For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:19 AM Oct 17, 2024 IST
ਪਾਠਕਾਂ ਦੇ ਖ਼ਤ
Advertisement

ਪ੍ਰਦੂਸ਼ਣ ਦੀ ਮਾਰ
ਗੁਰਚਰਨ ਸਿੰਘ ਨੂਰਪੁਰ ਦੇ 16 ਅਕਤੂਬਰ ਨੂੰ ਛਪੇ ਲੇਖ ‘ਪੰਜਾਬ ਜਦੋਂ ਗੈਸ ਚੈਂਬਰ ਬਣਦਾ ਹੈ’ ਵਿੱਚ ਪੇਸ਼ ਕੀਤੇ ਵਿਚਾਰ ਤਰਕ ਵਾਲੇ ਹਨ। ਆਮ ਤੌਰ ’ਤੇ ਅਸੀਂ ਕਿਸੇ ਵੀ ਗ਼ਲਤੀ ਲਈ ਦੂਸਰੇ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਾਂ, ਸਵੈ-ਚਿੰਤਨ ਨਹੀਂ ਕਰਦੇ। ਗੁਰਪੁਰਬਾਂ, ਦੀਵਾਲੀ ਅਤੇ ਹੋਰ ਤਿਉਹਾਰਾਂ ਸਮੇਂ ਜੋ ਅੰਧਾ-ਧੁੰਦ ਪਟਾਕੇ ਚਲਾਏ ਜਾਂਦੇ ਹਨ, ਉਨ੍ਹਾਂ ’ਤੇ ਵੀ ਕੁਝ ਬੰਦਿਸ਼ ਲੱਗਣੀ ਚਾਹੀਦੀ ਹੈ। ਆਮ ਨਾਗਰਿਕ ਨੂੰ ਵੀ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ।
ਰਣਜੀਤ ਕੌਰ, ਪਟਿਆਲਾ

Advertisement


(2)
ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਹੈ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ ਪੰਜਾਬ ਦੀ ਰਹਿੰਦ- ਖੂੰਹਦ ਦਾ ਧੂੰਆਂ ਜ਼ਿੰਮੇਵਾਰ ਨਹੀਂ, ਕੇਵਲ 2.6% ਕਾਰਬਨ, ਉਹ ਵੀ ਕੇਵਲ 15 ਦਿਨਾਂ ਲਈ ਦਿੱਲੀ ਦੀ ਹਵਾ ਨੂੰ ਦੂਸ਼ਿਤ ਨਹੀਂ ਕਰ ਸਕਦੀ। ਸਵਾਲ ਹੈ: ਦਿੱਲੀ ਨਾਲ ਹਰਿਆਣਾ, ਯੂਪੀ, ਹਿਮਾਚਲ ਪਰਾਲੀ ਤੇ ਕਣਕ ਦੇ ਨਾੜ ਕਿੱਥੇ ਸੁੱਟਦੇ? ਇਹ ਪ੍ਰਸ਼ਨ ਕੌਣ ਪੁੱਛੇ, ਕੇਂਦਰ ਨੇ ਤਾਂ ਪੰਜਾਬ ਨੂੰ ਦੋਸ਼ੀ ਕਹਿਣਾ ਹੁੰਦਾ ਹੈ। ਰਵਨੀਤ ਬਿੱਟੂ, ਕੰਗਣਾ ਰਣੌਤ, ਹਰਜੀਤ ਗਰੇਵਾਲ ਤੇ ਸੁਨੀਲ ਜਾਖੜ ਵਰਗੇ ਕੁਝ ਅਜਿਹੇ ਲੋਕ ਵੀ ਹਨ ਜੋ ਅਕਸਰ ਪੁੱਠੇ-ਸਿੱਧੇ ਬਿਆਨ ਦਾਗ ਕੇ ਭੰਬਲਭੂਸਾ ਵਧਾਉਂਦੇ ਹਨ। ਪੰਜਾਬ ਦੇਸ਼ ਦੇ ਅੰਨ ਭੰਡਾਰ ਭਰਦਾ ਹੈ; ਉਲਟਾ ਇਸ ਨੂੰ ਸਜ਼ਾ ਇਹ ਮਿਲਦੀ ਹੈ ਕਿ ਸਿਆਸੀ ਕਾਰਨਾਂ ਕਰ ਕੇ ਫੰਡ ਰੋਕ ਲਏ ਜਾਂਦੇ ਹਨ।
ਬਲਦੇਵ ਵਿਰਕ, ਝੂਰੜ ਖੇੜਾ (ਅਬੋਹਰ)

