ਪਾਠਕਾਂ ਦੇ ਖ਼ਤ
ਅਕਾਲੀ ਦਲ ਦਾ ਸੰਕਟ
6 ਨਵੰਬਰ ਨੂੰ ਸੁਰਿੰਦਰ ਸਿੰਘ ਜੋਧਕਾ ਦਾ ਲੇਖ ‘ਸ਼੍ਰੋਮਣੀ ਅਕਾਲੀ ਦਲ ਦਾ ਸੰਕਟ’ ਪੜ੍ਹਿਆ। ਲਿਖਿਆ ਹੈ- ਇਵੇਂ ਹੀ ਜਾਤ ਤੇ ਜਮਾਤ ਦੇ ਲਿਹਾਜ ਤੋਂ ਇਸ ਦਾ ਸਮਾਜਿਕ ਆਧਾਰ ਛੋਟਾ ਹੋਣ ਦੇ ਬਾਵਜੂਦ ਇਹ ਪਾਰਟੀ ਭਾਈਚਾਰੇ ਦੇ ਸਾਰੇ ਤਬਕਿਆਂ ਨਾਲ ਜੁੜੀ ਰਹੀ। ਇਹ ਜੋੜ ਸਿਧਾਂਤਕ ਨਹੀਂ, ਨਿੱਜੀ ਹਿੱਤਾਂ ਤੋਂ ਪ੍ਰੇਰਿਤ ਸੀ। ਪਾਰਟੀ ਕਾਡਰ ਨੂੰ ਮੁੱਦੇ ਜੋੜਦੇ ਹਨ। ਕੋਈ ਵੀ ਪਾਰਟੀ ਕਿਸੇ ਵੀ ਤਬਕੇ ਨਾਲ ਜੁੜੀ ਤਦ ਸਮਝੀ ਜਾਂਦੀ ਹੈ ਜੇ ਉਹ ਪਾਰਟੀ ਉਸ ਤਬਕੇ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਕਰਦੀ ਹੋਵੇ। ਪਿਛਲੀਆਂ ਚੋਣਾਂ ਵਿੱਚ ਇੱਕ ਰਾਖਵੇਂ ਚੋਣ ਹਲਕੇ ਵਿੱਚ ਉਸ ਹਲਕੇ ਦੇ ਉਮੀਦਵਾਰ ਦਾ ਭਾਸ਼ਣ ਸੁਣਨ ਦਾ ਮੌਕਾ ਮਿਲਿਆ। ਹਰੇਕ ਪਿੰਡ ਵਿੱਚ ਉਸ ਦਾ ਦਸ ਕੁ ਲਫਜ਼ ਹੂ-ਬ-ਹੂ ਦੁਹਰਾ ਕੇ ਮਾਈਕ ਦੂਸਰੇ ਬੁਲਾਰਿਆਂ ਦੇ ਹਵਾਲੇ ਕਰ ਦੇਣਾ ਬੜਾ ਹੀ ਅਜੀਬ ਲੱਗਿਆ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਭਾਸ਼ਣ ਉੱਪਰੋਂ ਲਿਖਿਆ ਆਉਂਦਾ ਹੈ। ਕਿਸੇ ਉਮੀਦਵਾਰ ਨੂੰ ਖੁੱਲ੍ਹ ਕੇ ਬੋਲਣ ’ਤੇ ਪਾਬੰਦੀ ਲਾ ਕੇ ਅਕਾਲੀ ਦਲ ਬਦਲਦੇ ਆਰਥਿਕ ਅਤੇ ਸਮਾਜਿਕ ਵਾਤਾਵਰਨ ਵਿੱਚ ਸੰਕਟ ਨੂੰ ਸੱਦਾ ਹੀ ਤਾਂ ਦੇ ਰਿਹਾ ਸੀ ਜਿਸ ਨੂੰ ਵੱਡੇ ਬਾਦਲ ਦੇ ਪੁੱਤਰ ਮੋਹ ਨੇ ਹੋਰ ਡੂੰਘਾ ਕਰ ਦਿੱਤਾ। 