For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:05 AM Oct 09, 2024 IST
ਪਾਠਕਾਂ ਦੇ ਖ਼ਤ
Advertisement

ਸਿਰਫ਼ ਗੱਲਾਂ

8 ਅਕਤੂਬਰ ਨੂੰ ਚਰਨਜੀਤ ਸਿੰਘ ਗੁਮਟਾਲਾ ਦਾ ਮਿਡਲ ‘ਜਦੋਂ ਅਮਰੀਕੀ ਬੱਚੀ ਨੇ ਸ਼ਰਮਸਾਰ ਕੀਤਾ’ ਪੜ੍ਹਿਆ। ਲੇਖਕ ਨੇ ਅਮਰੀਕਾ ਵਿਚ ਸਫਾਈ ਸਬੰਧੀ ਹੋਈ ਉਕਾਈ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਅਮਰੀਕੀ ਬੱਚੀ ਨੇ ਦਰੁਸਤ ਕੀਤਾ। ਇਸ ’ਤੇ ਲੇਖਕ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਆਮ ਲੋਕਾਂ ਨੂੰ ਸਫਾਈ ਬਾਰੇ ਚੌਕਸ ਰਹਿਣ ਲਈ ਸੁਨੇਹਾ ਦਿੱਤਾ ਹੈ। ਹਰ ਸਾਲ ਬਹੁਤ ਸਾਰੇ ਪੰਜਾਬੀ ਸੈਰ-ਸਪਾਟੇ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਵਗੈਰਾ ਜਾਂਦੇ ਹਨ; ਫਿਰ ਵਾਪਸ ਆ ਕੇ ਉਨ੍ਹਾਂ ਦੇਸ਼ਾਂ ਦੀ ਸਫਾਈ ਤੇ ਕਾਨੂੰਨ ਵਿਵਸਥਾ ਦੀਆਂ ਦਿਲ ਖੋਲ੍ਹ ਕੇ ਤਾਰੀਫ਼ਾਂ ਵੀ ਕਰਦੇ ਹਨ ਪਰ ਉਨ੍ਹਾਂ ਚੰਗੀਆਂ ਗੱਲਾਂ ਨੂੰ ਇਥੇ ਲਾਗੂ ਕਰਨ ਨੂੰ ਬਿਲਕੁਲ ਤਿਆਰ ਨਹੀਂ। ਏਅਰਪੋਰਟ ’ਤੇ ਉਤਰਦੇ ਸਾਰ ਸਭ ਕੁਝ ਭੁੱਲ ਕੇ ਫਿਰ ਉਹੀ ਹਾਲ! ਵਿਦੇਸ਼ ਚੱਕਰ ਲਾਉਣ ਵਾਲਿਆਂ ’ਚੋਂ ਜੇ ਅੱਧੇ ਵੀ ਵਿਦੇਸ਼ਾਂ ਦੇ ਚੰਗੇ ਕਾਇਦੇ-ਕਾਨੂੰਨ ਇਥੇ ਆ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਨ ਤਾਂ ਕਾਫੀ ਭਲਾ ਹੋ ਸਕਦਾ। ਗੱਲ ਇੱਛਾ ਸ਼ਕਤੀ ਦੀ ਹੈ, ਸਿਰਫ਼ ਗੱਲਾਂ ਨਾਲ ਕੁਝ ਨਹੀਂ ਹੋਣਾ।
ਅਵਤਾਰ ਸਿੰਘ, ਮੋਗਾ

Advertisement

ਇਜ਼ਰਾਇਲੀ ਹਮਲੇ

ਇਜ਼ਰਾਈਲ ਨੇ 7 ਅਕਤੂਬਰ ਦੀ ਸ਼ਾਮ ਨੂੰ ਗਾਜ਼ਾ ਅਤੇ ਦੱਖਣੀ ਲਿਬਨਾਨ ਉੱਤੇ ਹਵਾਈ ਹਮਲੇ ਕੀਤੇ। ਗਾਜ਼ਾ ਵਿਚ ਹਮਾਸ ਅਤੇ ਬੇਰੂਤ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲੇ ਹਮਾਸ ਦੇ ਘਾਤਕ ਹਮਲਿਆਂ ਦੀ ਵਰ੍ਹੇਗੰਢ ਦੀ ਪੂਰਵ ਸੰਧਿਆ ’ਤੇ ਕੀਤੇ ਗਏ। ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿਚ ਰਾਕੇਟ ਦਾਗ ਕੇ ਜਵਾਬ ਦਿੱਤਾ।
ਰੋਹਿਤ ਸ਼ਾਹ, ਚੰਡੀਗੜ੍ਹ

