ਪਾਠਕਾਂ ਦੇ ਖ਼ਤ
ਵਧੀਆ ਜਾਣਕਾਰੀ
21 ਅਕਤੂਬਰ ਦੇ ਮਿਡਲ ਵਿੱਚ ਉੱਘੇ ਲੇਖਕ ਸੀ. ਮਾਰਕੰਡਾ ਦੀ ਰਚਨਾ ‘ਜਦੋਂ ਭੂਤ ਚਿੰਬੜੇ...’ ਪੜ੍ਹੀ। ਲੇਖਕ ਨੇ ਆਪਣੀ ਹੱਡਬੀਤੀ ਬਿਆਨ ਕਰਕੇ ਡਾਕਟਰੀ ਨਜ਼ਰੀਏ ਤੋਂ ਕਾਫ਼ੀ ਵਧੀਆ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਸ ਤਰ੍ਹਾਂ ਦੇ ਮਰੀਜ਼ਾਂ ਬਾਰੇ ਵੀ ਇਸ਼ਾਰਾ ਕੀਤਾ ਹੈ ਜਿਹੜੇ ਦਿਮਾਗ਼ੀ ਕਮਜ਼ੋਰੀਆਂ ਕਾਰਨ ਮਾਨਸਿਕ ਰੋਗੀ ਹੋ ਜਾਂਦੇ ਹਨ, ਪਰ ਸਾਡੇ ਸਮਾਜ ਵਿੱਚ ਉਨ੍ਹਾਂ ਦੀਆਂ ਅਜਿਹੀਆਂ ਨਾ ਭਾਉਂਦੀਆਂ ਹਰਕਤਾਂ ਨੂੰ ਸਾਡਾ ਸਮਾਜ ਲੰਮੇ ਸਮੇਂ ਤੋਂ ਭੂਤਾਂ ਪ੍ਰੇਤਾਂ ਦੀ ਧੱਕ ਕਹਿ ਕੇ ਜਿੱਥੇ ਖ਼ੁਦ ਭੰਬਲਭੂਸੇ ਵਿੱਚ ਪਿਆ ਰਹਿੰਦਾ ਹੈ, ਉੱਥੇ ਪੀੜਤ ਮਰੀਜ਼ ਨੂੰ ਵੀ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਹੁੰਦਾ ਹੈ। ਲੇਖਕ ਨੇ ਬੜੇ ਵਧੀਆ ਟਕਸਾਲੀ ਪੁਰਾਤਨ ਸ਼ਬਦਾਂ ਦਾ ਪ੍ਰਯੋਗ ਕਰਕੇ ਲਿਖਤ ਨੂੰ ਸਾਹਿਤਕਤਾ ਨਾਲ ਵੀ ਭਰਪੂਰ ਕੀਤਾ ਹੈ ਜਿਵੇਂ ਸਾਜਰੇ, ਮੜੰਗਾ, ਸਰਕਣਾ, ਕਮਦਿਲ, ਸਲੰਘ, ਟੋਹਣ, ਬੌਲਿਆਂ ਵਰਗੀਆਂ, ਡਾਕਟਰੀ ਭਾਸ਼ਾ ਡਿਲੀਰੀਅਮ ਆਦਿ ਸ਼ਬਦਾਂ ਨਾਲ ਵੀ ਲਿਖਤ ਨੂੰ ਸ਼ਿੰਗਾਰ ਕੇ ਕਲਮ ਨਾਲ ਸਹੀ ਇਨਸਾਫ਼ ਕੀਤਾ ਹੈ। ਇਹ ਰਚਨਾ ਰੋਜ਼ਾਨਾ ਪ੍ਰੈਕਟਿਸ ਕਰਦੇ ਡਾਕਟਰੀ ਕਿੱਤੇ ਨਾਲ ਸਬੰਧਿਤ ਆਰ.ਐਮ.ਪੀ. ਡਾਕਟਰਾਂ ਤੇ ਨਰਸਾਂ ਨੂੰ ਵੀ ਪੜ੍ਹ ਲੈਣੀ ਚਾਹੀਦੀ ਹੈ ਜੋ ਦੋਵਾਂ (ਮਰੀਜ਼ ਅਤੇ ਡਾਕਟਰ) ਦੇ ਹਿੱਤ ਵਿੱਚ ਹੋਵੇਗਾ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਅਣਦਿਸਦੇ ਦਬਾਅ
