ਪਾਠਕਾਂ ਦੇ ਖ਼ਤ
ਸ਼ਬਦਾਂ ਦੇ ਹੰਝੂ
ਸ਼ੁੱਕਰਵਾਰ 18 ਅਕਤੂਬਰ ਨੂੰ ਛਪਿਆ ਅਮਰਜੀਤ ਸਿੰਘ ਵੜੈਚ ਦਾ ਲੇਖ ‘ਦੁਰਯੋਧਨ ਅਜੇ ਨਹੀਂ ਮਰਿਆ’ ਸਿਰਫ਼ ਬਲਾਤਕਾਰ ਅਤੇ ਔਰਤਾਂ ਤੇ ਬੱਚੀਆਂ ਖ਼ਿਲਾਫ਼ ਹੋ ਰਹੇ ਜਿਣਸੀ ਜ਼ੁਲਮਾਂ ਦੇ ਅੰਕੜੇ ਅਤੇ ਇਤਿਹਾਸ ਹੀ ਨਹੀਂ ਦੱਸਦਾ ਸਗੋਂ ਉਸ ਪੀੜ ਨੂੰ ਵੀ ਬਿਆਨ ਕਰਦਾ ਹੈ ਜਿਹੜੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਇਸਤਰੀ ਪੁਰਸ਼ ਦੇ ਜ਼ਿਹਨ ਵਿੱਚ ਇਨ੍ਹਾਂ ਜ਼ੁਲਮਾਂ ਖ਼ਿਲਾਫ਼ ਦਰਦ ਬਣ ਕੇ ਉੱਠਦੀ ਹੈ। ਲੇਖ ਦਾ ਇੱਕ-ਇੱਕ ਸ਼ਬਦ ਅਜਿਹੇ ਮਨੁੱਖਾਂ ਦੀ ਅੱਖ ਤੋਂ ਵਗਿਆ ਹੰਝੂ ਬਣ ਜਾਂਦਾ ਹੈ। ਕਿੰਨਾ ਚੰਗਾ ਹੋਵੇ ਮਨੁੱਖਤਾ ਲਈ ਸਰਾਪ ਬਣੇ ਅੱਜ ਦੇ ਸਿਆਸਤਦਾਨ, ਬਾਬੇ, ਗਾਇਕ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਹ ਦਰਦ ਸਮਝਣ।
ਸੁਖਜਿੰਦਰ ਸਿੰਘ, ਰੂਪਨਗਰ
ਅੰਗਰੇਜ਼ੀ ਪੜ੍ਹਾਉਂਦਾ ਸਰਪੰਚ
17 ਅਕਤੂਬਰ ਦੇ ਅੰਕ ’ਚ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਅੰਗਰੇਜ਼ੀ ਪੜਾਉਂਦਾ ਸਰਪੰਚ’ ਦਿਲਚਸਪ ਸੀ। ਜਦੋਂ ਬੱਚਿਆਂ ਨੂੰ noun, verb, adjective, adverb ਆਦਿ ਬਾਰੇ ਸਮਝਾ ਦਿੱਤਾ ਜਾਵੇ ਤਾਂ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਵੇਲੇ ਵੱਖ-ਵੱਖ ਅੱਖਰ ਅਤੇ ਵਾਕ ਬੱਚਿਆਂ ਨੂੰ ਗਰਾਮਰ ਸਮਝਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ। ਹਫ਼ਤਾ ਕੁ ਪਹਿਲਾਂ ਪਾਤੜਾਂ ਦੇ ਇੱਕ ਸਕੂਲ ਵਿਚ ਅੱਠਵੀਂ, ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਨੂੰ ਇਹੀ ਚੀਜ਼ਾਂ ਪੰਜਾਬੀ, ਹਿੰਦੀ ਦਾ ਹਵਾਲਾ ਦੇ ਕੇ ਸਮਝਾਈਆਂ ਤਾਂ ਉਨ੍ਹਾਂ ਨੇ ਬਹੁਤ ਦਿਲਚਸਪੀ ਦਿਖਾਈ। ਮੈਂ ਤਿੰਨ ਕਲਾਸਾਂ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਜਮਾਤ ਵਿੱਚ ਬਿਠਾ ਲਿਆ ਸੀ। ਲੇਖ ਵਿਚਲੀ ‘ਅੰਗਰੇਜ਼ੀ ਜਿੰਨੀ ਬੱਚਿਆਂ ਨੂੰ ਸਿਖਾਉਗੇ, ਅਧਿਆਪਕ ਵੀ ਵੱਧ ਸਿੱਖਣਗੇ’ ਵਾਲੀ ਗੱਲ ਇਕੱਲੀ ਅੰਗਰੇਜ਼ੀ ’ਤੇ ਨਹੀਂ ਸਗੋਂ ਸਾਰੇ ਵਿਸ਼ਿਆਂ ’ਤੇ ਲਾਗੂ ਹੁੰਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
(2)
17 ਅਕਤੂਬਰ ਦਾ ਮਿਡਲ ‘ਅੰਗਰੇਜ਼ੀ ਪੜ੍ਹਾਉਂਦਾ ਸਰਪੰਚ’ ਪੜ੍ਹਿਆ। ਵਧੀਆ ਅਤੇ ਪ੍ਰੇਰਨਾ ਦੇਣ ਵਾਲਾ ਹੈ। ਸਕੂਲ ਦਾ ਸੰਚਾਲਨ ਸਿਰਫ਼ ਸਰਕਰ ’ਤੇ ਨਾ ਛੱਡ ਕੇ ਸਥਾਨਕ ਲੋਕਾਂ ਨੂੰ ਵੀ ਹੰਭਲਾ ਮਾਰਨਾ ਚਾਹੀਦਾ ਹੈ। ਇਸੇ ਦਿਨ ਦਾ ਸੰਪਾਦਕੀ ‘ਪਰਾਲੀ ਦਾ ਸੇਕ’ ਵੀ ਪੜ੍ਹਿਆ। ਅਸਲ ਵਿੱਚ ਪਰਾਲੀ ਦਾ ਮੁੱਦਾ ਹੁਣ ਸਮਾਜਿਕ ਔਕੜ ਦੀ ਥਾਂ ਰਾਜਸੀ ਮੁੱਦਾ ਬਣ ਗਿਆ ਹੈ। ਪਰਾਲੀ ਦਾ ਧੂੰਆਂ ਪੰਜਾਬ ਅਤੇ ਹਰਿਆਣਾ ਲੰਘ ਕੇ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ? ਇਸ ਦਾ ਕੋਈ ਜਵਾਬ ਨਹੀਂ। ਦਸਹਿਰੇ ਵੇਲੇ ਚੱਲਦੇ ਪਟਾਕਿਆਂ ਬਾਰੇ ਜੇ ਕੋਈ ਗੱਲ ਕਰੇ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ। ਲੱਖਾਂ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਦਾ ਧੂੰਆਂ, ਸੱਤਾਧਾਰੀਆਂ ਨੂੰ ਮਿਲਦੇ ਕਰੋੜਾਂ ਰੁਪਏ ਦੇ ਚੰਦੇ ਕਰ ਕੇ ਚਰਚਾ ਦਾ ਵਿਸ਼ਾ ਨਹੀਂ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਪਾਸੇ ਗੰਭੀਰ ਹੋ ਕੇ ਸੋਚਣਾ ਚਾਹੀਦਾ ਹੈ। ਪਰਾਲੀ ਸਾੜਨ ਨਾਲ ਅਸੀਂ ਜ਼ਮੀਨ ਨੂੰ ਬੰਜਰ ਹੋਣ ਵੱਲ ਧੱਕ ਰਹੇ ਹਾਂ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ
(3)
17 ਅਕਤੂਬਰ ਦੇ ਅੰਕ ਵਿੱਚ ਸੁੱਚਾ ਸਿੰਘ ਖੱਟੜਾ ਦੀ ਰਚਨਾ ‘ਅੰਗਰੇਜ਼ੀ ਪੜ੍ਹਾਉਂਦਾ ਸਰਪੰਚ’ ਪੜ੍ਹੀ। ਸੇਵਾਮੁਕਤ ਅਧਿਆਪਕ ਵੱਲੋਂ ਸਰਪੰਚ ਬਣਨ ਤੋਂ ਬਾਅਦ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਵਾਲੀ ਸੇਵਾ ਬਾ-ਕਮਾਲ ਹੈ। ਉਨ੍ਹਾਂ ਆਪਣੀ ਕਲਾ ਦੀ ਸਹੀ ਵਰਤੋਂ ਕੀਤੀ ਹੈ। ਅਜੋਕੇ ਸਮੇਂ ਵਿੱਚ ਅਜਿਹੇ ਇਨਸਾਨਾਂ ਦੀ ਲੋੜ ਹੈ ਜੋ ਸੇਵਾਮੁਕਤ ਹੋਣ ਤੋਂ ਬਾਅਦ ਵੀ ਸਮਾਜ ਨੂੰ ਸੇਧ ਦੇ ਸਕਣ। ਪੰਚ ਸਰਪੰਚ ਅਜਿਹੇ ਹੋਣੇ ਚਾਹੀਦੇ ਹਨ ਜੋ ਪੰਚਾਇਤੀ ਕੰਮਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਵਿੱਦਿਆ ਵੱਲ ਉਚੇਚਾ ਧਿਆਨ ਦੇਣ।