Advertisement

ਵਿਦੇਸ਼ਾਂ ਦੇ ਹਾਲਾਤ

5 ਅਕਤੂਬਰ ਨੂੰ ਪਹਿਲੇ ਪੰਨੇ ‘ਤੇ ਛਪੀ ਖ਼ਬਰ ‘ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ’ ਸਾਡੀ ਨਵੀਂ ਪੀੜ੍ਹੀ ਦੀ ਮਜਬੂਰੀ ਤੇ ਬੇਵਸੀ ਦੀ ਦਾਸਤਾਨ ਹੈ। ਅੱਜ ਵਿਦੇਸ਼ਾਂ ਦੇ ਹਾਲਾਤ ਜੱਗ-ਜ਼ਾਹਿਰ ਹੋਣ ਦੇ ਬਾਵਜੂਦ ਪੰਜਾਬੀ ਵਿਦੇਸ਼ ਜਾਣ ਲਈ ਲਾਈਨਾਂ ਲਗਾਈ ਖੜ੍ਹੇ ਹਨ। ਇਉਂ ਅਸੀਂ ਲੱਖਾਂ ਰੁਪਏ ਲਾ ਕੇ ਆਪਣੇ ਬੱਚਿਆਂ ਲਈ ਔਕੜਾਂ ਖਰੀਦ ਰਹੇ ਹਾਂ। ਅਸਲ ਵਿੱਚ, ਅਸੀਂ ਉਸ ਕਬੂਤਰ ਵਾਂਗ ਹੋ ਗਏ ਹਨ ਜੋ ਬਿੱਲੀ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ। ਇਹ ਵਰਤਾਰਾ ਸਾਡੇ ਲਈ ਆਪਣੇ ਹੱਥੀਂ ਆਪਣੀ ਨਸਲਕੁਸ਼ੀ ਹੀ ਹੈ। ਕੋਈ ਸਮਾਂ ਸੀ ਜਦ ਵਿਦੇਸ਼ਾਂ ’ਚ ਨੌਕਰੀ ਤੇ ਚੰਗੀ ਜ਼ਿੰਦਗੀ ਦੇ ਵਸੀਲੇ ਸਨ ਪਰ ਹੁਣ ਉਥੋਂ ਦੀਆਂ ਸਰਕਾਰਾਂ ਨੇ ਆਪਣੇ ਹੱਥ ਘੁੱਟ ਲਏ ਹਨ, ਇਸ ਲਈ ਹੁਣ ਪਰਵਾਸ ਕੋਈ ਸਮਝਦਾਰੀ ਨਹੀਂ ਰਿਹਾ। ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ’ਚ ਆਪਣੇ ਨੇੜੇ ਰੱਖ ਕੇ ਆਤਮ-ਨਿਰਭਰ ਬਣਾਉਣ ਲਈ ਜ਼ੋਰ ਲਾਈਏ। ਜੋ ਨੁਕਸਾਨ ਹੋ ਚੁੱਕਿਆ, ਉਸ ਦੀ ਭਰਪਾਈ ਤਾਂ ਔਖੀ ਜਾਪਦੀ ਹੈ ਪਰ ਜ਼ਰੂਰੀ ਹੈ ਕਿ ਭਵਿੱਖ ਵਿਚ ਅਸੀਂ ਸੁਧਰ ਜਾਈਏ।
ਵਿਕਾਸ ਕਪਿਲਾ, ਖੰਨਾ

(2)