Advertisement


ਫਿਰ ਜ਼ਿੰਮੇਵਾਰੀ ਕਿਸ ਦੀ?
14 ਅਕਤੂਬਰ ਦਾ ਸੰਪਾਦਕੀ ‘ਬੰਗਲਾਦੇਸ਼ ਦੇ ਹਿੰਦੂ’ ਪੜ੍ਹਿਆ। ਅੰਤਰਿਮ ਸਰਕਾਰ ਦੇ ਇੰਚਾਰਜ ਮੁਹੰਮਦ ਯੂਨਸ ਦਾ ਮੰਦਿਰਾਂ ਉੱਤੇ ਹਮਲਿਆਂ ਬਾਰੇ ਕਹਿਣਾ ਕਿ ਇਹ ਹਮਲੇ ਸਿਆਸਤ ਤੋਂ ਪ੍ਰੇਰਿਤ ਹਨ ਫ਼ਿਰਕੂ ਨਹੀਂ, ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਹੈ ਅਤੇ ਨਾਲ ਹੀ ਭਾਰਤ ਨੂੰ ਉਕਸਾਉਣਾ ਹੈ। 12 ਅਕਤੂਬਰ ਨੂੰ ਕੁਲਦੀਪ ਸਿੰਘ ਸਾਹਿਲ ਨੇ ਪ੍ਰਸਿੱਧ ਗਾਇਕ ਜਗਜੀਤ ਸਿੰਘ ਬਾਰੇ ਲਿਖਿਆ ਹੈ। ਕਿਰਨ ਬੇਦੀ ਤਿਹਾੜ ਜੇਲ੍ਹ ਵਿੱਚ ਸੁਪਰਡੈਂਟ ਹੁੰਦਿਆਂ ਕੈਦੀਆਂ ਨੂੰ ਸੁਧਾਰਨ ਅਤੇ ਸਵੇਰੇ ਜਗਾਉਣ ਲਈ ਉਸ ਦੇ ਗਾਏ ਧਾਰਮਿਕ ਗੀਤ ਉਨ੍ਹਾਂ ਨੂੰ ਸੁਣਾਉਂਦੀ। ਜਗਜੀਤ ਸਿੰਘ ਨੇ 1995 ਵਿੱਚ ਬੱਚਿਆਂ ਦੀ ਆਵਾਜ਼ ਰਾਹੀਂ ਤਿਆਰ ਕੀਤੀ ‘ਲਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ’ ਦੀ ਅੱਠ ਲੱਖ ਰੁਪਏ ਦੀ ਕਮਾਈ ਗ਼ਰੀਬਾਂ ਅਤੇ ਦਰਦਮੰਦਾਂ ਲਈ ਦਾਨ ਕਰ ਦਿੱਤੀ ਸੀ। 11 ਅਕਤੂਬਰ ਦੇ ਮਿਡਲ ‘ਬਾਬੇ ਦਾ ਵੋਟ’ ਵਿੱਚ ਡਾ. ਸੁਖਦਰਸ਼ਨ ਸਿੰਘ ਚਾਹਲ ਨੇ ਬਹੁਤ ਪਹਿਲਾਂ ਦੀ ਗੱਲ ਕੀਤੀ ਹੈ। ਉਦੋਂ ਉਮੀਦਵਾਰ ਕੋਲ ਚੋਣ ਨਿਸ਼ਾਨ ਛਪਵਾਉਣ ਜੋਗੇ ਪੈਸੇ ਨਾ ਹੋਣ ਕਾਰਨ ਅਸਲ ਵਸਤਾਂ ਸਾਈਕਲ, ਪੀਪਾ, ਮੋਮਬੱਤੀ ਜਾਂ ਬੱਕਰੀ ਲੈ ਕੇ ਪ੍ਰਚਾਰ ਕਰਦੇ ਸਨ। 5 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸ਼ਮੀਲਾ ਖ਼ਾਨ ਦਾ ਲੇਖ ‘ਗਾਲੀ ਗਲੋਚ ਵਾਲੀ ਭਾਸ਼ਾ ਬਨਾਮ ਔਰਤਾਂ ਨਾਲ ਵਧੀਕੀ’ ਪੜ੍ਹਿਆ। ਇਹ ਵਧੀਕੀ ਸਚਮੁੱਚ ਨਿੰਦਣਯੋਗ ਹੈ। ਗਾਲ ਵਿਰੋਧੀ ਦੀ ਮਾਂ, ਭੈਣ ਧੀ ਨੂੰ ਕੱਢੀ ਜਾਂਦੀ ਹੈ। ਬੇਕਸੂਰ ਮਾਂ, ਭੈਣ ਜਾਂ ਧੀ ਨੂੰ ਲੜਾਈ ਵਿੱਚ ਖਿੱਚਣਾ ਕਿੱਧਰਲੀ ਮਾਨਵਤਾ ਹੈ? 2 ਅਕਤੂਬਰ ਨੂੰ ਪਹਿਲੇ ਪੰਨੇ ’ਤੇ ਡੇਰਾ ਬਿਆਸ ਦੇ ਮੁਖੀ ਦੀ ਸੁਰੱਖਿਆ ਬਾਰੇ ਖ਼ਬਰ ਪੜ੍ਹੀ। ਕੇਂਦਰ ਸਰਕਾਰ ਨੇ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਾ ਪ੍ਰਬੰਧ ਬਾਰੇ ਕਿਹਾ ਹੈ। ਇਸ ਬਾਰੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਲੇਕਿਨ ਉਸ ਤੋਂ ਇਸ ਦਾ ਖਰਚਾ ਲਿਆ ਜਾਣਾ ਚਾਹੀਦਾ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਹਕੂਮਤੀ ਜਬਰ