ਗੀਤਪ੍ਰੀਤ ਕੌਰ ਸਿੱਧੂ, ਪਟਿਆਲਾ
ਵੋਟਰ ਦੀ ਸੂਝ-ਬੂਝ
ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਚੋਣ ਨਤੀਜਿਆਂ ਉੱਤੇ 9 ਅਕਤੂਬਰ ਦੇ ਦੋ ਸੰਪਾਦਕੀ ਪੜ੍ਹਦਿਆਂ ਇਹ ਅਹਿਸਾਸ ਤੀਬਰਤਾ ਨਾਲ ਹੁੰਦਾ ਹੈ ਕਿ ਭਾਰਤੀ ਵੋਟਰ ਸੂਝ-ਬੂਝ ਪੱਖੋਂ ਬਹੁਤ ਚੁਸਤ ਹੈ। ਉਹ ਰਾਇ (ਓਪੀਨੀਅਨ) ਅਤੇ ਐਗਜ਼ਿਟ ਪੋਲਾਂ ਦੇ ਸਰਵੇਖਣਾਂ ਦੀ ਧੂੜ ਵੀ ਉਡਾ ਦਿੰਦਾ ਹੈ। ਕੋਈ ਹਾਰੇ ਕੋਈ ਜਿੱਤੇ, ਇਹ ਵੱਖਰੀ ਗੱਲ ਹੈ ਪਰ ਜੋ ਨਤੀਜੇ ਆਏ, ਉਨ੍ਹਾਂ ਨੇ ਹਰਿਆਣੇ ਵਿੱਚ ਤਾਂ ਤਰਥੱਲੀ ਹੀ ਮਚਾ ਦਿੱਤੀ। ਜਿੱਤਣ ਵਾਲੇ ਦੇ ਸਾਰੇ ਐਬ ਢਕੇ ਜਾਂਦੇ ਹਨ। ਹਰਿਆਣੇ ਦੀ ਭਾਜਪਾ ਸਰਕਾਰ ਨੇ ਸ਼ੰਭੂ ਬਾਰਡਰ ’ਤੇ ਜਿਵੇਂ ਸ਼ੇਰ ਸ਼ਾਹ ਸੂਰੀ ਮਾਰਗ ਰੋਕਿਆ, ਉਹ ਕਿਸੇ ਮਨੁੱਖ ਦੀ ਦਿਲ ਦੀ ਮੁੱਖ ਨਾੜੀ ਬੰਦ ਕਰਨ ਬਰਾਬਰ ਹੈ ਪਰ ਹੁਣ ਉਹ ਵੀ ਸਹੀ ਸਿੱਧ ਹੋ ਗਿਆ ਹੈ। ਹੁਣ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਸਾਰੇ ਔਗੁਣ ਬਾਹਰ ਆਉਣਗੇ ਅਤੇ ਸ਼ੈਲਜਾ ਇਨ੍ਹਾਂ ਨੂੰ ਆਪਣੇ ਹੱਕ ਵਿੱਚ ਵਰਤਣ ਦਾ ਪੂਰਾ ਯਤਨ ਕਰੇਗੀ। ਜਨਨਾਇਕ ਖਲਨਾਇਕ ਬਣ ਗਿਆ ਕਿਉਂਕਿ ਇੱਕ ਵੀ ਸੀਟ ਨਾ ਜਿੱਤ ਸਕਿਆ। ਕਸ਼ਮੀਰ ਦੇ ਨਤੀਜੇ ਅੰਦਾਜ਼ੇ ਦੇ ਨੇੜੇ ਹਨ ਪਰ ਤਾਂ ਵੀ ਰਸ਼ੀਦ ਇੰਜਨੀਅਰ ਦੀ ਲੋਕ ਸਭਾ ਵਿੱਚ ਜਿੱਤ ਨੇ ਇੱਥੇ ਕੋਈ ਅਰਥ ਨਹੀਂ ਰੱਖੇ। ਦੂਜਾ ਜੰਮੂ ਕਸ਼ਮੀਰ ਜਦੋਂ ਤੱਕ ਪੂਰਾ ਰਾਜ ਨਹੀਂ ਬਣਦਾ, ਇਹ ਦਿੱਲੀ ਵਾਂਗ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਨਾਲ ਹਰ ਵਕਤ ਟਕਰਾਅ ਦਾ ਕਾਰਨ ਬਣਿਆ ਰਹੇਗਾ। ਡੋਡਾ ਵਿੱਚ ‘ਆਪ’ ਦੀ ਜਿੱਤ ਅਤੇ ਕੁਲਗ਼ਾਮ ਤੋਂ ਮਾਰਕਸੀ ਕਮਿਊਨਿਸਟ ਤਾਰਾਗਾਮੀ ਦੀ ਜਿੱਤ ਨਿਵੇਕਲੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਖ਼ੂਬਸੂਰਤ ਸੁਨੇਹਾ