4 ਨਵੰਬਰ ਨੂੰ ਸੁੱਚਾ ਸਿੰਘ ਖੱਟੜਾ ਦਾ ਲੇਖ ‘ਬਟੇਂਗੇ ਤੋ ਕਟੇਂਗੇ: ਇਤਿਹਾਸਕ ਝਰੋਖੇ ’ਚੋਂ’ ਵਿੱਚ ਲੇਖਕ ਇਹ ਹਕੀਕਤ ਸਾਹਮਣੇ ਲਿਆਉਂਦਾ ਹੈ ਕਿ ਭਾਰਤੀ ਸਮਾਜ ਨੂੰ ਵੱਖ ਵੱਖ ਜਾਤਾਂ-ਵਰਣਾਂ ਵਿੱਚ ਵੰਡਣ ਦਾ ਕੰਮ ਸਨਾਤਨ ਧਰਮ ਦੇ ਪੁਰਖਿਆਂ ਨੇ ਕੀਤਾ।
ਜਗਰੂਪ ਸਿੰਘ, ਉਭਾਵਾਲ
ਪ੍ਰਦੂਸ਼ਣ ਤੋਂ ਮੁਕਤੀ
5 ਨਵੰਬਰ ਦੇ ਸੰਪਾਦਕੀ ‘ਪ੍ਰਦੂਸ਼ਣ ਖ਼ਿਲਾਫ਼ ਸਖ਼ਤੀ’ ਵਿੱਚ ਸਹੀ ਲਿਖਿਆ ਹੈ ਕਿ ਪ੍ਰਦੂਸ਼ਣ ਮੁਕਤ ਵਾਤਾਵਰਨ ਬਣਾਉਣਾ ਬਹੁਤ ਜ਼ਰੂਰੀ ਹੈ। ਪਰਾਲੀ ਸਾੜਨ ਦਾ ਬਦਲ ਨਾ ਵਰਤਣ ਦਾ ਕਾਰਨ ਮਹਿੰਗੇ ਯੰਤਰ ਨਹੀਂ ਸਗੋਂ ਪੰਜਾਬ ਵਿੱਚ ਠੇਕੇ ’ਤੇ ਖੇਤੀ ਕਰਨਾ ਹੈ। ਜ਼ਮੀਨਾਂ ਦੇ ਮਾਲਕਾਂ ਵੱਲੋਂ ਹਰੇਕ ਸਾਲ ਪ੍ਰਤੀ ਏਕੜ 60-70 ਹਜ਼ਾਰ ਰੁਪਏ ਠੇਕੇ ਦੀ ਬੇਤਹਾਸ਼ਾ ਰਕਮ ਲੈ ਲਈ ਜਾਂਦੀ ਹੈ। ਉਨ੍ਹਾਂ ਲਈ ਪਰਾਲੀ ਸਾੜਨ ਦੇ ਬਦਲ ਵਰਤਣੇ ਮੁਸ਼ਕਿਲ ਨਹੀਂ ਪਰ ਉਹ ਅਮੀਰ ਹੁੰਦੇ ਹੋਏ ਵੀ ਯੰਤਰਾਂ ’ਤੇ ਖ਼ਰਚ ਕਰਨ ਦੀ ਲੋੜ ਨਹੀਂ ਸਮਝਦੇ। ਜਿਹੜੇ ਕਿਸਾਨ ਠੇਕੇ ’ਤੇ ਖੇਤੀ ਕਰਦੇ ਹਨ, ਉਨ੍ਹਾਂ ਨੂੰ ਠੇਕੇ ਦੀ ਰਕਮ ਦੇਣ ਤੋਂ ਬਾਅਦ ਬਹੁਤ ਘੱਟ ਪੈਸੇ ਬਚਦੇ ਹਨ ਜਿਸ ਕਰ ਕੇ ਉਹ ਚਾਹੁੰਦੇ ਹੋਏ ਵੀ ਪਰਾਲੀ ਦਾ ਬਦਲ ਨਹੀਂ ਵਰਤ ਸਕਦੇ। ਪਰਾਲੀ ਨੂੰ ਅੱਗ ਲਾਉਣ ਬਾਰੇ ਪੁਲੀਸ ਵੱਲੋਂ ਜ਼ਿਆਦਾਤਰ ਅਣਪਛਾਤੇ ਬੰਦਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ਹਾਸੋਹੀਣੀ ਜਾਪਦੀ ਹੈ। ਜੇ ਜ਼ਮੀਨ ਦਾ ਮਾਲਕ ਖ਼ੁਦ ਖੇਤੀ ਕਰਦਾ ਹੈ ਤਾਂ ਪਰਾਲੀ ਨੂੰ ਅੱਗ ਉਸ ਨੇ ਹੀ ਲਾਈ ਹੈ। ਜੇ ਜ਼ਮੀਨ ਠੇਕੇ ’ਤੇ ਹੈ ਤਾਂ ਉਸ ’ਤੇ ਖੇਤੀ ਕਰਨ ਵਾਲੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਹੈ। ਅੱਗ ਲਾਉਣ ਲਈ ਜ਼ਮੀਨ ਦਾ ਮਾਲਕ ਜਾਂ ਠੇਕੇ ’ਤੇ ਖੇਤੀ ਕਰਨ ਵਾਲਾ ਕਿਸਾਨ ਜ਼ਿੰਮੇਵਾਰ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਨਸ਼ਿਆਂ ਦਾ ਕੋਹੜ
2 ਨਵੰਬਰ ਦੇ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਜੰਗ’ ਵਿੱਚ ਅਜਿਹਾ ਮੁੱਦਾ ਉਠਾਇਆ ਗਿਆ ਹੈ ਜਿਹੜਾ ਸਮਾਜ ਵਿੱਚ ਫੈਲੇ ਨਸ਼ਿਆਂ ਦੇ ਕੋਹੜ ਨੂੰ ਅਸਰਦਾਰ ਢੰਗ ਨਾਲ ਖ਼ਤਮ ਕਰਨ ਲਈ ਅਤਿ ਜ਼ਰੂਰੀ ਹੈ। ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਸਰਕਾਰ ਨੇ ਵੱਡੇ-ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਸੰਪਾਦਕੀ ਵਿੱਚ ਜੋ ਸੁਝਾਅ ਦਿੱਤਾ ਗਿਆ ਹੈ, ਜੇ ਉਸ ’ਤੇ ਅਮਲ ਕੀਤਾ ਜਾਵੇ ਤਾਂ ਇਸ ਦੇ ਸਿੱਟੇ ਸਾਰਥਕ ਹੋ ਸਕਦੇ ਹਨ। ਸੁਝਾਅ ਇਹ ਹੈ ਕਿ ਅਜਿਹੇ ਲੋਕਾਂ ਦੀ ਫੜੋ-ਫੜਾਈ ਨਾਲ ਇਨ੍ਹਾਂ ਨੂੰ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਸਮਾਜ ਵਿੱਚ ਨਸ਼ਰ ਵੀ ਕੀਤਾ ਜਾਵੇ। ਉਂਝ, ਸਰਕਾਰ ਦੇ ਨਾਲ-ਨਾਲ ਜੋ ਲੋਕ ਵੀ ਅਜਿਹੇ ਲੋਕਾਂ ਦੇ ਵਿਰੁੱਧ ਖੜ੍ਹੇ ਹੋ ਜਾਣ ਤੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦੇਣ ਤਾਂ ਉਹ ਮੁੜ ਅਜਿਹਾ ਧੰਦਾ ਅਪਨਾਉਣ ਬਾਰੇ ਕਦੇ ਸੋਚਣਗੇ ਵੀ ਨਹੀਂ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਹਵਾ ਦੀ ਸਿਹਤ
ਇਨ੍ਹੀਂ ਦਿਨੀਂ ਹਰ ਸਾਲ ਦਿੱਲੀ ਹਵਾ ਵਿੱਚ ਅਚਾਨਕ ਪ੍ਰਦੂਸ਼ਣ ਵਧ ਜਾਂਦਾ ਹੈ ਜਿਸ ਦਾ ਕਾਰਨ ਪਰਾਲੀ ਸਾੜਨਾ ਦੱਸ ਕੇ ਸਰਕਾਰਾਂ ਆਪਣੀਆਂ ਨਾਲਾਇਕੀਆਂ ਬਹੁਤ ਹੀ ਚਤਰਾਈ ਨਾਲ ਕੱਜ ਲੈਂਦੀਆਂ ਹਨ। ਭਾਰਤੀ ਗਰੀਨ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ ਦਿੱਲੀ ਦੀ ਹਵਾ ਵਿੱਚ ਪਰਾਲੀ ਦਾ ਕੇਵਲ 1.09 ਫ਼ੀਸਦੀ ਹਿੱਸਾ ਕੇਵਲ 15 ਦਿਨਾਂ ਲਈ ਹੀ ਹੁੰਦਾ ਹੈ ਪਰ ਹਵਾ ਦੇ ਦੂਸ਼ਿਤ ਹੋਣ ਦੇ ਹੋਰ ਅਨੇਕ ਕਾਰਨ ਹਨ ਜਿਵੇਂ ਫੈਕਟਰੀਆਂ, ਇੱਟਾਂ ਵਾਲੇ ਭੱਠੇ, ਚਿਮਨੀਆਂ ਦਾ ਜ਼ਹਿਰੀਲਾ ਧੂੰਆਂ ਤੇ ਡੀਜ਼ਲ ਗੱਡੀਆਂ ਦਾ ਧੂੰਆਂ ਜੋ ਕੇਵਲ ਦਿੱਲੀ ਵਿੱਚ ਹੀ ਕਰੋੜਾਂ ਦੇ ਹਿਸਾਬ ਨਾਲ ਚੱਲਦੀਆਂ ਹਨ। ਇਸ ਵਿੱਚ ਕਾਰਪੋਰੇਟ ਸੈਕਟਰ ਦਾ ਵੀ ਵੱਡਾ ਹਿੱਸਾ ਹੈ ਕਿਉਂਕਿ ਸਨਅਤ ਸਾਰੀ ਉਨ੍ਹਾਂ ਦੇ ਹੇਠ ਹੈ ਜਿਸ ’ਤੇ ਕਿਸੇ ਵੀ ਕਿਸਮ ਦੀ ਰੋਕ ਨਹੀਂ ਜੋ ਕਰੋੜਾਂ ਗੈਲਨ ਪਾਣੀ ਰੋਜ਼ ਜਾਇਆ ਕਰਦੀ ਹੈ। ਤੇ ਜ਼ਹਿਰੀਲਾ ਪਾਣੀ ਦਰਿਆਵਾਂ ਵਿੱਚ ਸੁੱਟਦੀ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਅਬੋਹਰ)
ਰੌਚਕ ਢੰਗ