5 ਅਕਤੂਬਰ 2024 ਨੂੰ ਖ਼ਬਰ ਪੜ੍ਹੀ- ‘ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਲੱਗੀਆਂ ਪੰਜਾਬੀ ਵਿਦਿਆਰਥੀਆਂ ਦੀਆਂ ਕਤਾਰਾਂ’। ਪੜ੍ਹ ਕੇ ਧੱਕਾ ਲੱਗਿਆ। ਬੇਰੁਜ਼ਗਾਰੀ ਦਾ ਇਹ ਆਲਮ ਦੇਖ ਕੇ ਨਿਰਾਸ਼ਾ ਹੋਈ। ਪਰਵਾਸ ਮਨੁੱਖ ਨਾਲ ਜੁਡਿ਼ਆ ਮੁੱਢ ਕਦੀਮੀ ਵਰਤਾਰਾ ਹੈ। ਬਿਹਤਰ ਪਦਾਰਥਕ ਸਹੂਲਤਾਂ ਦੀ ਤਲਾਸ਼ ਵਿਚ ਜਾਂ ਫਿਰ ਕਈ ਹੋਰ ਕਾਰਨਾਂ ਕਰ ਕੇ ਮਨੁੱਖ ਪਰਵਾਸ ਹੰਢਾਉਂਦਾ ਆ ਰਿਹਾ ਹੈ। ਉਂਝ ਪੰਜਾਬੀ ਬੰਦੇ ਦੇ ਪਰਵਾਸ ਦੇ ਪ੍ਰਸੰਗ ਤੇ ਹਾਲਾਤ ਸਮੇਂ-ਸਮੇਂ ਬਦਲਦੇ ਰਹੇ ਹਨ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਪੱਛਮੀ ਮੁਲਕਾਂ ਵੱਲ ਪੰਜਾਬ ਦੇ ਪਰਵਾਸ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਇੱਦਾਂ ਜਾਪਣ ਲੱਗ ਪਿਆ ਕਿ ਪੰਜਾਬ ਪਰਵਾਸ ਨਹੀਂ, ਵੱਡੇ ਪੱਧਰ ’ਤੇ ਹਿਜਰਤ ਕਰ ਰਿਹਾ ਹੈ। ਪੰਜਾਬ ਦੇ ਲੱਖਾਂ ਨੌਜਵਾਨ ਮੁੰਡੇ-ਕੁੜੀਆਂ ਰੁਜ਼ਗਾਰ ਪੱਖੋਂ ਸੁਰੱਖਿਅਤ ਭਵਿੱਖ ਦਾ ਸੁਫਨਾ ਲੈ ਕੇ ਆਪਣੀ ਜਨਮ ਭੂਮੀ ਪੰਜਾਬ ਨੂੰ ਛੱਡਣ ਲੱਗੇ। ਉਨ੍ਹਾਂ ਨੂੰ ਜਾਪ ਰਿਹਾ ਸੀ/ਹੈ ਕਿ ਪੰਜਾਬ ਵਿਚ ਰਹਿ ਕੇ ਉਨ੍ਹਾਂ ਨੂੰ ਯੋਗਤਾ ਮੁਤਾਬਕ ਪੱਕਾ ਰੁਜ਼ਗਾਰ ਨਹੀਂ ਮਿਲਣਾ, ਇਸ ਲਈ ਲੱਖਾਂ ਰੁਪਏ ਕਰਜ਼ਾ ਲੈ ਕੇ ਛੋਟੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਸੁਫਨਿਆਂ ਦੀ ਪੂਰਤੀ ਲਈ ਔਝੜ ਰਾਹਾਂ ’ਤੇ ਤੁਰ ਪਏ ਪਰ ਹੁਣ ਕੈਨੇਡਾ ਵਰਗੀ ਵਿਕਸਤ ਮੁਲਕ ਵਿਚ ਬੇਰੁਜ਼ਗਾਰੀ ਦਾ ਇਹ ਮੰਜ਼ਰ ਦੇਖ ਕੇ ਮਨ ਨੂੰ ਧੁਖਧੁਖੀ ਲੱਗ ਗਈ। ਵੇਟਰ ਦੀਆਂ ਸੱਠ ਅਸਾਮੀਆਂ ਲਈ ਤਿੰਨ ਹਜ਼ਾਰ ਉਮੀਦਵਾਰਾਂ ਦਾ ਪਹੁੰਚਣਾ ਯਕੀਨਨ ਚਿੰਤਾ ਦਾ ਵਿਸ਼ਾ ਹੈ। ਲੱਖਾਂ ਰੁਪਏ ਖਰਚ ਕੇ ਵੇਟਰ ਬਣਨ ਲਈ ਤਰਲੇ ਲੈ ਰਹੇ ਹਨ। ਇਹ ਮੰਜ਼ਰ ਦੇਖ ਕੇ ਪੰਜਾਬ ਲੋਕ-ਤਜਰਬਿਆਂ ਵਿਚੋਂ ਨਿਕਲੀ ਲੋਕ ਬੋਲੀ ‘ਭਾਵੇਂ ਤੁਰ ਜਾ ਬਰਮਾ ਨੂੰ, ਲੇਖ ਜਾਣਗੇ ਨਾਲੇ’ ਆ ਚੇਤੇ ਗਈ। ਜਿਸ ਬੇਰੁਜ਼ਗਾਰੀ ਦੇ ਦੈਂਤ ਤੋਂ ਬਚਣ ਲਈ ਇਨ੍ਹਾਂ ਨੌਜਵਾਨਾਂ ਨੇ ਪਰਵਾਸ ਦਾ ਹੂਲਾ ਫੱਕਿਆ ਸੀ, ਉਹੀ ਮੂੰਹ ਅੱਡੀ ਕੈਨੇਡਾ ਵਿਚ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੈ। ਸੋ ਇਸ ਵਰਤਾਰੇ ਤੋਂ ਨੌਜਵਾਨਾਂ ਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਦੇਖਾ-ਦੇਖੀ ਅੱਖਾਂ ਮੀਚ ਵਿਦੇਸ਼ ਵੱਲ ਭੱਜਣ ਦੀ ਥਾਂ ਪੰਜਾਬ ਵਿਚ ਰਹਿ ਕੇ ਆਪਣੇ ਸੁਫਨਿਆਂ ਦੀ ਪੂਰਤੀ ਲਈ ਸਖ਼ਤ ਮਿਹਨਤ ਕਰੀਏ।
ਜਗਜੀਤ ਬਰਾੜ, ਅਬੁਲ ਖੁਰਾਣਾ

