ਪਾਠਕਾਂ ਦੇ ਖ਼ਤ
ਵਾਲਮੀਕਿ ਦੇ ਪ੍ਰਸੰਗ ਵਿੱਚ ਵੱਡੇ ਸਵਾਲ
23 ਅਕਤੂਬਰ ਦੇ ਵਿਰਾਸਤ ਪੰਨੇ ਉੱਤੇ ਦਲਵੀਰ ਸਿੰਘ ਧਾਲੀਵਾਲ ਦਾ ਲੇਖ ‘ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ’ ਪੜ੍ਹਿਆ। ਉਹ ਸਿਰਫ਼ ਇਸ ਮਹਾਂ ਕਾਵਿ ਦੇ ਰਚੇਤਾ ਹੀ ਨਹੀਂ ਸਨ ਸਗੋਂ ਉਨ੍ਹਾਂ ਔਕੜ ਸਮੇਂ ਸੀਤਾ ਨੂੰ ਸਹਾਰਾ ਦਿੱਤਾ ਅਤੇ ਉਸ ਦੇ ਬੱਚਿਆਂ ਲਵ ਕੁਸ਼ ਨੂੰ ਸ਼ਸਤਰ ਤੇ ਸ਼ਾਸਤਰ ਸਿੱਖਿਆ ਵੀ ਦਿੱਤੀ ਪਰ ਇੰਨੇ ਵੱਡੇ ਵਿਦਵਾਨ ਨੂੰ ਹਿੰਦੂ ਸਮਾਜ ਨੇ ਬਣਦਾ ਸਤਿਕਾਰ ਨਹੀਂ ਦਿੱਤਾ। ਵੱਡੇ ਹਿੰਦੂ ਮੰਦਿਰਾਂ ਵਿੱਚ ਕਦੇ ਭਗਵਾਨ ਵਾਲਮੀਕਿ ਦਾ ਚਿੱਤਰ ਨਹੀਂ ਦੇਖਿਆ। ਸਦੀਆਂ ਤੱਕ ਦਲਿਤਾਂ ਨੂੰ ਮੰਦਰ ’ਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਉੱਚ ਜਾਤੀ ਹਿੰਦੂਆਂ ਦੇ ਘਰਾਂ ਜਾਂ ਦੁਕਾਨਾਂ ਵਿੱਚ ਵੀ ਕਦੇ ਮਹਾਂ ਰਿਸ਼ੀ ਵਾਲਮੀਕਿ ਦਾ ਚਿੱਤਰ ਨਹੀਂ ਦੇਖਿਆ। ਦੂਸਰਾ ਇਹ ਕਿ ਜੇਕਰ ਭਗਵਾਨ ਵਾਲਮੀਕਿ ਜੀ ਪਰਚੇਤਾ ਰਾਜਾ ਦੇ ਪੁੱਤਰ ਸਨ, ਫਿਰ ਸਭ ਤੋਂ ਹੇਠਲੀ (ਅਖੌਤੀ) ਜਾਤ ਦੇ ਕਿਵੇਂ ਹੋਏ? ਇਹ ਵੀ ਸਵਾਲ ਹੈ ਕਿ ਈਸਾ ਤੋਂ 2000 ਸਾਲ ਪਹਿਲਾਂ ਜੇਕਰ ਭਗਵਾਨ ਵਾਲਮੀਕਿ ਇੰਨਾ ਵੱਡਾ ਮਹਾਂ ਕਾਵਿ ਲਿਖਣ ਵਾਲੇ ਵਿਦਵਾਨ ਸਨ ਤਾਂ ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਸਮਾਜ ਸਭ ਤੋਂ ਹੇਠਾਂ ਕਿਉਂ ਤੇ ਕਿਸ ਨੇ ਸੁੱਟਿਆ? ਉਨ੍ਹਾਂ ਦੇ ਹੱਥਾਂ ਵਿੱਚ ਭਗਵਾਨ ਵਾਲਮੀਕਿ ਵਾਂਗ ਕਲਮ ਅਤੇ ਕਿਤਾਬ ਦੀ ਥਾਂ ਝਾੜੂ ਹੀ ਕਿਉਂ? ਉਨ੍ਹਾਂ ਤੋਂ ਵਿੱਦਿਆ, ਧਨ ਅਤੇ ਧਰਤੀ ਖੋਹਣ ਦਾ ਜ਼ਿੰਮੇਵਾਰ ਕੌਣ ਹੈ? ਇਹ ਵੱਡੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣੇ ਬਣਦੇ ਹਨ।
ਸਰਵਨ ਸਿੰਘ, ਈਮੇਲ
ਚੀਨ ਤੋਂ ਚੌਕਸੀ
23 ਅਕਤੂਬਰ ਵਾਲੇ ਸੰਪਾਦਕੀ ‘ਭਾਰਤ ਚੀਨ ਦੀ ਸੁਲ੍ਹਾ ਦੇ ਮਾਅਨੇ’ ਵਿੱਚ ਸਪੱਸ਼ਟ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੇ ਭਾਰਤ ਨੂੰ ਕੁਝ ਸਮਾਂ ਹੋਰ ਸਬਰ ਕਰਨਾ ਪਵੇਗਾ। ਜੋ ਅਖ਼ਬਾਰੀ ਚਰਚਾ ਵਿੱਚ ਕਿਹਾ ਗਿਆ ਹੈ, ਜ਼ਮੀਨੀ ਪੱਧਰ ’ਤੇ ਅਜੇ ਕੁਝ ਵੀ ਨਹੀਂ ਹੋਇਆ। ਅਜੇ ਤਾਂ ਸਿਰਫ਼ ਕਿਆਸਅਰਾਈਆਂ ਹੀ ਹਨ। ਅਸਲੀ ਗੱਲ ਇਹ ਹੈ ਕਿ ਚੀਨ ਨੇ ਹਮੇਸ਼ਾ ਆਪਣੀ ਮਨਮਰਜ਼ੀ ਕੀਤੀ ਹੈ। ਇਹ ਦਿਨ-ਬ-ਦਿਨ ਆਪਣੇ ਪੈਰ ਭਾਰਤ ਵੱਲ ਖਿਸਕਾਉਂਦਾ ਰਹਿੰਦਾ ਹੈ, ਫਿਰ ਸਮਾਂ ਪਾ ਕੇ ਉੱਥੇ ਬੈਠ ਜਾਂਦਾ ਹੈ। ਇਹ ਜੰਗ ਲੜਨ ਵਾਸਤੇ ਸਦਾ ਤਤਪਰ ਰਹਿੰਦਾ ਹੈ। 1962 ਵਿੱਚ ਇਸ ਨੇ ‘ਹਿੰਦੀ ਚੀਨੀ ਭਾਈ ਭਾਈ’ ਨਾਅਰੇ ’ਤੇ ਪਹਿਰਾ ਨਹੀਂ ਦਿੱਤਾ; ਫਿਰ ਕਿਵੇਂ ਯਕੀਨ ਕਰ ਲਈਏ ਕਿ ਹੁਣ ਪਿੱਠ ਵਿੱਚ ਛੁਰਾ ਨਹੀਂ ਮਾਰੇਗਾ। ਇਸ ਲਈ ਸਾਨੂੰ ਅਵੇਸਲੇ ਹੋਣ ਦੀ ਲੋੜ ਨਹੀਂ। ਗ਼ਸਤ ਜਾਰੀ ਰਹਿਣੀ ਚਾਹੀਦੀ ਹੈ। ਕਾਰਗਿੱਲ ਯੁੱਧ ਗਸ਼ਤ ਨਾ ਕਰਨ ਦਾ ਨਤੀਜਾ ਹੈ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ
(2)
23 ਅਕਤੂਬਰ ਦਾ ਸੰਪਾਦਕੀ ‘ਭਾਰਤ ਚੀਨ ਦੀ ਸੁਲ੍ਹਾ ਦੇ ਮਾਅਨੇ’ ਪੜ੍ਹਿਆ। ਪਿੱਛੇ ਜਿਹੇ ਚੀਨ ਨੇ ਤਿੰਨ ਭਾਰਤੀ ਐਥਲੀਟਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਸੀ ਜੋ ਅਰੁਨਾਚਲ ਪ੍ਰਦੇਸ਼ ਤੋਂ ਸਨ। ਇਸ ਤੋਂ ਪਹਿਲਾਂ ਵੀ ਚੀਨ ਭਾਰਤੀ ਫ਼ੌਜੀਆਂ ਨਾਲ ਖਹਿੰਦਾ ਰਿਹਾ ਹੈ। ਹੁਣ ਭਾਵੇਂ ਚੀਨ-ਭਾਰਤ ਸਮਝੌਤਾ ਹੋ ਗਿਆ ਹੈ, ਫਿਰ ਵੀ ਲੱਗਦਾ ਨਹੀਂ ਕਿ ਚੀਨ ਸੁਧਰੇ। ਇਸ ਲਈ ਭਾਰਤ ਨੂੰ ਚੌਕਸ ਰਹਿਣਾ ਪਵੇਗਾ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਸੰਪਾਦਕੀ ‘ਪਰਾਲੀ ਦਾ ਸੇਕ’ ਪੜ੍ਹਿਆ। ਪਰਾਲੀ ਸਾੜਨ ਦੀਆਂ ਘਟਨਾਵਾਂ ਬੰਦ ਨਹੀਂ ਹੋ ਰਹੀਆਂ ਜੋ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਖ਼ਿਲਾਫ਼ ਪਰਚੇ ਇਸ ਮਸਲੇ ਦਾ ਹੱਲ ਨਹੀਂ। ਸਰਕਾਰ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਸਿਰਜਣਾ ’ਤੇ ਮਾਣ
