ਪਾਠਕਾਂ ਦੇ ਖ਼ਤ
ਆਨਲਾਈਨ ਸਿੱਖਿਆ ਦੇ ਮਾੜੇ ਅਸਰ
14 ਜਨਵਰੀ ਨੂੰ ਡਾ. ਅਰੁਣ ਮਿੱਤਰਾ ਨੇ ਆਪਣੇ ਲੇਖ ‘ਆਨਲਾਈਨ ਸਿੰਖਿਆ ਅਤੇ ਬੱਚਿਆਂ ਦੀ ਮਾਨਸਿਕ ਸਿਹਤ’ ਵਿੱਚ ਆਨਲਾਈਲ ਸਿੱਖਿਆ ਦੇ ਵਿਦਿਆਰਥੀਆਂ ਦੇ ਨੈਤਿਕ, ਸਮਾਜਿਕ ਅਤੇ ਜੀਵਨ ਉੱਪਰ ਪੈਂਦੇ ਮਾੜੇ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਲੇਖਕ ਨੇ ਦੱਸਿਆ ਹੈ ਕਿ ਸਿੱਖਿਆ ਦੀ ਪ੍ਰਕਿਰਿਆ ਨੂੰ ਬੱਚੇ ਦੇ ਵਿਕਸਤ ਹੋਣ ਦੌਰਾਨ ਵਿਦਿਆਰਥੀ ਦੇ ਸਰਪੱਖੀ ਵਿਕਾਸ ਦੇ ਪ੍ਰਸੰਗ ਵਿੱਚ ਦੇਖਣਾ ਚਾਹੀਦਾ ਹੈ। ਪੂਰੇ ਸੰਸਾਰ ਦੇ ਬਾਲ ਮਨੋਵਿਗਿਆਨੀਆਂ ਅਨੁਸਾਰ, ਛੋਟੀ ਉਮਰ ਵਿੱਚ ਬੱਚੇ ਦਾ ਵਿਕਾਸ ਪਾਲਣ-ਪੋਸ਼ਣ, ਸਕੂਲ ਦੀ ਪੜ੍ਹਾਈ ਸਭ ਆਲੇ-ਦੁਆਲੇ ਦੇ ਮਾਹੌਲ ਉੱਪਰ ਨਿਰਭਰ ਕਰਦੀ ਹੈ। ਸਕੂਲ ਬੱਚਿਆਂ ਦੇ ਸਮਾਜਿਕ ਇਕੱਠ ਦਾ ਸਥਾਨ ਹੈ ਜਿੱਥੇ ਉਹ ਦੋਸਤ ਬਣਾਉਂਦੇ ਹਨ ਅਤੇ ਆਪਸੀ ਤਾਲਮੇਲ ਦੀ ਸਮਰੱਥਾ ਸਿੱਖਦੇ ਹਨ, ਜੋ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੀ ਬਜਾਇ ਸਕੂਲ ਵਿੱਚ ਸਿੱਖਿਆ ਦੇਣ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਜਿਸ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਵੀ ਹੋਵੇਗਾ ਅਤੇ ਬੱਚੇ ਤਣਾਅ ਮੁਕਤ ਵੀ ਹੋਣਗੇ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
(2)
14 ਜਨਵਰੀ ਨੂੰ ਡਾ. ਅਰੁਣ ਮਿੱਤਰਾ ਦਾ ਲੇਖ ‘ਆਨਲਾਈਨ ਸਿੱਖਿਆ ਅਤੇ ਬੱਚਿਆਂ ਦੀ ਮਾਨਸਿਕ ਸਿਹਤ’ ਪੜ੍ਹਿਆ। ਕੋਵਿਡ-19 ਸਮੇਂ ਜੋ ਹਾਲਾਤ ਬਣੇ ਸਨ, ਉਹ ਹੁਣ ਨਹੀਂ ਹਨ; ਫਿਰ ਵੀ ਸਕੂਲਾਂ ਵਾਲੇ ਅਜੇ ਵੀ ਆਨਲਾਈਨ ਸਿੱਖਿਆ ਦਾ ਖਹਿੜਾ ਨਹੀਂ ਛੱਡ ਰਹੇ। ਬੱਚੇ ਆਨਲਾਈਨ ਪੜ੍ਹਦੇ ਘੱਟ ਅਤੇ ਵਿਗੜਦੇ ਜ਼ਿਆਦਾ ਹਨ। ਹੁਣ ਮਾਪਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ। ਸਕੂਲਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਮੋਬਾਈਲਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਬਾਰੇ ਕਹਿਣ। ਜੇ ਸਕੂਲਾਂ ਵਾਲਿਆਂ ਨੇ ਮੋਬਾਈਲਾਂ ਦੀ ਵਰਤੋਂ ਘੱਟ ਨਾ ਕੀਤੀ ਤਾਂ ਫਿਰ ਬੱਚਿਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ
ਵਿਦਿਆਰਥੀਆਂ ਲਈ ਵਰਦਾਨ
13 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਬਰੇਟਾ ਦਾ ਮਿਡਲ ‘ਮੈਡਮ ਦੀ ਗਲਵੱਕੜੀ’ ਪੜ੍ਹਿਆ, ਵਧੀਆ ਲੱਗਿਆ। ਪੜ੍ਹਾਈ ’ਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਅਕਸਰ ਅੱਚਵੀਂ ਜਿਹੀ ਲੱਗ ਜਾਂਦੀ ਹੈ, ਜੇਕਰ ਉਨ੍ਹਾਂ ਨੂੰ ਲਗਾਤਾਰ ਨਾ ਪੜ੍ਹਾਇਆ ਜਾਵੇ। ਅਧਿਆਪਕਾਂ ਨੂੰ ਪੀਰੀਅਡ ਲਾਉਣ ਲਈ ਕਹਿ ਕੇ ਪੰਗਾ ਤਾਂ ਲੈ ਲਿਆ ਪਰ ਉਹ ਪੰਗਾ ਵਿਦਿਆਰਥੀ ਲਈ ਵਰਦਾਨ ਸਾਬਤ ਹੋਇਆ।
ਸੁਰਿੰਦਰ ਸ਼ਰਮਾ ਨਾਗਰਾ, ਧੂਰੀ
ਅਵਾਰਾ ਕੁੱਤਿਆਂ ’ਤੇ ਸ਼ਿਕੰਜਾ ਜ਼ਰੂਰੀ
12 ਜਨਵਰੀ ਨੂੰ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਅਵਾਰਾ ਕੁੱਤਿਆਂ ਨੇ ਗਿਆਰਾਂ ਸਾਲਾ ਬੱਚਾ ਮਾਰਿਆ’ ਪੜ੍ਹ ਕੇ ਦਿਲ ਵਲੂੰਧਰਿਆ ਗਿਆ। ਮਾਪਿਆਂ ਦੇ ਇਕਲੌਤੇ ਪੁੱਤਰ ਦੇ ਜਾਣ ਦਾ ਦੁੱਖ ਉਸ ਬੱਚੇ ਦੇ ਮਾਪਿਆਂ ਤੋਂ ਵੱਧ ਕੋਈ ਨਹੀਂ ਸਮਝ ਸਕਦਾ। ਪ੍ਰਸ਼ਾਸਨ ਲਈ ਇਹ ਸਿਰਫ਼ ਘਟਨਾ ਹੈ ਜਦੋਂਕਿ ਜਿਨ੍ਹਾਂ ਮਾਪਿਆਂ ਦਾ ਪੁੱਤਰ ਚਲਾ ਗਿਆ, ਉਨ੍ਹਾਂ ਲਈ ਸਾਰੀ ਉਮਰ ਦਾ ਰੋਣਾ ਅਤੇ ਗਹਿਰਾ ਸਦਮਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਹੈ ਪਰ ਪ੍ਰਸ਼ਾਸਨ ਅਵਾਰਾ ਕੁੱਤਿਆਂ ’ਤੇ ਕਾਰਵਾਈ ਕਦੋਂ ਅਤੇ ਕਿਵੇਂ ਕਰੇਗਾ, ਇਹ ਸਵਾਲ ਜ਼ਰੂਰ ਜ਼ਿਹਨ ਵਿੱਚ ਪੈਦਾ ਹੁੰਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ। ਅਜਿਹੀਆਂ ਘਟਨਾਵਾਂ ਰੋਜ਼ ਵਾਪਰਦੀਆਂ ਹਨ, ਕੁਝ ਖ਼ਬਰਾਂ ਦਾ ਹਿੱਸਾ ਬਣਦੀਆਂ ਹਨ ਅਤੇ ਕੁਝ ਦਬ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਸ਼ਹਿਰਾਂ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਇਹ ਉਪਰਾਲਾ ਕਾਫ਼ੀ ਹੱਦ ਤੱਕ ਕਾਰਗਰ ਰਿਹਾ ਪਰ ਇਹ ਪ੍ਰੋਗਰਾਮ ਛੇਤੀ ਹੀ ਬਾਕੀ ਸਕੀਮਾਂ ਵਾਂਗ ਦਮ ਤੋੜ ਗਿਆ। ਆਮ ਵਿਅਕਤੀ ਖ਼ਾਸ ਕਰ ਕੇ ਬੱਚਿਆਂ ਦਾ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਰ ਕੇ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਹੈ। ਸਰਕਾਰ ਨੂੰ ਜਿੱਥੇ ਅਵਾਰਾ ਕੁੱਤਿਆਂ ਦੀ ਸਮੱਸਿਆ ਪਹਿਲ ਦੇ ਆਧਾਰ ’ਤੇ ਹੱਲ ਕਰਨੀ ਹੋਵੇਗੀ, ਉੱਥੇ ਆਮ ਆਦਮੀ ਨੂੰ ਵੀ ਚੌਕੰਨਾ ਰਹਿਣਾ ਪਵੇਗਾ। 2 ਜਨਵਰੀ ਦੇ ਅੰਕ ਵਿੱਚ ਡਾ. ਗੁਰਤੇਜ ਸਿੰਘ ਦੇ ਛਪੀ ਰਚਨਾ ‘ਬੇਚੈਨ ਕਰਦੀ ਦਾਸਤਾਨ’ ਮਜਬੂਰੀਆਂ ਅਤੇ ਸੱਭਿਆਚਾਰ ਵਿੱਚ ਆ ਰਹੇ ਨਿਘਾਰ ’ਤੇ ਚੋਟ ਕਰਦੀ ਹੈ।
ਰਜਵਿੰਦਰ ਪਾਲ ਸ਼ਰਮਾ, ਈਮੇਲ
ਕਿਸਾਨਾਂ ਦੇ ਬੁਲੰਦ ਹੌਸਲੇ
11 ਜਨਵਰੀ ਦਾ ਸੰਪਾਦਕੀ ‘ਏਕੇ ਦਾ ਰਾਹ’ ਵਧੀਆ ਲੱਗਿਆ। ਮੋਦੀ ਸਰਕਾਰ ਦੇ ਅੜੀਅਲ ਰਵੱਈਏ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਅਸੰਵੇਦਨਸ਼ੀਲ ਹੋਣ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਕਿਸਾਨਾਂ ’ਚ ਮਜ਼ਬੂਤ ਹੌਸਲੇ ਅਤੇ ਬੁਲੰਦ ਜਜ਼ਬੇ ਦੀ ਕੋਈ ਕਮੀ ਨਹੀਂ ਹੈ। ਸੰਘਰਸ਼ ਛੇੜਨੇ ਲੋਕਾਂ ਦੇ ਜਾਗਦੇ ਹੋਣ ਦਾ ਸਬੂਤ ਹੁੰਦਾ ਹੈ। ਪੰਜਾਬ ਦੀ ਧਰਤ ਅਤੇ ਹਵਾ ’ਚ ਆਪਣੇ ਹੱਕਾਂ ਲਈ ਉੱਠਣ ਵਾਲੀ ਆਵਾਜ਼ ਦੀ ਗੂੰਜ ਮੁੱਢ ਕਦੀਮ ਤੋਂ ਗੂੰਜਦੀ ਰਹੀ ਹੈ। 16 ਦਸੰਬਰ ਦਾ ਸੰਪਾਦਕੀ ‘ਕਲਾ ਦਾ ਸੰਦਰਭ ’ਤੇ ਪਾਬੰਦੀਆਂ’ ਵਧੀਆ ਸੀ। ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ’ਤੇ ਕੁਝ ਪਾਬੰਦੀਆਂ ਲਗਾ ਕੇ ਉਸ ਦੇ ਸਕਾਰਾਤਮਕ ਪੱਖ ਨੂੰ ਹਲਕਾ ਕੀਤਾ ਗਿਆ। ਇਹ ਗਾਇਕ ਨੌਜਵਾਨਾਂ ਅਤੇ ਬੱਚਿਆਂ ਨੂੰ ਬੁਰਾਈਆਂ ਤੋਂ ਦੂਰ ਰਹਿ ਕੇ ਮਿਹਨਤ ਕਰਨ ਲਈ ਵੀ ਪ੍ਰੇਰਦਾ ਹੈ। ਉਸ ਨੇ ਆਪਣਾ ਸ਼ੋਅ ਸਭ ਤੋਂ ਘੱਟ ਉਮਰ ’ਚ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਕੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਡੀ. ਗੁਕੇਸ਼ ਨੂੰ ਸਮਰਪਿਤ ਕੀਤਾ ਹੈ। ਉਹ ਖ਼ੁਦ ਪੰਜਾਬੀ ਮਾਂ ਬੋਲੀ, ਪਹਿਰਾਵੇ ਅਤੇ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਂ ਵੀ ਆਲਮੀ ਪੱਧਰ ’ਤੇ ਚਮਕਾ ਰਿਹਾ ਹੈ। ਕੁਝ ਆਲੋਚਕ ਉਸ ਦਾ ਨਾਂ ਨਕਾਰਾਤਮਕ ਸ਼ਕਤੀਆਂ ਨਾਲ ਜੋੜ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਸ਼ਖ਼ਸ ਦੀ ਪ੍ਰਸਿੱਧੀ ਪਿੱਛੇ ਉਸ ਦੀ ਦਹਾਕਿਆਂ ਦੀ ਮਿਹਨਤ ਅਤੇ ਲਗਨ ਹੁੰਦੀ ਹੈ। ਬਾਕੀ, ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਨਾਲ ਚੰਡੀਗੜ੍ਹ ਵਾਸੀਆਂ ਨੇ ਸ਼ੋਰ ਅਤੇ ਆਵਾਜਾਈ ’ਚ ਦਿੱਕਤਾਂ ਦਾ ਸਾਹਮਣਾ ਵੀ ਕੀਤਾ। ਸ਼ਹਿਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਥੋੜ੍ਹਾ ਵਿਚਰਨ ਦੀ ਵੀ ਲੋੜ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਪੰਜਾਬ ਨਾਲ ਵਿਤਕਰਾ
10 ਜਨਵਰੀ ਦਾ ਸੰਪਾਦਕੀ ‘ਚੰਡੀਗੜ੍ਹ ਦਾ ਸਵਾਲ’ ਪੜ੍ਹਿਆ। 1950 ਤੋਂ ਬਾਅਦ ਭਾਸ਼ਾ ਤੇ ਬੋਲੀ ਦੇ ਆਧਾਰ ’ਤੇ ਕਿੰਨੇ ਹੀ ਸੂਬੇ ਬਣੇ, ਸਭ ਨੂੰ ਰਾਜਧਾਨੀ ਬਣਾਉਣ ਲਈ ਫੰਡ ਤੇ ਜਗ੍ਹਾ ਕੇਂਦਰ ਨੇ ਦਿੱਤੀ, ਕਿਸੇ ਵੀ ਸੂਬੇ ਦੀ ਰਾਜਧਾਨੀ ਦਾ ਕੋਈ ਰੌਲਾ ਨਹੀਂ ਪਰ 1966 ਵਿੱਚ ਪੰਜਾਬ ਦੀ ਵੰਡ ਕਰ ਕੇ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਸ਼ਹਿਰ ਪੰਜਾਬ ਲਈ ਨਾਸੂਰ ਬਣ ਗਿਆ। ਕੇਂਦਰ ਸਰਕਾਰਾਂ ਨੇ ਇਹ ਮਸਲਾ ਕੇਵਲ ਵੋਟ ਰਾਜਨੀਤੀ ਲਈ ਵਰਤਿਆ ਤੇ ਕੇਂਦਰ ਨੇ ਪੰਜਾਬ ਦਾ ਚੰਡੀਗੜ੍ਹ ਤੋਂ ਹੱਕ ਖੋਹਣ ਲਈ ਕੋਈ ਕਸਰ ਨਹੀਂ ਛੱਡੀ। ਜਿਹੜਾ ਸੂਬਾ ਦੇਸ਼ ਦੇ ਹਰ ਖੇਤਰ ਵਿੱਚ ਮੋਹਰੀ ਰਿਹਾ ਹੋਵੇ; ਉਸ ਨਾਲ ਪਾਣੀ, ਬੋਲੀ, ਭਾਸ਼ਾ ਦੇ ਆਧਾਰ ’ਤੇ ਵਿਤਕਰਾ ਕਰਨਾ ਕਿੰਨਾ ਕੁ ਜਾਇਜ਼ ਹੈ?
