ਪਾਠਕਾਂ ਦੇ ਖ਼ਤ
ਮਹਿਕਾਂ ਵਾਲੀ ਪੌਣ
ਤਜਰਬਾ ਗੋਯਾ ਮਿਰੀ ਹੀ ਜ਼ੇਰੇ ਨਿਗਰਾਨੀ ਹੁਆ। ਹੈਰਤ ਹੈ ਫਿਰ ਭੀ ਕਿ ਪੱਥਰ ਕਿਸ ਤਰਾਹ ਪਾਨੀ ਹੁਆ। -ਖੁਮਾਰ (ਇਹ ਤਜਰਬਾ ਬੇਸ਼ੱਕ ਮੇਰੀ ਨਿਗਰਾਨੀ ਵਿੱਚ ਸਿਰੇ ਚੜ੍ਹਿਆ, ਫਿਰ ਵੀ ਹੈਰਾਨ ਹਾਂ ਪੱਥਰ ਪਾਣੀ ਕਿਵੇਂ ਹੋ ਗਿਆ)। 2 ਦਸੰਬਰ ਦੇ ਦਿਨ ਨੂੰ ਸੰਸਾਰ ਵਿੱਚ ਪਸਰਿਆ ਖਾਲਸਾ ਪੰਥ ਨੀਝ ਨਾਲ ਦੇਖ ਰਿਹਾ ਸੀ। ਕਿਸੇ ਚੰਗੇ ਫ਼ੈਸਲੇ ਦਾ ਉਡੀਕਵਾਨ ਤਾਂ ਸੀ ਪਰ ਬੇਚੈਨੀ ਸੀ ਕਿ ਪਿਛਲੇ ਸਮੇਂ ਵਾਂਗ ਸਿੰਘ ਸਾਹਿਬਾਨ ਕਿਤੇ ਅਯੋਗ ਫ਼ੈਸਲਾ ਨਾ ਸੁਣਾ ਦੇਣ। ਸਾਰੇ ਫ਼ੈਸਲੇ ਸ਼ਲਾਘਾਯੋਗ ਤੇ ਸ਼ਾਨਦਾਰ ਹੋਏ। ਨਾ ਪੱਖਪਾਤ ਨਾ ਰਿਆਇਤ। ਕੇਵਲ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਨਤਕ ਤੌਰ ’ਤੇ ਝੂਠ ਮਾਰਨ ਦੀ ਹਿੰਮਤ ਕੀਤੀ ਸੀ ਜੋ ਸਿੰਘ ਸਾਹਿਬਾਨ ਨੇ ਨਕਾਰ ਦਿੱਤੀ। ਦੇਰ ਬਾਅਦ ਮਹਿਕਾਂ ਭਰੀ ਪੌਣ ਦਾ ਬੁਲਾ ਆਇਆ ਹੈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਦ੍ਰਿੜ ਇਰਾਦੇ ਵਾਲਾ ਲੇਖਕ
2 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਸੰਜੀਵਨ ਸਿੰਘ ਵੱਲੋਂ ਆਪਣੇ ਤਾਏ ਅਤੇ ਪੰਜਾਬੀ ਦੇ ਸਿਰਮੌਰ ਲੇਖਕ ਸੰਤੋਖ ਸਿੰਘ ਧੀਰ ਬਾਰੇ ਲਿਖੀ ਰਚਨਾ ‘ਤਾਏ ਸੰਤੋਖ ਸਿੰਘ ਧੀਰ ਨੂੰ ਚੇਤੇ ਕਰਦਿਆਂ’ ਪੜ੍ਹਦਾ ਸੋਚਦਾ ਰਿਹਾ ਕਿ ਪੰਜਾਬੀਆਂ ਦਾ ਇਹ ਮਹਾਨ ਤੇ ਹਰਮਨ ਪਿਆਰਾ ਕਹਾਣੀਕਾਰ ਕਿੰਨਾ ਦ੍ਰਿੜ ਇਰਾਦੇ ਵਾਲਾ ਸੀ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਮਿੱਟੀ ਦੀ ਖੁਸ਼ਬੂ ਵਾਲੀ ਰੇਸ਼ਮਾ
30 ਨਵੰਬਰ ਦੇ ਅੰਕ ਸਤਰੰਗ ਵਿੱਚ ਕੁਲਦੀਪ ਸਿੰਘ ਸਾਹਿਲ ਦਾ ਲੇਖ ‘ਮਿੱਟੀ ਦੀ ਖੁਸ਼ਬੂ ਬਿਖੇਰਨ ਵਾਲੀ ਗਾਇਕ ਰੇਸ਼ਮਾ’ ਪੜ੍ਹਿਆ। ਲੇਖਕ ਨੇ ਰੇਸ਼ਮਾ ਬਾਰੇ ਵਿਸਥਾਰ ਸਹਿਤ ਵੇਰਵੇ ਦਿੱਤੇ ਹਨ ਪਰ ਉਸ ਨੇ ਸੰਗੀਤ ਦੀ ਦੁਨੀਆ ਵਿੱਚ ਮਿਸਾਲੀ ਗੀਤ ਸਰੋਤਿਆਂ ਲਈ ਗਾਏ। ਉਸ ਦੇ ਗਾਏ ਗੀਤ ਉਸ ਨੂੰ ਸਦਾ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਰੱਖਣਗੇ।
ਗੋਵਿੰਦਰ ਜੱਸਲ, ਸੰਗਰੂਰ
ਔਰਤਾਂ ਦੀ ਉਡਾਣ
27 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਪ੍ਰਵੀਨ ਬੇਗ਼ਮ ਨੇ ਆਪਣੇ ਲੇਖ ‘ਉਡਾਣ ਹਾਲੇ ਬਾਕੀ ਹੈ’ ਵਿੱਚ ਜੋ ਵਿਚਾਰ ਸਾਂਝੇ ਕੀਤੇ ਹਨ, ਉਹ ਮਨ ਨੂੰ ਟੁੰਬਣ ਵਾਲੇ ਹਨ। ਜੋ ਲੜਕੀਆਂ ਸਕੂਲ, ਕਾਲਜ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨਾ ਚਾਹੁੰਦੀਆਂ ਹਨ ਪਰ ਕੁਝ ਕਾਰਨਾਂ ਕਰ ਕੇ ਇਸ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉਨ੍ਹਾਂ ਲਈ ਇਹ ਲੇਖ ਪ੍ਰੇਰਨਾ ਸਰੋਤ ਹੈ। ਅਖ਼ੀਰ ਵਿੱਚ ਔਰਤਾਂ ਲਈ ਲਿਖਿਆ ਹੈ ਕਿ ਉਡਾਣ ਹਾਲੇ ਬਾਕੀ ਹੈ, ਇਸ ਲਈ ਆਪਣੇ ਖੰਭ ਫੈਲਾਓ ਅਤੇ ਜ਼ਿੰਦਗੀ ਲਈ ਲੰਮੀ ਉਡਾਣ ਭਰੋ।
ਸਤਿੰਦਰ ਕੁਮਾਰ, ਪਟਿਆਲਾ
ਆਵਾਸ-ਪਰਵਾਸ ਦੇ ਮਸਲੇ
20 ਨਵੰਬਰ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਪੰਜਾਬ ਵਿੱਚ ਆਵਾਸ ਪਰਵਾਸ ਦੇ ਮਸਲੇ’ ਪੜ੍ਹਿਆ। ਅੱਜ ਇਹ ਪੰਜਾਬ ਦਾ ਅਹਿਮ ਮੁੱਦਾ ਬਣਿਆ ਹੋਇਆ ਹੈ। ਨੌਜਵਾਨੀ ਉੱਚ ਵਿੱਦਿਆ ਪ੍ਰਾਪਤ ਕਰਨ ਦੀ ਥਾਂ ਪਲੱਸ ਟੂ ਤੋਂ ਬਾਅਦ ਆਇਲੈੱਟਸ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾ ਰਹੀ ਹੈ। ਕੋਠੀਆਂ ਨੂੰ ਜਿੰਦਰੇ ਲੱਗੇ ਹੋਏ ਹਨ ਜਾਂ ਬਜ਼ੁਰਗ ਤਰਸ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ। ਬਾਹਰ ਜਾਣ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਜਾਨ ਜੋਖ਼ਮ ਵਿੱਚ ਪਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿੱਚ ਪਹੁੰਚ ਰਹੇ ਹਨ। ਕੁਝ ਲੋਕ ਉੱਥੇ ਸਥਾਪਿਤ ਹੋ ਜਾਂਦੇ ਹਨ। ਅਸੀਂ ਇਹ ਪੜ੍ਹ ਕੇ ਮਾਣ ਮਹਿਸੂਸ ਕਰਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ ’ਚ ਚਾਰ ਪੰਜਾਬੀ ਸ਼ਾਮਿਲ ਹੋਏ। ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਫਸਵੀਂ ਟੱਕਰ ਦੇ ਰਹੀ ਸੀ ਤਾਂ ਅਸੀਂ ਫ਼ਖ਼ਰ ਕਰਦੇ ਸਾਂ। ਇਸੇ ਤਰ੍ਹਾਂ ਪੰਜਾਬ ਵਿੱਚ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਤੋਂ ਰੋਜ਼ੀ-ਰੋਟੀ ਲਈ ਪਰਵਾਸੀ ਮਜ਼ਦੂਰ ਆਉਂਦੇ ਜਾਂਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਹੱਡ ਤੋੜਵੀਂ ਮਿਹਨਤ ਕਰ ਕੇ ਪੰਜਾਬ ਵਿੱਚ ਪੱਕੇ ਠਿਕਾਣੇ ਬਣਾ ਲਏ ਹਨ ਅਤੇ ਲੋੜੀਂਦੇ ਦਸਤਾਵੇਜ਼ ਬਣਾ ਕੇ ਪੰਜਾਬ ਦੇ ਪੱਕੇ ਵਾਸੀ ਬਣ ਗਏ ਹਨ। ਬਹੁਤਿਆਂ ਨੂੰ ਤਾਂ ਇੱਕ ਤੋਂ ਦੋ ਪੀੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਜੇਕਰ ਕੋਈ ਪੰਚ, ਸਰਪੰਚ ਜਾਂ ਐੱਮਸੀ ਵੋਟਾਂ ਲਈ ਖੜ੍ਹਾ ਹੋ ਜਾਵੇ ਤਾਂ ਪੰਜਾਬੀਆਂ ਨੂੰ ਪੰਜਾਬ, ਪੰਜਾਬੀ, ਪੰਜਾਬੀ ਸੱਭਿਆਚਾਰ ਖ਼ਤਰੇ ਵਿੱਚ ਦਿਖਾਈ ਦੇਣ ਲੱਗਦਾ ਹੈ। ਇਹ ਦੋਹਰੀ ਸੋਚ ਹੈ। ਦੋਵਾਂ ਸਾਂਝੀਆਂ ਪ੍ਰਕਿਰਿਆਵਾਂ ਵਿੱਚੋਂ ਇੱਕ (ਆਪਣੀ) ਦਾ ਸਵਾਗਤ ਕੀਤਾ ਜਾਂਦਾ ਹੈ, ਦੂਜੀ (ਯੂਪੀ, ਬਿਹਾਰ ਦੇ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ) ਨੂੰ ਨਕਾਰਿਆ ਜਾਂਦਾ ਹੈ। ਜਿਵੇਂ ਪੰਜਾਬੀ ਦੁਨੀਆ ਦੇ ਹਰ ਮੁਲਕ ਵਿੱਚ ਵਸੇ ਹੋਏ ਹਨ, ਉਵੇਂ ਹੀ ਯੂਪੀ, ਬਿਹਾਰ ਆਦਿ ਸੂਬਿਆਂ ਦੇ ਲੋਕ ਵੀ ਭਾਰਤ ਦੇ ਹਰ ਖ਼ਿੱਤੇ ਵਿੱਚ ਮਿਲ ਜਾਣਗੇ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)
(2)
20 ਨਵੰਬਰ ਨੂੰ ਨਜ਼ਰੀਆ ਸਫ਼ੇ ’ਤੇ ਪ੍ਰਕਾਸ਼ਿਤ ਲੇਖ ‘ਪੰਜਾਬ ਵਿੱਚ ਆਵਾਸ-ਪਰਵਾਸ ਦੇ ਮਸਲੇ’ (ਲੇਖਕਾ ਕੰਵਲਜੀਤ ਕੌਰ ਗਿੱਲ) ਪੜ੍ਹਿਆ। ਉਂਝ, ਚਿੰਤਾਜਨਕ ਗੱਲ ਇਹ ਹੈ ਕਿ ਅਜਿਹੀ ਸਥਿਤੀ ਵਿੱਚ ਮਰਦਮਸ਼ੁਮਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਤੋਂ ਪਤਾ ਲੱਗੇਗਾ ਕਿ ਪੰਜਾਬ ਵਿੰਚ 2011 ਤੋਂ ਬਾਅਦ ਕਿੰਨੇ ਪਰਵਾਸੀ ਪੱਕੇ ਤੌਰ ’ਤੇ ਪੰਜਾਬ ਵਿੱਚ ਵਸਨੀਕ ਬਣੇ ਹਨ। ਇਹ ਜਾਣਕਾਰੀ ਸੂਬੇ ਦੀ ਆਰਥਿਕ ਦਿਸ਼ਾਵਾਂ ਲਈ ਬਹੁਤ ਜ਼ਰੂਰੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੜ੍ਹਾਈ ਜਾਂ ਹੋਰ ਆਧਾਰ ’ਤੇ ਕੈਨੇਡਾ ਵਿੱਚ ਪੱਕੇ ਤੌਰ ’ਤੇ ਵਸਣ ਵਾਲਿਆਂ ਦੀ ਗਿਣਤੀ ਘਟਾਉਣ ਅਤੇ ਉੱਥੇ ਰਹਿ ਰਹੇ ਪੱਕੇ ਵਾਸੀਆਂ ਨੂੰ ਰੁਜ਼ਗਾਰ ਵਿੱਚ ਪਹਿਲ ਦੇਣ ਲਈ ਕਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ; ਇਹ ਹੋਰ ਸਖ਼ਤ ਰੂਪ ਵੀ ਲੈ ਸਕਦੀਆਂ ਹਨ ਜਿਸ ਕਾਰਨ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਘਟੇਗੀ ਅਤੇ ਉੱਥੋਂ ਵਾਪਸੀ ਵਾਲੇ ਪੰਜਾਬੀਆਂ ਦੀ ਗਿਣਤੀ ਵਧ ਵੀ ਸਕਦੀ ਹੈ। ਇਸ ਕਰ ਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਅਜਿਹੀਆਂ ਨੀਤੀਆਂ ਦੀ ਲੋੜ ਪੈ ਸਕਦੀ ਹੈ ਜਿਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੀ ਪੰਜਾਬ ਦੇ ਵਾਸੀਆਂ ਨੂੰ ਪਹਿਲ ਮਿਲ ਸਕੇ।
ਹਰਪ੍ਰੀਤ ਸਿੰਘ, ਬਠਿੰਡਾ
(3)
ਕੰਵਲਜੀਤ ਕੌਰ ਗਿੱਲ ਦੇ ਲੇਖ ‘ਪੰਜਾਬ ਵਿੱਚ ਆਵਾਸ-ਪਰਵਾਸ ਦੇ ਮਸਲੇ’ (20 ਨਵੰਬਰ) ਵਿੱਚ ਜੋ ਵਿਚਾਰ ਪ੍ਰਗਟਾਏ ਹਨ, ਸਚਾਈ ਦੇ ਨਜ਼ਦੀਕ ਹਨ। ਪੰਜਾਬ ਨੂੰ ਖਾਲੀ ਤੇ ਖ਼ਤਮ ਕਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ; ਪੰਜਾਬ ’ਚੋਂ ਰੁਜ਼ਗਾਰ ਦੇ ਮੌਕੇ ਖ਼ਤਮ ਕੀਤੇ ਜਾ ਰਹੇ ਹਨ। 15 ਸਾਲਾਂ ਵਿੱਚ ਕਰੀਬ 2 ਲੱਖ ਆਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ। ਸਿੱਖਿਆ ਨੂੰ ਕਾਰਪੋਰੇਟਾਂ ਦੇ ਹੱਥੀਂ ਵੇਚ ਦਿੱਤਾ ਗਿਆ ਹੈ। ਪੰਜਾਬ ਵਿੱਚ ਗ਼ੈਰ-ਪੰਜਾਬੀ ਵਸੋਂ ਦਿਨ-ਬ-ਦਿਨ ਵਧ ਰਹੀ ਹੈ। ਪੰਜਾਬ ਵਿੱਚ ਦੂਜੇ ਰਾਜਾਂ ਤੋਂ ਆ ਕੇ ਲੋਕ ਨੌਕਰੀਆਂ, ਉਹ ਵੀ ਸਰਕਾਰੀ ਕਰ ਰਹੇ ਹਨ। ਜ਼ਮੀਨਾਂ, ਮਕਾਨ, ਕੋਠੀਆਂ ਖਰੀਦ ਕੇ ਇੱਥੋਂ ਦੇ ਵਸਨੀਕ ਬਣ ਕੇ ਵੋਟਰ ਤੇ ਆਧਾਰ ਕਾਰਡ ਬਣਾ ਕੇ ਰਹਿ ਰਹੇ ਹਨ। ਕਿਸੇ ਪਾਰਟੀ ਜਾਂ ਕਿਸੇ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)
ਆਰਥਿਕ ਵਿਕਾਸ ਅਤੇ ਪੀਪੀਪੀ ਮਾਡਲ
ਜਗਦੇਵ ਸਿੰਘ, ਸਮਾਣਾ