23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਢੁੱਡੀ ਦਾ ਲੇਖ ‘ਰਿਸ਼ਤੇ ਦੀ ਪਾਕੀਜ਼ਗੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਧਿਆਪਕ ਸਮਾਜ ਦਾ ਉਹ ਸਿਰਜਨਹਾਰਾ ਹੈ ਜਿਸ ਨੂੰ ਆਪਣੀ ਸਿਰਜਣਾ ’ਤੇ ਜਿੰਨਾ ਮਾਣ ਹੁੰਦਾ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਨੂੰ ਹੁੰਦਾ ਹੋਵੇ। ਅਧਿਆਪਕ ਆਪਣਾ ਕਿੱਤਾ ਤਾਂ ਪਰਿਵਾਰ ਦਾ ਪੇਟ ਪਾਲਣ ਲਈ ਅਪਨਾਉਂਦਾ ਹੈ ਪਰ ਜੋ ਕੁਝ ਉਹ ਸਮਾਜ ਨੂੰ ਦੇ ਜਾਂਦਾ ਹੈ, ਉਸ ਬਾਰੇ ਅਧਿਆਪਕ ਬਣਨ ਤੋਂ ਪਹਿਲਾਂ ਸ਼ਾਇਦ ਕਦੇ ਉਸ ਦੇ ਜ਼ਿਹਨ ਵਿੱਚ ਵੀ ਨਾ ਆਇਆ ਹੋਵੇ। 14 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਕੇ ਸੀ ਰੁਪਾਣਾ ਦਾ ਲੇਖ ‘ਰੌਸ਼ਨ ਰਾਹ’ ਪੜ੍ਹਿਆ। ਵਾਕਈ, ਅਜੋਕੇ ਯੁੱਗ ਵਿੱਚ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ਲਈ ਕੋਈ ਥਾਂ ਨਹੀਂ। ਉਹ ਦਿਨ ਗਏ ਜਦੋਂ ਪਿੰਡ ਦਾ ਕੋਈ ਸਿਆਣਾ ਕਿਸੇ ਮਰੀਜ਼ ਦਾ ਇਲਾਜ ਹੱਥ ਹੌਲਾ ਕਰ ਕੇ ਜਾਂ ਝਾੜ ਫੂਕ ਨਾਲ ਕਰ ਦਿੰਦਾ ਸੀ। ਮਰੀਜ਼ ਕੁਝ ਸਮੇਂ ਤੋਂ ਬਾਅਦ ਆਪੇ ਠੀਕ ਹੋ ਜਾਂਦਾ ਸੀ ਤੇ ਲੋਕ ਸਮਝਦੇ ਸਨ ਕਿ ਉਹ ਸਿਆਣੇ ਦੀ ਕਰਾਮਾਤ ਨਾਲ ਠੀਕ ਹੋਇਆ ਹੈ। ਲੇਖ ਦੇ ਸੁਨੇਹੇ ਅਨੁਸਾਰ ਅਸੀਂ ਕਿਸੇ ਸੰਕਟ ਜਾਂ ਸਮੱਸਿਆ ਦੇ ਕਾਰਨਾਂ ਦੀ ਤਹਿ ਤੱਕ ਪਹੁੰਚ ਕੇ ਹਰ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਕਈ ਵਾਰ ਕੋਈ ਸਮੱਸਿਆ ਬਿਮਾਰੀ ਦਾ ਰੂਪ ਵੀ ਧਾਰ ਜਾਂਦੀ ਹੈ ਤੇ ਜਦੋਂ ਬਿਮਾਰੀ ਦਾ ਅਸਲ ਕਾਰਨ ਪਤਾ ਲੱਗ ਜਾਵੇ ਤਾਂ ਉਹ ਸਮੱਸਿਆ ਜਿਹੜੀ ਬਿਮਾਰੀ ਦਾ ਰੂਪ ਕਰ ਚੁੱਕੀ ਹੈ, ਉਹ ਦਵਾਈ ਤੋਂ ਬਿਨਾਂ ਵੀ ਠੀਕ ਹੋ ਜਾਂਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਜਥੇਦਾਰ ਦੀ ਸਲਾਹ
22 ਅਕਤੂਬਰ ਨੂੰ ਪੰਨਾ 3 ਉੱਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਪੜ੍ਹਿਆ। ਉਨ੍ਹਾਂ ਦਾ ਅਕਾਲੀ ਦਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਸਲਾਹ ਦੇਣਾ ਸੋਭਦਾ ਨਹੀਂ ਕਿਉਂਕਿ ਉਹ ਸਿੱਖਾਂ ਦੇ ਨੁਮਾਇੰਦੇ ਹਨ ਜੋ ਰਾਜਨੀਤਕ ਪਾਰਟੀ ਭਾਵੇਂ ਕਾਂਗਰਸ, ਆਮ ਆਦਮੀ ਪਾਰਟੀ, ਬਸਪਾ, ਭਾਜਪਾ ਜਾਂ ਕਮਿਊਨਿਸਟ ਪਾਰਟੀ ਦੇ ਮੈਂਬਰ ਕਿਉਂ ਨਾ ਹੋਣ, ਨਾ ਕਿ ਸਿਰਫ਼ ਅਕਾਲੀ ਦਲ ਦੇ। ਉਹ ਅਕਾਲੀ ਦਲ ਵਿੱਚ ਸਿੰਗਲਾ, ਮਿੱਤਲ, ਸਵਰਨਾ ਰਾਮ, ਪਵਨ ਕੁਮਾਰ ਵਰਗਿਆਂ ਦੇ ਨੁਮਾਇੰਦੇ ਤਾਂ ਬਿਲਕੁਲ ਵੀ ਨਹੀਂ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਅੰਗਰੇਜ਼ੀ ਵਾਲਾ ਸਰਪੰਚ
ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘ਅੰਗਰੇਜ਼ੀ ਪੜ੍ਹਾਉਂਦਾ ਸਰਪੰਚ’ (17 ਅਕਤੂਬਰ) ਰਾਹੀਂ ਪੰਜਾਬ ਭਰ ਦੇ ਨਵੇਂ ਚੁਣ ਕੇ ਆਏ ਸਰਪੰਚਾਂ ਨੂੰ ਦਿਲ ਟੁੰਬਵਾਂ ਸੁਨੇਹਾ ਦਿੱਤਾ ਹੈ ਕਿ ਪਿੰਡ ਦੀ ਸੇਵਾ ਸਿਰਫ਼ ਗਲੀਆਂ ਨਾਲੀਆਂ ਬਣਾ ਕੇ ਜਾਂ ਗੰਦੇ ਪਾਣੀ ਦਾ ਨਿਕਾਸ ਕਰ ਕੇ ਹੀ ਨਹੀਂ ਹੁੰਦੀ ਸਗੋਂ ਪਿੰਡ ਸਾਹਮਣੇ ਮੂੰਹ ਅੱਡੀਂ ਖੜ੍ਹੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਆਪਣੇ ਕੀਮਤੀ ਸਮੇਂ ਅਤੇ ਮਨੁੱਖੀ ਸਰੋਤਾਂ ਦੀ ਕੁਰਬਾਨੀ ਦੇ ਕੇ ਵੀ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਸਰਪੰਚ ਪਿੰਡ ਦੇ ਸਕੂਲ ਜਾਂ ਡਿਸਪੈਂਸਰੀ ਵਿੱਚ ਭਲਵਾਨੀ ਗੇੜਾ ਮਾਰ ਕੇ ਸਟਾਫ਼ ਦੀ ਹਾਜ਼ਰੀ ਚੈੱਕ ਕਰਨ ਅਤੇ ਫੋਕੀ ਚੌਧਰ ਦਿਖਾਉਣ ਨੂੰ ਹੀ ਆਪਣੀ ਤਾਕਤ ਸਮਝਦੇ ਹਨ। ਇਨ੍ਹਾਂ ਅਦਾਰਿਆਂ ਦੇ ਕਰਮਚਾਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਤੇ ਉਨ੍ਹਾਂ ਨੂੰ ਹੱਲ ਕਰ ਕੇ ਪਿੰਡ ਦੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ। ਵੱਡੀ ਗਿਣਤੀ ਵਿੱਚ ਚੁਣ ਕੇ ਆਏ ਉੱਚ ਸਿੱਖਿਆ ਪ੍ਰਾਪਤ ਸਰਪੰਚਾਂ ਪਾਸੋਂ ਅਜਿਹੀ ਤਬਦੀਲੀ ਦੀ ਆਸ ਸਮਾਜ ਨੂੰ ਕਰਨੀ ਚਾਹੀਦੀ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਅੰਨਦਾਤੇ ਦੀ ਬੇਕਦਰੀ
15 ਅਕਤੂਬਰ ਦੇ ਸੰਪਾਦਕੀ ‘ਅੰਨਦਾਤੇ ਦੀ ਬੇਕਦਰੀ ਕਿਉਂ’ ਵਿੱਚ ਸਰਕਾਰ ਨੂੰ ਮੌਕਾ ਸਾਂਭਣ ਦੀ ਨਸੀਹਤ ਹੈ। ਉਮਦਾ ਗੱਲ ਮੌਸਮ ਬਾਰੇ ਕੀਤੀ ਹੈ। ਜੇ ਮੌਸਮ ਦੀ ਮਾਰ ਪਈ ਹੁੰਦੀ ਤਾਂ ਸਰਕਾਰ ਦੇ ਅਕਸ ਨੂੰ ਢਾਹ ਲੱਗਣੀ ਸੀ। ਪੰਜਾਬ ਸਰਕਾਰ ਦੇ ਉਪਰਾਲੇ ਭਾਵੇਂ ਜਾਰੀ ਹਨ ਪਰ ਇਹ ਸਿਆਸੀ ਮਸਲਾ ਵੀ ਜਾਪਦਾ ਹੈ। ਕੁਝ ਵੀ ਹੋਵੇ, ਇਹ ਸੰਕਟ ਹਰ ਹਾਲ ਨਿਬੇੜਿਆ ਜਾਵੇ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)
ਰਤਨ ਟਾਟਾ ਨੂੰ ਸ਼ਰਧਾਂਜਲੀ
11 ਅਕਤੂਬਰ ਦੇ ਸੰਪਾਦਕੀ ‘ਨਹੀਂ ਲੱਭਣਾ ਰਤਨ’ ਅਤੇ ਜੂਲੀਓ ਰਿਬੇਰੋ ਦਾ ਲੇਖ ‘ਐਸੀ ਕਰਨੀ ਕਰ ਚਲੇ…’ ਪੜ੍ਹੇ। ਪੜ੍ਹ ਕੇ ਰਤਨ ਟਾਟਾ ਬਾਰੇ ਪਤਾ ਲੱਗਾ ਕਿ ਉਹ ਕਿੰਨੇ ਨੇਕ ਦਿਲ ਇਨਸਾਨ ਸਨ, ਆਪਣੇ ਕਰਮਚਾਰੀਆਂ ਨੂੰ ਪਰਿਵਾਰਕ ਮੈਂਬਰ ਹੀ ਸਮਝਦੇ ਸਨ। ਦੇਹਾਂਤ ਤੋਂ ਬਾਅਦ ਜੋ ਮਾਣ ਰਤਨ ਟਾਟਾ ਨੂੰ ਮਿਲਿਆ, ਉਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ। ਭਾਰਤ ਦੇ ਅੱਜ ਦੇ ਕਾਰਪੋਰੇਟ ਵਰਗ ਨੂੰ ਉਨ੍ਹਾਂ ਦੇ ਜੀਵਨ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਅਵਤਾਰ ਸਿੰਘ, ਮੋਗਾ