ਬਲਦੇਵ ਵਿਰਕ, ਝੁਰੜ ਖੇੜਾ (ਅਬੋਹਰ)
ਉਚੇਰੀ ਸਿੱਖਿਆ ਦਾ ਸਿਆਸੀਕਰਨ9 ਜਨਵਰੀ ਦਾ ਸੰਪਾਦਕੀ ‘ਉਚੇਰੀ ਸਿੱਖਿਆ ਦਾ ਸਿਆਸੀਕਰਨ’ ਯੂਜੀਸੀ ਦੇ ਖਰੜਾ ਨਿਯਮ-2025 ਬਾਰੇ ਜਾਣਕਾਰੀ ਦਿੰਦੀ ਹੈ। ਸਹੀ ਟਿੱਪਣੀ ਹੈ ਕਿ ਅਧਿਆਪਕਾਂ ਦੀਆਂ ਕੰਟਰੈਕਟ ਆਧਾਰਿਤ ਨਿਯੁਕਤੀਆਂ ਦੀ ਖੁੱਲ੍ਹ, ਅਕਾਦਮਿਕ ਮਾਹਿਰਾਂ ਦੀ ਅਣਦੇਖੀ ਦਾ ਖ਼ਤਰਾ, ਯੂਨੀਵਰਸਿਟੀ ਪ੍ਰਬੰਧ ਵਿੱਚ ਪੱਖਪਾਤੀ ਰਾਹਾਂ ਦਾ ਖੁੱਲ੍ਹਣਾ ਆਦਿ ਕੁਲ ਮਿਲਾ ਕੇ ਨਕਾਰਾਤਮਿਕ ਸੁਧਾਰ ਹੀ ਹਨ ਜਿਹੜੇ ਉੱਚ ਸਿੱਖਿਆ ਦੇ ਅਦਾਰੇ ਯੂਨੀਵਰਸਿਟੀ ਦੀਆਂ ਅਕਾਦਮਿਕ ਜੜ੍ਹਾਂ ਨੂੰ ਖੋਖ਼ਲਾ ਕਰਨਗੇ। ਖਰੜੇ ਵਿੱਚੋਂ ਕਨਸੋਅ ਆ ਰਹੀ ਹੈ ਕਿ ਸਿਆਸੀ ਦਖ਼ਲ ਰਾਹੀਂ ਯੂਨੀਵਰਸਿਟੀ ਦੇ ਮੁੱਖ ਮਨੋਰਥ ਦੀ ਪਰਿਭਾਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 3 ਜਨਵਰੀ ਦੇ ਅੰਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਮਨਮੋਹਨ ਸਿੰਘ ਦਾ ਆਰਥਿਕ ਦ੍ਰਿਸ਼ਟੀਕੋਣ’ ਪੜ੍ਹਿਆ। ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਆਦਰਸ਼ ਆਈਐੱਮਐੱਫ ਪ੍ਰੋਗਰਾਮ ਵਿੱਚ ਮਹੱਤਵਪੂਰਨ ਸਮਾਨਤਾਵਾਦੀ ਸੁਧਾਰ ਕਰਵਾ ਕੇ ਨਾ ਸਿਰਫ਼ ਦੇਸ਼ ਦਾ ਸਿਰ ਵਿਸ਼ਵ ਪੱਧਰ ਉੱਤੇ ਉੱਚਾ ਕੀਤਾ ਬਲਕਿ ਆਪਣੀ ਯੋਗਤਾ ਦਾ ਸਿੱਕਾ ਵੀ ਮਨਵਾਇਆ। ਉਨ੍ਹਾਂ ਦੀ ਵਿਚਾਰਧਾਰਾ ਤੇ ਸਿੱਖ ਫਲਸਫ਼ੇ ਦੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ। ਡਾ. ਮਨਮੋਹਨ ਸਿੰਘ ਸ਼ਾਇਦ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਦਫ਼ਤਰਾਂ ਵਿੱਚ ਆਪਣੀ ਫੋਟੋ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਉਹ ਫ਼ੋਕੀ ਸ਼ੁਹਰਤ ਦੇ ਉਪਾਸ਼ਕ ਨਹੀਂ ਸਨ।
ਜਗਰੂਪ ਸਿੰਘ, ਉਭਾਵਾਲ (ਲੁਧਿਆਣਾ)