For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:21 AM Oct 16, 2024 IST
ਪਾਠਕਾਂ ਦੇ ਖ਼ਤ
Advertisement

ਆਮ ਲੋਕ ਬਨਾਮ ਜੰਗਬਾਜ਼ ਹਾਕਮ
10 ਅਕਤੂਬਰ ਨੂੰ ਡਾ. ਸੁਰਿੰਦਰ ਮੰਡ ਦਾ ਲੇਖ ‘ਇਜ਼ਰਾਈਲ ਈਰਾਨ ਜੰਗ ਨਾਲ ਜੁੜੇ ਗੁੱਝੇ ਤੱਥ’ ਜੰਗ ਦੇ ਮੌਜੂਦਾ ਹਾਲਾਤ ਸਪੱਸ਼ਟ ਕਰਦਾ ਹੈ। ਲੇਖਕ ਨੇ ਜੰਗ ਰੋਕਣ ਲਈ ਜੋ ਨੁਕਤਾ ਦਿੱਤਾ ਹੈ, ਉਸ ਬਿਨਾਂ ਸਚਮੁੱਚ ਇਹ ਸਭ ਕੁਝ ਨਹੀਂ ਰੁਕ ਸਕਦਾ। ‘ਵੱਡੀ ਜੰਗ ਭੜਕੀ ਤਾਂ ਵਪਾਰੀਆਂ ਨੇ ਤਾਂ ਨਹੀਂ ਮਰਨਾ, ਨਾ ਕਦੀ ਪਹਿਲਾਂ ਮਰੇ; ਇਹ ਦੇਸ਼ ਭਗਤੀ ਦਾ ਡੌਰੂ ਖੜਕਾ ਕੇ ਰੋਟੀ ਖਾਤਰ ਭਰਤੀ ਹੋਏ ਮਾਵਾਂ ਦੇ ਫ਼ੌਜੀ ਪੁੱਤਾਂ ਦਾ ਖ਼ੂਨ ਹੀ ਵਹਾਉਣਗੇ।’ ਇਹ ਸ਼ਬਦ ਜੰਗ ਅਤੇ ਆਮ ਆਦਮੀ ਦੀ ਹਕੀਕਤ ਬਿਆਨ ਕਰਦੇ ਹਨ। ਇਹ ਗੱਲ ਸਾਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਫ਼ੌਜੀ ਮਾਵਾਂ ਦੇ ਪੁੱਤ ਹੁੰਦੇ ਨੇ, ਹਕੂਮਤਾਂ ਤੇ ਸਰਮਾਏਦਾਰਾਂ ਲਈ ਸਿਰਫ਼ ਨੌਕਰ। ਅੰਤਿਮ ਪੈਰੇ ਵਿੱਚ ਦਿੱਤਾ ਹੋਕਾ ਸਾਰਥਕ ਹੈ।
ਗੁਰਲਾਲ ਸਿੰਘ, ਸ੍ਰੀ ਭੈਣੀ ਸਾਹਿਬ (ਲੁਧਿਆਣਾ)

Advertisement


ਬੇਗਾਨਾ ਘਰ!
10 ਅਕਤੂਬਰ ਦੇ ਅਖ਼ਬਾਰ ਵਿੱਚ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਪੇਕੇ ਹੁੰਦੇ ਮਾਵਾਂ ਨਾਲ’ ਪੜ੍ਹਿਆ। ਕਿਵੇਂ ਛੋਟੀ-ਛੋਟੀ ਗੱਲ ਤੋਂ ਮਸਲੇ ਬਣ ਜਾਂਦੇ ਹਨ। ਧੀਆਂ ਲਈ ਮਾਂ ਦੇ ਤੁਰ ਜਾਣ ਪਿੱਛੋਂ ਘਰ ਬੇਗਾਨਾ ਲੱਗਣ ਲੱਗ ਜਾਂਦਾ ਹੈ। ਨੂੰਹਾਂ ਨੂੰ ਜਿਵੇਂ ਆਪਣੇ ਪੇਕੇ ਪਿਆਰੇ ਹੁੰਦੇ ਹਨ, ਉਵੇਂ ਘਰ ਦੀ ਸਹੁਰੇ ਗਈ ਧੀ ਨੂੰ ਆਪਣੇ ਪੇਕੇ। ਸਿਆਣਪ ਹੀ ਰਿਸ਼ਤਿਆਂ ਦੀ ਗੱਡੀ ਲੀਹ ’ਤੇ ਲਿਆ ਸਕਦੀ ਹੈ।
ਸਿਮਰਤ ਦੀਪ ਗਿੱਲ, ਰਾਮੂਵਾਲਾ (ਮੋਗਾ)