17 ਅਕਤੂਬਰ ਨੂੰ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਅੰਗਰੇਜ਼ੀ ਪੜ੍ਹਾਉਂਦਾ ਸਰਪੰਚ’ ਦਰਸਾਉਂਦਾ ਹੈ ਕਿ ਅੰਗਰੇਜ਼ੀ ਵਿਸ਼ੇ ਨੂੰ ਰੌਚਕ ਢੰਗ ਨਾਲ ਪੜ੍ਹਾਉਣਾ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਵਿਸ਼ਾ ਕੋਈ ਵੀ ਹੋਵੇ, ਉਸ ਪ੍ਰਤੀ ਵਿਦਿਆਰਥੀਆਂ ਵਿੱਚ ਦਿਲਚਸਪੀ ਪੈਦਾ ਕਰਨੀ ਤਜਰਬੇਕਾਰ ਅਤੇ ਚੰਗੇ ਅਧਿਆਪਕ ਦੀ ਯੋਗਤਾ ਨੂੰ ਦਰਸਾਉਂਦਾ ਹੈ। ਲੇਖ ਪੜ੍ਹਦਿਆਂ ਮੈਨੂੰ ਆਪਣਾ ਬੀ ਐੱਡ ਦਾ ਉਹ ਸਮਾਂ ਯਾਦ ਆ ਗਿਆ ਜਦੋਂ ਸਰਕਾਰੀ ਕਾਲਜ ਆਫ ਐਜੂਕੇਸ਼ਨ ਚੰਡੀਗੜ੍ਹ ਵਿੱਚ ਮੇਰੇ ਟੀਚਿੰਗ ਆਫ ਸਾਇੰਸ ਦੇ ਪ੍ਰੋਫੈਸਰ ਸਾਹਿਬ ਨੇ ਕਲਾਸ ਵਿੱਚ ਕਿਹਾ ਸੀ ਕਿ ਜੋ ਅਧਿਆਪਕ ਆਪਣਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੀ ਪਰਿਭਾਸ਼ਾ ਬਲੈਕ ਬੋਰਡ ’ਤੇ ਲਿਖ ਦਿੰਦਾ ਹੈ, ਇਸ ਦਾ ਮਤਲਬ ਹੈ ਕਿ ਉਸ ਨੂੰ ਪੜ੍ਹਾਉਣਾ ਨਹੀਂ ਆਉਂਦਾ। ਵਿਦਿਆਰਥੀ ਕੇਵਲ ਸਰੋਤਾ ਨਹੀਂ ਹੋਣਾ ਚਾਹੀਦਾ, ਉਸ ਦੀ ਭਾਗੀਦਾਰੀ ਜ਼ਰੂਰੀ ਹੈ। ਜਿਸ ਸਕੂਲ ਦਾ ਜ਼ਿਕਰ ਲੇਖਕ ਨੇ ਕੀਤਾ ਹੈ, ਉਸ ਸਕੂਲ ਵਿੱਚ ਮੈਨੂੰ ਵੀ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਜਾਣ ਦਾ ਮੌਕਾ ਮਿਲਿਆ। ਸੱਚਮੁੱਚ ਹੀ ਵਿਦਿਆਰਥੀਆਂ ਵਿਚ ਬਹੁਤ ਆਤਮ-ਵਿਸ਼ਵਾਸ ਸੀ। ਸੋ ਹਰ ਵਿਸ਼ੇ ਦੇ ਅਧਿਆਪਕ ਨੂੰ ਜਮਾਤ ਵਿੱਚ ਪੂਰੀ ਤਿਆਰੀ ਨਾਲ ਜਾਣਾ ਚਾਹੀਦਾ ਹੈ।
ਸ਼ਰਨਜੀਤ ਸਿੰਘ ਖਮਾਣੋਂ, ਈਮੇਲ
ਸਵਾਲ ਪੁੱਛਣਾ ਬਣਦੈ...