ਔਖਾ ਬੁਢਾਪਾ

2 ਅਕਤੂਬਰ ਨੂੰ ਕਮਲਜੀਤ ਸਿੰਘ ਬਨਵੈਤ ਦੇ ਲੇਖ ‘ਬੇਹੀ ਰੋਟੀ ਦਾ ਟੁੱਕ’ ਨੇ ਝੰਜੋੜ ਕੇ ਰੱਖ ਦਿੱਤਾ। ਉਹ ਦੇਸ਼ ਜਿਸ ਵਿਚ ਚਿਰੋਕਣੇ ਮਰ ਚੁੱਕੇ ਪੁਰਖਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉਥੇ ਜਿਉਂਦੇ ਮਾਂ-ਬਾਪ ਦੀ ਬਾਤ ਨਾ ਪੁੱਛਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸਾਰੀ ਉਮਰ ਕੰਮ ਕਰ ਕੇ ਬੁਢਾਪੇ ਵਿਚ ਬੱਚਿਆਂ ’ਤੇ ਨਿਰਭਰ ਹੋਣਾ ਬਹੁਤ ਔਖਾ ਹੈ। ਬੱਚਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਬੁਢਾਪਾ ਸਾਡੇ ਮਾਤਾ-ਪਿਤਾ ’ਤੇ ਆਇਆ ਹੈ, ਉਹ ਇਕ ਦਿਨ ਉਨ੍ਹਾਂ ’ਤੇ ਵੀ ਆਉਣਾ ਹੈ।
ਡੀ ਆਰ ਪਾਲ, ਪਿੰਡ ਲਾਂਦੜਾ (ਜਲੰਧਰ)