Advertisement


ਸੰਭਲਣ ਦਾ ਮੌਕਾ
9 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਇੰਜ. ਦਰਸ਼ਨ ਸਿੰਘ ਭੁੱਲਰ ਦਾ ਲੇਖ ‘ਪਾਣੀ ਦੀ ਸਾਂਭ-ਸੰਭਾਲ ਅਤੇ ਊਰਜਾ ਦੇ ਮਸਲੇ’ ਅੱਖਾਂ ਖੋਲ੍ਹਣ ਵਾਲਾ ਹੈ। ਅਜੇ ਵੀ ਮੌਕਾ ਹੈ, ਸਾਨੂੰ ਸੰਭਲ ਜਾਣਾ ਚਾਹੀਦਾ ਹੈ।
ਕਰਮਜੀਤ ਸਿੰਘ ਢਿੱਲੋਂ, ਬਠਿੰਡਾ


ਮਾੜਾ ਵਿਹਾਰ
9 ਅਕਤੂਬਰ ਨੂੰ ਰਣਜੀਤ ਲਹਿਰਾ ਦਾ ਮਿਡਲ ‘ਫਰਾਂਸੀਸੀ ਮੰਜੀਆਂ’ ਪੜ੍ਹ ਕੇ ਦਿਮਾਗ ਵਿੱਚ ਕਾਫ਼ੀ ਦੇਰ ਉਥਲ-ਪੁਥਲ ਹੁੰਦੀ ਰਹੀ। ਵਾਰਤਾ ਦੀ ਇੱਕ-ਇੱਕ ਲਾਈਨ ਸੋਚੀਂ ਪਾ ਰਹੀ ਸੀ। ਸਵਾਲ ਪੈਦਾ ਹੁੰਦਾ ਹੈ: ਕੀ ਸਚਮੁੱਚ ਅਸੀਂ ਸਭ ਤੋਂ ਪੁਰਾਣੀ ਸੱਭਿਅਤਾ ਦੇ ਵਸਨੀਕ ਹਾਂ? ਜਿਹੜੇ ਲੋਕ ਭਾਰਤੀ ਕਿਸਾਨਾਂ ਦੇ ਵਫ਼ਦ ਦੇ ਮੈਂਬਰ ਬਣ ਕੇ ਗਏ ਸਨ, ਉਹ ਚੋਣਵੇਂ ਲੀਡਰ ਹੀ ਹੋਣਗੇ, ਉਨ੍ਹਾਂ ਦਾ ਵਿਹਾਰ ਤਾਂ ਆਮ ਲੋਕਾਂ ਤੋਂ ਉੱਚਾ ਹੋਣਾ ਸੀ ਪਰ ਸਿਰਫ਼ ਮੰਜੀਆਂ ਮੱਲਣ ਕਰ ਕੇ ਰੌਲਾ ਪੈ ਗਿਆ। ਚਾਰੇ ਬੱਸਾਂ ਦੇ ਯਾਤਰੀਆਂ ਲਈ ਰੱਖੇ ਸਾਰੇ ਡਰਾਈ ਫਰੂਟ ਪਹਿਲੀ ਬੱਸ ਦੇ ਯਾਤਰੀਆਂ ਨੇ ਹੀ ਛਕ ਲਏ।….ਇਹ ਵਰਤਾਰਾ ਹੋਰ ਵੀ ਕਈ ਥਾਈਂ ਦੇਖਣ ਨੂੰ ਮਿਲਦਾ ਹੈ। ਲੇਖ ਪੜ੍ਹਦਿਆਂ ਇੱਕ ਲਾਈਨ ’ਤੇ ਆ ਕੇ ਹਾਸੀ ਰੋਕਣੀ ਔਖੀ ਹੋ ਗਈ ਕਿ ‘ਇਹ ਅੰਤਰ-ਮਹਾਂਦੀਪੀ ਕਾਰਵਾਂ 1999 ਦੁਨੀਆ ਭਰ ਦੇ ਲੋਕਾਂ ਨੂੰ ਸਾਮਰਾਜਵਾਦੀ ਲੁਟੇਰਿਆਂ ਖ਼ਿਲਾਫ਼ ਬੜਾ ਵੱਡਾ ਸੁਨੇਹਾ ਦੇਣ ਵਿੱਚ ਸਫ਼ਲ ਰਿਹਾ’। ਸਾਵੀਂ ਵੰਡ ਦਾ ਸੰਕਲਪ ਜਦੋਂ ਸਾਡੇ ਵਿਹਾਰ ਵਿੱਚ ਹੀ ਨਹੀਂ, ਸਾਮਰਾਜਵਾਦ ਵਿਰੁੱਧ ਨਾਅਰੇ ਮਾਰਨ ਦਾ ਫਿਰ ਕੀ ਫ਼ਾਇਦਾ?
ਤਰਸੇਮ ਸਿੰਘ, ਧੂਰੀ


