ ਤੁਲ ਹੈ। ਅਜਿਹੇ ਵਰਤਾਰਿਆਂ ਨੂੰ ਠੱਲ੍ਹ ਪਾਉਣ ਲਈ ਜਨਤਕ ਚੇਤਨਾ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
(2)
24 ਜਨਵਰੀ ਨੂੰ ਸੰਪਾਦਕੀ ‘ਸਮਾਜਿਕ ਕਾਲਖ’ ਪੜ੍ਹਿਆ। ਜੇਕਰ ਫੈਕਟਰੀ ਮਾਲਕ ਕੋਲ ਕੱਪੜੇ ਚੋਰੀ ਦੇ ਸਬੂਤ ਮੌਜੂਦ ਸਨ ਤਾਂ ਸਬੰਧਿਤ ਪਰਿਵਾਰ ਨੂੰ ਸਜ਼ਾ ਖ਼ੁਦ ਨਹੀਂ ਸੀ ਦੇਣੀ ਚਾਹੀਦੀ। ਦੂਜੇ ਸੰਪਾਦਕੀ ‘ਦਿੱਲੀ ’ਚ ਰਿਉੜੀਆਂ’ ਮੁਤਾਬਿਕ, ਕੇਂਦਰੀ/ਸੂਬਾਈ ਸਰਕਾਰਾਂ ਇੰਨੀਆਂ ਭ੍ਰਿਸ਼ਟ ਹੋ ਗਈਆਂ ਹਨ ਕਿ ਹਰ ਹੀਲੇ ਵੋਟਾਂ ਹਾਸਿਲ ਕਰਕੇ ਆਪਣੀ ਸਰਕਾਰ ਬਣਾਉਣੀ ਚਾਹੁੰਦੀਆਂ ਹਨ। ਸਾਡਾ ਚੋਣ ਕਮਿਸ਼ਨ ਸਚਮੁੱਚ ਮੂਕ ਦਰਸ਼ਕ ਬਣ ਗਿਆ ਹੈ।
ਬਲਵੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਸਾਂਝਾ ਸੱਭਿਆਚਾਰ
22 ਜਨਵਰੀ ਨੂੰ ਮੇਜਰ ਸਿੰਘ ਮੱਟਰਾਂ ਦੀ ਲਿਖਤ ‘ਰਿਸ਼ਤੇ’ ਪੜ੍ਹੀ। ਲੇਖ ਵਿਚਲੇ ਮਾਤਾ ਹਰਚੇਤ ਕੌਰ ਦੇ ਦੋ ਵਾਕਾਂ- ‘‘ਸਾਡੇ ਘਰ ਰਹੋ, ਜਿੰਨਾ ਚਿਰ ਮਰਜ਼ੀ ਪਰ ਸਾਡੀ ਸ਼ਰਤ ਹੈ ਕਿ ਅਸੀਂ ਤੁਹਾਡੇ ਕੋਲੋਂ ਕਿਰਾਇਆ ਨਹੀਂ ਲੈਣਾ ਅਤੇ ਨਾ ਹੀ ਅਸੀਂ ਇਸ ਕੁੜੀ ਨੂੰ ਵੱਖਰੀ ਰੋਟੀ ਪਕਾਉਣ ਦੇਣੀ ਹੈ’’, ਦੇਖਣ ਨੂੰ ਭਾਵੇਂ ਸਾਧਾਰਨ ਜਿਹੀ ਗੱਲ ਜਾਪਦੀ ਹੈ ਪਰ ਇਨ੍ਹਾਂ ਦੋ ਵਾਕਾਂ ਵਿੱਚ ਸਾਡੇ ਸਾਂਝੇ ਸੱਭਿਆਚਾਰ ਦੀ ਉਹ ਪਿਆਰੀ ਤਸਵੀਰ ਉਜਾਗਰ ਹੋ ਜਾਂਦੀ ਹੈ ਜਿਸ ਉੱਤੇ ਕਦੇ ਸਾਰੇ ਪੰਜਾਬੀਆਂ ਨੂੰ ਮਾਣ ਹੁੰਦਾ ਸੀ। ਰਚਨਾ ਵਿੱਚ ਅੱਗੇ ਚੱਲ ਕੇ ਸੁਰਿੰਦਰ ਕੌਰ ਦੇ ਬੋਲ ਸਮੁੱਚੀ ਇਸਤਰੀ ਜਾਤੀ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਬੋਲ ਅੱਜ ਦੀਆਂ ਮੁਟਿਆਰਾਂ, ਨੌਜਵਾਨਾਂ ਅਤੇ ਹੋਰ ਸੁਆਣੀਆਂ ਲਈ ਸੁਨੇਹਾ ਵੀ ਹਨ ਕਿ ਪੰਜਾਬ ਦੀ ਤਰੱਕੀ ਲਈ ਉੱਚੀਆਂ ਤੇ ਸੱਚੀਆਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਨਾ ਪਵੇਗਾ। ਫਿਰ ਇਹੋ ਕਦਰਾਂ-ਕੀਮਤਾਂ ਨਵੀਂ ਪੀੜ੍ਹੀ ’ਚ ਵੀ ਆਉਣਗੀਆਂ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