14 ਅਕਤੂਬਰ ਦੇ ਅੰਕ ’ਚ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਜੀ.ਐੱਨ ਸਾਈਬਾਬਾ ਦੀ ਮੌਤ ਬਾਰੇ ਖ਼ਬਰ ਪੜ੍ਹ ਕੇ ਕੇਂਦਰੀ ਹਕੂਮਤ ਦੇ ਦਬਾਅ ਹੇਠ ਨਿਆਂਪਾਲਿਕਾ, ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਬੁੱਧੀਜੀਵੀਆਂ, ਵਕੀਲਾਂ, ਪੱਤਰਕਾਰਾਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਬਾਰੇ ਤੱਥ ਉਭਰ ਕੇ ਸਾਹਮਣੇ ਆ ਗਏ ਹਨ। ਅਜਿਹੀ ਅਣਮਨੁੱਖੀ ਮੌਤ ਹਕੂਮਤੀ ਜਬਰ ਹੇਠ ਕਤਲ ਹੀ ਹੈ। ਸਰੀਰਕ ਤੌਰ ’ਤੇ ਨੱਬੇ ਫ਼ੀਸਦੀ ਅਪਾਹਜ ਅਤੇ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਪ੍ਰੋ. ਸਾਈਬਾਬਾ ਨੂੰ ਰਾਈਟਸ ਆਫ ਪਰਸਨਜ਼ ਵਿਦ ਡਿਸਅਬਿਲਟੀ ਐਕਟ-2016 ਤਹਿਤ ਮਿਲੇ ਵਿਸ਼ੇਸ਼ ਮੌਲਿਕ ਅਧਿਕਾਰਾਂ ਅਨੁਸਾਰ ਵਿਸ਼ੇਸ਼ ਰਾਹਤ ਦੇ ਕੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਨਾ ਤਾਂ ਉਨ੍ਹਾਂ ਦਾ ਯੋਗ ਇਲਾਜ ਕਰਵਾਇਆ ਅਤੇ ਨਾ ਹੀ ਨਿਆਂਪਾਲਿਕਾ ਨੇ ਉਨ੍ਹਾਂ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦਿੱਤੀ। ਇਸ ਸਾਲ 8 ਮਾਰਚ ਨੂੰ ਉਨ੍ਹਾਂ ਸਮੇਤ ਪੰਜ ਕਾਰਕੁਨਾਂ ਨੂੰ ਮਾਓਵਾਦੀਆਂ ਨਾਲ ਕਥਿਤ ਸਬੰਧਾਂ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਕੇ ਬਿਨਾਂ ਸ਼ਰਤ ਰਿਹਾਅ ਕੀਤਾ ਗਿਆ ਸੀ ਪਰ ਜੇਲ੍ਹ ਪ੍ਰਸ਼ਾਸਨ ਦੇ ਅਣਮਨੁੱਖੀ ਵਿਹਾਰ ਨੇ ਉਨ੍ਹਾਂ ਦੀਆਂ ਬਿਮਾਰੀਆਂ ਨੂੰ ਹੋਰ ਵਧਾ ਕੇ ਮੌਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ। ਇੱਕ ਪਾਸੇ ਕਤਲ ਅਤੇ ਬਲਾਤਕਾਰ ਦੇ ਸੰਗੀਨ ਅਪਰਾਧੀਆਂ ਗੁਰਮੀਤ ਰਾਮ ਰਹੀਮ ਅਤੇ ਗੋਰੀ ਲੰਕੇਸ਼ ਦੇ ਕਾਤਲਾਂ ਨੂੰ ਵਾਰ-ਵਾਰ ਪੈਰੋਲ ਤੇ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਰਿਹਾ ਹੈ, ਇਸ ਦੇ ਉਲਟ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੜਨ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ


ਚੋਣਾਂ ਦਾ ਮਕਸਦ
11 ਅਕਤੂਬਰ ਨੂੰ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲੇਖ ‘ਬਾਬੇ ਦੇ ਵੋਟ’ ਸੋਹਣਾ ਹੈ। ਲੇਖਕ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਚੋਣ ਨਿਸ਼ਾਨ ਅਤੇ ਵੋਟਾਂ ਮੰਗਣ ਦੇ ਢੰਗ-ਤਰੀਕਿਆਂ ਬਾਰੇ ਦੱਸਿਆ ਹੈ। ਪਹਿਲਾਂ ਚੋਣਾਂ ਦੌਰਾਨ ਭਾਈਚਾਰਕ ਸਾਂਝ ਕਾਇਮ ਰਹਿੰਦੀ ਸੀ ਪਰ ਹੁਣ ਇਸ ਤੋਂ ਉਲਟ ਇੱਕ ਦੂਜੇ ਨਾਲ ਦੁਸ਼ਮਣੀ ਕੱਢਣ ਲਈ ਚੋਣਾਂ ਲੜੀਆਂ ਜਾਂਦੀਆਂ ਹਨ। ਸਾਨੂੰ ਚੋਣਾਂ ਹਾਰ ਜਿੱਤ ਲਈ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਨਹੀਂ ਬਲਕਿ ਆਪਣੇ ਲੋਕਾਂ ਅਤੇ ਪਿੰਡਾਂ ਦੇ ਵਿਕਾਸ ਲਈ ਲੜਨੀਆਂ ਚਾਹੀਦੀਆਂ ਹਨ। 7 ਅਕਤੂਬਰ ਨੂੰ ਜਗਦੀਸ਼ ਕੌਰ ਮਾਨ ਦਾ ਲੇਖ ‘ਕਾਲਜੇ ਠੰਢ’ ਦਿਲ ਨੂੰ ਛੂਹਣ ਵਾਲਾ ਹੈ। ਮਾਂ ਨੇ ਆਪਣੇ ਬੱਚੇ ਲਈ ਪਿਆਰ ਦੇ ਨਾਲ-ਨਾਲ ਪਾਣੀ ਦੀ ਅਹਿਮੀਅਤ ਨੂੰ ਵੀ ਦਰਸਾਇਆ ਹੈ।
ਕੁਲਵੀਰ ਕੌਰ, ਸੰਦੌੜ