(2)
9 ਅਕਤੂਬਰ ਦੇ ਅੰਕ ਵਿੱਚ ਰਣਜੀਤ ਲਹਿਰਾ ਦਾ ਮਿਡਲ ‘ਫਰਾਂਸੀਸੀ ਮੰਜੀਆਂ’ ਕਈ ਸੁਖਾਵੀਆਂ ਅਤੇ ਦਿਲਚਸਪ ਗੱਲਾਂ ਛੂੰਹਦਾ ਹੋਇਆ ਮਨੁੱਖੀ ਸੁਭਾਅ ਦੇ ਅਣਕਿਆਸੇ ਵਿਹਾਰ ਦੀ ਗੱਲ ਵੀ ਬਿਆਨਦਾ ਹੈ। ਫਰਾਂਸ ਦੇ ਸ਼ਹਿਰ ’ਚ ਮੰਜੀਆਂ ਦਾ ਸੁੱਖ ਪ੍ਰਾਪਤ ਕਰਨ ਲਈ ਹੋਈ ਆਪਸੀ ਖਿੱਚੋਤਾਣ ਅਤੇ ਚਾਰ ਬੱਸਾਂ ਦੇ ਯਾਤਰੀਆਂ ਲਈ ਡੌਂਗਿਆਂ ’ਚ ਰੱਖੇ ਡਰਾਈ ਫਰੂਟ ਪਹਿਲੀ ਬੱਸ ਦੇ ਯਾਤਰੀਆਂ ਵੱਲੋਂ ਹੀ ‘ਛਕ ਜਾਣਾ’ ਸਾਡੇ ਅੱਥਰੇ, ਬੇਸੁਰੇ, ਬਚਕਾਨਾ ਤੇ ਅਸੱਭਿਅਕ ਹੋਣ ਦਾ ਹੀ ਦੁਖਦਾਈ ਪਹਿਲੂ ਹੈ ਜੋ ਸਾਨੂੰ ਨੀਵੇਂ ਪੱਧਰ ਦੇ ਕਿਰਦਾਰ ਵਾਲਿਆਂ ਦੀ ਕਤਾਰ ਵਿੱਚ ਖੜ੍ਹਾ ਕਰਦਾ ਹੈ। ਅਸੀਂ ਕਿਸੇ ਵੀ ਰੂਪ ਵਿੱਚ ਵਿਦੇਸ਼ ਗਏ ਹੋਈਏ, ਸਾਨੂੰ ਯੂਰੋਪੀਅਨ ਤਹਿਜ਼ੀਬ ਅਨੁਸਾਰ ਰਹਿਣ, ਸੋਚਣ ਤੇ ਸੁਚੱਜਾ ਵਿਹਾਰ ਕਰਨ ਅਤੇ ਉੱਥੋਂ ਕੁਝ ਸਿੱਖ ਕੇ ਆਉਣ ਦੀ ਲੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)


ਕੁਦਰਤ ਦੇ ਨੇਮ
8 ਅਕਤੂਬਰ ਨੂੰ ਪਵਨ ਕੁਮਾਰ ਕੌਸ਼ਲ ਦਾ ਲੇਖ ‘ਸਾਡੀ ਭੋਜਨ ਪ੍ਰਣਾਲੀ ਅਤੇ ਮੌਜੂਦਾ ਕਾਰਪੋਰੇਟ ਘੁਸਪੈਠ’ ਪੜ੍ਹਿਆ। ਲੇਖਕ ਨੇ ਅਹਿਮ ਮੁੱਦੇ ਉਭਾਰੇ ਹਨ। ਫਲਾਂ, ਸਬਜ਼ੀਆਂ, ਅਨਾਜ ਆਦਿ ’ਤੇ ਨਦੀਨਨਾਸ਼ਕਾਂ, ਕੀਟਨਾਸ਼ਕਾਂ ਦੀ ਵਰਤੋਂ ਕਾਰਨ ਭੋਜਨ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਘਟ ਰਹੀ ਹੈ। ਇਹ ਬਿਮਾਰੀਆਂ ਦਾ ਕਾਰਨ ਵੀ ਬਣ ਰਹੇ ਹਨ। ਜਦੋਂ ਕੁਦਰਤੀ ਨਿਯਮਾਂ ਦਾ ਉਲੰਘਣ ਹੁੰਦਾ ਹੈ ਤਾਂ ਉਹ ਭੋਜਨ ਸਰੀਰ ਲਈ ਸੁਰੱਖਿਅਤ ਨਹੀਂ ਰਹਿੰਦਾ। ਕੁਦਰਤ ਨੇ ਮਨੁੱਖੀ ਸਰੀਰ ਦੀ ਖ਼ੁਰਾਕ ਦੀ ਪੂਰਤੀ ਲਈ ਸੁਰੱਖਿਅਤ ਭੋਜਨ ਪੈਦਾ ਕਰਨ ਦੇ ਨਿਯਮ ਬਣਾਏ ਜਦੋਂਕਿ ਕਾਰਪੋਰੇਟਾਂ ਨੇ ਆਪਣਾ ਮੁਨਾਫ਼ਾ ਮਿੱਥ ਕੇ ਨਿਯਮ ਬਣਾਏ। ਜੇ ਤੰਦਰੁਸਤ ਜੀਵਨ ਜਿਊਣਾ ਹੈ ਤਾਂ ਭੋਜਨ ਪੈਦਾ ਕਰਨ ਅਤੇ ਬਣਾਉਣ ਲਈ ਕੁਦਰਤੀ ਨਿਯਮਾਂ ਅਨੁਸਾਰ ਚੱਲਣਾ ਪਵੇਗਾ।
ਯਾਦਵਿੰਦਰ ਸਿੰਘ, ਮਾਨਸਾ