ਵਿਚਾਰ ਕਤਲ ਨਹੀਂ ਹੁੰਦੇ

28 ਸਤੰਬਰ ਦੇ ਸਤਰੰਗ ਪੰਨੇ ਉੱਤੇ ਸਰਬਜੀਤ ਸਿੰਘ ਵਿਰਕ ਦਾ ਲੇਖ ‘ਤੁਸੀਂ ਵਿਚਾਰਾਂ ਨੂੰ ਕਤਲ ਨਹੀਂ ਕਰ ਸਕਦੇ’ ਸ਼ਹੀਦ ਭਗਤ ਸਿੰਘ ਦੇ ਸਮੁੱਚੇ ਜੀਵਨ ਨੂੰ ਪ੍ਰਭਾਵਸ਼ਾਲੀ ਰੂਪ ਵਿਚ ਪੇਸ਼ ਕਰਦਾ ਹੈ। ਪੜ੍ਹ ਕੇ ਪਤਾ ਲੱਗਦਾ ਹੈ ਕਿ ਭਗਤ ਸਿੰਘ ਨੇ 22 ਅਪਰੈਲ 1929 ਨੂੰ ਜੇਲ੍ਹ ਵਿਚੋਂ ਆਪਣੇ ਪਿਤਾ ਕਿਸ਼ਨ ਸਿੰਘ ਨੂੰ ਲਿਖੀ ਚਿੱਠੀ ਵਿਚ ਨਪੋਲੀਅਨ ਦੀ ਜੀਵਨ ਕਹਾਣੀ, ਗੀਤਾ ਰਹੱਸਯਾ ਤੇ ਅੰਗਰੇਜ਼ੀ ਦੇ ਕੁਝ ਚੰਗੇ ਨਾਵਲ ਘਰ ਪਈਆਂ ਕਿਤਾਬਾਂ ਵਿਚੋਂ ਲੱਭ ਕੇ ਲਿਆਉਣ ਲਈ ਲਿਖਿਆ। 23 ਸਾਲ ਦੀ ਉਮਰ ਵਿਚ ਦੇਸ਼ ਲਈ ਜਾਨ ਵਾਰਨ ਵਾਲੇ ਇਸ ਨੌਜਵਾਨ ਦਾ ਸੱਚ-ਮੁੱਚ ਕਿਤਾਬਾਂ ਨਾਲ ਇਸ਼ਕ ਸੀ। ਨੈਸ਼ਨਲ ਕਾਲਜ ਲਾਹੌਰ ਅਤੇ ਦਆਰਕਾ ਦਾਸ ਲਾਇਬਰੇਰੀ ਵਾਲਿਆਂ ਨੇ ਉਸ ਦਾ ਇਹ ਇਸ਼ਕ ਸਿਰੇ ਚੜ੍ਹਾਉਣ ਵਿਚ ਮਦਦ ਕੀਤੀ। ਉਹ ਜੇਲ੍ਹ ਵਿਚ ਬੈਠਾ ਵੀ ਕਿਤਾਬਾਂ ਦੀ ਕਮੀ ਮਹਿਸੂਸ ਕਰ ਰਿਹਾ ਸੀ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