ਵਾਤਾਵਰਨ ਦੀ ਰਾਖੀ
ਹੁਣ ਜਦੋਂ ਦੀਵਾਲੀ ਆ ਰਹੀ ਹੈ ਤੇ ਛੱਠ ਪੂਜਾ ਹੋ ਰਹੀ ਹੈ ਤਾਂ ਇਨ੍ਹਾਂ ਤਿਉਹਾਰਾਂ ਨੂੰ ਜ਼ਰੂਰ ਮਨਾਓ ਪਰ ਵਾਤਾਵਰਨ ਦਾ ਖਿਆਲ ਹਰ ਹਾਲ ਰੱਖੋ। ਪੂਜਾ ਕਰਦੇ ਸਮੇਂ ਨਦੀਆਂ ਦੇ ਕਿਨਾਰੇ ਗੰਦਗੀ ਨਾ ਫੈਲਾਓ, ਨਾ ਹੀ ਨਦੀਆਂ ਵਿੱਚ ਕਚਰਾ ਸੁੱਟੋ। ਪ੍ਰਸ਼ਾਸਨ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਲਾਉਂਦਾ ਹੈ; ਫਿਰ ਵੀ ਕਰੋੜਾਂ ਰੁਪਏ ਦੇ ਪਟਾਕੇ ਚੱਲ ਜਾਂਦੇ ਹਨ। ਇੱਕ ਹੋਰ ਮਸਲਾ ਹੈ: ਮਹਿੰਗਾਈ ਬਹੁਤ ਵਧ ਗਈ ਹੈ। ਫ਼ਲ ਸਬਜ਼ੀਆਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਗ਼ਰੀਬਾਂ ਦਾ ਸਾਰਾ ਬਜਟ ਹਿੱਲ ਗਿਆ ਹੈ। ਜਮ੍ਹਾਂਖ਼ੋਰੀ ਕਰਨ ਵਾਲਿਆਂ ਦੀਆਂ ਮੌਜਾਂ ਹਨ। ਸਰਕਾਰਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)


ਜ਼ਹਿਰੀਲਾ ਪਾਣੀ
10 ਅਕਤੂਬਰ ਦਾ ਸੰਪਾਦਕੀ ‘ਬੁੱਢੇ ਦਰਿਆ ਦਾ ਮਸਲਾ’ ਪੜ੍ਹਿਆ। ਬੁੱਢੇ ਦਰਿਆ ਦਾ ਪਾਣੀ ਸਾਡੇ ਸ੍ਰੀ ਮੁਕਤਸਰ ਜ਼ਿਲ੍ਹੇ ਅਤੇ ਮਾਲਵੇ ਦੇ ਹੋਰ ਜ਼ਿਲ੍ਹਿਆਂ ਵਿੱਚ ਵਗਦੀ ਸਰਹੰਦ ਫੀਡਰ ਨਹਿਰ ਅਤੇ ਰਾਜਸਥਾਨ ਨਹਿਰ ਵਿੱਚ ਬਹੁਤ ਪੈਂਦਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਰਹੰਦ ਫੀਡਰ ਨਹਿਰ ਦਾ ਪਾਣੀ ਵਾਟਰ ਵਰਕਸ ਦੀਆਂ ਟੂਟੀਆਂ ਰਾਹੀਂ ਘਰਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ। ਇਹ ਪਾਣੀ ਪੀਣ ਨਾਲ ਕੈਂਸਰ, ਚਮੜੀ, ਸਿਰ ਦੇ ਵਾਲ ਝੜਨ ਦੇ ਰੋਗ ਲੱਗ ਜਾਂਦੇ ਹਨ। ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਮਨੁੱਖਾਂ ਅਤੇ ਪਸ਼ੂਆਂ ਨੂੰ ਲੱਗਦੀਆਂ ਹਨ। ਲੁਧਿਆਣੇ ਵਿਚਲੀਆਂ ਫੈਕਟਰੀਆਂ ਦਾ ਗੰਦਾ ਪਾਣੀ ਜਿਸ ਵਿੱਚ ਨਿਕਲ, ਲੈੱਡ ਵਰਗੀਆਂ ਜ਼ਹਿਰੀਲੀਆਂ ਧਾਤਾਂ ਅਤੇ ਚਮੜਾ ਰੰਗਣ ਲਈ ਵਰਤੇ ਜਾਂਦੇ ਰੰਗ ਦਾ ਜ਼ਹਿਰੀਲਾ ਪਾਣੀ ਸ਼ਾਮਿਲ ਹੁੰਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੁਝ ਨਹੀਂ ਕਰ ਰਿਹਾ। ਸਰਕਾਰ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।
ਡਾ. ਨਰਿੰਦਰ ਭੱਪਰ, ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)

Advertisement
Author Image

joginder kumar

View all posts

Advertisement