ਅਨਮੋਲ ਸੌਗਾਤ
ਨਜ਼ਰੀਆ ਪੰਨੇ ’ਤੇ 30 ਸਤੰਬਰ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਪਾਣੀ ਦਾ ਮੁੱਲ’ ਪੜ੍ਹ ਕੇ ਪਾਣੀ ਦੀ ਕੀਮਤ ਬਾਰੇ ਜਾਣਕਾਰੀ ਮਿਲੀ। ਅੱਜ ਕੱਲ੍ਹ ਤਾਂ ਲੋਕ ਪਾਣੀ ਨੂੰ ਵਿਅਰਥ ਹੀ ਡੋਲ੍ਹੀ ਜਾਂਦੇ ਹਨ। ਪਾਣੀ ਕੁਦਰਤ ਦੀ ਅਨਮੋਲ ਸੌਗਾਤ ਹੈ। ਜੇ ਅਜੇ ਵੀ ਅਸੀਂ ਪਾਣੀ ਦੀ ਬੱਚਤ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਤਨੀਸ਼ਾ ਵਰਮਾ, ਪਿੰਡ ਕਲਸੀਆਂ


ਵਧ ਰਹੇ ਨਾਬਾਲਗ ਜਬਰ ਜਨਾਹ
ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ ’ਤੇ ਹੀ ਅਗਲੇਰੇ ਮਾਹੌਲ ਦੀ ਕਲਪਨਾ ਕੀਤੀ ਜਾਂਦੀ ਹੈ ਪਰ ਅੱਜ ਕੱਲ੍ਹ ਬੱਚੇ ਬਚਪਨ ਤੋਂ ਹੀ ਸੰਤਾਪ ਹੰਢਾਅ ਰਹੇ ਹਨ। ਨਾਬਾਲਗ ਬੱਚੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਨਿੱਤ ਦਿਨ ਸਾਹਮਣੇ ਆ ਰਹੀਆਂ ਹਨ। ਇਉਂ ਮਾਪਿਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਦਾ ਹੈ ਜਿਸ ਦਾ ਹਰਜਾਨਾ ਬੱਚੀਆਂ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਡਰ ਕਾਰਨ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਇਸ ਮੁੱਦੇ ਨੂੰ ਗੰਭੀਰਤਾ ਨਾਲ ਪੜਚੋਲਿਆ ਜਾਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ।
ਰਾਜਿੰਦਰ ਕੌਰ, ਬਰਨਾਲਾ


ਚੋਣ ਸਰਵੇਖਣ
ਇਹ ਪਹਿਲੀ ਵਾਰ ਨਹੀਂ ਕਿ ਚੋਣ ਸਰਵੇਖਣ (ਐਗਜ਼ਿਟ ਪੋਲ) ਗ਼ਲਤ ਸਾਬਿਤ ਹੋਏ ਹਨ। ਹਾਲੀਆ ਚੋਣਾਂ ਸਰਵੇਖਣਾਂ ਵਿੱਚ ਤਫਸੀਲੀ ਕਾਰਜ ਵਿਧੀਆਂ (ਮੈਥਡੋਲੋਜੀਜ਼) ਨਹੀਂ ਵਰਤੀਆਂ ਗਈਆਂ। ਲੋਕ ਸਭਾ ਚੋਣਾਂ ਵਿੱਚ ਸਰਵੇਖਣ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ 400 ਤੋਂ ਉੱਪਰ ਸੀਟਾਂ ਦਿਵਾ ਰਹੇ ਸਨ ਪਰ ਇਹ ਗੱਠਜੋੜ 293 ’ਤੇ ਸਿਮਟ ਗਿਆ। ਹੁਣ ਹਰਿਆਣਾ ਅਤੇ ਜੰਮੂ ਕਸ਼ਮੀਰ ਵਿੱਚ ਵੱਡੀ ਗਿਣਤੀ ਚੋਣ ਸਰਵੇਖਣ ਗ਼ਲਤ ਨਿਕਲੇ ਹਨ। ਹਰਿਆਣਾ ਵਿੱਚ ਬਹੁਤੀਆਂ ਏਜੰਸੀਆਂ ਭਾਜਪਾ ਨੂੰ ਮਸਾਂ 30 ਸੀਟਾਂ ਮਿਲਦੀਆਂ ਦਿਖਾ ਰਹੀਆਂ ਸਨ ਪਰ ਪਾਰਟੀ ਨੇ 48 ਸੀਟਾਂ ਜਿੱਤ ਲਈਆਂ। ਜੰਮੂ ਕਸ਼ਮੀਰ ਦੇ ਨਤੀਜੇ ਤਾਂ ਐਨ ਅੰਤ ਤੱਕ ਉਡੀਕਣੇ ਪਏ। ਅਸਲ ਵਿੱਚ ਹੁਣ ਇਸ ਖੇਤਰ ਵਿੱਚ ਗ਼ਲਤ ਪੇਸ਼ੀਨਗੋਈ ਕਰਨ ਵਾਲਿਆਂ ਦੀ ਘੁਸਪੈਠ ਹੋ ਗਈ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ


ਕਿਸਾਨਾਂ ਨੂੰ ਰੋਲਣ ਦੀ ਸਾਜ਼ਿਸ਼
15 ਅਕਤੂਬਰ ਦਾ ਸੰਪਾਦਕੀ ‘ਅੰਨਦਾਤੇ ਦੀ ਬੇਕਦਰੀ ਕਿਉਂ’ ਪੰਜਾਬ ਤੇ ਕੇਂਦਰ ਸਰਕਾਰਾਂ ਦੀ ਕਾਰਜਕੁਸ਼ਲਤਾ ਨੂੰ ਨੰਗਾ ਕਰਦਾ ਹੈ। ਇਹ ਸਰਕਾਰਾਂ ਜੋ ਕੁਝ ਹੁਣ ਕਰ ਰਹੀਆਂ ਹਨ, ਉਸ ’ਤੇ ਇਹ ਅਖਾਣ ਲਾਗੂ ਹੁੰਦਾ ਹੈ: ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ। ਇਹ ਪ੍ਰਬੰਧ ਅੱਧ ਸਤੰਬਰ ਤੋਂ ਪਹਿਲਾਂ ਪਹਿਲਾਂ ਪੂਰੇ ਕੀਤੇ ਜਾਣੇ ਚਾਹੀਦੇ ਸਨ। ਜਾਪਦਾ ਹੈ, ਕੇਂਦਰੀ ਸਰਕਾਰ ਕਿਸਾਨਾਂ ਤੋਂ ਉਨ੍ਹਾਂ ਦੇ ਸੰਘਰਸ਼ਾਂ ਕਾਰਨ ਨਾਖੁਸ਼ ਹੈ ਅਤੇ ਕਿਸਾਨਾਂ ਨੂੰ ਰੋਲਣ ਦੇ ਰੌਂਅ ਵਿੱਚ ਹੈ; ਦੂਜੇ ਪਾਸੇ ਪੰਜਾਬ ਸਰਕਾਰ ਦੀ ਢਿੱਲ ਮੱਠ ਵੀ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਜਾ ਕੇ ਤਾਂ ਕਹਿੰਦੇ ਹਨ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ, ਸਾਰੇ ਮਸਲੇ ਗੱਲਬਾਤ ਕਰਨ ਨਾਲ ਹੀ ਹੱਲ ਹੁੰਦੇ ਹਨ ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ 13 ਮਹੀਨਿਆਂ ਦੇ ਪੁਰਅਮਨ ਸੰਘਰਸ਼ ਦੌਰਾਨ ਗੱਲਬਾਤ ਲਈ ਸਮਾਂ ਨਹੀਂ ਕੱਢਿਆ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ

Advertisement
Author Image

joginder kumar

View all posts

Advertisement