4 ਨਵੰਬਰ ਦੇ ਮਾਲਵਾ ਅੰਕ ਸਫ਼ਾ ਨੰਬਰ 8 ’ਤੇ ਛਪੀ ਖ਼ਬਰ ‘ਮੋਗਾ ਵਿੱਚ ਐੱਸਡੀਐੱਮ, ਬੀਡੀਪੀਓ, ਥਾਣਾ ਮੁਖੀਆਂ ਤੇ ਨੋਡਲ ਅਫਸਰਾਂ ਨੂੰ ਨੋਟਿਸ’ ਪੜ੍ਹ ਕੇ ਦੁੱਖ ਹੋਇਆ। ਪਰਾਲੀ ਪ੍ਰਬੰਧਨ ਅਤੇ ਪਰਾਲੀ ਸਾੜਨ ਦੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨੋਡਲ ਅਫਸਰ ਅਤੇ ਉਸ ਤੋਂ ਉੱਪਰ ਕਲੱਸਟਰ ਅਫ਼ਸਰ ਨਿਯੁਕਤ ਕੀਤੇ ਜਾਂਦੇ ਹਨ। ਨੋਡਲ ਅਫਸਰ ਆਪਣੇ ਖੇਤਰ ਵਿੱਚ ਆਨਲਾਈਨ ਲੋਕੇਸ਼ਨ ਮੁਤਾਬਿਕ ਪਰਾਲੀ ਨੂੰ ਅੱਗ ਲੱਗਣ ਸਬੰਧੀ ਕਲੱਸਟਰ ਅਫ਼ਸਰ ਨੂੰ ਰਿਪੋਰਟ ਕਰਦਾ ਹੈ ਅਤੇ ਸਬੰਧਿਤ ਖੇਤਰ ਦਾ ਪਟਵਾਰੀ ਰੈੱਡ ਐਂਟਰੀ ਮਾਰਦਾ ਹੈ। ਜਿਹੜੇ ਨੋਡਲ ਅਫਸਰ ਲਗਾਏ ਜਾਂਦੇ ਹਨ, ਉਨ੍ਹਾਂ ਵਿੱਚ ਕੁਝ ਅਜਿਹੇ ਵਿਭਾਗਾਂ ਵਿੱਚੋਂ ਲਾਏ ਜਾਂਦੇ ਹਨ ਜਿਹੜੇ ਅਤਿ ਜ਼ਰੂਰੀ ਹਨ ਜਿਵੇਂ ਵੈਟਰਨਰੀ ਇੰਸਪੈਕਟਰ, ਵੈਟਰਨਰੀ ਡਾਕਟਰ, ਸਿਹਤ ਕਰਮਚਾਰੀ ਅਤੇ ਅਧਿਆਪਕ। ਇਸ ਖ਼ਬਰ ਵਿੱਚ ਪਰਗਟਜੀਤ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਜੋ ਪੇਸ਼ੇ ਵਜੋਂ ਅਧਿਆਪਕ ਹੈ, ਉੱਤੇ ਪਰਾਲੀ ਪ੍ਰਬੰਧਨ ਦੀ ਡਿਊਟੀ ਵਿੱਚ ਕੁਤਾਹੀ ਦਾ ਮਾਮਲਾ ਦਰਜ ਹੋਇਆ ਹੈ। ਹੁਣ ਮਾਮਲਾ ਦਰਜ ਕਰਨ ਵਾਲਿਆਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰੇ ਜਾਂ ਸਕੂਲ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਛੱਡ ਕੇ ਪਰਾਲੀ ਪ੍ਰਬੰਧਨ ਦੀ ਡਿਊਟੀ ਕਰੇ? ਪਰਾਲੀ ਦਾ ਨਿਬੇੜਾ ਕਰਨਾ ਵਾਤਾਵਰਨ ਨੂੰ ਬਚਾਉਣ ਦਾ ਵਧੀਆ ਉਪਰਾਲਾ ਹੈ ਪਰ ਪਰਾਲੀ ਪ੍ਰਬੰਧਨ ਦੀ ਡਿਊਟੀ ਵਿੱਚ ਅਧਿਆਪਕ ਅਤੇ ਸਿਹਤ ਕਰਮਚਾਰੀ ਜਿਹੜੇ ਐਮਰਜੈਂਸੀ ਸੇਵਾਵਾਂ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਛੋਟ ਮਿਲਣੀ ਚਾਹੀਦੀ ਹੈ।
ਰਜਵਿੰਦਰਪਾਲ ਸ਼ਰਮਾ, ਈਮੇਲ