ਜਥੇਦਾਰ ਟੌਹੜਾ ਦੀ ਸਿਆਸਤ

24 ਸਤਬੰਰ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਪ੍ਰੋ. ਬਲਕਾਰ ਸਿੰਘ ਅਤੇ ਉਜਾਗਰ ਸਿੰਘ ਦੇ ਲੇਖ ਜਾਣਕਾਰੀ ਭਰਪੂਰ ਹਨ। ਜਥੇਦਾਰ ਟੌਹੜਾ ਦੀ ਰਾਜਨੀਤਕ ਸੋਚ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਉਨ੍ਹਾਂ ਦੀ ਠੁੱਕ ਵਾਲੀ ਰਾਜਨੀਤੀ ਦੇ ਵਿਰੋਧੀ ਵੀ ਕਾਇਲ ਹਨ। ਜੇ ਰਾਜਨੀਤੀ ’ਚ ਇੱਕ ਵਾਰ ਕਿਸੇ ਦਾ ਦਾਅ ਲੱਗ ਜਾਵੇ ਤਾਂ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਜਾਂਦਾ ਹੈ। ਜਥੇਦਾਰ ਟੌਹੜਾ ਦੇ ਲੰਮਾ ਸਮਾਂ ਸੱਤਾ ਵਿੱਚ ਰਹਿ ਕੇ ਵੀ ਉਹੀ ਸਾਧਾਰਨ ਮਕਾਨ ਅਤੇ ਉਹੀ ਜੱਦੀ ਜਾਇਦਾਦ ਹੋਣਾ ਉਨ੍ਹਾਂ ਦੀ ਇਮਾਨਦਾਰੀ ਦਾ ਸਬੂਤ ਹੈ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)

ਭੁਲੇਖਾ

ਪ੍ਰੋ. ਬਲਕਾਰ ਸਿੰਘ ਦੇ 24 ਸਤੰਬਰ ਵਾਲੇ ਲੇਖ ‘ਪੰਜਾਬ ਦੇ ਬਾਬਾ ਬੋਹੜ ਦੀ ਸੌ ਸਾਲਾ ਬਰਸੀ’ ਵਿੱਚ ਬਰਸੀ ਅਤੇ ਜਨਮ ਸ਼ਤਾਬਦੀ ਦਾ ਭੁਲੇਖਾ ਪੈ ਗਿਆ ਲੱਗਦਾ ਹੈ।
ਡਾ. ਬਰਜਿੰਦਰ ਸਿੰਘ ਟੌਹੜਾ, ਈਮੇਲ

ਸਰਕਾਰੀ ਸਕੂਲ ਬਨਾਮ ਅੰਗਰੇਜ਼ੀ

3 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖਟੜਾ ਦਾ ਲੇਖ ‘ਸਰਕਾਰੀ ਸਕੂਲਾਂ ’ਚ ਅੰਗਰੇਜ਼ੀ ਹਾਲੋਂ-ਬੇਹਾਲ’ ਪੜ੍ਹਿਆ। ਉਨ੍ਹਾਂ ਅੰਗਰੇਜ਼ੀ ਭਾਸ਼ਾ ਦੀ ਵਿਸ਼ੇਸ਼ਤਾ ਨੂੰ ਸਮਝਦੇ ਹੋਏ ਪੂਰੀ ਗੰਭੀਰਤਾ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਦੇ ਨੀਵੇਂ ਪੱਧਰ ਨੂੰ ਪੂਰੇ ਗਹੁ ਨਾਲ ਵਾਚਿਆ ਹੈ। ਸਰਕਾਰੀ ਸਕੂਲਾਂ ਵਿਚ ਗਰੀਬਾਂ ਅਤੇ ਪਰਵਾਸੀ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਹਨ। ਲੇਖਕ ਨੇ ਅੰਗਰੇਜ਼ੀ ਭਾਸ਼ਾ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੁਝਾਅ ਵੀ ਪੇਸ਼ ਕੀਤੇ ਹਨ। ਇਹ ਸੁਝਾਅ ਸਮੇਂ ਦੀ ਲੋੜ ਹਨ। ਉਨ੍ਹਾਂ ਸਰਕਾਰ ਦੇ ਢੀਠ ਵਤੀਰੇ ਬਾਰੇ ਕੌੜਾ ਸੱਚ ਲਿਖਿਆ ਹੈ। ਗਰੀਬ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਨ੍ਹਾਂ ਨੂੰ ਅੱਖੋਂ ਓਹਲੇ ਕਰਨਾ ਸਿਆਸੀ ਤੌਰ ’ਤੇ ਮਹਿੰਗਾ ਪੈ ਸਕਦਾ ਹੈ।
ਗੁਰਮੁਖ ਸਿੰਘ ਸੰਗੋਵਾਲ, ਈਮੇਲ

Advertisement
Author Image

sukhwinder singh

View all posts

Advertisement