5 ਅਕਤੂਬਰ ਨੂੰ ਸਤਰੰਗ ਪੰਨੇ ਉੱਤੇ ਡਾ. ਦਰਸ਼ਨ ਸਿੰਘ ਆਸ਼ਟ ਦੀ ਬਾਲ ਕਹਾਣੀ ਖ਼ੂਬਸੂਰਤ ਸੁਨੇਹਾ ਦਿੰਦੀ ਹੈ। ਬੱਦੂ ਬੱਦਲ ਭਾਵੇਂ ਗੁਸੈਲ ਦਰਸਾਇਆ ਗਿਆ ਹੈ ਪਰ ਹਵਾ ਉਸ ਨੂੰ ਆਪਣਾ ਸੁਭਾਅ ਬਦਲਣ ਲਈ ਮਜਬੂਰ ਕਰ ਦਿੰਦੀ ਹੈ। ਧਰਤੀ ਦੀ ਹਰਿਆਵਲ ਹਵਾ ਅਤੇ ਪਾਣੀ ’ਤੇ ਨਿਰਭਰ ਹੈ। ਕਹਾਣੀ ਦਾ ਅੰਤ ਬਹੁਤ ਵਧੀਆ ਹੈ। ਹਵਾ ਬੱਦੂ ਨੂੰ ਹੌਸਲਾ ਦਿੰਦੇ ਹੋਏ ਕਹਿੰਦੀ ਹੈ ਕਿ ਵਰ੍ਹਨ ਨਾਲ ਮੁੱਕ ਨਹੀਂ ਜਾਵੇਗਾ ਬਲਕਿ ਉਹ ਉਸ ਨੂੰ ਵਾਪਸ ਰੂਪ ਵਿੱਚ ਫਿਰ ਬੱਦਲ ਬਣਾ ਦੇਵੇਗੀ।
ਪੋਲੀ ਬਰਾੜ, ਅਮਰੀਕਾ
ਪ੍ਰਦੂਸ਼ਣ ਬਨਾਮ ਬਿਮਾਰੀਆਂ
16 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਪੰਜਾਬ ਜਦੋਂ ਗੈਸ ਚੈਂਬਰ ਬਣਦਾ ਹੈ…’ ਵਾਤਾਵਰਨ ਪ੍ਰਦੂਸ਼ਣ ਦੇ ਕਾਰਨਾਂ ਅਤੇ ਇਸ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਦਾ ਲੇਖਾ-ਜੋਖਾ ਪੇਸ਼ ਕਰਦਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਨਵੰਬਰ/ਦਸੰਬਰ ਮਹੀਨਿਆਂ ਦੌਰਾਨ ਪੈਣ ਵਾਲੀ ਧੁੰਦ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ/ਪਰਾਲੀ ਆਦਿ ਸਾੜਨ ਨਾਲ ਆਲੇ-ਦੁਆਲੇ ਧੂੰਏ ਦੇ ਗੁਬਾਰ ਫੈਲ ਜਾਂਦੇ ਹਨ ਜੋ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਅੱਜ ਲੋੜ ਹੈ ਕਿ ਅਸੀਂ ਵਾਤਾਵਰਨ ਵਿੱਚ ਆ ਰਹੇ ਵਿਗਾੜ ਦੂਰ ਕਰਨ ਲਈ ਸਮੂਹ ਲੋਕਾਈ ਨੂੰ ਇੱਕਜੁੱਟ ਕਰ ਕੇ ਠੋਸ ਉਪਰਾਲੇ ਕਰੀਏ। 16 ਅਕਤੂਬਰ ਨੂੰ ਇਸੇ ਪੰਨੇ ’ਤੇ ਗੱਜਣਵਾਲਾ ਸੁਖਮਿੰਦਰ ਦਾ ਲੇਖ ‘ਆਪਣੀ ਮਿੱਟੀ’ ਇਨਸਾਨ ਦੇ ਭੂ-ਹੇਰਵਿਆਂ ਨੂੰ ਬਹੁਤ ਕਰੁਣਾਮਈ ਪ੍ਰਸੰਗ ਨਾਲ ਪੇਸ਼ ਕਰਦਾ ਹੈ। ਇਨਸਾਨ ਰੋਜ਼ੀ-ਰੋਟੀ ਦੀ ਭਾਲ ਵਿੱਚ ਕਿਤੇ ਵੀ ਚਲਿਆ ਜਾਵੇ, ਉਸ ਦਾ ਆਪਣੀ ਜਨਮ ਭੂਮੀ ਨਾਲ ਲਗਾਓ ਮਰਦੇ ਦਮ ਤੱਕ ਰਹਿੰਦਾ ਹੈ।
ਤਰਸੇਮ ਸਿੰਘ, ਡਕਾਲਾ (ਪਟਿਆਲਾ)