19 ਅਕਤੂਬਰ ਦੇ ‘ਸਤਰੰਗ’ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦੀ ਬਾਲ ਕਹਾਣੀ ‘ਛਲੇਡਾ’ ਬਾਲ ਮਨਾਂ ਦੁਆਰਾ ਹੰਢਾਏ ਜਾ ਰਹੇ ਅਣਦਿਸਦੇ ਦਬਾਅ/ਦੁੱਖ-ਸੰਤਾਪ ਆਦਿ ਦਾ ਵਿਗਿਆਨਕ ਹੱਲ ਪੇਸ਼ ਕਰਦੀ ਹੈ। ਪੰਜਾਬ ਦੇ ਕਈ ਸਾਰੇ ਪੱਛੜੇ ਇਲਾਕਿਆਂ ਵਿੱਚ ਸਿੱਖਿਆ ਦਾ ਪਾਸਾਰ ਨਾ ਹੋਣ ਕਾਰਨ ਅੱਜ ਵੀ ਵਹਿਮ-ਭਰਮ, ਜਾਦੂ-ਟੂਣੇ, ਧਾਗੇ-ਤਵੀਤਾਂ ਤੇ ਹੋਰ ਕਈ ਸਾਰੇ ਅੰਧ-ਵਿਸ਼ਵਾਸਾਂ ਨਾਲ ਓਹੜ-ਪੋਹੜ ਕਰਕੇ ਦੁੱਖਾਂ ਬਿਮਾਰੀਆਂ ਦੇ ਇਲਾਜ ਕਰਨ ਦੇ ਉਪਾਅ ਕੀਤੇ ਜਾਂਦੇ ਹਨ। ਇਹ ਬਹੁਤ ਗ਼ਲਤ ਵਰਤਾਰਾ ਹੈ ਜੋ ਕਿ ਘਰ ਦੇ ਦੁੱਖ-ਸੰਕਟ ਤੇ ਬਿਮਾਰੀਆਂ ਦੂਰ ਕਰਨ ਦੀ ਬਜਾਏ ਬੱਚਿਆਂ ਦੀ ਮਾਨਸਿਕਤਾ ਨੂੰ ਬਿਮਾਰ ਕਰਦਾ ਹੈ। ਕਹਾਣੀ ਮਨੁੱਖ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਸੁਨੇਹਾ ਪ੍ਰਦਾਨ ਕਰਦੀ ਹੈ। ਇਸੇ ਪੰਨੇ ’ਤੇ ਮੋਨਾ ਦਾ ਲੇਖ ‘ਮੈਡਮ ਸਪਨਾ’ ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਦੇ ਫਰਸ਼ ਤੋਂ ਤੱਕ ਪਹੁੰਚਣ ਦੀ ਸੰਘਰਸ਼ਮਈ ਕਹਾਣੀ ਬਿਆਨ ਕਰਦਾ ਹੈ। ਇਹ ਉਹੀ ਹਰਿਆਣਾ ਪ੍ਰਾਂਤ ਹੈ ਜਿੱਥੋਂ ਦੀਆਂ ਕਲਪਨਾ ਚਾਵਲਾ, ਵਿਨੇਸ਼ ਫੋਗਾਟ, ਸਾਇਨਾ ਨੇਹਵਾਲ, ਜੂਹੀ ਚਾਵਲਾ ਆਦਿ ਜਿਹੀਆਂ ਔਰਤਾਂ ਨੇ ਦੇਸ਼ ਦੁਨੀਆ ’ਚ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ। ਸਪਨਾ ਚੌਧਰੀ ਦੀ ਜ਼ਿੰਦਗੀ ’ਤੇ ਮਹੇਸ਼ ਭੱਟ ਤੇ ਵਿਨੈ ਭਾਰਦਵਾਜ ਦੁਆਰਾ ‘ਮੈਡਮ ਸਪਨਾ’ ਨਾਂ ਦੀ ਫਿਲਮ ਬਣਾਉਣਾ ਵੱਡਾ ਕਾਰਜ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਸੰਘਰਸ਼ ਕਰ ਰਹੀਆਂ ਸਮੂਹ ਔਰਤਾਂ ਨੂੰ ਪ੍ਰੇਰਣਾ ਦੇਵੇਗਾ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਜੈਸ਼ੰਕਰ ਦੀ ਪਾਕਿਸਤਾਨ ਫੇਰੀ
ਨੌਂ ਸਾਲਾਂ ਬਾਅਦ ਭਾਰਤ ਦੀ ਪਾਕਿਸਤਾਨ ਫੇਰੀ ਇੱਕ ਚੰਗੀ ਸ਼ੁਰੂਆਤ ਹੈ। ਸਾਡੇ ਪਾਕਿਸਤਾਨ ਤਾਂ ਕੀ, ਬਾਕੀ ਗੁਆਂਢੀ ਮੁਲਕਾਂ ਨਾਲ ਸਬੰਧ ਵੀ ਬਹੁਤੇ ਸੁਖਾਵੇਂ ਨਹੀਂ ਰਹੇ। ਘਰ ਦੀ ਸ਼ਾਂਤੀ ਅਤੇ ਤਰੱਕੀ ਕਈ ਗੁਆਂਢੀਆਂ ਨਾਲ ਚੰਗੇ ਸੰਬੰਧ ਹੋਣੇ ਅਤਿ ਜ਼ਰੂਰੀ ਹਨ ਖ਼ਾਸ ਕਰਕੇ ਓਦੋਂ ਜਦੋਂ ਅਸੀਂ ਗੁਆਂਢੀ ਬਦਲ ਨਾ ਸਕਦੇ ਹੋਈਏ। ਜਿਵੇਂ ਕਿ 18 ਅਕਤੂਬਰ ਦੇ ਸੰਪਾਦਕੀ ਲੇਖ ਵਿੱਚ ਕਿਹਾ ਗਿਆ ਹੈ ਕਿ ਦਹਿਸ਼ਤਗਰਦੀ ਨਾਲ ਕਿਸੇ ਵੀ ਹੀਲੇ ਸਮਝੌਤਾ ਨਾ ਕਰਨ ਦਾ ਅਪਣਾ ਪੱਖ ਸਾਹਮਣੇ ਰੱਖਦਿਆਂ ਨਵੀਂ ਦਿੱਲੀ ਨੂੰ ਆਪਣੇ ਇਸ ਗੁਆਂਢੀ ਨਾਲ ਸਬੰਧ ਸੁਖਾਵੇਂ ਬਣਾਉਣ ਦੇ ਤਰੀਕੇ ਅਜ਼ਮਾਉਂਦੇ ਰਹਿਣਾ ਚਾਹੀਦਾ ਹੈ। ਇਸ ਕਰਕੇ ਜਿੱਥੋਂ ਤੱਕ ਸੰਭਵ ਹੋ ਸਕੇ, ਭਾਰਤ ਨੂੰ ਪਾਕਿਸਤਾਨ ਨਾਲ ਵਪਾਰ ਵਧਾਉਣਾ ਚਾਹੀਦਾ ਹੈ। ਚੀਨ ਵੀ ਸਾਡਾ ਕੋਈ ਬਹੁਤਾ ਵਧੀਆ ਗੁਆਂਢੀ ਨਹੀਂ ਹੈ, ਫਿਰ ਵੀ ਸਾਡਾ ਚੀਨ ਨਾਲ ਵਪਾਰ ਪਾਕਿਸਤਾਨ ਨਾਲੋਂ ਹਜ਼ਾਰਾਂ ਗੁਣਾ ਵੱਧ ਹੈ। ਭਾਰਤ ਨੂੰ ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹਣ ’ਤੇ ਗੌਰ ਕਰਨੀ ਚਾਹੀਦੀ ਹੈ। ਹੋਰ ਨਹੀਂ ਤਾਂ ਝੋਨੇ ਦੇ ਸੀਜ਼ਨ ਨੂੰ ਛੱਡ ਕੇ ਬਾਕੀ ਦੇ ਅੱਠ ਮਹੀਨੇ ਪੰਜਾਬ ਦੀ ਵਾਧੂ ਬਿਜਲੀ ਪਾਕਿਸਤਾਨ ਨੂੰ ਦੇਣ ’ਤੇ ਗੌਰ ਕਰਨੀ ਚਾਹੀਦੀ ਹੈ। ਪੰਜਾਬ ਖੜ੍ਹੇ ਥਰਮਲਾਂ ਦੇ ਕਪੈਸਿਟੀ ਚਾਰਜਜ਼ ਦਿੰਦਾ ਹੈ। ਪਕਿਸਤਾਨ ਵਿੱਚ ਬਿਜਲੀ ਦਾ ਔਸਤ ਭਾਅ ਤਕਰੀਬਨ 40 ਰੁਪਏ (12 ਭਾਰਤੀ ਰੁਪੈ) ਪ੍ਰਤੀ ਯੂਨਿਟ ਹੈ। ਜੇ ਪੰਜਾਬ ਤੋਂ 10 ਰੁਪਏ ਪ੍ਰਤੀ ਯੂਨਿਟ ਵੀ ਬਿਜਲੀ ਦਿੱਤੀ ਜਾਵੇ ਤਾਂ ਵੀ ਕਾਫ਼ੀ ਫ਼ਾਇਦੇ ਵਿੱਚ ਰਹਾਂਗੇ। ਇਸ ਨਾਲ ਪਾਕਿਸਤਾਨ ਦਾ ਉਦਯੋਗ ਭਾਰਤ ’ਤੇ ਨਿਰਭਰ ਹੋਵੇਗਾ। ਬੰਗਲਾਦੇਸ਼ ਵਿੱਚ ਜਦੋਂ ਰਾਜ ਪਲਟਾ ਹੋਇਆ ਤਾਂ ਉਨ੍ਹਾਂ ਨੇ ਅਡਾਨੀ ਦੇ ਭਾਰਤ ਵਿੱਚ ਲੱਗੇ ਬਿਜਲੀ ਪਲਾਂਟ ਤੋਂ ਮਹਿੰਗੀ ਬਿਜਲੀ ਲੈਣੀ ਬੰਦ ਕਰ ਦਿੱਤੀ ਸੀ। ਪਰ ਜਦੋਂ ਉਨ੍ਹਾਂ ਦੇਖਿਆ ਕਿ ਬਿਜਲੀ ਬਿਨਾਂ ਸਰਦਾ ਨਹੀ ਤਾਂ ਫਿਰ ਉਨ੍ਹਾਂ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪਿਆ।
ਜਦੋਂ ਗੁਆਂਢੀ ਨਾਲ ਅਸੀਂ ਕੰਧ ਉੱਤੋਂ ਦੀ ਦਾਲ ਦੀ ਕੌਲ਼ੀ ਵਟਾਉਂਦੇ ਹਾਂ ਤਾਂ ਉਸ ਦੀ ਸਾਡੇ ’ਤੇ ਨਿਰਭਰਤਾ ਵਧ ਜਾਂਦੀ ਹੈ। ਤੁਹਾਡੇ ’ਤੇ ਨਿਰਭਰ ਗੁਆਂਢੀ ਤੁਹਾਡੀ ਝੇਪ ਵੀ ਮੰਨਦਾ ਹੈ ਅਤੇ ਲੋੜ ਪੈਣ ’ਤੇ, ਭਾਵੇਂ ਅਣਮੰਨੇ ਮਨ ਨਾਲ ਹੀ ਕਿਉਂ ਨਾ ਖੜ੍ਹੇ, ਗਲੀ ਮੁਹੱਲੇ ਵਿੱਚ ਤੁਹਾਡੇ ਪੱਖ ਵਿੱਚ ਵੀ ਭੁਗਤਦਾ ਹੈ। ਪਾਕਿਸਤਾਨ ਦੀ ਜਦ ਭਾਰਤ ’ਤੇ ਨਿਰਭਰਤਾ ਵਧੇਗੀ ਤਾਂ ਪਕਿਸਤਾਨ ਨੂੰ ਦਹਿਸ਼ਤਗਰਦੀ ’ਤੇ ਨਕੇਲ ਪਾਉਣ ਲਈ ਪ੍ਰਭਾਵੀ ਢੰਗ ਨਾਲ ਕਹਿ ਵੀ ਸਕਾਂਗੇ।
ਦਰਸ਼ਨ ਸਿੰਘ ਭੁੱਲਰ
ਸਵੈ-ਇੱਛਤ ਗ਼ੁਲਾਮੀ