ਸਿੱਖਿਆ ਖੇਤਰ ਲਈ ਹਾਅ ਦਾ ਨਾਅਰਾ4 ਫਰਵਰੀ ਦਾ ਸੰਪਾਦਕੀ ‘ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲ’’ ਪੜ੍ਹਿਆ। ਆਮ ਆਦਮੀ ਪਾਰਟੀ ਸਿਹਤ ਅਤੇ ਸਿੱਖਿਆ ਦੇ ਇਨਕਲਾਬੀ ਬਦਲਾਓ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਪਰ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਨੇ ਜਿੱਥੇ ਆਮ ਲੋਕਾਂ ਨੂੰ ਨਿਰਾਸ਼ ਕੀਤਾ ਹੈ ਉੱਥੇ ਉਨ੍ਹਾਂ ਦੇ ਭਰੋਸੇ ਨੂੰ ਵੀ ਠੇਸ ਪਹੁੰਚਾਈ ਹੈ। ਸਮਾਜ ਦੀ ਸਿਰਜਣਾ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਦੇ ਹੱਥਾਂ ਵਿੱਚੋਂ ਅੱਖਰ ਗਿਆਨ ਅਤੇ ਹੁਨਰ ਖੋਹ ਕੇ ਉਨ੍ਹਾਂ ਨੂੰ ਨਸ਼ੇੜੀ ਅਤੇ ਬੇ-ਗ਼ੈਰਤ ਬਣਾ ਕੇ ਰਾਜ ਨੂੰ ਬਲਦੀ ਅੱਗ ਵਿੱਚ ਧੱਕਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੱਕੇ ਸਕੂਲ ਮੁਖੀ ਨਹੀਂ, ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਵੀ ਤਕਨੀਕੀ ਸਟਾਫ਼ ਦੀ ਕਮੀ ਹੈ। ਉੱਚ ਯੋਗਤਾ ਪ੍ਰਾਪਤ ਇੰਸਟਰੱਕਟਰਾਂ ਨੂੰ ਬਹੁਤ ਥੋੜ੍ਹਾ ਮਿਹਨਤਾਨਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਜਿਹੇ ਮਾੜੇ ਮਾਹੌਲ ਦੇ ਵਿਆਪਕ ਸੁਧਾਰ ਲਈ ਅਦਾਲਤਾਂ ਨੂੰ ਸਵੈ-ਨੋਟਿਸ ਲੈ ਕੇ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਲੋਕਾਂ ਨੂੰ ਵੀ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਜ਼ਿੰਮੇਵਾਰੀ ਬਾਰੇ ਜਾਗਰੂਕ ਹੋਣ ਦੀ ਲੋੜ ਹੈ।
ਸ਼ਮਸ਼ੇਰ ਪੁਰਖਾਲਵੀ, ਮੁਹਾਲੀ