‘ਪੰਜਾਬੀ ਟ੍ਰਿਬਿਊਨ’ ਦੇ 18 ਅਕਤੂਬਰ ਦੇ ਅੰਕ ਵਿੱਚ ਗੁਰਦੀਪ ਜੌਹਲ ਦਾ ਮਿਡਲ ਲੇਖ ਸਵੈ-ਇੱਛਤ ਗ਼ੁਲਾਮ ਪੜ੍ਹਿਆ ਜੋ ਸੱਚ ਦੇ ਬਿਲਕੁਲ ਕਰੀਬ ਹੈ। ਬਾਹਰਲੇ ਮੁਲਕਾਂ ’ਚ ਜਾ ਕੇ ਸੈੱਟ ਹੋਣ ਦੀ ਬਿਰਤੀ ਨੇ ਇਸ ਗ਼ੁਲਾਮੀ ਨੂੰ ਉਤਸ਼ਾਹਿਤ ਕੀਤਾ ਹੈ। ਅਸੀਂ ਆਪਣੇ ਮੁਲਕ ’ਚ ਗ਼ੁਲਾਮੀ ਦਾ ਫਾਹਾ ਗਲ ’ਚ ਪਾਉਣ ਵਾਸਤੇ ਉੱਕਾ ਤਿਆਰ ਨਹੀਂ, ਪਰ ਕੈਨੇਡਾ ਅਮਰੀਕਾ ਆਦਿ ਦੇਸ਼ਾਂ ’ਚ ਜਾ ਕੇ ਉਹੀ ਫਾਹਾ ਇੱਕ ਦੂਜੇ ਤੋਂ ਮੂਹਰੇ ਹੋ ਕੇ ਆਪਣੇ ਗਲ ’ਚ ਪਾਉਂਦੇ ਹਾਂ। ਅਸੀਂ ਆਪਣੇ ਮੁਲਕ ’ਚ ਦਿਲ ਲਾ ਕੇ ਮਿਹਨਤ ਕਰੀਏ ਤਾਂ ਸਾਨੂੰ ਵਿਦੇਸ਼ਾਂ ਵਿੱਚ ਗ਼ੁਲਾਮ ਬਣਨ ਦੀ ਜ਼ਰੂਰਤ ਨਹੀਂ ਪੈਣੀ। ਪੰਜਾਬੀਆਂ ਜਿੰਨਾ ਦੁਨੀਆ ’ਚ ਸ਼ਾਇਦ ਕੋਈ ਮਿਹਨਤੀ ਨਹੀਂ, ਪਰ ਪੈਸੇ ਤੇ ਸ਼ੋਹਰਤ ਦੀ ਦੌੜ ਇਸ ਸਵੈ-ਇੱਛਤ ਗ਼ੁਲਾਮੀ ਦੀ ਵਜ੍ਹਾ ਹੈ।
ਲੈਕਚਰਾਰ ਅਜੀਤ ਖੰਨਾ
ਅੰਗਰੇਜ਼ੀ ਪੜ੍ਹਾਉਂਦਾ ਸਰਪੰਚ
17 ਅਕਤੂਬਰ ਨੂੰ ਮਿਡਲ ‘ਅੰਗਰੇਜ਼ੀ ਪੜ੍ਹਾਉਂਦਾ ਸਰਪੰਚ’ ਪੜ੍ਹਿਆ ਜੋ ਵਧੀਆ ਅਤੇ ਪ੍ਰੇਰਨਾ ਦੇਣ ਵਾਲਾ ਜਾਪਿਆ। ਸਕੂਲ ਦਾ ਸੰਚਾਲਨ ਸਿਰਫ਼ ਸਰਕਾਰ ’ਤੇ ਨਾ ਛੱਡ ਕੇ ਸਥਾਨਕ ਲੋਕਾਂ ਨੂੰ ਵੀ ਹੰਭਲਾ ਮਾਰਨਾ ਚਾਹੀਦਾ ਹੈ।
ਰਾਜਦੀਪ ਕੌਰ, ਦਸੌਂਧਾ ਸਿੰਘ ਵਾਲਾ
ਪੜ੍ਹਨ ਤੋਂ ਪੜ੍ਹਾਉਣ ਤੱਕ
15 ਅਕਤੂਬਰ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਸੰਪਾਦਕੀ ਪੰਨੇ ਉੱਤੇ ਛਪਿਆ ਪ੍ਰੋ. ਮੋਹਣ ਸਿੰਘ ਦਾ ਲੇਖ ‘...ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ’ ਬਹੁਤ ਹੀ ਸੋਹਣਾ ਲੇਖ ਹੈ। ਇਸ ਵਿੱਚ ਲੇਖਕ ਨੇ ਪੜ੍ਹਨ ਤੋਂ ਲੈ ਕੇ ਪੜ੍ਹਾਉਣ ਤੱਕ ਦੇ ਸਫ਼ਰ ਨੂੰ ਬਿਆਨ ਕੀਤਾ ਹੈ। ਬਾਬਾ ਜੀ ਕੋਲ ਜਾ ਕੇ ਪਾਸ ਹੋਣ ਲਈ ਸੁੱਖਾਂ ਸੁੱਖਣ ਤੋਂ ਲੈ ਕੇ ਪਾਸ ਹੋਣ ਤੋਂ ਬਾਅਦ ਸੁੱਖ ਨੂੰ ਭੁੱਲ ਜਾਣ ਤੱਕ ਦੇ ਸਮੇਂ ਬਾਰੇ ਦੱਸਿਆ ਹੈ। ਗੁਰੂਘਰ ਵਿੱਚ ਜਾ ਕੇ ਪਾਸ ਹੋਣ ਲਈ ਸੁੱਖ ਸੁੱਖਣ ਦਾ ਕਿੱਸਾ ਤਾਂ ਹਰ ਇੱਕ ਵਿਦਿਆਰਥੀ ਦੇ ਜੀਵਨ ਨਾਲ ਜੁੜਿਆ ਹੋਇਆ ਹੈ।
ਕੁਲਵੀਰ ਕੌਰ, ਸੰਦੌੜ
ਅੰਨਦਾਤੇ ਦੀਆਂ ਮੁਸ਼ਕਲਾਂ
‘ਪੰਜਾਬੀ ਟ੍ਰਿਬਿਊਨ’ ਦੇ 21 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ਲੇਖ ‘ਮੰਡੀਆਂ ਵਿੱਚ ਰੁਲਦਾ ਅੰਨਦਾਤਾ’ ਵਿੱਚ ਕਾਫ਼ੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਹੈ ਕਿ ਪੰਜਾਬ ਦਾ ਅੰਨਦਾਤਾ ਮੰਡੀਆਂ ਵਿੱਚ ਰੁਲ ਰਿਹਾ ਹੈ। ਪੰਜਾਬ ਦੇ ਅੰਨਦਾਤੇ ਨੂੰ ਬਦਲਵੀਆਂ ਫ਼ਸਲਾਂ ਵੱਲ ਮੋੜਾ ਕੱਟਣਾ ਚਾਹੀਦਾ ਹੈ। ਕਿਸਾਨ ਨੂੰ ਆਪਣੀ ਲੋੜ ਮੁਤਾਬਿਕ ਘਰੇਲੂ ਵਰਤੋਂ ਲਈ ਹਰ ਚੀਜ਼ ਸਮੇਤ ਸਬਜ਼ੀਆਂ, ਗੰਨੇ, ਦਾਲਾਂ, ਹਲਦੀ ਮਿਰਚਾਂ ਆਦਿ ਦੀ ਖੇਤੀ ਕਰਨੀ ਚਾਹੀਦੀ ਹੈ ਤੇ ਝੋਨੇ ਥੱਲੇ ਰਕਬਾ ਘਟਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਰੇਹਾਂ ਸਪਰੇਆਂ ਤੋਂ ਪਰਹੇਜ਼ ਕਰਕੇ ਜੈਵਿਕ ਖੇਤੀ ਵੱਲ ਵਧਣਾ ਚਾਹੀਦਾ ਹੈ। ਦਿਨੋ ਦਿਨ ਜ਼ਮੀਨਾਂ ਦੇ ਵਧ ਰਹੇ ਠੇਕੇ ਘਟਾਉਣੇ ਚਾਹੀਦੇ ਹਨ। ਬਾਜ਼ਾਰ ਵਿੱਚੋਂ ਮਿਲਾਵਟ ਵਾਲੀਆਂ ਚੀਜ਼ਾਂ ਖ਼ਰੀਦਣ ਤੋਂ ਪਰਹੇਜ਼ ਕਰਦਿਆਂ ਬਿਮਾਰੀਆਂ ਤੋਂ ਰਹਿਤ ਸਿਹਤਮੰਦ ਜ਼ਿੰਦਗੀ ਜਿਊਣ ਵੱਲ ਕਦਮ ਪੁੱਟਣਾ ਚਾਹੀਦਾ ਹੈ।
ਜਗਜੀਤ ਸਿੰਘ